ਤਜਿੰਦਰ ਸਿੰਘ ਵਿਰਦੀ , ਚਿੱਤਰਕਾਰ , ਮੋਸਲ ਬੇ, ਦੱਖਣੀ ਅਫ਼ਰੀਕਾ

80ਵਿਆਂ ਵਿੱਚ ਮੇਰੇ ਪਿਤਾ ਨੂੰ ਕੀਨੀਆ ਵਿੱਚ ਨੌਕਰੀ ਮਿਲ ਗਈ। ਉਹ ਨੈਰੋਬੀ ਚਲੇ ਗਏ ਅਤੇ ਜਦੋਂ ਮੈਂ 10-11 ਸਾਲਾਂ ਦਾ ਸੀ ਤਾਂ ਅਸੀਂ (ਬਾਕੀ ਪਰਿਵਾਰ) ਵੀ ਉੱਥੇ ਆ ਗਏ ਅਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਉੱਥੇ ਹੀ ਕੀਤੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਭਾਰਤ ਵਾਪਿਸ ਆ ਗਏ ਅਤੇ ਇੱਥੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ

80ਵਿਆਂ ਵਿੱਚ ਮੇਰੇ ਪਿਤਾ ਨੂੰ ਕੀਨੀਆ ਵਿੱਚ ਨੌਕਰੀ ਮਿਲ ਗਈ। ਉਹ ਨੈਰੋਬੀ ਚਲੇ ਗਏ ਅਤੇ ਜਦੋਂ ਮੈਂ 10-11 ਸਾਲਾਂ ਦਾ ਸੀ ਤਾਂ ਅਸੀਂ (ਬਾਕੀ ਪਰਿਵਾਰ) ਵੀ ਉੱਥੇ ਆ ਗਏ ਅਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਉੱਥੇ ਹੀ ਕੀਤੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਭਾਰਤ ਵਾਪਿਸ ਆ ਗਏ ਅਤੇ ਇੱਥੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਮੇਰੀ ਇੱਕ ਭੈਣ ਬਾਹਰ ਸੀ, ਹੁਣ ਉਹ ਦੁਬਈ ਵਿੱਚ ਰਹਿੰਦੀ ਹੈ। ਉਹਨੇ ਸਾਨੂੰ ਸਾਊਥ ਅਫ਼ਰੀਕਾ ਜਾਣ ਦੀ ਸਲਾਹ ਦਿੱਤੀ ਅਤੇ ਅਸੀਂ ਏਥੇ ਆ ਗਏ। ਮੈਨੂੰ ਇੱਥੇ ਬਹੁਤ ਵਧੀਆ ਲੱਗਦਾ ਹੈ, ਸਾਫ਼ ਸੁਥਰਾ ਹੈ, ਪਲੈਨਿੰਗ ਨਾਲ ਬਣਿਆ ਹੋਇਆ ਹੈ ਅਤੇ ਬੱਚਿਆਂ ਲਈ ਚੰਗੀ ਪੜ੍ਹਾਈ ਹੈ। ਹੁਣ ਮੇਰਾ ਸਾਰਾ ਪਰਿਵਾਰ ਏਥੇ ਹੈ।

ਸ਼ੁਰੂ ਸ਼ੁਰੂ ਵਿੱਚ ਮੈਂ ਇੱਕ ਇੰਡੀਅਨ ਸਟੋਰ ਉੱਤੇ ਥੋੜ੍ਹੀ ਜਿਹੀ ਤਨਖ਼ਾਹ ‘ਤੇ ਕੰਮ ਕੀਤਾ। ਫਿਰ ਮੈਂ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਿਆ। ਮੈਂ ਕੇਪ ਟਾਊਨ ਵਿੱਚ ਇੱਕ ਇਤਾਲਵੀ ਰੈਸਟੋਰੈਂਟ ਦੇ ਬਾਹਰ ਸਿਗਰਟਾਂ ਵੇਚਣ ਲੱਗ ਗਿਆ। ਪਰ ਉਸ ਵਿੱਚ ਕੋਈ ਜ਼ਿਆਦਾ ਮੁਨਾਫ਼ਾ ਨਹੀਂ ਸੀ, ਭਾਵੇਂ ਸਾਰਾ ਮਾਲ ਵਿਕ ਜਾਂਦਾ ਸੀ। ਉੱਥੇ ਇੱਕ ਹੋਰ ਫੜ੍ਹੀ ਵਾਲਾ ਬੰਦਾ ਸੀ ਜੋ ਸਮੁੰਦਰੀ ਮੋਤੀਆਂ ਤੋਂ ਬਣੇ ਦੇਸੀ ਖਿਡੌਣੇ ਜਨੌਰ ਵੇਚਣ ਦਾ ਕੰਮ ਕਰਦਾ ਸੀ। ਮੈਨੂੰ ਉਸਦੇ ਕੰਮ ਵਿੱਚ ਦਿਲਚਸਪੀ ਹੋਈ, ਮੈਂ ਉਸ ਕੋਲੋਂ ਕੰਮ ਸਿੱਖਿਆ ਅਤੇ ਆਪਣਾ ਸਮਾਨ ਤਿਆਰ ਕਰਨਾ ਸ਼ੁਰੂ ਕੀਤਾ। ਜਦੋਂ ਕਾਫ਼ੀ ਸਮਾਨ ਤਿਆਰ ਹੋ ਗਿਅਾ ਤਾਂ ਮੈਂ ਸੰਡੇ ਮਾਰਕੀਟ ਵਿੱਚ ਲੈ ਗਿਅਾ ਜਿੱਥੇ ਸਭ ਕੁਝ ਇੱਕ ਘੰਟੇ ਦੇ ਅੰਦਰ ਅੰਦਰ ਵਿਕ ਗਿਅਾ ਇਹ 12 ਵਰ੍ਹੇ ਪਹਿਲਾਂ ਦੀ ਗੱਲ ਹੈ ਅਤੇ ਫਿਰ ਮੈਨੂੰ ਪਿੱਛੇ ਮੁੜਕੇ ਵੇਖਣ ਦੀ ਲੋੜ ਨਹੀਂ ਪਈ। ਕਦੇ ਕਦੇ ਮੀਂਹ ਪੈ ਜਾਂਦਾ ਸੀ ਅਤੇ ਮਾਰਕੀਟ ਨਾ ਲੱਗਣੀ ਅਤੇ ਕਦੇ ਹਵਾ ਦੇ ਨਾਲ ਮੇਰਾ ਸਮਾਨ ਖ਼ਰਾਬ ਹੋ ਜਾਂਦਾ ਸੀ। ਫਿਰ ਮੈਂ ਅਤੇ ਮੇਰੇ ਭਾਈ ਨੇ ਇੱਥੇ, ਮੋਜ਼ਲ ਵਿੱਚ, ਇੱਕ ਕਰਿਆਨੇ ਦੀ ਦੁਕਾਨ ਲੈ ਲਈ। ਅਸੀਂ ਉਹ ਦੁਕਾਨ ਦੋ ਸਾਲ ਚਲਾਈ, ਚੰਗਾ ਮੁਨਾਫ਼ਾ ਹੋਇਆ ਅਤੇ ਫਿਰ ਦੋ ਵੱਖਰੀਆਂ-ਵੱਖਰੀਆਂ ਦੁਕਾਨਾਂ ਲੈ ਲਈਆਂ। ਉਦੋਂ ਤੋਂ ਮੇਰੇ ਕੋਲ ਆਪਣੀ ਜਗ੍ਹਾ ਹੈ। ਚੰਗੀ ਕਮਾਈ ਹੋ ਜਾਂਦੀ ਹੈ, ਇੱਥੇ ਲੋਕ ਆਰਟ ਦੀ ਕਦਰ ਕਰਦੇ ਹਨ।

ਮੇਰੀ ਜੀਵਨ ਸਾਥਣ ਇੱਥੋਂ ਦੀ ਹੀ ਹੈ, ਅਨੁਸ਼ਕਾ ਕੌਰ, ਉਸਦੀ ਮਾਂ ਨੇ ਉਸਨੂੰ ਇਹ ਨਾਂ ਇੱਕ ਰੂਸੀ ਕਿਤਾਬ ਤੋਂ ਪੜ੍ਹਕੇ ਰੱਖਿਆ ਸੀ। ਜਦੋਂ ਅਸੀਂ ਮਿਲੇ ਤਾਂ ਮੈਂ 29 ਸਾਲਾਂ ਦਾ ਸੀ ਅਤੇ ਇਹ 19 ਸਾਲਾਂ ਦੀ ਸੀ। ਇੱਕ ਦਿਨ ਕੰਮ ਤੋਂ ਬਾਅਦ ਇਹ ਬੀਚ ਉੱਤੇ ਪੈਦਲ ਜਾ ਰਹੀ ਸੀ ਅਤੇ ਮੈਂ ਆਪਣੀ ਗੱਡੀ ਵਿੱਚ ਬੈਠਾ ਸੀ। ਅਸੀਂ ਗੱਲ-ਬਾਤ ਸ਼ੁਰੂ ਕੀਤੀ, ਹਾਲੇ ਕੁਝ ਕੁ ਮਿੰਟ ਹੀ ਹੋਏ ਸਨ ਅਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਗੱਲ ਕਾਫ਼ੀ ਲੰਮੀ ਜਾਊਗੀ। 2 ਸਾਲਾਂ ਤੱਕ ਅਸੀਂ ਸਿਰਫ਼ ਦੋਸਤ ਸੀ, ਫ਼ਿਰ ਅਸੀਂ ਡੇਟ ਕਰਨਾ ਸ਼ੁਰੂ ਕੀਤਾ, ਫਿਰ ਸਾਡੀ ਲੜਾਈ ਹੋ ਗਈ ਅਤੇ ਅਸੀਂ 1 ਸਾਲ ਅਤੇ 7 ਮਹੀਨੇ ਇੱਕ ਦੂਜੇ ਨੂੰ ਨਹੀਂ ਮਿਲੇ ਅਤੇ ਫਿਰ ਦੁਬਾਰਾ ਜਦੋਂ ਇਕੱਠੇ ਹੋਏ ਤੇ ਇਹ ਗਰਭਵਤੀ ਹੋ ਗਈ। ਉਸ ਨਾਲ ਸਾਡੇ ਲਈ ਸਭ ਕੁਝ ਬਦਲ ਗਿਆ। ਸਾਡੀ ਕੁੜੀ ਦਾ ਨਾਂ ਪ੍ਰੀਤੀ ਕੌਰ ਹੈ। ਮੈਂ ਆਪਣੀ ਜ਼ਿੰਦਗੀ ਨਾਲ ਬਹੁਤ ਖ਼ੁਸ਼ ਹਾਂ, ਮੇਰਾ ਆਪਣਾ ਬਿਜ਼ਨਸ ਹੈ, ਕੋਈ ਮੈਨੂੰ ਨੌਕਰੀ ਤੋਂ ਕੱਢ ਨਹੀਂ ਸਕਦਾ ਅਤੇ ਸਭ ਤੋਂ ਚੰਗੀ ਗੱਲ ਹੈ ਕਿ ਮੈਂ ਹਮੇਸ਼ਾ ਬਿਜ਼ੀ (ਰੁਝਿਆ) ਰਹਿੰਦਾ ਹਾਂ। ਕਹਿੰਦੇ ਹਨ, “ਵਿਹਲਾ ਮਨ ਸ਼ੈਤਾਨ ਦਾ ਘਰ।”

Story by: Satdeep Gill

English text by: Gurdeep Dhaliwal

Punjabi translation by: Satdeep Gill

pa_INPanjabi