ਮੈਂ (ਸੁਨੀਲ ਕੁਮਾਰ) ਤੁਹਾਨੂੰ ਇੱਕ ਪਿੱਤਲ ਦਾ ਪੱਤਰਾ ਦਿਖਾਉਂਦਾ ਹਾਂ ਜਿਹੜਾ ਪਟਿਆਲੇ ਤੋਂ ਇੱਕ ਗਾਹਕ ਨੇ ਬਣਾਉਣ ਲਈ ਕਿਹਾ ਸੀ। ਮੈਨੂੰ ਪੱਕਾ ਪਤਾ ਜੇ ਉਹ ਇਹ ਕਿਸੇ ਫੈਂਸੀ ਸਟੋਰ ਤੋਂ ਖ਼ਰੀਦਣ ਦੀ ਕੋਸ਼ਿਸ਼ ਕਰਦੀ ਤਾਂ ਏਥੋਂ ਨਾਲੋਂ ਚੌਗੁਣੇ ਮੁੱਲ ਉੱਤੇ ਮਿਲਣਾ ਸੀ। ਸਾਡੇ ਵਰਗੇ ਛੋਟੇ ਦੁਕਾਨਦਾਰਾਂ ਤੋਂ ਪਿੱਤਲ ਦਾ ਜੋ ਮਰਜ਼ੀ ਬਣਵਾ ਲਓ ਪਰ ਸਾਨੂੰ ਉਸ ਲਈ ਗਾਹਕ ਚਾਹੀਦੇ ਹਨ ਅਤੇ ਇੱਥੇ ਗਾਹਕ ਕੋਈ ਹੈ ਨਹੀਂ। ਲੋਕ ਆਪਣੀਆਂ ਲੋੜਾਂ ਤੋਂ ਉੱਤੇ ਨਹੀਂ ਉੱਠਦੇ। ਹਰ ਚੀਜ਼ ਦਾ ਸਾਡੇ ਸਮਾਜ ਵਿਚ ਇਕ ਮਕਸਦ ਹੋਣਾ ਲਾਜ਼ਮੀ ਹੈ। ਕਦੇ ਕਦੇ ਮੈਂ ਸੋਚਦਾਂ ਕਿ ਛੋਟੇ ਛੋਟੇ ਖਿਡੌਣੇ ਅਤੇ ਭਾਂਡੇ ਬਣਾਵਾਂ ਅਤੇ ਦੁਕਾਨ ਦੇ ਬਾਹਰ ਸਜਾਵਾਂ ਪਰ ਪਿਤਾ ਜੀ ਰੋਕਦੇ ਹਨ ਕਿ ਇਹ ਫ਼ਾਲਤੂ ਕੰਮ ਨਾ ਕਰਾਂ। ਜਦ ਵੀ ਮੈਂ ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਕਹਿੰਦੇ ਹਨ ‘ਕੋਈ ਪੈਸੇ ਵਾਲਾ ਕੰਮ ਕਰ’।
ਮੇਰਾ ਭਰਾ ਲੁਧਿਆਣੇ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਮਹੀਨੇ ਵਿੱਚ 10 ਕੁ ਹਜ਼ਾਰ ਕਮਾਉਂਦਾ ਹੈ ਪਰ ਉਹੋ ਜਿਹੇ ਸ਼ਹਿਰ ਵਿੱਚ ਰਹਿਣ ਲਈ ਏਨਾ ਕਾਫ਼ੀ ਨਹੀਂ। ਜੇ ਉਹ ਵਾਪਿਸ ਆ ਜਾਵੇ ਅਤੇ ਅਸੀਂ ਇਕੱਠੇ ਦੁਕਾਨ ਉੱਤੇ ਕੰਮ ਕਰੀਏ ਤਾਂ ਜਿੰਨੇ ਉਹ ਕਮਾਉਂਦਾ ਹੈ ਅਸੀਂ ਉਸ ਤੋਂ ਦੁੱਗਣੇ ਪੈਸੇ ਬਣਾ ਸਕਦੇ ਹਾਂ। ਇਹ ਫੈਕਟਰੀਆਂ ਆਮ ਬੰਦੇ ਦੀ ਮਿਹਨਤ ਵਿੱਚੋਂ ਮੁਨਾਫ਼ਾ ਕਮਾਉਂਦੀਆਂ ਹਨ। ਜੇ ਅਸੀਂ ਸਖ਼ਤ ਮਿਹਨਤ ਕਰੀਏ ਤਾਂ ਅਸੀਂ ਆਪਣੇ ਕਾਰੋਬਾਰ ਨਾਲ਼ ਬਹੁਤ ਤਰੱਕੀ ਕਰ ਸਕਦੇ ਹਾਂ। ਮੇਰੇ ਪਿਤਾ ਦੇ ਨਾਨੇ ਨੇ ਪਿੱਤਲ ਦੀਆਂ ਛੋਟੀਆਂ ਛੋਟੀਆਂ ਗੜਵੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। 2 ਸਾਲ ਦੁਕਾਨ ਚਲਾਉਣ ਤੋਂ ਬਾਅਦ ਅਤੇ ਸਭ ਕੁਝ ਸਿੱਖਣ ਤੋਂ ਬਾਅਦ ਉਹਨਾਂ ਨੇ ਨੇੜੇ ਹੀ ਇੱਕ ਕਾਰਖ਼ਾਨੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉੱਥੇ ਬਹੁਤ ਜਲਦੀ ਤਰੱਕੀ ਹੋਈ ਅਤੇ ਇੰਨੇ ਪੈਸੇ ਕਮਾ ਲਏ ਕਿ ਆਪਣੇ ਦੋ ਛੋਟੇ ਕਾਰਖ਼ਾਨੇ ਖੋਲ੍ਹ ਲਏ। ਉਹਨਾਂ ਨੇ ਇੰਨੀ ਕਮਾਈ ਕੀਤੀ ਕਿ ਅਗਲੀਆਂ 7 ਪੁਸ਼ਤਾਂ ਉਸ ਪੈਸੇ ਨਾਲ ਗੁਜ਼ਾਰਾ ਕਰ ਸਕਦੀਆਂ ਹਨ।
ਮੈਂ ਚਾਹੁੰਦਾ ਹਾਂ ਕਿ ਮੇਰਾ ਬੱਚਾ ਇਹ ਕਾਰੋਬਾਰ ਅੱਗੇ ਤੋਰੇ। ਜਦੋਂ ਵੀ ਉਹ ਵਿਹਲਾ ਹੁੰਦਾ ਹੈ ਤਾਂ ਮੈਂ ਉਹਨੇ ਆਪਣੇ ਨਾਲ ਦੁਕਾਨ ਉੱਤੇ ਲੈ ਆਉਂਦਾ ਹਾਂ। ਉਹ ਹਾਲੇ ਛੋਟਾ ਹੈ ਇਸ ਲਈ ਕੁਝ ਕਰ ਤਾਂ ਨਹੀਂ ਸਕਦਾ ਪਰ ਮੈਂ ਉਸਨੂੰ ਖੇਡਣ ਦਿੰਦਾ ਹਾਂ। ਜੇ ਉਹਨੂੰ ਇਹ ਕੰਮ ਚੰਗਾ ਲੱਗਿਆ ਤਾਂ ਮੈਂ ਇਹ ਹੁਨਰ ਵਿਕਸਿਤ ਕਰਨ ਲਈ ਉਸਦੀ ਮਦਦ ਕਰਾਂਗਾ। ਪਰ ਜੇ ਉਹਦਾ ਜੀਅ ਨਾ ਕੀਤਾ ਤਾਂ ਜੋ ਉਹ ਚਾਹੂਗਾ ਮੈਂ ਉਹ ਕਰਨ ਦਿਊਂਗਾ। ਲਹਿਰਾਗਾਗੇ ਨੂੰ ਪਿੱਤਲ ਦੇ ਭਾਂਡਿਆਂ ਦਾ ਪੀਜੀਆਈ ਕਿਹਾ ਜਾਂਦਾ ਹੈ, ਜੇ ਕੋਈ ਰਿਪੇਅਰ ਦਾ ਕੰਮ ਅੜ ਜਾਂਦਾ ਹੈ ਤਾਂ ਉਹਨੂੰ ਲਹਿਰੇ ਭੇਜਿਆ ਜਾਂਦਾ ਹੈ। ਇਸ ਲਈ, ਇੱਥੇ ਕੰਮ ਕਦੇ ਨਹੀਂ ਰੁਕੇਗਾ। ਸਾਡਾ ਕੰਮ ਸਦਾ ਚਲਦਾ ਰਹੇਗਾ।
Story: Gurdeep Dhaliwal
English text: Gurdeep Dhaliwal
Assistance: Surinder Singh Bhatti