ਮੋਰਚਾਨਾਮਾ

ਮੋਰਚਾਨਾਮਾ

ਜੇ ਦਿੱਲੀ ਮੋਰਚੇ ਨੂੰ ਚਾਰ ਮਹੀਨੇ ਹੋਏ ਹਨ ਤਾਂ ਪੰਜਾਬ ਵਿਚ ਚੱਲ ਰਹੇ ਮੋਰਚਿਆਂ ਨੂੰ ਛੇ ਮਹੀਨੇ ਹੋ ਗਏ ਹਨ। ਪੰਜਾਬ ਹਰਿਆਣਾ ਵਿਚ ਇਹ ਮੋਰਚੇ ਟੌਲ ਪਲਾਜਿਆਂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਖੁਸ਼ਕ ਬੰਦਰਗਾਹਾਂ, ਸਾਈਲੋ ਪਲਾਂਟਾਂ, ਪੈਟਰੋਲ ਪੰਪਾਂ ਤੇ ਚੱਲ ਰਹੇ ਹਨ। ਇਹਨਾਂ ਮੋਰਚਿਆਂ ਕਰਕੇ ਲੋਕਾਈ ਨੂੰ ਸੌਖ ਹੋ ਰਹੀ ਹੈ ਕਿਉਂ ਜੋ ਉਹ ਟੌਲ ਪਲਾਜਿਆਂ ਦੀ ਉਗਰਾਹੀ ਤੋਂ ਬਚੇ ਹੋਏ ਹਨ ਅਤੇ ਕਾਰਪੋਰੇਟਾਂ ਨੂੰ ਸੇਕ ਲੱਗ ਰਿਹਾ ਹੈ ਕਿਉਂ ਜੋ ਉਹਨਾਂ ਦੇ ਉਗਰਾਹੀ ਦੇ ਵਸੀਲੇ ਬੰਦ ਪਏ ਹਨ। ਇਕ ਪਾਸੇ ਮੁਨਾਫੇ ਦਾ ਨਿਜਾਮ ਹੈ ਜਿਸ ਦਾ ਕੰਮ ਉਗਰਾਹੀ ਦੇ ਵੱਧ ਤੋਂ ਵੱਧ ਸੋਮੇ ਤਿਆਰ ਕਰਨਾਂ ਅਤੇ ਦੂਜੇ ਪਾਸੇ ਕਿਰਤੀਆਂ ਦੇ ਮੋਰਚੇ ਹਨ ਜਿਹੜੇ ਸਾਂਝ ਦੇ ਅਸੂਲ ਤੇ ਚੱਲ ਰਹੇ ਹਨ, ਜਿਸ ਕੋਲ ਜਿੰਨੀ ਸਮਰਥਾ ਹੈ ਉਹ ਆਪਮੁਹਾਰੇ ਆਪਣਾ ਹਿੱਸਾ ਪਾਉਂਦਾ ਹੈ। ਲੜਾਈ ਇਸੇ ਕਰਕੇ ਲੰਮੀ ਹੈ ਕਿਉਂ ਜੋ ਮੁਨਾਫੇਖੋਰੀ, ਜਮਾਂਖੋਰੀ ਦੀ ਬਿਰਤੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। 

ਪੰਜਾਬ ਸਰਕਾਰ ਨੇ ਕੋਰੋਨਾ ਦੇ ਨਾਂ ਤੇ ਇਹਨਾਂ ਮੋਰਚਿਆਂ ਨੂੰ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਰਾਏਕੋਟ ਨੇੜੇ ਅਦਾਨੀ ਦੀ ਖੁਸ਼ਕ ਬੰਦਰਗਾਹ ਤੇ ਲੱਗੇ ਮੋਰਚੇ ਨੂੰ ਪੁਲਿਸ ਧਮਕੀ ਦੇ ਕੇ ਗਈ ਹੈ। ਪਰ ਅੰਦੋਲਨਕਾਰੀ ਯੋਧੇ ਡਟੇ ਹੋਏ ਹਨ। ਹਰਿਆਣੇ ਵਿਚ ਹੁਕਮਰਾਨ ਲੀਡਰਾਂ ਨੂੰ ਘੇਰਨਾ ਓਸੇ ਤਰਾਂ ਜਾਰੀ ਹੈ। ਜੇ ਪੁਲਿਸ ਅੰਦੋਲਨਕਾਰੀਆਂ ਖਿਲਾਫ਼ ਕੇਸ ਦਰਜ ਕਰਦੀ ਹੈ ਤਾਂ ਲੋਕ ਪੁਲਿਸ ਥਾਣਾ ਘੇਰ ਲੈਂਦੇ ਹਨ। ਸਰਕਾਰਾਂ ਖਿਲਾਫ਼ ਅਜਿਹੀ ਨਾਫੁਰਮਾਨੀ ਦੀ ਲਹਿਰ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹੀ ਸੀ। ਪਰ ਅੱਜ ਅਸੀਂ ਇਤਿਹਾਸਕ ਲੋਕ ਲਹਿਰ ਵਿਚ ਵਿਚਰ ਰਹੇ ਹਾਂ ਜਿਹੜੀ ਸਾਡੇ ਸਮਾਜ ਨੂੰ ਨਵਿਆ ਰਹੀ ਹੈ। ਸਰਕਾਰਾਂ ਅਤੇ ਪੁਲਿਸ ਸਰਮਾਏਦਾਰਾਂ ਦੀ ਪਹਿਰੇਦਾਰੀ ਦਾ ਕੰਮ ਕਰਦੇ ਰਹਿੰਦੇ ਹਨ ਪਰ ਲੋਕ ਵੀ ਆਪਣੀ ਜੁੰਮੇਵਾਰੀ ਪਛਾਣ ਕੇ ਆਪਣਾ ਫਰਜ ਨਿਭਾ ਰਹੇ ਹਨ।

ਮੁਲਕ ਦੇ ਇਤਿਹਾਸ ਵਿਚੋਂ ਹੀ ਮਹਾਤਮਾ ਗਾਂਧੀ ਦੇ ਦਾਂਡੀ ਮਾਰਚ ਦੀ ਤਰਜ ਤੇ ਨਿਕਲੀ ਮਿੱਟੀ ਸਤਿਆਗ੍ਰਹਿ ਯਾਤਰਾ 6 ਅਪਰੈਲ ਨੂੰ ਦਿੱਲੀ ਮੋਰਚੇ ਤੇ ਪਹੁੰਚੀ। ਦੌਰੇ ਦੌਰਾਨ ਸਾਰੇ ਦੇਸ਼ ਤੋਂ 23 ਰਾਜਾਂ ਦੀਆਂ 1500 ਪਿੰਡਾਂ ਦੀ ਮਿੱਟੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ਼ ਦਿੱਲੀ ਪਹੁੰਚਾਈ ਗਈ।  ਮਿੱਟੀ ਮੁੱਖ ਤੌਰ ਤੇ ਕਿਸਾਨ ਅਤੇ ਭਾਰਤੀ ਅਜਾਦੀ ਲਹਿਰ ਨਾਲ਼ ਸੰਬੰਧਿਤ ਇਤਿਹਾਸਕ ਥਾਵਾਂ ਤੋਂ ਲਿਆਂਦੀ ਗਈ। ਇਸ ਮਿੱਟੀ ਨੂੰ ਕਿਸਾਨ-ਮੋਰਚਿਆਂ ‘ਤੇ ਬਣਾਈ ਗਈ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਯਾਦਗਾਰਾਂ ਵਿਚ ਸਾਂਭਿਆ ਗਿਆ ਹੈ। ਜਾਬਰ ਹਾਕਮ ਸਟੇਡੀਅਮਾਂ, ਸੜਕਾਂ, ਯੋਜਨਾਵਾਂ, ਇਸ਼ਤਿਹਾਰਾਂ ‘ਤੇ ਤਾਂ ਆਪਣਾ ਨਾਂ ਲਿਖਵਾ ਸਕਦੇ ਹਨ ਪਰ ਲੋਕਾਂ ਦਾ ਮੋਹ ਨਹੀਂ ਖੱਟ ਸਕਦੇ। ਲੋਕ ਮਨ ਵਿਚ ਲੋਕਾਂ ਦੇ ਸ਼ਹੀਦ ਅਮਰ ਰਹਿੰਦੇ ਹਨ ਅਤੇ ਉਹਨਾਂ ਦੀਆਂ ਯਾਦਗਾਰਾਂ ਥਾਂ ਥਾਂ ਬਣਦੀਆਂ ਹਨ।

en_GBEnglish