ਇਤਿਹਾਸਕਾਰਾਂ ਦਾ ਮਤ ਹੈ ਕਿ ਦੁਨੀਆਂ ਦੀ ਪਹਿਲੀ ਲਿਖਤੀ ਭਾਸ਼ਾ 5500 ਸਾਲ ਪਹਿਲਾਂ ਮੈਸੋਪਟਾਮੀਆ (ਅੱਜ ਕੱਲ ਦੇ ਇਰਾਕ) ਦੇਸ ਵਿਚ ਹੋਂਦ ਵਿਚ ਆਈ। ਇਸ ਦੀ ਲੋੜ ਅਨਾਜ, ਤੇਲ ਅਤੇ ਹੋਰ ਵਸਤਾਂ ਦੇ ਲੈਣ ਦੇਣ ਨੂੰ ਸੌਖੇ ਤਰੀਕੇ ਨਾਲ਼ ਸਾਂਭ ਕੇ ਰੱਖਣ ਕਾਰਨ ਪਈ। ਇਸ ਤੋਂ ਪਹਿਲਾਂ ਲੈਣ ਦੇਣ ਨੂੰ ਮਿੱਟੀ ਦੇ ਟੋਕਨ – ਵੱਟਿਆਂ ਜਾਂ ਠੀਪਿਆਂ – ਨਾਲ਼ ਮਾਪਿਆ ਜਾਂਦਾ ਸੀ। ਉਦਾਹਰਨ ਦੇ ਤੋਰ ਤੇ 3 ਕਿੱਲੋ ਕਣਕ ਵਾਸਤੇ ਇਕ ਕੋਣੀ ਠੀਕਰੀ, 4 ਕਿੱਲੋ ਵਾਸਤੇ ਚਾਰ ਕੋਨੀ ਠੀਕਰ, 10 ਕਿੱਲੋ ਵਾਸਤੇ ਗੋਲਾ। ਹੌਲੀ ਹੌਲੀ ਠੀਕਰੀਆਂ ਤੇ ਨਿਸ਼ਾਨ ਲਿਖੇ ਜਾਣ ਲੱਗੇ 29 ਕਿੱਲੋ ਕਣਕ ਵਾਸਤੇ ਦੋ ਗੋਲਿਆਂ ਦੇ ਨਾਲ਼ ਤਿੰਨ ਤਿਕੋਨੀਆਂ ਸ਼ਕਲਾਂ ਬਣਾ ਦਿੱਤਾ ਜਾਂਦਾ। ਇਸ ਤਰਾਂ ਅਨਾਜ ਮਿਣ ਕੇ ਰਾਜੇ ਦੇ ਕਾਰਿੰਦੇ ਕਿਸਾਨਾ ਤੋਂ ਟੈਕਸ ਉਗਰਾਉਂਦੇ ਸਨ। ਇਸ ਤੋਂ ਬਾਅਦ ਦੇਵਤਿਆਂ, ਰਾਜਿਆਂ ਦੇ ਨਾਵਾਂ ਨੂੰ ਲਿਖਣ ਵਾਸਤੇ ਸੰਕੇਤ ਲਿਖਣਾ ਹੋਂਦ ਵਿਚ ਆਇਆ। ਕਬਰਾਂ ਤੇ ਉਕਾਰਿਆ ਜਾਂਦਾ ਸੀ ਕਿ ਪਤਾ ਲੱਗੇ ਕਿ ਏਸ ਥਾਂ ਤੇ ਕਿਹੜਾ ਰਾਜਾ ਜਾਂ ਰਾਣੀ ਦਫ਼ਨ ਹੈ।ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਆਪਣੇ ਆਪਣੇ ਖਿੱਤੇ ਵਿਚ ਏਸੇ ਤਰੀਕੇ ਨਾਲ਼ ਹੀ ਹੋਂਦ ਵਿਚ ਆਈਆਂ ਹਨ।
ਹਵਾਲਾ: ਡੈਨੀਸ ਸ਼ਮਾਂਟ-ਬੈਸਾਰਟ, ‘ਦਿ ਐਵੋਲੂਸ਼ਨ ਆਫ ਰਾਈਟਿੰਗ’