ਰਾਜਿੰਦਰ ਸਿੰਘ, ਸਾਜ਼ ਬਣਾਉਣ ਵਾਲੇ, ਨਵਾਂ ਸ਼ਹਿਰ

ਸਾਡਾ ਪਰਿਵਾਰ ਪਿਛਲੇ 150 ਸਾਲਾਂ ਤੋਂ ਹੱਥੀਂ ਕੰਮ ਕਰ ਰਿਹਾ ਐ। ਮੈਂ 15 ਸਾਲਾਂ ਦਾ ਸੀ ਜਦੋਂ ਇਹ ਕੰਮ ਕਰਨਾ ਸਿੱਖਿਆ। ਹੁਣ ਮੈਨੂੰ ਵੀ ਇਹ ਕੰਮ ਕਰਦੇ ਨੂੰ 33 ਸਾਲ ਹੋ ਗਏ ਨੇ। 1984 ਤੋਂ ਪਹਿਲਾਂ ਸਾਡਾ ਕੰਮ ਬਿਲਕੁਲ ਰੁਕ ਗਿਆ ਸੀ, ਪਰ '84 ਤੋਂ ਬਾਅਦ ਏਦਾਂ ਦਾ ਰੁਝਾਨ ਹੋਇਆ ਕਿ ਸਾਰੇ ਮੁੰਡੇ ਗਾਉਣ ਲੱਗ ਪਏ

ਸਾਡਾ ਪਰਿਵਾਰ ਪਿਛਲੇ 150 ਸਾਲਾਂ ਤੋਂ ਹੱਥੀਂ ਕੰਮ ਕਰ ਰਿਹਾ ਐ। ਮੈਂ 15 ਸਾਲਾਂ ਦਾ ਸੀ ਜਦੋਂ ਇਹ ਕੰਮ ਕਰਨਾ ਸਿੱਖਿਆ। ਹੁਣ ਮੈਨੂੰ ਵੀ ਇਹ ਕੰਮ ਕਰਦੇ ਨੂੰ 33 ਸਾਲ ਹੋ ਗਏ ਨੇ। 1984 ਤੋਂ ਪਹਿਲਾਂ ਸਾਡਾ ਕੰਮ ਬਿਲਕੁਲ ਰੁਕ ਗਿਆ ਸੀ, ਪਰ '84 ਤੋਂ ਬਾਅਦ ਏਦਾਂ ਦਾ ਰੁਝਾਨ ਹੋਇਆ ਕਿ ਸਾਰੇ ਮੁੰਡੇ ਗਾਉਣ ਲੱਗ ਪਏ। ਹੌਲੀ ਹੌਲੀ ਲੋਕਾਂ ਨੇ ਤੂੰਬੀ ਤੋਂ ਅੱਗੇ ਵਧਦੇ ਹੋਏ ਹੋਰ ਸ਼ਾਸਤਰੀ ਸਾਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ।ਸਾਜ਼ ਬਣਾਉਣੇ ਮੈਂ ਆਪਣੇ ਭਾਈਏ (ਪਿਤਾ) ਤੋਂ ਸਿੱਖੇ, ਪਰ ਮੇਰੇ ਨਾਨਕਿਆਂ ਦੇ ਵੀ ਤਰਖਾਣੇ ਕਿੱਤੇ 'ਚ ਹੋਣ ਕਰਕੇ ਮੈਨੂੰ ਪ੍ਰੇਰਨਾ ਮਿਲੀ

ਮੇਰੇ ਦਾਦਕਿਆਂ ਤੇ ਨਾਨਕਿਆਂ ਦੇ ਪਰਿਵਾਰ ਦਾ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਆਉਣਾ ਜਾਣਾ ਸੀ। ਰੌਲਿਆਂ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਖੱਟਕੜ ਕਲਾਂ ਤੇ ਸਾਡੇ ਪਰਿਵਾਰ ਬੰਗੇ ਆ ਕੇ ਵਸ ਗਏ। ਮੇਰੇ ਵੱਡੇ ਵਡੇਰੇ ਹਲ਼, ਮੁੰਨਾਂ ਤੇ ਪੰਜਾਲੀ ਵਗੈਰਾ ਬਣਾਉਣ ਦੇ ਨਾਲ ਨਾਲ ਗੱਡੀਆਂ ਵਗੈਰਾ ਦੀ ਮੁਰੰਮਤ ਦਾ ਕੰਮ ਵੀ ਕਰਦੇ ਸਨ। ਇਹੀ ਕੰਮ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਲਈ ਵੀ ਕੀਤਾ ਸੀ। ਮੇਰਾ ਦਾਦਾ ਲੱਕੜ ਤੇ ਇਮਾਰਤਸਾਜ਼ੀ ਦਾ ਕੰਮ ਵੀ ਕਰਦਾ ਸੀ, ਜੋ ਸਾਡੇ ਪਰਿਵਾਰ 'ਚ ਹੁਣ ਤਕ ਚੱਲਦਾ ਆ ਰਿਹਾ ਹੈ। ਇਸ ਤੋਂ ਇਲਾਵਾ ਮੇਰਾ ਬਾਬਾ (ਦਾਦਾ) ਗਾਉਂਦਾ ਵੀ ਸੀ ਤੇ ਸਾਰੰਗੀਆਂ ਵੀ ਬਣਾਉਂਦਾ ਸੀ।

ਉਸ ਤੋਂ ਬਾਅਦ ਮੇਰੇ ਭਾਈਏ ਨੇ ਉਹੀ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਂ ਉਨ੍ਹਾਂ ਤੋਂ ਸਿੱਖਿਆ। ਮੇਰੇ ਬੱਚਿਆਂ ਨੇ ਇਹ ਕਿੱਤਾ ਨਹੀਂ ਅਪਣਾਇਆ। ਵੱਡਾ ਲੜਕਾ ਗੱਡੀਆਂ ਦਾ ਕੰਮ ਕਰਦਾ ਐ ਤੇ ਛੋਟਾ ਹਾਲੇ ਪੜ੍ਹ ਰਿਹੈ, ਪਰ ਉਸਦਾ ਰੁਝਾਨ ਇਸ ਕਿੱਤੇ ਵੱਲ ਹੈ। ਮੇਰਾ ਵਿਚਾਰ ਹੈ ਕਿ ਉਸਨੂੰ ਇਹ ਸਿੱਖਣਾ ਜ਼ਰੂਰ ਚਾਹੀਦਾ ਹੈ, ਕਰਨਾ ਜਾਂ ਨਾ ਕਰਨਾ ਉਸਦੀ ਮਰਜ਼ੀ ਐ। ਹੱਥਾਂ ਦਾ ਕੰਮ ਕੋਈ ਖੋਹ ਨਹੀਂ ਸਕਦਾ। ਜੇਕਰ ਕੋਈ ਕੰਮ ਸਿੱਖਿਆ ਹੋਵੇ ਤਾਂ ਬੰਦਾ ਰੜ੍ਹੇ ਬੈਠ ਕੇ ਵੀ ਕੰਮ ਕਰ ਸਕਦੈ।

ਅਸੀਂ ਜ਼ਿਆਦਾਤਰ ਦਿਲਰੁਬਾ, ਸਾਰੰਗੀ,ਅਲਗੋਜ਼ਾ, ਰਬਾਬ, ਤਾਊਸ, ਦੋਤਾਰਾ ਤੇ ਤੂੰਬੀ ਬਣਾਉਂਦੇ ਹਾਂ। ਇਹ ਸਾਰੇ ਸਾਜ਼ ਲਗਪਗ ਇਕੋ ਜਿਹੀ ਗਿਣਤੀ 'ਚ ਹੀ ਵਿਕਦੇ ਹਨ। ਸਾਡੇ ਗਾਹਕ ਵਿਦੇਸ਼ ਤੋਂ ਜ਼ਿਆਦਾ ਨੇ, ਪੰਜਾਬ 'ਚ ਵਿਕਰੀ ਘੱਟ ਐ। ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਫਰਾਂਸ, ਜਪਾਨ, ਸਵਿਟਜ਼ਰਲੈਂਡ ਤੇ ਪਾਕਿਸਤਾਨ ਨੇ, ਜਿੱਥੇ ਸਾਡੇ ਸਾਜ਼ ਬਣ ਕੇ ਜਾਂਦੇ ਨੇ। ਇਨ੍ਹਾਂ ਦੀ ਮੰਗ ਇੰਨੀ ਐ ਕਿ ਸਾਡੇ ਕੋਲੋਂ ਆਡਰ ਪੂਰਾ ਨਹੀਂ ਹੁੰਦਾ। ਪਾਕਿਸਤਾਨ ਦੇ ਇਕ ਗੁਰਦਆਰੇ 'ਚ ਸੰਤ ਬਾਬਾ ਗੁਰੇਵਾਲਿਆਂ ਨੇ ਕੰਮ ਲਿਆ ਹੋਇਆ ਹੈ। ਉਨ੍ਹਾਂ ਦੇ ਸੇਵਕ ਇੰਗਲੈਂਡ ਦੇ ਰਸਤੇ ਹਿੰਦੁਸਤਾਨ ਆਉਂਦੇ ਨੇ ਕਿਉਂਕਿ ਅਸੀਂ ਇੱਥੋਂ ਸਿੱਧਾ ਤਾਂ ਭੇਜ ਨਹੀਂ ਸਕਦੇ।

ਜ਼ਿਆਦਾਤਰ ਸਾਜ਼ ਪੰਜਾਬੀ ਹੀ ਖ਼ਰੀਦਦੇ ਨੇ, ਪਰ ਕਦੇ ਕਦੇ ਗੋਰੇ ਵੀ ਲੈ ਕੇ ਜਾਂਦੇ ਨੇ। ਸਵਿਟਜ਼ਰਲੈਂਡ ਦਾ ਇਕ ਗੋਰਾ ਮੇਰੇ ਤੋਂ ਸਾਢੇ ਤਿੰਨ ਫੁੱਟ ਦੀ ਸਾਰੰਗੀ ਬਣਵਾ ਕੇ ਲੈ ਗਿਆ ਜੋ ਆਮ ਤੌਰ 'ਤੇ ਢਾਈ ਫੁੱਟ ਦੀ ਹੁੰਦੀ ਐ। ਆਮ ਤੌਰ 'ਤੇ ਦਿਲਰੁਬਾ 12,000 ਰੁਪਏ ਤਕ, ਸਾਰੰਗੀ ਤੇ ਰਬਾਬ 15,000-15,000 ਰੁਪਏ ਤਕ, ਤਾਊਸ 30,000 ਰੁਪਏ ਤਕ ਤੇ ਦੋਤਾਰਾ 5,000 ਰੁਪਏ ਤਕ ਦਾ ਵਿਕਦਾ ਹੈ। ਅਸੀਂ ਤੁਨ ਦੀ ਲੱਕੜ ਵਰਤਦੇ ਹਾਂ, ਜਿਸ 'ਤੇ ਬਰਸਾਤ ਜਾਂ ਗਰਮੀ ਦਾ ਕੋਈ ਅਸਰ ਨਹੀਂ ਹੁੰਦਾ। ਇਹ ਲੱਕੜ ਸਾਨੂੰ ਲੋਕਲ ਹੀ ਮਿਲ ਜਾਂਦੀ ਐ, ਪਰ ਜੇਕਰ ਜ਼ਿਆਦਾ ਚਾਹੀਦੀ ਹੋਵੇ ਤਾਂ ਪਹਾੜਾਂ 'ਚ ਜਾਣਾ ਪੈਂਦਾ। ਅਸੀਂ ਗਾਹਕ ਦੀ ਤਸੱਲੀ ਕਰ ਕੇ ਭੇਜਦੇ ਹਾਂ। ਮੈਨੂੰ ਸੁਰ ਕਰਨੀ ਜ਼ਰੂਰ ਆਉਂਦੀ ਹੈ, ਪਰ ਕੋਈ ਸਾਜ਼ ਵਜਾਉਣਾ ਨਹੀਂ ਆਉਂਦਾ।

Story & Photos: Aman Deep

Translation (Eng): Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading