ਜਸਵਿੰਦਰ ਕੌਰ, ਸੁੰਦਰ ਸਿੰਘ ਵਾਲਾ, ਸਫਾਈ ਸੇਵਕ

ਮੈਂ ਸਾਰੇ ਸਰੁਸਤੀਗੜ੍ਹ ਪਿੰਡ ਦਾ ਗੋਹਾ ਸੁੱਟਦੀ ਰਹੀ ਹਾਂ। ਛੇ ਮਹੀਨਿਆਂ ਮਗਰੋਂ ਕਿਸੇ ਨੇ ਤਿੰਨ ਕੁਇੰਟਲ ਝੋਨਾ ਦੇ ਦੇਣਾ, ਕਿਸੇ ਨੇ ਦੋ ਕੁਇੰਟਲ ਕਣਕ। ਕਦੇ ਕਿਸੇ ਨੇ ਦਾਣੇ ਘੱਟ ਦੇ ਦੇਣੇ ਤਾਂ ਲੜ ਲੁੜ ਕੇ ਆਪਣੇ ਪੂਰੇ ਲੈ ਲਈਦੇ ਸੀ

ਮੈਂ ਸਾਰੇ ਸਰੁਸਤੀਗੜ੍ਹ ਪਿੰਡ ਦਾ ਗੋਹਾ ਸੁੱਟਦੀ ਰਹੀ ਹਾਂ। ਛੇ ਮਹੀਨਿਆਂ ਮਗਰੋਂ ਕਿਸੇ ਨੇ ਤਿੰਨ ਕੁਇੰਟਲ ਝੋਨਾ ਦੇ ਦੇਣਾ, ਕਿਸੇ ਨੇ ਦੋ ਕੁਇੰਟਲ ਕਣਕ। ਕਦੇ ਕਿਸੇ ਨੇ ਦਾਣੇ ਘੱਟ ਦੇ ਦੇਣੇ ਤਾਂ ਲੜ ਲੁੜ ਕੇ ਆਪਣੇ ਪੂਰੇ ਲੈ ਲਈਦੇ ਸੀ। ਕਈ ਵਾਧੂ ਘਾਟੂ ਕੰਮ ਵੀ ਕਰਾਉਂਦੇ ਸੀ ਤਾਂ ਉਹਦਾ ਵੀ ਕੁਝ ਦੇ ਦਿੰਦੇ ਸਨ। ਅੱਗੇ ਕੱਚੇ ਮਕਾਨ ਹੁੰਦੇ ਸੀ, ਸਾਰਾ ਕੰਮ ਕਰੀਦਾ ਸੀ ਜਿਵੇਂ ਛੱਤਾਂ ਲਿੱਪਣੀਆਂ, ਗੋਹਾ ਪੱਥਣਾ, ਪੋਚਾ ਫੇਰਨਾ। ਇਹਦਾ ਵੀ ਕਦੇ ਆਟਾ ਮਿਲ ਜਾਣਾ ਜਾਂ ਚੌਲ ਮਿਲ ਜਾਣੇ।

ਪਹਿਲਾਂ ਅਸੀਂ ਪਿੰਡ ’ਚ ਈ ਜ਼ਿਮੀਂਦਾਰਾਂ ਦੀ ਜਗ੍ਹਾ ਵਿਚ ਰਹਿੰਦੇ ਸੀ। ਫਿਰ ਅਗਲਿਆਂ ਨੇ ਆਪਣੀ ਥਾਂ ਖਾਲੀ ਕਰਾ ਲਈ। ਅਸੀਂ ਇੱਥੇ ਸੁੰਦਰ ਸਿੰਘ ਵਾਲੇ ਆਪਣੀ ਥਾਂ ਲਈ ਹੋਈ ਸੀ, ਫਿਰ ਇੱਥੇ ਆ ਕੇ ਘਰ ਪਾ ਲਿਆ। ਹੁਣ ਮੈਥੋਂ ਜ਼ਿਆਦਾ ਕੰਮ ਨ੍ਹੀਂ ਹੁੰਦਾ। ਇਸ ਲਈ ਗੋਹਾ ਕੂੜਾ ਕਰਨਾ ਛੱਡ ਦਿੱਤਾ,ਪਰ ਹੁਣ ਮੇਰੀ ਗੁੱਡੀ ਘਰਾਂ ’ਚ ਪੋਚੇ ਲਾਉਂਦੀ ਐ। ਪਰਿਵਾਰ ਨੂੰ ਸਹਾਰਾ ਮਿਲ ਜਾਂਦੈ। ਦੋ ਮੁੰਡੇ ਨੇ, ਇੱਕ ਲੱਕੜ ਦਾ ਕੰਮ ਕਰਦੈ, ਦੂਜਾ ਕੰਬਾਈਨ ’ਤੇ ਡਰਾਈਵਰ ਐ। ਮੇਰਾ ਘਰਵਾਲਾ ਰੇਹੜੀ ਚਲਾਉਂਦੈ। ਸਾਰੇ ਮਿਲ ਜੁਲ ਕੇ ਰੋਟੀ ਦਾ ਜੁਗਾੜ ਕਰਦੇ ਹਾਂ। 15 ਸਾਲ ਪਹਿਲਾਂ ਮੈਂ ਪੰਚ ਵੀ ਬਣੀ ਸੀ, ਪਰ ਸਰਕਾਰੇ ਦਰਬਾਰੇ ਕੰਮ ਕਰਾਉਣਾ ਕਿਹੜਾ ਸੌਖਾ, ਮੈਂ ਤਾਂ ਅਨਪੜ੍ਹ ਸੀ, ਗੂਠਾ ਲਾ ਦੇਈਦਾ ਸੀ ਤੇ ਆਪਣੇ ਕੰਮ ਲੱਗ ਜਾਣਾ। ਆਹ ਮੇਰੇ ਜੇਠ ਦੀ ਗੁੱਡੀ ਵੀ ਸਾਡੇ ਨਾਲ ਹੀ ਹੈ। ਜੇਠ ਜੇਠਾਣੀ ਪੂਰੇ ਹੋ ਗਏ। ਇਸਦਾ ਆਧਾਰ ਕਾਰਡ ਨਹੀਂ ਬਣਦਾ। ਦੋ ਵਾਰੀ ਕੈਂਸਲ ਕਰਤਾ ਉਨ੍ਹਾਂ ਨੇ, ਕਹਿੰਦੇ ਇਸਦੇ ਨਾਂ ’ਤੇ ਤਾਂ ਕਿਸੇ ਹੋਰ ਨੇ ਕਢਾ ਲਿਆ। ਜਿਹੜਾ ਸਕੂਲ ਦਾ 1500 ਵਜ਼ੀਫਾ ਮਿਲਣਾ ਹੁੰਦਾ, ਉਹ ਆਹ ਆਧਾਰ ਕਾਰਡ ਕਰਕੇ ਰੁਕਿਆ ਪਿਆ।

ਹੁਣ ਗੋਡਿਆਂ ਨੇ ਮਾਰ ਲਿਆ। ਭੁੱਖੇ ਤਿਆਹਿਆਂ ਨੇ ਤਾਂ ਫਿਰ ਮਾੜਾ ਮੋਟਾ ਕਰਨਾ ਈ ਹੁੰਦਾ। ਘਰੇ ਮੱਝਾਂ ਰੱਖੀਆਂ, ਬਸ, ਇਹ ਵੀ ਪਾਲਣੀਆਂ ਕਿਹੜੀਆਂ ਸੌਖੀਆਂ ਨੇ, ਤੂੜੀ ਵੀ ਮੁੱਲ ਐ ਤੇ ਪੱਠੇ ਵੀ ਮੁੱਲ ਨੇ। ਹੁਣ ਤੂੜੀ ਮੁੱਕ ਗਈ, 2500 ਰੁਪਏ ਦੀ ਲੈਣੀ ਐ ਤੇ 2200 ਦਾ ਤਾਂ ਮੱਝਾਂ ਦਾ ਆਹ ਦਾਣਾ ਆਇਆ। ਸਾਨੂੰ ਤਾਂ ਦੁੱਖਾਂ ਦੇ ਝੰਬਿਆਂ ਨੂੰ ਕੋਈ ਗੱਲ ਈ ਨੀਂ ਆਉਂਦੀ। ਬਸ! ਪੇਟ ਕਿਵੇਂ ਭਰਨਾ ਇਸ ਦੀ ਈ ਫਿਕਰ ਲੱਗੀ ਰਹਿੰਦੀ ਐ। ਸਾਰਾ ਟੱਬਰ ਕੰਮ ਕਰਦੈ, ਪਰ ਲੋੜਾਂ ਫਿਰ ਵੀ ਪੂਰੀਆ ਨ੍ਹੀਂ ਪੈਂਦੀਆਂ। ਮਹਿੰਗਾਈ ਨੇ ਹੀ ਝੰਬ ਸੁੱਟਿਆ ਐ। ਬੰਦਾ ਵੀ ਕੀ ਕਰੇ। .

Photo and story (Punjabi): Satdeep Gill

Write up (English): Gurdeep Dhaliwal

Edited by Jasdeep Singh

pa_INPanjabi

Discover more from Trolley Times

Subscribe now to keep reading and get access to the full archive.

Continue reading