ਅਮਰੀਕ ਸਿੰਘ, ਪੇਂਜੇ ਵਾਲੇ, ਆਦਮਪੁਰ (ਜਲੰਧਰ)

ਸਾਡਾ ਦਾਦਾ ਟੋਭਾ ਟੇਕ ਸਿੰਘ ਤੋਂ ਸੀ। ਜਦੋਂ 1908 'ਚ ਉੱਥੇ ਪਲੇਗ ਪਈ ਤਾਂ ਉਦੋਂ ਉਹ ਢਾਈ ਸਾਲ ਦਾ ਸੀ, ਉਸਦੀ ਵੱਡੀ ਭੈਣ ਤੇ ਭਰਾ ਚੱਲ ਵਸੇ ਅਤੇ ਚਾਚਾ ਬਾਕੀ ਬੱਚਿਆਂ ਨੂੰ ਲੈ ਕੇ ਹਰੀਪੁਰ ਆ ਗਿਆ। ਮੇਰਾ 15 ਜੁਲਾਈ 1944 ਦਾ ਜਨਮ ਹੈ

ਸਾਡਾ ਦਾਦਾ ਟੋਭਾ ਟੇਕ ਸਿੰਘ ਤੋਂ ਸੀ। ਜਦੋਂ 1908 'ਚ ਉੱਥੇ ਪਲੇਗ ਪਈ ਤਾਂ ਉਦੋਂ ਉਹ ਢਾਈ ਸਾਲ ਦਾ ਸੀ, ਉਸਦੀ ਵੱਡੀ ਭੈਣ ਤੇ ਭਰਾ ਚੱਲ ਵਸੇ ਅਤੇ ਚਾਚਾ ਬਾਕੀ ਬੱਚਿਆਂ ਨੂੰ ਲੈ ਕੇ ਹਰੀਪੁਰ ਆ ਗਿਆ। ਮੇਰਾ 15 ਜੁਲਾਈ 1944 ਦਾ ਜਨਮ ਹੈ, ਮੇਰਾ ਹੁਣ 75ਵਾਂ ਸਾਲ ਚੱਲ ਰਿਹੈ। ਮੇਰੇ ਬਚਪਨ ਵਿਚ ਕੋਈ ਬਚਪਨ ਵਾਲੀ ਗੱਲ ਨਹੀਂ ਸੀ, ਖੇਡ ਕੁੱਦ ਕੇ ਤਾਂ ਦੇਖਿਆ ਹੀ ਨਹੀਂ। ਮੈਂ ਤਾਂ ਗਿਆਰਾਂ ਬਾਰਾਂ ਸਾਲਾਂ ਦੀ ਉਮਰ ਤੋਂ ਕੰਮ ਕਰਦਾ ਆ ਰਿਹਾ ਹਾਂ। 6ਵੀਂ 'ਚ ਸੀ ਤਾਂ ਰਸ ਕੱਢਣ ਵਾਲੇ ਅੱਠ ਵੇਲਣੇ ਰੋਜ਼ ਢਾਲਦਾ ਸੀ। ਉਸ ਵੇਲੇ ਦੀ ਮਿਹਨਤ 5 ਰੁਪਏ ਪ੍ਰਤੀ ਵੇਲਣਾ ਸੀ। ਚਾਲੀ ਰੁਪਏ ਦਾ ਕੰਮ ਰੋਜ਼ ਕਰਦਾ ਸੀ। ਚੌਲ ਕੱਢਣ ਦਾ ਕੰਮ ਐਸਾ ਸੀ ਕਿ ਸਕੂਲੋਂ ਆਉਂਦੇ ਸਾਰ ਈ ਘਰ ਦੇ ਰੋਟੀ ਚਾਹ ਦੇ ਕੇ ਕੰਮ 'ਤੇ ਲੈ ਜਾਂਦੇ। ਕਈ ਵਾਰ ਰਾਤ ਦੇ ਬਾਰਾਂ ਵੱਜ ਜਾਣੇ।

20 ਸਾਲ ਤੋਂ ਸਾਡੀ ਦੁਕਾਨ ਹਰੀਪੁਰ ਦੇ ਗੁਰਦੁਆਰੇ ਦੇ ਖਾਕੇ 'ਚ ਸੀ। 20 ਸਾਲ ਚੱਕੀ ਉੱਥੇ ਚੱਲੀ। 1948 'ਚ ਅਸੀਂ ਜਲੰਧਰ ਚਲੇ ਗਏ, ਜਿੱਥੇ ਲਵਲੀ ਵਾਲਿਆਂ ਦੀ ਮਠਿਆਈ ਦੀ ਦੁਕਾਨ ਆ, ਉਹਦੇ ਨਾਲ ਈ ਸਾਡੇ ਦਾਦੇ ਨੇ ਵੇਲਣਾ ਲਾਇਆ। ਉੱਥੇ ਡੇਢ ਸਾਲ ਬਹੁਤ ਕੰਮ ਚੱਲਿਆ। ਉੱਥੋਂ ਪੁੱਟ ਕੇ ਫੇਰ ਅਸੀਂ ਜਲੰਧਰ ਅੱਡੇ ਕੋਲ ਆ ਗਏ, ਓਦੋਂ ਮੈਂ 6-7 ਸਾਲ ਦਾ ਸੀ। ਅੱਡੇ ਕੋਲ ਸਾਡਾ ਕੰਮ ਸਾਢੇ 11 ਸਾਲ ਚੱਲਿਆ। ਗੁਆਂਢ 'ਚ ਗੇੜੀਆਂ ਬਣਾਉਣ ਵਾਲੇ ਕਾਰੀਗਰ ਸੀ, ਉਨ੍ਹਾਂ ਨੂੰ ਦੇਖ ਕੇ ਸਾਡੇ ਭਰਾ ਵੀ ਬਣਾਉਣ ਲੱਗ ਪਏ। ਮੇਰਾ ਇਕ ਭਰਾ ਬਹੁਤ ਕਾਰੀਗਰ ਸੀ, ਉਸਦੇ ਤਿੰਨ ਉਸਤਾਦ ਸਨ। ਤੁਸੀਂ ਆਪ ਸੋਚੋ ਜੀਹਦੇ ਤਿੰਨ ਉਸਤਾਦ ਹੋਣ ਉਹ ਕਿੰਨਾ ਕਾਰੀਗਰ ਹੋਊ। ਸਾਡਾ ਕੰਮ ਵਧੀਆ ਚੱਲ ਪਿਆ।

ਫਿਰ ਸਾਡੇ ਗਾਹਕ ਘਟ ਗਏ ਤੇ 1956-57 'ਚ ਅਸੀਂ 10,000 ਰੁਪਏ ਦੇ ਕਰਜ਼ਾਈ ਹੋ ਗਏ। ਉਸ ਵੇਲੇ 100 ਰੁਪਏ ਦੀ ਇਕ ਏਕੜ ਜ਼ਮੀਨ ਆਉਂਦੀ ਸੀ। ਸਾਡਾ ਕੰਮ ਠੱਪ ਹੋ ਗਿਆ। ਮੈਥੋਂ ਵੱਡਾ ਜਲੰਧਰ 150 ਰੁਪਏ ਵਿਚ ਚੱਕੀ ਉੱਤੇ ਲੱਗ ਗਿਆ ਤੇ ਉਸਤੋਂ ਵੱਡੇ ਨੇ ਪੁਰਾਣੀ ਡਰੋਲੀ ਵਿਚ ਸੁਸਾਇਟੀ ਦੀ ਚੱਕੀ 'ਤੇ ਕੰਮ ਸ਼ੁਰੂ ਕਰ ਦਿੱਤਾ। 1959-60 'ਚ ਮੈਂ ਮੈਟ੍ਰਿਕ ਕੀਤੀ। ਉੱਥੋਂ ਉੱਠੇ, ਇੱਥੇ ਆਦਮਪੁਰ ਆ ਗਏ। ਇੱਥੇ ਪਿੰਡ ਦੇ ਮੁਨਿਆਰਿਆਂ ਨਾਲ ਥਾਂ ਦਾ ਰੌਲਾ ਸ਼ੁਰੂ ਹੋ ਗਿਆ। ਤਿੰਨਾਂ ਸਾਲਾਂ ਬਾਅਦ ਮੁਕੱਦਮਾ ਚੱਲ ਪਿਆ। ਉਹ ਚੱਲਿਆ 54 ਸਾਲ। ਜਨਵਰੀ 1982 ਨੂੰ ਮੇਰਾ ਬਾਪ ਗੁਜ਼ਰ ਗਿਆ, ਮਾਈ ਸਾਡੀ '97 'ਚ ਤੁਰ ਗਈ। ਉਸ ਤੋਂ ਬਾਅਦ ਵੱਡੇ ਨੇ ਇੱਥੇ ਨੇੜੇ ਈ ਡੇਕਾਂ ਥੱਲੇ ਚੱਕੀ ਲਾ ਲਈ ਤੇ ਮੈਥੋਂ ਵੱਡਾ ਕਰਤਾਰ ਪੁਰ ਚਲਾ ਗਿਆ। ਮੈਂ ਤਾਂ ਇਸੇ ਕੰਮ 'ਚ ਫਸਿਆ ਰਿਹਾ, ਸਾਰੀ ਉਮਰ ।

ਮੈਂ ਇਕੱਲੇ ਨੇ ਈ 1957 ਵਿਚ ਚੜ੍ਹਿਆ 10,000 ਰੁਪਏ ਦਾ ਕਰਜ਼ ਲਾਹਿਆ। 1961-62 ਤਕ ਕੋਈ ਘਰ-ਬਾਰ ਵੀ ਨਹੀਂ ਸੀ। ਸਾਡਾ ਪਹਿਲਾਂ ਵਾਲਾ ਪੱਕਾ ਘਰ ਅਸੀਂ ਘਾਟੇ ਦੇ ਮਾਰੇ ਵੇਚ ਵੱਟ ਕੇ ਖਾ ਗਏ। ਵੱਡੇ ਭਾਈ ਅਲੱਗ ਹੋ ਗਏ। ਉਨ੍ਹਾਂ ਦੀ ਸਾਨੂੰ ਕੋਈ ਮਦਦ ਨਹੀਂ ਮਿਲੀ, ਮੈਂ ਰਹਿ ਗਿਆ। ਛੋਟਾ ਭਾਈ ਪੜ੍ਹਦਾ ਸੀ। 1965 'ਚ ਭੈਣ ਦਾ ਵਿਆਹ ਕੀਤਾ। ਮੇਰੇ ਆਪਣੇ ਦੋ ਕਾਕੇ ਅਤੇ ਇੱਕ ਗੁੱਡੀ ਐ। ਗੁੱਡੀ ਇੰਗਲੈਂਡ ਐ। ਇੱਕ ਬੇਟਾ ਨੌਰਵੇ ਆ ਤੇ ਦੂਜਾ ਮੇਰੇ ਕੋਲ ਆ। ਇੱਥੇ ਵਾਲੇ ਨੇ ਪਹਿਲਾਂ ਹਾਰਡ ਵੇਅਰ ਦਾ ਕੰਮ ਸ਼ੁਰੂ ਕੀਤਾ, ਪਰ ਲੋਕ ਉਧਾਰ ਲੈ ਕੇ ਪੈਸੇ ਨਹੀਂ ਮੋੜਦੇ, ਉਹ ਕੰਮ ਘਾਟਾ ਖਾ ਕੇ ਬੰਦ ਕਰਨਾ ਪਿਆ। ਹੁਣ ਉਹ ਵੀ ਬਾਹਰ ਜਾਣਾ ਚਾਹੁੰਦੈ। ਬਾਕੀ ਕੈਨੇਡਾ ਅਮਰੀਕਾ ਜੋ ਮਰਜ਼ੀ ਐ। ਅਸੀਂ ਆਪਣੇ ਮੁਤਾਬਕ ਉਨ੍ਹਾਂ ਨਾਲੋਂ ਸੌਖੇ ਆਂ। ਜ਼ਿੰਦਗੀ ਐਨੀ ਸੌਖੀ ਨਹੀਂ, ਪੈਰ ਪੈਰ 'ਤੇ ਔਕੜਾਂ ਨੇ।

ਹੁਣ ਸਾਡਾ ਕੰਮ ਤਾਂ ਨੋਟਬੰਦੀ ਤੇ ਜੀ.ਐੱਸ.ਟੀ. ਨੇ ਠੱਪ ਕਰਤਾ, ਇਨ੍ਹਾਂ ਨੂੰ ਚਾਹੀਦਾ ਸੀ ਜੀ. ਐੱਸ. ਟੀ. ਸਿਰਫ਼ ਉੱਥੇ ਹੀ ਲਾਉਣ ਜਿੱਥੇ ਚੀਜ਼ ਬਣਦੀ ਹੈ ਨਾ ਕਿ ਉਸਦੇ ਬਣਨ ਤਕ ਦੇ ਹਰ ਪੜਾਅ 'ਤੇ। ਜਿਹੜਾ ਲੀਡਰ ਆਉਂਦਾ, ਠੱਗ ਆਉਂਦਾ। ਲੇਬਰ ਆਲੇ ਬੰਦੇ ਦਾ ਕੁਝ ਨੀਂ ਬਣਦਾ।

Photos and Text by: Gurdeep Dhaliwal

 

pa_INPanjabi

Discover more from Trolley Times

Subscribe now to keep reading and get access to the full archive.

Continue reading