ਸੋਹਣ ਸਿੰਘ, ਪੇਟੀਆਂ ਬਣਾਉਣ ਵਾਲੇ, ਸਰੌਦ (ਸੰਗਰੂਰ)

ਮੈਨੂੰ ਕੰਮ ਕਰਦੇ ਨੂੰ 50 ਸਾਲ ਹੋ ਗਏ। ਮੈਂ ਆਪਣੇ ਬਜ਼ੁਰਗਾਂ ਦੇ ਨਾਲ ਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਡੇਢ ਕੁ ਸਾਲ ਗੋਬਿੰਦਗੜ੍ਹ ਵੀ ਕੰਮ ਕਰਿਆ, ਪਰ ਪਰਿਵਾਰਕ ਕਾਰਨਾਂ ਕਰਕੇ ਮੈਂ ਵਾਪਸ ਆ ਗਿਆ ਤੇ ਇੱਥੇ ਪੱਕਾ ਈ ਰਹਿਣ ਲੱਗਾ। ਹੁਣ ਮੇਰੀ ਉਮਰ 67 ਸਾਲ ਦੀ ਹੈ

ਮੈਨੂੰ ਕੰਮ ਕਰਦੇ ਨੂੰ 50 ਸਾਲ ਹੋ ਗਏ। ਮੈਂ ਆਪਣੇ ਬਜ਼ੁਰਗਾਂ ਦੇ ਨਾਲ ਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਡੇਢ ਕੁ ਸਾਲ ਗੋਬਿੰਦਗੜ੍ਹ ਵੀ ਕੰਮ ਕਰਿਆ, ਪਰ ਪਰਿਵਾਰਕ ਕਾਰਨਾਂ ਕਰਕੇ ਮੈਂ ਵਾਪਸ ਆ ਗਿਆ ਤੇ ਇੱਥੇ ਪੱਕਾ ਈ ਰਹਿਣ ਲੱਗਾ। ਹੁਣ ਮੇਰੀ ਉਮਰ 67 ਸਾਲ ਦੀ ਹੈ। ਪੈਨਸ਼ਨ ਮੈਨੂੰ ਅਜੇ ਤਕ ਲੱਗੀ ਨਹੀਂ। ਕਈ ਵਾਰ ਫਾਰਮ ਭਰੇ, ਪਰ ਕਹਿੰਦੇ ਕੋਈ ਗੜਬੜ ਆ ਜਾਂਦੀ ਐ। ਵਾਰ-ਵਾਰ ਭਕਾਈ ਕਰਾਈ ਜਾਂਦੇ ਆ.. ਆਂਹਦੇ ਹੁਣ ਆਊਗੀ, ਹੁਣ ਆਊਗੀ, ਪਰ ਅਜੇ ਤਕ ਤਾਂ ਧੇਲੀ ਨਸੀਬ ਨਹੀਂ ਹੋਈ। ਮੇਰੇ ਦੰਦ ਨਿਕਲਿਆਂ ਨੂੰ 15 ਸਾਲ ਹੋ ਗਏ, ਪਰ ਹੁਣ ਤਕ ਲਵਾਏ ਨਈਂ ਗਏ। ਬਸ, ਐਂਵੇ ਈ ਕੰਮ ਚਲਾਈ ਜਾਂਦਾ। ਅਸੀਂ ਤਿੰਨ ਭਾਈ ਹਾਂ, ਇਸ ਕਰਕੇ ਆਹ ਦੁਕਾਨ ਦੇ ਤਿੰਨ ਹਿੱਸੇ ਬਣ ਗਏ। ਇਕ ਸਾਡਾ ਚਾਚਾ ਸੀ, ਉਨ੍ਹਾਂ ਦੇ ਕੋਈ ਜੁਆਕ ਨਹੀਂ ਸੀ। ਉਹ ਦੁਕਾਨ ਦਾ ਤੀਜਾ ਹਿੱਸਾ ਵੇਚ ਗਏ। ਹੁਣ ਆਹ ਦੋ ਜਣਿਆਂ ਦੀ ਥਾਂ ਹੈ। ਰਹਿੰਦੇ ਅਸੀਂ ਪਿੰਡ ਸਰੌਦ ਈ ਆਂ।

ਵੈਸੇ ਤਾਂ ਅਸੀਂ ਗੱਲੇ ਬਣਾਉਂਦੇ ਆਂ। ਕੋਈ ਆਡਰ ਹੋਵੇ ਤਾਂ ਪੇਟੀ ਵੀ ਬਣਾ ਦਈ ਦੀ ਆ। ਪੇਟੀਆਂ ਦਾ ਤਾਂ ਹੁਣ ਕੰਮ ਈ ਖ਼ਤਮ ਹੋ ਗਿਆ। ਹੁਣ ਤਾਂ ਬੈੱਡ ਚੱਲ ਪਏ, ਲੋਕ ਉਨ੍ਹਾਂ ਵਿਚ ਈ ਕੱਪੜੇ ਪਾ ਲੈਂਦੇ ਨੇ। ਸਾਡੇ ਕੋਲ ਜਗ੍ਹਾ ਘੱਟ ਸੀ, ਪਰ ਕਬੀਲਦਾਰੀ ਬਹੁਤ ਸੀ। ਸਾਰੀ ਉਮਰ ਕੰਮ ਲੋਟ ਈ ਨੀਂ ਆਇਆ। ਜਦੋਂ ਮੀਂਹ ਜ਼ਿਆਦਾ ਪੈਂਦਾ ਤਾਂ ਪਾਣੀ ਦੁਕਾਨ ਦੇ ਅੰਦਰ ਈ ਵੜ ਜਾਂਦੈ। ਹੁਣ ਆਹ ਇੱਟਾਂ ਲਾਈਆਂ ਨੇ। ਕੁਝ ਦਿਨ ਪਹਿਲਾਂ ਵੀ ਪਾਣੀ ਛੱਲ ਮਾਰਕੇ ਅੰਦਰ ਪਹੁੰਚ ਗਿਆ ਸੀ। ਪਿੱਛੇ ਜਿਹੇ ਛੱਤ ਢਹਿ ਗਈ।

ਮੇਰੇ ਤਿੰਨ ਮੁੰਡੇ ਨੇ। ਇਕ ਮਾੜਾ ਮੋਟਾ ਦੇਸੀ ਦਵਾਈਆਂ ਵਾਲੀ ਡਾਕਟਰੀ ਆਲੀ ਲਾਈਨ ’ਚ ਐ। ਉਸਨੇ ਬਾਰ੍ਹਵੀਂ ਤਕ ਪੜ੍ਹਾਈ ਕੀਤੀ, ਫਿਰ ਵਿਚ ਈ ਛੱਡ ਦਿੱਤੀ। ਦੂਜਾ ਤਾਂ ਘਰੇ ਈ ਰਹਿੰਦਾ ਵਿਹਲਿਆਂ ਵਾਂਗੂੰ। ਤੀਜਾ ਮਿਸਤਰੀ ਦਾ ਕੰਮ ਕਰਦੈ। ਹੋਰ ਕੰਮ ਬੰਦਾ ਕੀ ਕਰੇ, ਪੜ੍ਹੇ ਲਿਖਿਆਂ ਦੇ ਕੰਮ ਨੇ। ਮੈਂ ਤਾਂ ਪੜ੍ਹਿਆ ਈ ਪੰਜ ਆਂ। ਮੇਰਾ ਭਾਈ ਦਸ ਪੜ੍ਹਿਆ, ਮੇਰੀ ਮਾਂ ਕਹਿੰਦੀ ਉਹ ਪੜ੍ਹਿਆ ਲਿਖਿਆ ਧੱਕੇ ਖਾਂਦਾ, ਤੂੰ ਰਹਿਣ ਦੇ। ਪਹਿਲਾਂ ਕਈ ਸਾਲ ਡੰਗਰ ਈ ਚਾਰੀ ਗਿਆ। ਸਾਡੇ ਪਿੰਡ ਸਕੂਲ ਪੰਜਵੀਂ ਤਕ ਈ ਸੀ। ਸਾਡਾ ਪਿਤਾ ਕਹਿੰਦਾ, ਜੇ ਹੁਣੇ ਈ ਕੰਮ ’ਤੇ ਲਾ ਤਾ ਤਾਂ ਇਸਦੇ ਕੁੱਬ ਪੈਜੂ। ਗੱਲ ਤਾਂ ਉਸਦੀ ਵੀ ਠੀਕ ਸੀ। ਸਾਰੀ ਉਮਰ ਕੰਮ ਈ ਕਰਨਾ ਐ। ਕੱਢਣ ਪਾਉਣ ਨੂੰ ਕੁਛ ਨੀਂ। ਦਿਹਾੜੀ ਸਾਡੀ ਬਣਦੀ ਨੀਂ। ਪਿੱਛੇ ਹੋਰ ਕੀ ਐ!.

Photographs: Gurdeep Dhaliwal

Text: Jasdeep Singh

pa_INPunjabi