ਚਰਨ ਪੁਆਧੀ, ਦੁਕਾਨਦਾਰ ਅਤੇ ਕਲਾਕਾਰ, ਅਰਨੌਲੀ

ਮੇਰੇ ਪਿਉ ਨੇ ਕਦੇ ਕੋਈ ਕੰਮ ਨਹੀਂ ਕੀਤਾ। ਉਹਨੇ ਹਮੇਸ਼ਾ ਤੰਗ ਹੀ ਕੀਤਾ ਹੈ। ਮੇਰਾ ਦਾਦਾ ਉਸਤੋਂ ਬਿਲਕੁਲ ਉਲਟ ਸੀ। ਉਹ ਬਹੁਤ ਹੀ ਮਿਹਨਤੀ ਕਿਸਾਨ ਸੀ ਤੇ ਉਹਨੇ 400 ਬਿੱਘੇ (100 ਕਿੱਲੇ) ਜ਼ਮੀਨ ਬਣਾਈ

ਮੇਰੇ ਪਿਉ ਨੇ ਕਦੇ ਕੋਈ ਕੰਮ ਨਹੀਂ ਕੀਤਾ। ਉਹਨੇ ਹਮੇਸ਼ਾ ਤੰਗ ਹੀ ਕੀਤਾ ਹੈ। ਮੇਰਾ ਦਾਦਾ ਉਸਤੋਂ ਬਿਲਕੁਲ ਉਲਟ ਸੀ। ਉਹ ਬਹੁਤ ਹੀ ਮਿਹਨਤੀ ਕਿਸਾਨ ਸੀ ਤੇ ਉਹਨੇ 400 ਬਿੱਘੇ (100 ਕਿੱਲੇ) ਜ਼ਮੀਨ ਬਣਾਈ। ਅਸੀਂ ਪੰਜਾਬ ਵਿੱਚ ਚਾਹਲ ਪਿੰਡ ਵਿੱਚ ਰਹਿੰਦੇ ਸੀ ਤੇ ਕੁਝ ਹਾਲਾਤਾਂ ਕਰਕੇ ਅਸੀਂ ਲਗਭਗ 35 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਇੱਥੇ ਅਰਨੌਲੀ ਆ ਗਏ।

ਮੈਂ ਪੰਜਾਬ ਵਿੱਚ ਨੌਂਵੀ ਤੱਕ ਪੜ੍ਹਾਈ ਕੀਤੀ ਅਤੇ ਦਸਵੀਂ ਹਰਿਆਣੇ ਆਉਣ ਤੋਂ ਬਾਅਦ ਕੀਤੀ। ਮੈਂ ਅੱਗੇ ਪੜ੍ਹਨਾ ਤਾਂ ਚਾਹੁੰਦਾ ਸੀ ਪਰ ਘਰ ਦਾ ਮਾਹੌਲ ਈ ਨਹੀਂ ਸੀ। ਪਿਓ ਕੁੱਟ ਮਾਰ ਬਹੁਤ ਕਰਦਾ ਸੀ ਅਤੇ ਦਾਰੂ ਪੀਣ ਦੀ ਉਸਦੀ ਆਦਤ ਦਿਨ-ਬ-ਦਿਨ ਵਧਦੀ ਗਈ। ਇੱਕ ਵਾਰ ਮੈਂ ਖੇਤ ਇਕੱਲਾ ਕੰਮ ਕਰ ਰਿਹਾ ਸੀ ਕਿ ਕਿਸੇ ਨੇ ਸਾਡੀ ਤੰਗਲੀ ਚੋਰੀ ਕਰ ਲਈ। ਮੈਨੂੰ ਪਿਉ ਤੋਂ ਕੁੱਟ ਪੈਣ ਦਾ ਐਨਾ ਡਰ ਸੀ ਕਿ ਮੈਂ ਘਰੋਂ ਭੱਜ ਕੇ ਗੋਬਿੰਦਗੜ੍ਹ ਮੰਡੀ ਚਲਾ ਗਿਆ ਅਤੇ ਉੱਥੇ ਤਿੰਨ ਸਾਲ ਲੋਹੇ ਦਾ ਕੰਮ ਕਰਦਾ ਰਿਹਾ। ਮੇਰੇ ਪਰਿਵਾਰ ਨੇ ਮੈਨੂੰ ਲੱਭਿਆ ਵੀ ਨਹੀਂ ਕਿਉਂਕਿ ਇਹ 93 ਦੀ ਗੱਲ ਹੈ ਅਤੇ ਉਦੋਂ ਹੜ੍ਹ ਆਏ ਹੋਏ ਸੀ। ਉਹਨਾਂ ਨੇ ਸੋਚਿਆ ਮੈਂ ਹੜ੍ਹ ਵਿੱਚ ਰੁੜ੍ਹ ਗਿਆ ਹੋਵਾਂਗਾ।

ਜਦੋਂ ਮੈਂ ਨੌਵੀਂ ਵਿੱਚ ਸੀ ਤਾਂ ਚਮਕੀਲਾ ਪੂਰੀ ਚੜ੍ਹਤ ਉੱਤੇ ਸੀ। ਉਹਨੂੰ ਸੁਣ ਸੁਣ ਕੇ ਮੈਂ ਵੀ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ। ਮੈਂ ਲਗਭਗ 6000 ਗੀਤ ਲਿੱਖ ਚੁੱਕਿਆ ਹਾਂ। ਮੈਂ ਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੇਰੀ ਆਵਾਜ਼ ਇੰਨੀ ਵਧੀਆ ਨਹੀਂ ਹੈ। ਫਿਰ ਮੈਂ ਚਿੱਤਰਕਾਰੀ ਸ਼ੁਰੂ ਕੀਤੀ। ਮੈਂ ਕਿਸੇ ਵੀ ਕਿਸਮ ਦੇ ਨਕਸ਼ੇ ਬਣਾ ਲੈਂਦਾ ਹਾਂ। ਮੈਂ ਸਕੂਲਾਂ ਵਿੱਚ ਨਕਸ਼ੇ ਬਣਾਉਣ ਦਾ ਕੰਮ ਕੀਤਾ ਅਤੇ ਇੱਕ ਵਾਰ ਕਿਸੇ ਦੁਕਾਨ ਦੇ ਬਾਹਰ ਪੇਂਟ ਕਰਦਿਅਾ ਮੈਂ ਦੁਕਾਨਦਾਰ ਤੋਂ ਕਿਰਾਇਆ ਪਤਾ ਕੀਤਾ। ਉਸ ਵੇਲੇ 200 ਰੁਪਏ ਮਹੀਨੇ ਸੀ ਤੇ ਮੈਂ ਇਹ ਆਸਾਨੀ ਨਾਲ ਦੇ ਸਕਦਾ ਸੀ। ਫਿਰ ਮੈਂ ਦੁਕਾਨ ਕਿਰਾਏ ਉੱਤੇ ਲੈ ਲਈ ਅਤੇ ਉਦੋਂ ਤੋਂ ਦੁਕਾਨ ਚਲਾ ਰਿਹਾ ਹਾਂ।

ਹਰਿਆਣਾ ਆਉਣ ਤੋਂ ਬਾਅਦ ਮੈਂ ਪੁਆਧੀ ਵਿੱਚ ਲਿਖਣਾ ਸ਼ੁਰੂ ਕੀਤਾ, ਕਿਉਂਕਿ ਮੈਨੂੰ ਇਹ ਬੋਲੀ ਬਹੁਤ ਵਧੀਆ ਲੱਗੀ। ਤੁਸੀਂ ਪੁਆਧੀ ਸਿੱਖੇ ਬਿਨਾਂ ਆਪਣੇ ਆਪ ਨੂੰ ਪੁਆਧੀ ਨਹੀਂ ਕਹਿ ਸਕਦੇ। ਮੈਂ ਪੁਆਧ ਦਾ ਅਤੇ ਅਣਵੰਡੇ ਪੰਜਾਬ ਦਾ ਨਕਸ਼ਾ ਵੀ ਬਣਾਇਆ। ਮੈਂ 26 ਕਿਤਾਬਾਂ ਲਿਖੀਆਂ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਬਾਲ ਗੀਤਾਂ ਦੇ ਸੰਗ੍ਰਿਹ ਹਨ। ਮੈਨੂੰ ਮਾਚਿਸਾਂ ਦੀਆਂ ਡੱਬੀਆਂ ਇਕੱਠੀਆਂ ਕਰਨ ਦਾ ਵੀ ਸ਼ੌਂਕ ਹੈ। ਮੈਂ ਬਹੁਤ ਪੜ੍ਹਦਾ ਹਾਂ ਪਰ ਮੈਂ ਸਭ ਤੋਂ ਵੱਧ ਡਿਕਸ਼ਨਰੀਆਂ ਪੜ੍ਹਦਾ ਹਾਂ ਤਾਂ ਕਿ ਮੈਂ ਆਪਣੀਆਂ ਲਿਖਤਾਂ ਵਿੱਚ ਨਵੇਂ ਸ਼ਬਦ ਵਰਤ ਸਕਾਂ। ਮੈਂ ‘ਮਹਾਨ ਕੋਸ਼’ ਚਾਰ ਵਾਰ ਪੜ੍ਹ ਚੁੱਕਿਆਂ ਅਤੇ ਭਾਸ਼ਾ ਵਿਭਾਗ ਦੁਆਰਾ 7 ਜਿਲਦਾਂ ਵਿੱਚ ਛਾਪਿਆ ਕੋਸ਼ ਦੋ ਵਾਰ ਪੜ੍ਹ ਚੁੱਕਿਆ ਹਾਂ। ਮੈਂ ਹਰ ਕਿਸਮ ਦੀ ਕਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਕਿਤਾਬਾਂ ਜਾਂ ਹੱਥੀ ਪੇਂਟ ਕੀਤੀਆਂ ਬੋਤਲਾਂ ਦੀ ਪਰਵਾਹ ਕਿਸਨੂੰ ਹੈ। ਸਤਿਕਾਰ ਤਾਂ ਕੀ ਮਿਲਣਾ ਹੈ ਸਗੋਂ ਲੋਕ ਕਮਲਾ ਹੀ ਕਹਿੰਦੇ ਨੇ।

Story by: Satdeep Gill

Original text: Gurdeep Dhaliwal

Punjabi translation: Satdeep Gill

pa_INPanjabi

Discover more from Trolley Times

Subscribe now to keep reading and get access to the full archive.

Continue reading