ਛੇ ਮਹੀਨੇ ਲੰਬਾ ਕਿਸਾਨ ਅੰਦੋਲਨ ਕਾਲ਼ ਖੇਤੀ ਕਾਨੂੰਨ ਰੱਦ ਕਰਵਾਉਣ, ਐੱਮ ਐੱਸ ਪੀ ਲਾਗੂ ਕਰਵਾਉਣ ਅਤੇ ਬਿਜਲੀ, ਪ੍ਰਦੂਸ਼ਣ ਕਾਨੂੰਨਾਂ ਵਿੱਚ ਤਰਮੀਮ ਕਰਵਾਉਣ ਵਾਸਤੇ ਹੈ। ਪਰ ਇਸ ਦਾ ਅਸਲ ਖਾਸਾ ਬਰਾਬਰੀ ਦਾ ਹੈ। ਦੇਸ਼ ਦੇ ਲੋਕ ਸਰਕਾਰਾਂ ਅਤੇ ਲੋਕਾਂ ਵਿਚਾਲੇ ਬਰਾਬਰੀ ਦੀ ਮੰਗ ਕਰ ਰਹੇ ਹਨ। ਇਹ ਅੰਦੋਲਨ ਇਸ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਕਿ ਸਰਕਾਰ ਦਾ ਕੰਮ ਲੋਕਾਂ ‘ਉੱਤੇ’ ਰਾਜ ਕਰਨਾ ਹੁੰਦਾ ਹੈ। ਅੰਦੋਲਨ ਲੋਕਾਂ ਅਤੇ ਸਰਕਾਰਾਂ ਦੀ ਬਰਾਬਰੀ ਦੀ ਬਾਤ ਪਾਉਂਦਾ ਹੈ।
ਅੰਦੋਲਨ ਸੰਵਿਧਾਨ ਵਿੱਚ ਸਹੀਬੱਧ ਲੋਕਰਾਜੀ ਹੱਕਾਂ ਨੂੰ ਮੁੜ ਜ਼ਾਹਰ ਕਰਦਾ ਹੈ, ਹੱਕ ਜਿਹੜੇ ਦਹਾਕਿਆਂ ਬੱਧੀ ਸਰਕਾਰਾਂ ਦੀ ਬਦ ਨੀਅਤੀ ਕਾਰਨ ਅਧੂਰੇ ਹਨ। ਸਰਕਾਰ ਲੋਕਾਂ ਨੂੰ ਨੁਮਾਇੰਦਗੀ ਕਰਦੀ ਹੈ। ਸਰਕਾਰ ਲੋਕਾਂ ਦੀ ਆਵਾਜ਼ ਤੋਂ ਕੰਨ ਵਲ੍ਹੇਟ ਕੇ ਕਾਨੂੰਨ ਨਹੀਂ ਬਣਾ ਸਕਦੀ। ਅੰਦੋਲਨ ਵਿੱਚ ਬਣੀਆਂ ਸਾਂਝਾਂ ਵੀ ਲਿੰਗ, ਜਾਤ, ਜਮਾਤ ਵਿਚਲੀ ਬਰਾਬਰੀ ਵੱਲ ਇਸ਼ਾਰਾ ਕਰਦੀਆਂ ਹਨ। ਇਹ ਸਾਂਝਾਂ ਦੱਸਦੀਆਂ ਹਨ ਕਿ ਆਪਣੇ ਵਿਚਲੇ ਮਾਮਲਿਆਂ ਨੂੰ ਪਿੱਛੇ ਰੱਖ ਕੇ ਦੇਸ਼ ਦੇ ਲੋਕ ਇਕੱਠੇ ਹੋ ਕੇ ਜਾਲਿਆਂ ਨੂੰ ਵੰਗਾਰ ਰਹੇ ਹਨ।
ਅੰਦੋਲਨ ਨੇ ਇਹ ਵੀ ਦਰਸਾਇਆ ਹੈ ਕਿ ਜ਼ਮੀਨੀ ਅਤੇ ਅਸਲੀ ਰੂਪ ਵਿੱਚ ਬਰਾਬਰੀ ਹਾਸਿਲ ਕਰਨਾ, ਵਿਚਾਰ ਦੇ ਰੂਪ ਵਿੱਚ ਬਰਾਬਰੀ ਦੇਣ ਨਾਲ਼ੋਂ ਬਹੁਤ ਔਖਾ ਹੈ ਕਿਉਂਕਿ ਸਮਾਜ ਗੁੰਝਲਦਾਰ ਅਤੇ ਇਤਿਹਾਸ ਬਹੁਪਰਤੀ ਹੁੰਦਾ ਹੈ। ਜਦੋ ਦੇਸ਼ ਬਣਿਆ, ਸੰਵਿਧਾਨ ਬਣਿਆ ਬਰਾਬਰੀ ਸਬੰਧੀ ਕਾਨੂੰਨ ਬੁਨਿਆਦੀ ਹੱਕ ਦੇ ਤੌਰ ਤੇ, ਬਰਾਬਰੀ ਦਾ ਕਾਨੂੰਨ ਆਰਟੀਕਲ 14 ਭੇਦਭਾਵ ਵਿਰੋਧੀ ਆਰਟੀਕਲ 15 ਵਰਗੇ ਕਾਨੂੰਨ ਇਸ ਵਿਚ ਸਨ।ਸੰਵਿਧਾਨ ਲਿਖਣ ਬਾਰੇ ਇਹ ਕਾਨੂੰਨ ਆਪਣੇ ਆਪ ਵਿੱਚ ਪੂਰੇ ਸਨ। ਪਰ ਪਿਛਲੇ ਕਈ ਦਹਾਕਿਆਂ ਵਿੱਚ ਇਨ੍ਹਾਂ ਕਾਨੂੰਨਾਂ ਦੀ ਕਾਨੂੰਨਾਂ ਵਿੱਚ ਵਾਧੇ ਦੀ ਲੋੜ ਹੈ। ਇਸ ਕਰਕੇ ‘ ਸੈਂਟਰ ਫੋਰ ਲਾੱਅ ਐਂਡ ਪਾਲਸੀ ਰਿਸਰਚ ‘, ਬੈਂਗਲੌਰ ਨੇ ਬਰਾਬਰੀ ਦਾ ਕਾਨੂੰਨ ਮੁੜ ਪ੍ਰਭਾਸ਼ਿਤ ਅਤੇ ਵਸੀਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਨੇ ਭੇਦਭਾਵਾਂ ਅਤੇ ਅਣ ਬਰਾਬਰੀ ਦੀਆਂ ਉਦਾਹਰਨਾਂ ਲੈ ਕੇ ਕਾਨੂੰਨਾਂ ਵਿੱਚ ਵਾਧਾ ਕੀਤਾ ਹੈ।
ਇਤਹਾਸ ਦੇ ਮੁੱਢ ਤੋਂ ਹੀ, ਮਨੁੱਖੀ ਸਮਾਜ ਬਰਾਬਰੀ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫੇਰ ਵੀ, ਬਾਰ ਬਾਰ, ਅਸੀਂ ਅਸਫਲ ਹੋਏ ਹਾਂ। ਹਿੰਦੋਸਤਾਨ ਦਾ ਸੰਵਿਧਾਨ ਤੇ ਹੋਰ ਕਾਨੂੰਨ ਸਾਨੂੰ ਬਰਾਬਰੀ ਦਾ ਵਾਅਦਾ ਕਰਦੇ ਹਨ। ਫੇਰ ਵੀ, ਹਰ ਦਿਨ ਮਨੁੱਖਤਾ ਦੇ ਖਿਲਾਫ਼ ਅਪਰਾਧ ਹੁੰਦੇ ਹੀ ਰਹਿੰਦੇ ਹਨ। ਇਸੇ ਗੱਲ ਨੂੰ ਧਿਆਨ ਰੱਖਦਿਆਂ ਹੋਇਆਂ, ਸੈਂਟਰ ਫੋਰ ਲਾੱਅ ਐਂਡ ਪਾਲਸੀ ਰਿਸਰਚ, ਬੈਂਗਲੋਰ ਬਰਾਬਰੀ ਨੂੰ ਇੱਕ ਵਾਰ ਫੇਰ ਪ੍ਰਭਾਸ਼ਿਤ ਕਰਣ ਦਾ ਯਤਨ ਕਰ ਰਹੀ ਹੈ ਤੇ ਇੱਕ ਵੱਡੇ ਕਾਨੂੰਨ ਦੀ ਪ੍ਰਸਤਾਵਨਾ ਲੈ ਕੇ ਆਈ ਹੈ ਜਿਸਦੇ ਵਿੱਚ ਬਰਾਬਰੀ ਦੇ ਮਾਅਨੇ ਨੂੰ ਵਿਸਥਾਰ ਵਿੱਚ ਲਿਖਿਆ ਗਿਆ ਹੈ ਤੇ ਕਈ ਹੋਰ ਧਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾਂ ਕਦੇ ਕਾਨੂੰਨ ਦੇ ਘੇਰੇ ਵਿੱਚ ਨਹੀਂ ਸਨ। ਹੁਣ ਤੱਕ, ਸਾਡੇ ਦੇਸ਼ ਦੇ ਵਿਤਕਰੇ ਦਾ ਕਾਨੂੰਨਾਂ ਸਿਰਫ ਰਸਮੀ ਰੁਜ਼ਗਾਰ ਤੇ ਲਾਗੂ ਹੁੰਦਾ ਹੈ। ਪਰ ਗੈਰ ਸੰਗਠਿਤ ਖੇਤਰ, ਘਰੇਲੂ ਕੰਮ, ਸਵੈ–ਰੁਜ਼ਗਾਰ ਵਾਲੇ ਕਾਮੇ, ਖੇਤੀਬਾੜੀ, ਪੇਂਡੂ ਕਾਰਜ ਖੇਤਰ, ਠੇਕਾ ਕਰਮਚਾਰੀ ਅਤੇ ਅਸੰਗਠਿਤ ਕਾਮੇ ਅਤੇ ਟਰੇਡ ਯੂਨੀਅਨਾਂ ਨੂੰ ਵੀ ਇਸ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ।
ਕਾਨੂੰਨ ਦੀ ਪ੍ਰਸਤਾਵਨਾ ਰੱਖਣ ਤੋਂ ਪਹਿਲਾਂ, ਅਸੀਂ ਮੰਨਦੇ ਹਾਂ ਕਿ ਬਰਾਬਰੀ ਦੀ ਸਮਝ ਆਮ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ। ਸਾਨੂੰ ਲੋਕਾਂ ਨਾਲ਼ ਜੁੜਨਾ ਚਾਹੀਦਾ ਹੈ ਤਾਂਕਿ ਓਹਨਾਂ ਦੇ ਸੁਝਾਅ ਨਾਲ਼ ਅਸੀਂ ਸੰਵਿਧਾਨ ਵਿੱਚ ਵਧੀਆ ਕਾਨੂੰਨੀ ਤਬਦੀਲੀ ਲਿਆ ਸਕੀਏ। ਇਸ ਪਰਚੇ ਦਾ ਪਰਚਾਰ ਕਰਣ ਵਿੱਚ ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਹਾਂ। ਅਸੀਂ ਉੱਮੀਦ ਕਰਦੇ ਹਾਂ ਕਿ ਇਹ ਲੇਖ ਬਰਾਬਰੀ ਉਤੇ ਵਿਚਾਰ ਵਟਾਂਦਰੇ ਕਰਣ ਵਿੱਚ ਸਾਰਿਆਂ ਦੀ ਮਦਦ ਕਰੇਗਾ। ਆਪਣੇ ਵਿਚਾਰ ਇਸ ਲੇਖ ਦੇ ਅਖੀਰ ਵਿੱਚ ਦਿੱਤੇ ਫ਼ੋਨ ਨੰਬਰ ਤੇ ਈਮੇਲ ਉਤੇ ਕਿਰਪਾ ਕਰਕੇ ਜ਼ਰੂਰ ਸਾਂਝੇ ਕਰੋ।
ਬਰਾਬਰੀ
ਸੰਵਿਧਾਨ ਦਾ ਆਰਟੀਕਲ 14 ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਤੇ ਕਾਨੂੰਨ ਮੁਤਾਬਕ ਸਾਰਿਆਂ ਦੀ ਇੱਕੋ ਜਿਹੀ ਸੁਰੱਖਿਆ ਕਰਣ ਦਾ ਵਾਅਦਾ ਕਰਦਾ ਹੈ।
ਇਹ ਜ਼ਰੂਰੀ ਹੈ ਕਿ ਸਾਰਿਆਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰ ਵੇਖਿਆ ਜਾਏ ਤਾਕਿ ਇਹ ਪੱਕਾ ਕੀਤਾ ਜਾ ਸਕੇ ਕਿ ਸਾਰੇ ਨਾਗਰਿਕਾਂ ਨੂੰ ਅਜ਼ਾਦੀ ਤੇ ਮਾਣ ਨਾਲ਼ ਜੀਣ ਦਾ ਹੱਕ ਹੈ।
ਬਰਾਬਰੀ ਹੋਣ ਦਾ ਮਤਲਬ ਹੈ ਕਿ ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਤੇ ਖੂਬੀਆਂ ਦਾ ਪੂਰਾ ਆਨੰਦ ਮਾਣਨ ਦਾ ਬਰਾਬਰੀ ਦਾ ਮੌਕਾ ਮਿਲੇ। ਇਸਦਾ ਇਹ ਮਤਲਬ ਵੀ ਹੈ ਕਿ ਬੰਦੇ ਦਾ ਜਨਮ ਸਥਾਨ, ਓਹ ਕਿਥੋਂ ਦੇ ਨੇ, ਓਹ ਕਿਸ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਓਹ ਕਿਹੜੀ ਅਸਮਰਥਾ ਦੇ ਨਾਲ਼ ਜੀ ਰਹੇ ਨੇ – ਇਹਨਾਂ ਕਾਰਣਾਂ ਕਰਕੇ ਕਿਸੇ ਦੀ ਵੀ ਜ਼ਿੰਦਗੀ ਮੁਸ਼ਕਲ ਨਹੀਂ ਬਣਨੀ ਚਾਹੀਦੇ।
ਬਰਾਬਰੀ ਦਾ ਮਤਲਬ ਹੈ ਕਿ ਹਰੇਕ ਬੰਦੇ ਤੇ ਜ਼ਿੰਦਗੀ ਦਾ ਇੱਕ ਸਮਾਨ ਮੁੱਲ ਹੈ ਅਤੇ ਸਾਰਿਆਂ ਦੀ ਸਮਰੱਥਾ ਤੇ ਮਾਣ ਨੂੰ ਤਵੱਜੋਂ ਮਿਲੇਗੀ। ਸਾਰਿਆਂ ਦੇ ਮਾਣ ਤੇ ਮੁੱਲ ਦੀ ਬਰਾਬਰ ਮਾਨਤਾ ਇਸ ਲਈ ਜ਼ਰੂਰੀ ਹੈ ਤਾਂਕਿ ਕਿਸੇ ਨੂੰ ਓਹਨਾਂ ਦੀ ਕੌਮ ਕਰਕੇ ਕੋਈ ਨਫ਼ਰਤ, ਪੱਖਪਾਤ ਅਤੇ ਨੁਕਸਾਨ ਨਾ ਝੱਲਣਾ ਪਏ। ਬਰਾਬਰੀ ਦਾ ਇਹ ਮਤਲਬ ਵੀ ਹੈ ਕਿ ਲੋਕਾਂ ਦੀ ਵੱਖਰੀ ਵੱਖਰੀ ਜ਼ਰੂਰਤਾਂ ਨੂੰ ਪਛਾਣਿਆ ਜਾਏ ਤੇ ਓਹਨਾਂ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਤੇ ਕਮੀਆਂ ਨੂੰ ਦੂਰ ਕੀਤਾ ਜਾਏ।
ਨਿਰਪੱਖਤਾ
ਨਿਰਪੱਖਤਾ ਬਰਾਬਰੀ ਨਾਲ਼ ਜੁੜੀ ਹੋਈ ਇੱਕ ਕੜੀ ਹੈ ਤੇ ਓਹਨੀ ਹੀ ਮਹੱਤਵਪੂਰਨ ਹੈ। ਸੰਵਿਧਾਨ ਦਾ ਆਰਟੀਕਲ 15 ਵਿਤਕਰੇ ਦੇ ਪੰਜ ਤਰੀਕਿਆਂ/ਆਧਾਰ ਤੋਂ ਬਚਾਵ ਦੀ ਗਰੰਟੀ ਦੇੰਦਾ ਹੈ – ਲਿੰਗ, ਜਾਤ, ਨਸਲ, ਧਰਮ ਅਤੇ ਜਨਮ ਸਥਾਨ। ਪਰ ਇਹ ਆਧਾਰ ਕਾਫੀ ਨਹੀਂ ਹਨ ਕਿਉਂਕਿ ਲੋਕ ਹੋਰ ਕਈ ਕਾਰਣਾਂ ਤੋਂ ਵਿਤਕਰਾ ਝੱਲਦੇ ਹਨ।
ਵਿਤਕਰੇ ਦਾ ਕੀ ਮਤਲਬ ਹੈ?
ਵਿਤਕਰਾ ਮਤਲਬ ਕਿਸੇ ਵਿਅਕਤੀ ਨਾਲ਼ ਉਸਦੀ ਪਛਾਣ ਦੇ ਕਿਸੇ ਪਹਿਲੂ ਕਾਰਣ ਕਿਸੀ ਕਾਰਵਾਹੀ, ਕਾਨੂੰਨ ਜਾਂ ਪਰੰਪਰਾ ਦੇ ਜਰੀਏ ਵਿਤਕਰਾ ਕਾਰਨਾ। ਵਿਤਕਰਾ ਬੰਦੇ ਉੱਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ਼ ਬੋਝ ਪਾਂਉਦਾ ਹੈ ਜਾਂ ਕੋਈ ਨੁਕਸਾਨ ਪਹੁੰਚਾਂਦਾ ਹੈ। ਇਸਦਾ ਮਤਲਬ ਕਿਸੇ ਨੂੰ ਵਾਜਬ ਸਹੂਲਤ ਤੋਂ ਵੰਚਿਤ ਕਰਨਾ ਵੀ ਹੋ ਸਕਦਾ ਹੈ; ਉਦਾਹਰਣ – ਪੈਸੇ ਹੋਣ ਦੇ ਬਾਵਜੂਦ, ਕੰਪਨੀ ਦਾ ਆਪਣੇ ਵ੍ਹੀਲ ਚੇਅਰ ਇਸਤੇਮਾਲ ਕਰਣ ਵਾਲੇ ਕਰਮਚਾਰੀ ਲਈ ਰੈਂਪ ਨਾ ਬਣਵਾ ਕੇ ਦੇਣਾ। ਵਿਤਕਰੇ ਦਾ ਮਤਲਬ ਇਹ ਵੀ ਹੈ ਕਿ ਖਤਰਨਾਕ ਨਤੀਜੇ ਦੀ ਗੁੰਜਾਇਸ਼ ਹੋਣ ਦੇ ਬਾਵਜੂਦ ਵੀ ਕਿਸੀ ਕੌਮ ਬਾਰੇ ਨਕਾਰਾਤਮਕ ਧਾਰਣਾ ਫੈਲਾਉਣਾ। ਕਿਉਂਕਿ ਮੁਸਲਮਾਨ ਗਊ ਦਾ ਮਾਂਸ ਖਾਂਦੇ ਹਨ ਇਸ ਲਈ ਓਹ ਪਸ਼ੂ ਪਾਲਣ ਸਿਰਫ਼ ਗਊ ਮਾਂਸ ਲਈ ਹੀ ਕਰਦੇ ਹੋਣਗੇ; ਇਸ ਧਾਰਣਾ ਦੇ ਕਾਰਣ ਭੀੜ ਨੇ ਕਿੰਨੇ ਹੀ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਹੈ।
(i) ਕਿਹੜੇ ਆਧਾਰ ਨੂੰ ਲੈਕੇ ਲੋਕਾਂ ਨਾਲ਼ ਵਿਤਕਰਾ ਕੀਤਾ ਜਾਂਦਾ ਹੈ?
ਹਿੰਦੋਸਤਾਨ ਵਿੱਚ ਲੋਕ ਕਈ ਕਾਰਣਾਂ ਜਾਂ ਆਧਾਰ ਕਰਕੇ ਵਿਤਕਰਾ ਝੱਲਦੇ ਨੇ ਜਿਵੇਂ ਜਾਤ, ਨਸਲ, ਵੰਸ਼, ਯੌਨ, ਯੌਨਿੱਕ ਰੁਝਾਨ, ਲਿੰਗਿਕ ਪਛਾਣ, ਲਿੰਗਿਕ ਵਿਵਹਾਰ, ਕਬੀਲੇ, ਕੌਮੀਅਤ, ਅਪਾਹਜਤਾ / ਅਪੰਗਤਾ, ਵਿਵਾਹਿਕ ਦਰਜਾ, ਗਰਭ ਅਵਸਥਾ, ਸਿਹਤ (ਜਿਵੇਂ ਐਚਆਇਵਿ/ਏਡ੍ਸ ਦੀ ਅਵਸਥਾ), ਪੇਸ਼ਾ, ਰਾਜਨਿਤਿਕ ਸੋਚ ਅਤੇ ਵਿਸ਼ਵਾਸ, ਬੋਲੀ ਦੀ ਪਛਾਣ, ਜਨਮ ਸਥਾਨ, ਉਮਰ, ਪ੍ਰਵਾਸ ਦੀ ਸਥਿਤੀ, ਧਰਮ, ਸ਼ਰਣਾਰਥੀ ਹੋਣ ਦੀ ਸਥਿਤੀ, ਸਮਾਜਿਕ ਤੇ ਆਰਥਕ ਤੌਰ ਤੇ ਪਛੜੇਪਨ ਜਾਂ ਖਾਣ-ਪੀਣ ਦੇ ਤੌਰ ਤਰੀਕੇ।
“ਸਾਮਾਜਿਕ ਤੇ ਆਰਥਕ ਤੌਰ ਤੇ ਪਛੜੇਪਨ” ਦਾ ਮਤਲਬ ਓਹਨਾਂ ਲੋਕਾਂ ਦੀ ਸਮਾਜਿਕ ਤੇ ਆਰਥਕ ਸਥਿਤੀ ਜਾਂ ਸਮਝੀ ਗਈ ਸਥਿਤੀ ਤੋਂ ਹੈ ਜਿਹੜੇ ਗਰੀਬੀ, ਘੱਟ ਆਮਦਨੀ, ਬੇਘਰ, ਜਾਂ ਘੱਟ ਜਾਂ ਬਿਨਾ ਵਿਦਿਅਕ ਯੋਗਤਾ ਦੀ ਵਜਾਹ ਨਾਲ਼ ਪਛੜੇ ਗਏ ਹਨ।
(ii) ਵਿਤਕਰੇ ਦੇ ਕਿਹੜੇ ਵੱਖਰੇ ਰੂਪ ਹਨ?
- ਸਿੱਧਾ ਵਿਤਕਰਾ: ਜਦੋਂ ਪਛਾਣ ਦੇ ਕਿਸੇ ਆਧਾਰ ਤੇ ਇੱਕ ਬੰਦੇ ਦੇ ਮੁਕਾਬਲੇ ਦੂਜੇ ਬੰਦੇ ਦੇ ਨਾਲ਼ ਘੱਟ ਚੰਗਾ ਵਿਵਹਾਰ ਹੁੰਦਾ ਹੈ। ਉਦਾਹਰਣ – ਇੱਕ ਮਕਾਨ ਮਾਲਕ ਦਾ ਆਪਣਾ ਘਰ ਮੁਸਲਮਾਨ ਵਿਅਕਤੀ ਨੂੰ ਉਸਦੇ ਮਜ਼੍ਹਬ ਕਰਕੇ ਕਿਰਾਏ ਤੇ ਨਾ ਦੇਣਾ।
- ਅਸਿੱਧਾ ਵਿਤਕਰਾ: ਜਦੋਂ ਨਿਰਪੱਖ ਦਿੱਸਣ ਵਾਲੀ ਕਾਰਵਾਹੀ, ਕਾਨੂੰਨ ਜਾਂ ਪਰੰਪਰਾ ਕੁੱਝ ਲੋਕਾਂ ਨੂੰ ਓਹਨਾਂ ਦੀ ਪਛਾਣ ਦੇ ਕਿਸੇ ਪਹਿਲੂ ਦੇ ਕਾਰਣ ਇੱਕ ਤਰ੍ਹਾਂ ਦਾ ਨੁਕਸਾਨ ਪਹੁੰਚਾਂਦੀ ਹੈ। ਉਦਾਹਰਣ – ਪੈਸੇ ਹੋਣ ਦੇ ਬਾਵਜੂਦ ਜੇ ਸਕੂਲ ਕਿਸੇ ਪਾਸੋਂ ਅਸਮਰੱਥ ਬੱਚਿਆਂ ਲਈ ਰੈਂਪ ਨਹੀਂ ਬਣਵਾਉਂਦਾ, ਕੰਨਾਂ ਦੀ ਮਸ਼ੀਨ ਤੇ ਬ੍ਰੇਲ ਲਿਪੀ ਨਹੀਂ ਦਿਵਾਉਂਦਾ ਤੇ ਓਹ ਅਸਿੱਧਾ ਵਿਤਕਰਾ ਮੰਨਿਆ ਜਾਇਗਾ ਕਿਉਂਕਿ ਇਸਦੇ ਕਾਰਣ ਬੱਚੇ ਸਕੂਲ ਦੀ ਗਤੀਵਿਧੀਆਂ ਵਿੱਚ ਪੂਰੀ ਤਰਾਂ ਭਾਗ ਨਹੀਂ ਲੈ ਪਾਂਉਦੇ।
- ਸੰਬੰਧ ਕਰਕੇ ਵਿਤਕਰਾ: ਇਹ ਓਹ ਵਿਤਕਰਾ ਹੈ ਜੋ ਬੰਦਿਆਂ ਦੇ ਸੰਬੰਧਾਂ ਕਰਣ ਓਹਨਾ ਨਾਲ਼ ਹੁੰਦਾ ਹੈ। ਉਦਾਹਰਣ – ਇੱਕ ਜਨਾਨੀ ਨੌਕਰੀ ਲਈ ਏਸ ਕਰਕੇ ਨਹੀਂ ਚੁਣੀ ਜਾਂਦੀ ਕਿਉਂਕਿ ਓਹ ਇੰਟਰਵਿਊ ਵਿੱਚ ਆਪਣੇ ਅਪੰਗ ਬੱਚੇ ਬਾਰੇ ਦੱਸ ਦੇਂਦੀ ਹੈ ਤੇ ਕੰਪਨੀ ਵਾਲੇ ਇਹ ਧਾਰਣਾ ਘੜ ਲੈਂਦੇ ਹਨ ਕਿ ਓਹ ਆਪਣੇ ਬੱਚੇ ਕਰਕੇ ਬਹੁਤ ਛੂਟੀਆਂ ਲਏਗੀ ਤੇ ਕੰਮ ਨੂੰ ਗੰਭੀਰਤਾ ਨਾਲ਼ ਨਹੀਂ ਲਏਗੀ।
- ਕਦੇ ਕਦੇ ਕਈ ਕਾਰਣਾਂ ਦੇ ਇਕੱਠ ਤੋਂ ਵੀ ਵਿਤਕਰਾ ਹੋ ਸਕਦਾ ਹੈ। ਇਸ ਨੂੰ ਕਈ ਪੱਧਰਾਂ ਤੇ ਹੋਣ ਵਾਲਾ ਵਿਤਕਰਾ ਵੀ ਕਹਿੰਦੇ ਨੇ। ਹਾਥਰਸ ਬਲਾਤਕਾਰ ਦਾ ਮਾਮਲਾ ਇਸ ਲਈ ਹੋਇਆ ਕਿਉਂਕਿ ਪੀੜਿਤ ਇੱਕ ਦਲਿਤ ਲੜਕੀ ਸੀ। ਦਲਿਤ ਮਹਿਲਾ ਨੂੰ ਉਸਦੇ ਲਿੰਗ, ਜਾਤ ਤੇ ਪੇਸ਼ੇ ਕਰਕੇ ਬਹਿਸ਼ਕਾਰ ਸਹਿਣਾ ਪੈਂਦਾ ਹੈ।
- ਪ੍ਰਣਾਲੀਗਤ ਜਾਂ ਬਣੌਤਰੀ ਵਿਤਕਰਾ: ਜਦੋਂ ਪੂਰੀ ਪ੍ਰਣਾਲੀ ਜਾਂ ਵਿਵਸਥਾ ਹੀ ਵਿਤਕਰੇ ਦਾ ਕਾਰਣ ਬਣ ਜਾਏ, ਨਾ ਕਿ ਸਿਰਫ਼ ਉਸਦਾ ਇਕ ਹਿੱਸਾ ਜਾਂ ਸਦੱਸ, ਤਾਂ ਉਸ ਵਿਤਕਰੇ ਨੂੰ ਪ੍ਰਣਾਲੀਗਤ ਵਿਤਕਰਾ ਆਖਦੇ ਨੇ। ਇਸ ਲਈ ਸੰਸਥਾਗਤ ਵਿਵਹਾਰ ਜਾਂ ਨਿਯਮ, ਸਭਿਆਚਾਰਕ ਪਰੰਪਰਾਵਾਂ ਅਤੇ ਸਮਾਜਕ ਨਿਯਮ – ਇਹ ਸਾਰੇ ਬਣੌਤਰੀ ਵਿਤਕਰੇ ਦਾ ਹਿੱਸਾ ਬਣਦੇ ਹਨ। ਉਦਾਹਰਣ – ਨਿਆਂ ਪ੍ਰਣਾਲੀ ਨੂੰ ਨਿਰਪੱਖ ਮੰਨਿਆ ਜਾਂਦਾ ਹੈ। ਪਰ ਪੈਸੇ ਤੇ ਕਾਨੂਨੀ ਮਦਦ ਦੀ ਕਮੀ ਕਰਕੇ ਸਮਾਜਿਕ-ਆਰਥਿਕ ਤੌਰ ਤੇ ਪਿਛੜੀ ਕੌਮ ਦੇ ਲੋਕ ਨਿਆਂ ਪ੍ਰਣਾਲੀ ਤਕ ਪਹੁੰਚ ਹੀ ਨਹੀਂ ਪਾਂਦੇ।
(iii) ਵਿਤਕਰੇ ਵਾਲਾ ਵਿਵਹਾਰ:
- ਨਫ਼ਰਤ ਭਰਿਆ ਭਾਸ਼ਣ: ਇਸ ਵਿੱਚ ਅਜਿਹਾ ਭਾਸ਼ਣ, ਬੋਲ, ਚਿਨ੍ਹ, ਫੋਟੋ, ਰਿਕਾਰਡ ਕੀਤੀ ਹੋਈ ਆਵਾਜ਼ ਅਤੇ ਵਿਡੀਉ ਸ਼ਾਮਲ ਹੋ ਸਕਦੇ ਹਨ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਡਰ ਜਾਂ ਹੰਗਾਮਾ ਮਚਾਉਣ ਲਈ ਕੀਤਾ ਹੋਏ। ਇਸ ਵਿੱਚ ਉਹਨਾਂ ਵਿਰੁੱਧ ਨਫ਼ਰਤ ਭੜਕਾਉਣਾ, ਜ਼ੁਲਮ ਜਾਂ ਅਪਮਾਨ ਕਰਣ ਨੂੰ ਉਤਸ਼ਾਹਿਤ ਕਰਨਾ, ਜ਼ਬਾਨੀ ਦੁਰਵਰਤੋਂ, ਅਪਮਾਨ ਜਾਂ ਜ਼ਿੱਲਤ ਸ਼ਾਮਲ ਹੈ। ਪਰ, ਕਲਾਤਮਕ ਰਚਨਾਤਮਕਤਾ ਜਾਂ ਵਿਦਿਅਕ, ਵਿਗਿਆਨਕ ਜਾਂ ਆਲੋਚਨਾਤਮਕ ਜਾਂਚ ਪੜਤਾਲ, ਜਾਂ ਜਨਤਕ ਹਿੱਤ ਵਿੱਚ ਅਤੇ ਨਿਰਪੱਖ ਰਿਪੋਰਟਿੰਗ ਨੂੰ ਨਫ਼ਰਤ ਫੈਲਾਉਣ ਵਾਲਾ ਭਾਸ਼ਣ ਨਹੀਂ ਆਖਿਆ ਜਾਂ ਸਕਦਾ।
- ਸ਼ੋਸ਼ਣ: ਕੋਈ ਵੀ ਅਣਚਾਹਾ ਸ਼ਰੀਰਕ, ਜ਼ੁਬਾਨੀ ਜਾਂ ਗੈਰ ਜ਼ਬਾਨੀ ਵਿਵਹਾਰ ਜੋ ਕਿਸੇ ਬੰਦੇ ਦੀ ਪਛਾਣ ਦੇ ਕਿਸੇ ਪਹਿਲੂ ਕਰਕੇ ਉਸ ਨੂੰ ਅਪਮਾਣਿਤ ਕਰਦਾ ਹੈ ਜਾਂ ਉਸ ਦੇ ਪ੍ਰਤੀ ਡਰਾਉਣਾ ਵਾਤਾਵਰਣ ਬਣਾਉਂਦਾ ਹੈ।
- ਵਖਰੇਂਵਾ ਅਤੇ ਬਾਈਕਾਟ: ਜਦੋਂ ਕਿਸੇ ਬੰਦੇ ਨੂੰ ਉਸਦੀ ਪਛਾਣ ਦੇ ਕਿਸੇ ਪਹਿਲੂ ਕਾਰਣ ਦੂਜਿਆਂ ਨਾਲ਼ ਗੱਲਬਾਤ ਜਾਂ ਸਮਾਜਕ ਰਿਸ਼ਤਾ ਬਣਾਉਣ ਤੋਂ ਰੋਕਿਆ ਜਾਂਦਾ ਹੈ, ਤਾਂ ਉਹ ਵਖਰੇਂਵਾ ਕਰਣਾ ਹੁੰਦਾ ਹੈ। ਬਾਈਕਾਟ ਉਦੋਂ ਹੁੰਦਾ ਹੈ ਜਦੋਂ ਕਿਸੇ ਬੰਦੇ ਨੂੰ ਉਸਦੀ ਪਛਾਣ ਦੇ ਕਿਸੇ ਪਹਿਲੂ ਕਰਕੇ ਸਮਾਜਕ ਗਤੀਵਿਧੀਆਂ ਤੋਂ ਬਾਹਰ ਰੱਖਿਆ ਜਾਏ। ਉਦਾਹਰਣ – ਜੇ ਸਕੂਲ ਪ੍ਰਬੰਧਨ ਵਿਦਿਆਰਥੀਆਂ ਨੂੰ ਓਹਨਾਂ ਦੇ ਇੱਕ ਐਚਆਈਵੀ ਪਾਜੀਟਿਵ ਜਮਾਤੀ ਨੂੰ ਗੱਲਬਾਤ ਤੇ ਕਲਾਸ ਦੀ ਸਰਗਰਮੀਆਂ ਤੋਂ ਬਾਹਰ ਰੱਖਣ ਲਈ ਉਤਸ਼ਾਹਿਤ ਕਰਦਾ ਹੈ ਤਾਂ ਇਹ ਸਿਹਤ ਦੀ ਸਥਿਤੀ ਦੇ ਅਧਾਰ ਤੇ ਬਾਈਕਾਟ ਕਰਣਾ ਮੰਨਿਆ ਜਾਏਗਾ।
- ਲਿੰਚਿੰਗ: ਜਿੱਥੇ ਦੋ ਜਾਂ ਦੋ ਤੋਂ ਵੱਧ ਵਿਅਕਤੀ ਜਾਣ-ਬੁੱਝ ਕੇ ਕਿਸੇ ਹੋਰ ਵਿਅਕਤੀ ਨੂੰ ਉਸਦੇ ਪਛਾਣ ਦੇ ਕਿਸੇ ਪਹਿਲੂ ਕਰਕੇ, ਯੋਜਨਾ ਬਣਾ ਕੇ ਜਾਂ ਇੱਕ ਦਮ ਹੀ, ਸ਼ਰੀਰਕ ਸੱਟ ਪਹੁੰਚਾਂਦੇ ਹਨ ਜਾਂ ਲੜੀਵਾਰ ਹਿੰਸਾ, ਜਿਸਦੇ ਵਿੱਚ ਮੌਤ ਵੀ ਹੋ ਸਕਦੀ ਹੋਏ, ਕਰਦੇ ਹਨ ਜਾਂ ਹਿੰਸਾ ਕਰਣ ਚ ਸਹਾਇਤਾ ਕਰਦੇ ਹਨ।
- ਸਤਾਉਣਾ: ਕਿਸੇ ਵਿਅਕਤੀ ਨਾਲ਼ ਹੋਏ ਵਿਤਕਰੇ ਜਾਂ ਸ਼ੋਸ਼ਣ ਦੀ ਕਿਸੇ ਅਧਿਕਾਰੀ ਨੂੰ ਸ਼ਿਕਾਅਤ ਕਰਣ ਦੀ ਵਜਹ ਨਾਲ਼, ਸ਼ਿਕਾਅਤ ਕਰਣ ਵਾਲੇ ਨੂੰ ਧਮਕਾਉਣਾ ਜਾਂ ਕੋਈ ਨੁਕਸਾਨ ਪਹੁੰਚਾਉਣਾ, ਜਾਂ ਨੁਕਸਾਨ ਪਹੁੰਚਾਉਣ ਚ ਮਦਦ ਕਰਣਾ।
ਸਦੀਆਂ ਤੋਂ ਸ਼ੋਸ਼ਣ ਸਹਿੰਦੇ ਆਉਣ ਡਏ ਲੋਕਾਂ ਦੀ ਰੱਖਿਆ ਅਤੇ ਤਰੱਕੀ ਲਈ ਬਣਾਈ ਗਈ ਸਕਾਰਾਤਮਕ ਕਾਰਵਾਈ ਜਿਵੇਂ ਆਰਕਸ਼ਣ, ਵਿਤਕਰਾ ਨਹੀਂ ਕਹਲਾਉਂਦੀ। ਜਿਵੇਂ ਸਰਕਾਰੀ ਵਿਦਿਅਕ ਸੰਸਥਾਨਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀਆਂ/ਜਨ-ਜਾਤੀਆਂ ਲਈ ਸੀਟਾਂ ਦਾ ਰਿਜਰਵੇਸ਼ਨ ਵਿਤਕਰੇ ਦੇ ਬਰਾਬਰ ਨਹੀਂ ਹੁੰਦਾ।
(iv) ਕਿਸ ਤਰਾਂ ਦੀਆਂ ਸਥਿਤੀਆਂ ਵਿੱਚ ਲੋਕਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ?
- ਰੁਜ਼ਗਾਰ: ਅਕਸਰ ਕੰਮ ਵਾਲੀ ਥਾਂ ‘ਤੇ ਲੋਕਾਂ ਨਾਲ਼ ਵਿਤਕਰਾ ਕੀਤਾ ਜਾ ਸਕਦਾ ਹੈ। ਪਛਾਣ ਦੇ ਕਿਸੇ ਪਹਿਲੂ ਦੇ ਅਧਾਰ ਤੇ ਲੋਕਾਂ ਨੂੰ ਨੌਕਰੀ ਦੀ ਨਿਯੁਕਤੀ, ਤਰੱਕੀਆਂ, ਤਨਖਾਹਾਂ ਅਤੇ ਕੰਮ ਵਾਲੀ ਥਾਂ ਵਿਵਹਾਰ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੁਣ ਤੱਕ, ਸਾਡੇ ਦੇਸ਼ ਦੇ ਵਿਤਕਰੇ ਦਾ ਕਾਨੂੰਨਾਂ ਸਿਰਫ ਰਸਮੀ ਰੁਜ਼ਗਾਰ ਤੇ ਲਾਗੂ ਹੁੰਦਾ ਹੈ। ਪਰ ਗੈਰ ਸੰਗਠਿਤ ਖੇਤਰ, ਘਰੇਲੂ ਕੰਮ, ਸਵੈ-ਰੁਜ਼ਗਾਰ ਵਾਲੇ ਕਾਮੇ, ਖੇਤੀਬਾੜੀ, ਪੇਂਡੂ ਕਾਰਜ ਖੇਤਰ, ਠੇਕਾ ਕਰਮਚਾਰੀ ਅਤੇ ਅਸੰਗਠਿਤ ਕਾਮੇ ਅਤੇ ਟਰੇਡ ਯੂਨੀਅਨਾਂ ਨੂੰ ਵੀ ਇਸ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ।
- ਵਸਤੂਆਂ ਅਤੇ ਸੇਵਾਵਾਂ ਦੀ ਸਹੂਲਤਾਂ: ਅਕਸਰ ਲੋਕਾਂ ਦੀ ਪਛਾਣ ਦੇ ਕਿਸੇ ਪਹਿਲੂ ਦੇ ਅਧਾਰ ਤੇ ਓਹਨਾਂ ਨਾਲ਼ ਚੀਜ਼ਾਂ, ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਉਠਾਉਣ ਵਿਚ ਵਿਤਕਰਾ ਹੁੰਦਾ ਹੈ। ਉਦਾਹਰਣ – ਕਈ ਵਾਰ ਸ਼ੋਸ਼ਿਤ ਕੌਮ ਦੇ ਲੋਕਾਂ ਨੂੰ ਪਿੰਡ ਦੇ ਖੂਹ ਨੂੰ ਵਰਤਣ ਦੀ ਜਾਂ ਨਾਈ ਦੀ ਦੁਕਾਨ ਤੇ ਜਾਣ ਦੀ ਮਨਾਹੀ ਹੁੰਦੀ ਹੈ।
- ਸਿੱਖਿਆ: ਵਿਦਿਆ ਦੇ ਅਦਾਰਿਆਂ ਨੂੰ ਕਿਸੇ ਵੀ ਵਿਦਿਆਰਥੀ ਨਾਲ਼ ਉਸਦੀ ਪਛਾਣ ਦੇ ਕਿਸੇ ਪਹਿਲੂ ਕਰਕੇ ਦਾਖਲੇ, ਵਜ਼ੀਫੇ, ਰਿਹਾਇਸ਼ ਆਦਿ ਵਿੱਚ ਵਿਤਕਰਾ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਉਦਾਹਰਣ ਵਜੋਂ, ਅਧਿਆਪਕ ਇਕ ਆਦੀਵਾਸੀ ਬੱਚੇ ਨੂੰ ਇਸ ਕਰਕੇ ਪ੍ਰੇਸ਼ਾਨ ਕਰ ਸਕਦੇ ਹਨ ਕਿ ਉਸ ਦੀ ਮਾਂ ਬੋਲੀ ਵੱਖਰੀ ਹੋਣ ਕਰਕੇ ਓਹ ਅਧਿਆਪਕ ਦੀ ਬੋਲੀ ਨੂੰ ਵਧੀਆ ਤਰੀਕੇ ਨਾਲ਼ ਸਮਝ ਨਹੀਂ ਪਾ ਰਿਹਾ। ਇਕ ਹੋਰ ਉਦਾਹਰਣ ਹੈ ਕਿ ਇਕ ਯੂਨੀਵਰਸਿਟੀ ਟ੍ਰਾਂਸਮਹਿਲਾ ਵਿਦਿਆਰਥੀ ਨੂੰ ਕੁੜੀਆਂ ਦੇ ਹੋਸਟਲ ਵਿਚ ਜਗ੍ਹਾ ਨਾ ਦੇਕੇ, ਉਸਨੂੰ ਮੁੰਡਿਆਂ ਦੇ ਹੋਸਟਲ ਵਿਚ ਰੱਖਦੀ ਹੈ ਜਿੱਥੇ ਉਸਦੇ ਨਾਲ਼ ਬਦਸਲੂਕੀ ਹੋ ਸਕਦੀ ਹੈ।
- ਜਨਤਕ ਥਾਵਾਂ: ਸਾਰੇ ਬੰਦਿਆਂ ਨੂੰ ਬਿਨਾਂ ਕਿਸੇ ਵਿਤਕਰੇ ਜਾਂ ਵੱਖਰੇਂਵੇ ਦੇ ਜਨਤਕ ਥਾਵਾਂ ਤੇ ਇਮਾਰਤਾਂ ਦਾ ਪੂਰਾ ਤੇ ਬਰਾਬਰ ਦਾ ਅਨੰਦ ਲੈਣ ਦਾ ਹੱਕ ਹੋਣਾ ਚਾਹੀਦਾ ਹੈ। ਜਨਤਕ ਇਮਾਰਤਾਂ ਓਹ ਹਨ ਜੋ ਕਿ ਸਰਕਾਰੀ ਵਿਦਿਅਕ ਜਾਂ ਟ੍ਰੇਨਿੰਗ ਕੇਂਦਰ, ਵਪਾਰਕ ਗਤੀਵਿਧੀਆਂ, ਜਨਤਕ ਸਹੂਲਤਾਂ ਜਾਂ ਸਿਹਤ ਸੇਵਾਵਾਂ, ਜਾਂ ਧਾਰਮਿਕ ਸਥਾਨਾਂ, ਅਦਾਲਤਾਂ, ਰੇਲਵੇ ਸਟੇਸ਼ਨਾਂ, ਰੋਡਵੇਜ਼ ਬੱਸ ਅੱਡਿਆਂ, ਹਵਾਈ ਅੱਡਿਆਂ, ਹੋਟਲ ਅਤੇ ਰੈਸਟੋਰੈਂਟਾਂ, ਖੇਡਾਂ ਦੇ ਖੇਤਰਾਂ ਆਦਿ ਲਈ ਵਰਤੀਆਂ ਜਾਂਦੀਆਂ ਹਨ। ਪਰ ਅਸਲ ਵਿੱਚ, ਸਾਡੇ ਵਿੱਚੋਂ ਕਈਆਂ ਨੂੰ ਇਹਨਾਂ ਇਮਾਰਤਾਂ ਤਕ ਇੱਕ ਸੁਰੱਖਿਅਤ ਪਹੁੰਚ ਤੋਂ ਵੰਚਿਤ ਰੱਖਿਆ ਜਾਂਦਾ ਹੈ। ਜਿਵੇਂ ਕਿ ‘ਸਹੀ‘ ਬਾਥਰੂਮ ਬਾਰੇ ਨਾ ਪਤਾ ਹੋਣ ਕਰਕੇ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਪਬਲਿਕ ਬਾਥਰੂਮਾਂ ਵਿਚ ਜਾਣ ਤੋਂ ਮਨਾ ਕੀਤਾ ਜਾਂਦਾ ਹੈ। ਇਕ ਹੋਰ ਉਦਾਹਰਣ ਇਹ ਹੈ ਕਿ ਬਹੁਤੇ ਸਰਕਾਰੀ ਦਫਤਰਾਂ ਵਿਚ ਅਪਾਹਜ ਵਿਅਕਤੀਆਂ ਲਈ ਰੈਂਪ ਜਾਂ ਬ੍ਰੇਲ ਦੇ ਚਿੰਨ੍ਹ ਨਹੀਂ ਹੁੰਦੇ ਜਿਸਦੇ ਕਰਕੇ ਇਹ ਵਿਅਕਤੀ ਸਰਕਾਰੀ ਅਧਿਕਾਰੀਆਂ ਤੱਕ ਅਸਾਨੀ ਨਾਲ਼ ਨਹੀਂ ਪਹੁੰਚ ਪਾਉਂਦੇ।
- ਸਿਹਤ ਦੀ ਦੇਖਭਾਲ ਦੀ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵੀ ਵਿਤਕਰੇ ਦੀ ਜਗ੍ਹਾ ਬਣ ਸਕਦੀਆਂ ਹਨ। ਬੀਮੇ ਵਾਲੇ ਇਹ ਸੋਚ ਕੇ ਕਿ ਸਮਲਿੰਗੀ ਵਿਅਕਤੀਆਂ ਨੂੰ ਏਡ੍ਸ ਦੀ ਬਿਮਾਰੀ ਹੋਏਗੀ, ਬੀਮਾ ਦੇਣ ਤੋਂ ਮਨਾ ਕਰ ਸਕਦੇ ਹਨ। ਕੁਝ ਡਾਕਟਰ ਕਿਸੇ ਅਪੰਗ ਔਰਤ ਨੂੰ ਜਬਰਦਸਤੀ ਗਰਭਪਾਤ ਕਰਣ ਵਿੱਚ ਮਜਬੂਰ ਇਹ ਸੋਚ ਕੇ ਕਰ ਸਕਦੇ ਹਨ ਕਿ ਓਹ ਆਪਣੀ ਇੱਕ ਅਸਮੱਰਥਾ ਕਾਰਣ ਬੱਚੇ ਦਾ ਖਿਆਲ ਨਹੀਂ ਰੱਖ ਸਕੇਗੀ।
- ਰਿਹਾਇਸ਼: ਰਿਹਾਇਸ਼ੀ ਬਿਲਡਿੰਗਾਂ ਤੇ ਪੁਰਾਣੇ ਨਿਵਾਸ ਸਥਾਨ ਦੇ ਲੋਕ ਇਸ ਗੱਲ ਵਿੱਚ ਵਿਤਕਰਾ ਕਰ ਸਕਦੇ ਹਨ ਕਿ ਕੌਣ ਓਹਨਾਂ ਦੇ ਇਲਾਕੇ ਵਿੱਚ ਮਕਾਨ ਖਰੀਦੇਗਾ ਜਾਂ ਕਿਰਾਏ ਤੇ ਲਏਗਾ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਮੁਸਲਮਾਨ, ਔਰਤ ਜਾਂ ਵਕੀਲ ਹੋਣ ਕਰਕੇ ਲੋਕਾਂ ਨੂੰ ਮਕਾਨ ਮਾਲਕਾਂ ਤੇ ਹੋਟਲ ਵਾਲਿਆਂ ਨੇ ਰਿਹਾਇਸ਼ ਨਹੀਂ ਦਿੱਤੀ। ਇਹ ਓਹਨਾਂ ਲੋਕਾਂ ਦੇ ਧਰਮ, ਲਿੰਗ ਤੇ ਪੇਸ਼ੇ ਦੇ ਆਧਾਰ ਤੇ ਵਿਤਕਰਾ ਹੋਇਆ। ਲੋਕਾਂ ਨੂੰ ਓਹਨਾਂ ਦੀ ਪਛਾਣ ਕਰਕੇ ਘਰ ਕਿਰਾਏ ਤੇ ਦੇਣ ਤੋਂ ਮਨਾ ਨਹੀਂ ਕਰਨਾ ਚਾਹੀਦਾ ਜਾਂ ਇਸ ਕਰਕੇ ਓਹਨਾਂ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ।
ਅਸਮਾਨਤਾ ਦੀ ਪਰਿਭਾਸ਼ਾ ਨੂੰ ਸੰਵਾਰਣ ਦਾ ਸਾਡਾ ਉਪਰਾਲਾ ਚੱਲਦਾ ਰਹੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਵਿਚਾਰ ਤੇ ਸੁਝਾਅ ਸਾਡੇ ਨਾਲ਼ ਸਾਂਝੇ ਕਰੋ। ਤੁਸੀਂ ਆਪਣੇ ਵਿਚਾਰ ਥੱਲੇ ਦਿੱਤੇ ਨੰਬਰ ਤੇ ਈਮੇਲ ਤੇ ਭੇਜ ਸਕਦੇ ਹੋ:
ਫ਼ੋਨ: 08040912112
ਈਮੇਲ: mansi.singh@clpr.org.in
ਸਾਡੇ ਨਾਲ਼ ਜੁੜਨ ਦਾ ਧੰਨਵਾਦ।