ਆਪਣੀ ਜ਼ਮੀਨ ਲਈ ਸੰਘਰਸ਼ – ਰਣਜੀਤ ਸਿੰਘ ਨਾਲ ਗੱਲਬਾਤ

ਆਪਣੀ ਜ਼ਮੀਨ ਲਈ ਸੰਘਰਸ਼ – ਰਣਜੀਤ ਸਿੰਘ ਨਾਲ ਗੱਲਬਾਤ

ਸਾਡੇ ਪਰਿਵਾਰ ਉਹ ਸੀ ਜਿਨ੍ਹਾਂ ਨੇ ਸੰਤਾਲੀ ਦੇ ਵਿੱਚ ਪਾਕਿਸਤਾਨ ਛੱਡਿਆ ਸੀ। ਪੂਰੀਆਂ ਜ਼ਮੀਨਾਂ ਜਾਇਦਾਦਾਂ ਵਾਲੇ। ਉੱਥੋਂ ਅਸੀਂ ਉੱਖੜ ਕੇ ਆਏ ਤੇ ਸਾਡੇ ਪਰਿਵਾਰਾਂ ਦੇ ਅੱਜ ਤੱਕ ਪੈਰ ਨਹੀਂ ਲੱਗੇ। ਧਰਨੇ ‘ਤੇ ਆਉਣ ਦਾ ਮੇਰਾ ਇਹ ਮੇਨ ਪੁਆਇੰਟ ਐ। ਜੇਕਰ ਦੁਬਾਰਾ ਜ਼ਮੀਨਾਂ ਖੋਹਣ ਦੀ ਗੱਲ ਹੁੰਦੀ ਹੈ ਤਾਂ ਗੱਲ ਦਿਲ ਤੱਕ ਲੱਗਦੀ ਐ, ਉਹ ਸਭ ਯਾਦ ਆ ਜਾਂਦਾ। ਇੱਕ ਵਾਰੀ ਖੋਹ ਚੁੱਕੇ ਆ ਹੁਣ ਦੁਬਾਰਾ ਨਹੀਂ ਏਦਾਂ ਦਾ ਕੁਝ ਹੋਣ ਦੇ ਸਕਦੇ। ਇਹਨਾਂ ਨੂੰ ਤਾਂ ਇਹ ਕਿ ਸਾਡੇ ਪੱਲੇ ਕੁਝ ਵੀ ਨਾ ਰਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਕੋਈ ਵਜੂਦ ਨਾ ਰਵੇ। ਅਸੀਂ ਵੀ ਖੇਤੀ ਵਾਲੇ ਨਹੀਂ ਰਹੇ ਕਿਤੇ ਨਾ ਕਿਤੇ ਅਸੀਂ ਗੁਜਾਰੇ ਲਈ ਹੋਰ ਬਿਜਨਸ ਕਰ ਰਹੇ ਆਂ। ਉਹਦਾ ਕਾਰਨ ਇਹੀ ਐ ਕਿ ਸਾਡੀਆਂ ਫੈਮਿਲੀਆ ਅਜੇ ਤੱਕ ਸੈੰਟ ਨਹੀਂ ਹੋ ਸਕੀਆਂ।

ਜਿਹੜੇ ਸਾਡੀਆਂ ਜ਼ਮੀਨਾਂ ਦੇ ਕਲੇਮ ਸੀ ਉਹ ਐਥੇ ਦੇ ਲੰਬਰਦਾਰ, ਜਗੀਰਦਾਰ ਪਰਿਵਾਰਾਂ ਕੋਲ ਸੀ, ਸਾਡੇ ਉਹ ਕਲੀਅਰ ਨਹੀਂ ਹੋਏ। ਦੂਸਰਾ, ਸਾਨੂੰ ਐਸੀ ਜਗ੍ਹਾ ਦੇ ਦਿੱਤੀ ਗਈ, ਜਿੱਥੇ ਅੱਜ ਵੀ ਕੁਝ ਨਹੀਂ ਹੁੰਦਾ, ਟਿੱਬੇ ਦੇ ਦਿੱਤੇ।  ਉਦੋਂ ਮੌਕੇ ਦੀਆਂ ਲੋੜਾਂ ਜਿਆਦਾ ਨਹੀਂ ਸੀ, ਬਜ਼ੁਰਗਾਂ ਨੇ ਧਿਆਨ ਨਹੀਂ ਦਿੱਤਾ। ਸਾਡੀਆਂ ਜ਼ਮੀਨਾਂ ਅੱਜ ਵੀ ਬੰਜਰ ਪਈਆਂ ਤੇ  ਕਿਤੇ ਨਾ ਕਿਤੇ ਸਾਡੀਆਂ ਫੈਮਿਲੀਆ ਦਾ ਜਿਹੜਾ ਵੀ ਦਬ ਗਈਆਂ ਤੇ ਅਸੀਂ ਵੀ ਖੇਤੀ ਤੋਂ ਥੋੜ੍ਹਾ ਬਹੁਤ ਦੂਰ ਹੋ ਗਏ। ਇਹ ਛੋਟੇ ਮੋਟੇ ਬਿਜ਼ਨਸ ਕਰਕੇ ਆਪਣੇ ਪਰਿਵਾਰਾਂ ਨੂੰ ਚਲਾ ਰਹੇ ਹਾਂ। ਜਦੋਂ ਜ਼ਮੀਨ ਖੋਹਣ ਦੀ ਗੱਲ ਹੁੰਦੀ ਆ ਤਾਂ ਮਨ ਡਰ ਜਾਂਦਾ ਕਿ ਜਿਹੜੀ ਗੱਲ ਆਪਣੇ ਨਾਲ ਉੱਨੀ ਸੌ ਸੰਤਾਲੀ ਵੇਲੇ ਹੋਈ ਸੀ ਕਿਤੇ ਦੁਬਾਰਾ ਨਾ ਹੋ ਜਾਏ।

ਇਥੇ ਮੈਂ ਬਾਰ੍ਹਵੇਂ ਮਹੀਨੇ ਦੀ ਬਾਰਾਂ ਤਰੀਕ ਦਾ ਆਇਆ ਹੋਇਆਂ। ਜਦੋਂ ਪੰਜਾਬ ਤੋਂ ਕਾਫਲਾ ਚੱਲਿਆ ਸੀ ਤਾਂ ਇੱਕ  ਯੂਟਿਊਬਰ ਨੂੰ ਅਸੀਂ ਬਹੁਤ ਲਾਈਵ ਦੇਖਿਆ। ਵੇਖਦੇ ਰਹੇ, ਮੋਰਚੇ ਤੇ ਆਉਣ ਦਾ ਮਨ ਵੀ ਕਰ ਰਿਹਾ ਸੀ ਪਰ ਸਮਝ ਨੀ ਆ ਰਿਹਾ ਸੀ  ਕਿ ਕਿਸ ਹਿਸਾਬ ਨਾਲ਼ ਆਇਆ ਜਾਵੇ। ਦੋਸਤਾਂ ਰਿਸ਼ਤੇਦਾਰਾਂ ਨੂੰ ਪੁੱਛਦੇ ਕਰਦੇ ਬਾਰ੍ਹਵੇਂ ਮਹੀਨੇ ਦੀ ਬਾਰਾਂ ਤਾਰੀਕ ਹੋ ਗਈ। ਬਾਰ੍ਹਵੇਂ ਮਹੀਨੇ ਦੀ ਦੱਸ ਤਰੀਖ ਨੂੰ ਫੈਸਲਾ ਕਰ ਲਿਆ ਵੀ ਆਪਾਂ ਚੱਲਣਾ।  ਮੈਂ ਸਭ ਨੂੰ ਪੁੱਛਿਆ ਪਰ ਕੋਈ ਮੇਰੇ ਨਾਲ਼ ਨਹੀਂ ਆਇਆ, ਉੱਥੋਂ ਟਰੇਨ ਤੇ ਚੜ੍ਹ ਆਇਆ ਤੇ ਬਿਸਤਰਾ ਵੀ ਨਾਲ਼ ਲੈ ਕੇ ਆਇਆ ਸੀ।  

ਮੈਂ ਮੈਟਰੋ ਸ਼ਟੇਸ਼ਨ ਸ੍ਰੀਰਾਮ ਸ਼ਰਮਾ ਦੇ ਦੋ ਨੰਬਰ ਗੇਟ ਦੀਆਂ ਪੌੜੀਆਂ ‘ਤੇ ਤਿੰਨ ਦਿਨ ਰਿਹਾਂ, ਉਸ ਤੋਂ ਬਾਅਦ ਬੂਹੇ ਪਿੰਡ ਦੇ ਪਰਿਵਾਰ ਨੇ ਮੈਨੂੰ ਕੰਪਨੀ ਦਿੱਤੀ। ਉਨ੍ਹਾਂ ਦੇ ਤੰਬੂ ਚ ਰਿਹਾ ਮੈਂ ਲਗਭਗ ਪੰਜ ਜਨਵਰੀ ਤੱਕ। ਉਸ ਤੋਂ ਬਾਅਦ ਮੈਂ ਦੁਬਾਰਾ ਆਪਣੇ ਸ਼ਹਿਰ ਗੰਗਾਨਗਰ ਗਿਆ, ਲੋਹੜੀ ਮਨਾਉਣ। ਮੈਂ ਵੀ ਬੀਜੇਪੀ ਦਾ ਵੋਟਰ ਸੀ, ਉਨੀ ਸੌ ਚੌਰਾਸੀ ਤੋਂ, ਕਾਂਗਰਸ ਦੀਆਂ ਗਲਤ ਨੀਤੀਆਂ ਜਾਂ ਹਰਕਤਾਂ ਕਰਕੇ। 

ਉੱਨੀ ਸੌ ਚੁਰਾਸੀ ਤੋਂ ਬਾਅਦ ਮੇਰੀ ਪੂਰੀ ਫੈਮਿਲੀ ਨੇ ਇਕ ਵੀ ਵੋਟ ਕਾਂਗਰਸ ਨੂੰ ਨਹੀਂ ਪਾਈ। ਅਸੀਂ ਪੂਰੀ ਤਰ੍ਹਾਂ ਬੀਜੇਪੀ ਨਾਲ਼ ਸੀ। ਸਾਡੇ ਕੋਲ ਹੋਰ ਕੋਈ ਪਾਰਟੀ ਹੈਨੀ ਸੀ। ਕਾਂਗਰਸ ਨੂੰ ਅਸੀਂ ਉਨੀ ਸੌ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਪਸੰਦ ਨਹੀਂ ਕਰਦੇ ਸੀ।

ਮੇਰੇ ਯਾਰ ਬੇਲੀ ਵੀ ਬੀਜੇਪੀ ਵਾਲ਼ੇ ਹੀ ਸੀ। ਅਸੀਂ ਲੋਹੜੀ ਤੇ ਬੈਠੇ ਸੀ। ਜਿਆਦਾਤਰ ਸਾਡੀ ਗੱਲਬਾਤ ਬੀਜੇਪੀ ਦੇ ਵਧੀਆ ਕੰਮਾਂ ਨੂੰ ਲੈ ਕੇ ਮੋਦੀ ਦੀ ਵਾਹ ਵਹਾਈ ਦੀ ਹੁੰਦੀ ਸੀ ਪਰ ਉਸ ਦਿਨ ਮੈਂ ਉਨ੍ਹਾਂ ਦੀ ਗੱਲ ਕੱਟ ਰਿਹਾ ਸੀ। ਕਿਉਂਕਿ ਮੈਂ ਮੋਰਚੇ ਤੇ ਬੀਜੇਪੀ ਦੀ ਤਾਨਾਸ਼ਾਹੀ ਦਾ ਸਬੂਤ ਦੇਖ ਕੇ ਗਿਆ ਸੀ। ਉਨ੍ਹਾਂ ਨਾਲ਼ ਬਹਿਸ ਸ਼ੁਰੂ ਹੋ ਗਈ। ਬਹਿਸ ਇਸ ਲੈਵਲ ਤੱਕ ਚਲੀ ਗਈ ਕਿ  ਉਹ ਕਹਿਣ ਲੱਗ ਪਏ ਕਿ ਤੇਰੇ ਜਾਣ ਨਾਲ਼ ਅੰਦੋਲਨ ਨੂੰ ਕੋਈ ਫਰਕ ਨਹੀਂ ਪਏਗਾ। ਮੇਰੇ ਬਜ਼ੁਰਗ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਇੱਕ ਵਾਰੀ ਜੰਗਲ ਦੇ ਵਿੱਚ ਅੱਗ ਲੱਗ ਗਈ ਅਤੇ ਇਕ ਚਿੜੀ ਆਪਣੀ ਚੁੰਝ ਸਮੁੰਦਰ ‘ਚੋਂ ਪਾਣੀ ਦੀ ਭਰ ਕੇ ਬਲਦੇ ਜੰਗਲ ਉਪਰ ਸੁੱਟ ਰਹੀ ਸੀ। ਕਿਸੇ ਨੇ ਪੁੱਛਿਆ ਕਿ ਮੂਰਖ ਚਿੜੀਏ ਤੇਰੇ ਚੁੰਝ ਦੇ ਪਾਣੀ ਨਾਲ਼ ਐਨੀ ਅੱਗ ਨੂੰ ਕੀ ਫਰਕ ਪਊ। ਉਸ ਟਾਈਮ, ਚਿੜੀ ਨੇ ਜਵਾਬ ਦਿੱਤਾ ਕਿ ਇੱਕ ਇਨਸਾਫ ਕਰਨ ਵਾਲਾ ਉਪਰ ਵੀ ਬੈਠਾ ਹੈ। ਉਥੇ ਇਕ ਲਾਈਨ ਅੱਗ ਲਾਉਣ  ਵਾਲਿਆਂ ਦੀ ਲੱਗੂ, ਤੇ ਇੱਕ ਬੁਝਾਉਣ ਵਾਲਿਆਂ ਦੀ। ਮੈਨੂੰ ਪਤਾ ਹੈ ਕਿ ਮੇਰੀ ਚੁੰਝ ਨਾਲ਼ ਅੱਗ ਨਹੀਂ ਬੁਝਦੀ। ਪਰ ਉਸ ਟਾਇਮ ਮੈਂ ਉਸ ਲਾਈਨ ਵਿੱਚ ਖੜ੍ਹੀ ਹੋਵਾਂਗੀ, ਜੋ ਅੱਗ ਬੁਝਾਉਣ ਵਾਲਿਆਂ ਦੀ ਹੋਵੇਗੀ।

ਮੇਰੇ ਮੁਹੱਲੇ ‘ਚੋਂ ਮੈਂ ਇਕੱਲਾ ਹੀ ਬੰਦਾ ਹਾਂ, ਮੈਂ ਉਸ ਚਿੜੀ ਦੀ ਸਟੋਰੀ ਯਾਦ ਕਰਕੇ ਇੱਥੇ ਆ ਗਿਆ। ਮੈਂ ਇੱਥੇ ਸੇਵਾ ਕਰਨ ਦੇ ਮੰਤਵ ਨਾਲ ਆਇਆਂ। ਜਿੰਨੀ ਮੇਰੇ ਕੋਲੋਂ ਹੁੰਦੀ ਹੈ ਮੈਂ ਕਰ ਵੀ ਰਿਹਾਂ। ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਮੇਰੇ ਤੇ ਨੇ ਪਰ ਮੈਂ ਸਾਰਾ ਕੁਝ ਛੱਡ ਕੇ ਐਥੇ ਬੈਠਾਂ। ਮੈਂ ਪਿਛਲੇ ਦੋ ਮਹੀਨਿਆਂ ਤੋਂ ਪਿੰਡ ਨਹੀਂ ਗਿਆ। ਘਰ ਵਿਚ ਇਹ ਗੱਲ ਕਰਕੇ ਲੜਾਈ ਹੁੰਦੀ ਰਹਿੰਦੀ ਆ, ਘਰਵਾਲੀ ਨਾਲ, ਬੱਚੇ ਨਾਲ। ਪੁੱਛਦੇ ਰਹਿੰਦੇ ਆ ਕਿ ਤੁਸੀਂ ਘਰ ਕਿਉਂ ਨਹੀਂ ਆਉਂਦੇ। ਆਖਿਰ ਮੈਂ ਉਹਨਾਂ ਨੂੰ ਬਿਸਤਰਾ ਲੈ ਕੇ ਇੱਥੇ ਆਉਣ ਲਈ ਹੀ ਕਹਿ ਦਿੱਤਾ।   

ਹੁਣ ਮੇਰਾ ਸਾਰਾ ਪਰਿਵਾਰ ਮੋਰਚੇ ‘ਤੇ ਆ। ਜੇਕਰ ਗੱਲ ਮੋਰਚੇ ਨੂੰ ਲੈ ਕੇ ਕਰੀਏ ਤਾਂ ਲੋਕ ਬਹੁਤ ਜ਼ਿਆਦਾ ਮੁਸ਼ਕਿਲਾਂ ਸਹਿ ਕੇ ਵੀ ਇੱਥੇ ਰਹਿ ਰਹੇ ਹਨ ਅਤੇ ਹਰ ਇਕ ਚੀਜ਼ ਦਾ ਪ੍ਰਬੰਧ ਕਰ ਰਹੇ ਹਨ। ਮੱਛਰ ਮੱਖੀ, ਸਫਾਈ ਨੂੰ ਲੈ ਕੇ ਵੀ ਅਤੇ ਵਾਰ ਵਾਰ ਮੌਸਮ ਵਿਚ ਵੀ ਤਬਦੀਲੀ ਆਉਂਦੀ ਹੈ। ਉਥੇ ਵੀ ਦਿੱਕਤਾਂ ਆ ਰਹੀਆਂ ਹਨ, ਜਿਵੇਂ ਕੱਲ੍ਹ ਬਾਰਿਸ਼ ਆਈ ਅਤੇ ਪਹਿਲਾ ਤੂਫ਼ਾਨ ਵੀ ਆਉਂਦਾ ਰਿਹਾ ਤਾਂ ਉਹ ਚੀਜ਼ਾਂ ਨੂੰ ਦੇਖੇ ਕੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜੋ ਇਤਿਹਾਸ ਆਪਾਂ ਆਪਣੀ ਕੌਮ ਦਾ ਸੁਣਦੇ ਆ ਰਹੇ ਆਂ, ਬਿਲਕੁਲ ਸੱਚ ਐ। ਮਨ ਨੂੰ ਸਕੂਨ ਮਿਲਦਾ। ਇਕੱਲਾ ਹੋਣ ਕਰਕੇ ਮੇਰੇ ਨਾਲ਼ ਮੋਰਚੇ ਵਿਚ ਧੱਕਾ ਵੀ ਬਹੁਤ ਜ਼ਿਆਦਾ ਹੋਇਆ ਪਰ ਮੈਂ ਸਾਰੀ ਚੀਜ਼ਾਂ ਨੂੰ ਪਾਸੇ ਰੱਖ ਕੇ ਆਪਣਾ ਧਿਆਨ ਉਹ ਚਿੜੀ ਬਣ ਕੇ ਮੋਰਚੇ ਦੀ ਸੇਵਾ ਉੱਤੇ ਲਾਇਆ ਹੋਇਆ।

en_GBEnglish

Discover more from Trolley Times

Subscribe now to keep reading and get access to the full archive.

Continue reading