“ਜਦੋਂ ਬੈਰੀਕੇਡ ਭੰਨੇ ਸੀ ਤਾਂ ਸਾਡੇ ਪਿੰਡ ਬੀਘੜ ਤੋਂ ਜੱਥਾ ਮੋਰਚੇ ‘ਚ ਹੀ ਸੀ ਸਭ ਦੇ ਨਾਲ। ਬਾਅਦ ਵਿੱਚ ਅਸੀਂ ਉਥੇ ਚਾਹ ਦਾ ਲੰਗਰ ਲਾਇਆ ਜਿੱਥੋਂ ਸਾਨੂੰ ਮੋਰਚੇ ‘ਚ ਪੈਦਾ ਹੋਣ ਆਲੀ ਦੁੱਧ ਦੀ ਸਮੱਸਿਆ ਦਾ ਤਕਾਜ਼ਾ ਹੋਇਆ।
ਹੁਣ ਇਸ ਤਰਾਂ ਏ ਕਿ ਸਾਡੇ ਪਿੰਡ ਦੀ ਕਮੇਟੀ ਬਣੀ ਏ ਮੁੰਡਿਆਂ ਦੀ, ਉਹਨਾਂ ਨੇ ਡਿਊਟੀਆਂ ਲਾਈਆਂ ਕਿ ਜਿਹੜੇ ਆਪਣੇ ਨੇੜੇ ਨੇੜੇ ਦੇ ਪਿੰਡ ਨੇ ਸਾਰੇ ਮੁੰਡੇ ਆਪਣੀਆਂ ਆਪਣੀਆਂ ਗੱਡੀਆਂ ਲੈਕੇ ਜਾਣ ਤੇ ਦੁੱਧ ਇਕੱਠਾ ਕਰਨ। ਸਵੇਰੇ 5-6 ਵਜੇ ਹੀ ਇਹ ਸਾਰਾ ਕੰਮ ਸ਼ੁਰੂ ਹੋ ਜਾਂਦਾ, ਲਾਗਲੇ ਪਿੰਡਾ ਦੇ ਜੇ ਸਾਰੇ ਮੁੰਡੇ ਗਿਣ ਲਈਏ ਤਾਂ ਕੁਝ 60-65 ਜਾਣੇ ਜੱਥੇਬੰਦ ਹਨ ਇਸ ਕੰਮ ਲਈ, ਸਾਡੇ ਆਵਦੇ ਪਿੰਡ ਦੇ 12-15 ਨੇ। ਬਾਕੀ ਜਿਹੜੇ ਪਿੰਡ ਜਾਂਦੇ ਨੇ ਉਹਨਾਂ ਦੇ ਵੱਖਰੇ ਮੁੰਡੇ ਲਗੇ ਹੋਏ ਆ। ਇਹ ਦੁੱਧ ਫਿਰ ਘਰਾਂ ‘ਚੋਂ, ਡੇਰੀਆਂ ਕੋਲੋਂ ਲਿਆ ਕੇ ਸਾਡੇ ਪਿੰਡ ਸਿੰਘ ਸਭਾ ਗੁਰਦੁਆਰੇ ਵਿੱਚ ਇਕੱਠਾ ਕਰ ਲੈਨੇ ਆਂ, ਅਰਦਾਸ ਕਰਕੇ ਮੋਰਚੇ ਵਲ ਰਵਾਨਾ ਕਰ ਦਈਦਾ।
ਅੱਜ ਕੱਲ ਜਿਵੇਂ ਗਰਮੀ ਦੇ ਦਿਨ ਆ ਰਹੇ ਨੇ ਤਾਂ ਦੁੱਧ ਖਰਾਬ ਹੋਣ ਦਾ ਡਰ ਰਹਿੰਦਾ। ਇਸ ਵਾਸਤੇ ਘਰਾਂ ਤੋਂ ਬਰਫ ਲੈਕੇ ਆਉਣੀ ਪੈਂਦੀ ਹੈ, ਥੋੜੀ-ਥੋੜੀ ਜਿੰਨੀ ਵੀ ਹੋ ਸਕੇ, ਫਿਰ ਇੱਕ ਡ੍ਰੰਮ ‘ਚ ਕਿੱਲੋ ਦੋ ਕਿੱਲੋ ਬਰਫ ਪਾਉਂਦੇ ਹਾਂ, ਅਸੀਂ ਜਾਣਦੇ ਹਾਂ ਕਿ ਬਰਫ ਦੁੱਧ ਨੂੰ ਪਤਲਾ ਕਰ ਦਿੰਦੀ ਹੈ ਪਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਮੋਰਚੇ ‘ਚ ਦੁੱਧ ਲਿਆਉਣਾ ਬਹੁਤ ਜ਼ਰੂਰੀ ਹੈ, ਹੁਣ ਜਦੋਂ ਸਾਡੇ ਭਾਈ ਆਏ ਨੇ ਤੇ ਸਾਡਾ ਹੀ ਫਰਜ਼ ਏ ਉਹਨਾਂ ਦੀ ਸੇਵਾ ਕਰਨਾ, ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਸਾਡਾ ਰੋਟੀ ਪਾਣੀ ਸਾਹਮਣੇ ਆਲੇ ਤੇ ਹੀ ਹੁੰਦਾ। ਬੱਸ ਉਹੀ ਫਰਜ਼ ਅਸੀਂ ਨਿਭਾ ਰਹੇ ਆਂ।
ਪਹਿਲਾਂ ਤਾਂ 12-12 ਕਵਿੰਟਲ ਲੈਕੇ ਆਉਂਦੇ ਰਹੇ ਆਂ, ਤਕਰੀਬਨ 30 ਮਣ ਦੁੱਧ ਦਿਹਾੜੀ ਦਾ, ਪਰ ਜਿਵੇਂ ਗਰਮੀ ਵਧਦੀ ਹੈ ਮੱਝਾਂ ਥੱਲੇ ਦੁੱਧ ਘੱਟ ਜਾਂਦਾ ਤਾਂ ਅੱਜ ਕੱਲ ਬੱਸ 6-7 ਹੀ ਮਸਾਂ ਹੋ ਪਾ ਰਿਹਾ ਹਰ ਦੂਜੇ ਦਿਨ। ਇਹ ਗੱਡੀ ਸਾਡੇ ਭਰਾ ਕਾਕੂ ਸਿੰਘ ਦੀ ਐ, ਉਹ ਉਦਾਂ ਤਾਂ ਡਰਾਇਵਰੀ ਦਾ ਕੰਮ ਕਰਦਾ ਪਰ ਸੰਘਰਸ਼ ਦੇ ਤਿੰਨ ਮਹੀਨਿਆਂ ਤੋਂ ਲਗਾਤਾਰ ਆਪਣੀ ਗੱਡੀ ਤੇ ਦੁੱਧ ਇੱਥੇ ਟੀਕਰੀ ਬਾਡਰ ਲੈਕੇ ਆ ਰਿਹਾ ਹੈ, ਕੋਈ ਪੈਸਾ ਨਹੀਂ ਬਸ ਤੇਲ ਹੈ ਜਿੰਨਾਂ ਗੱਡੀ ਖਾਂਦੀ ਹੈ ਤੇ ਆਪ ਹੀ ਦੁੱਧ ਵੰਡਦਾ, ਨਾਲ ਸੇਵਾਦਾਰ ਲੈ ਆਉਂਦਾ। ਹੁਣ ਤਾਂ ਪਹਿਲਾਂ ਹੀ ਪਤਾ ਹੁੰਦਾ ਉਹਦੇ ਆਉਣ ਦਾ ਸਾਰਿਆਂ ਨੂੰ ‘ਤੇ ਲੋਕ ਪਹਿਲਾਂ ਹੀ ਇਕ ਲਾਈਨ ਬਣਾ ਕੇ ਖੜੇ ਹੁੰਦੇ ਨੇ, ਜਿਹਦੀ ਜਿਵੇਂ ਲੋੜ ਹੁੰਦੀ ਆ ਉਸਨੂੰ ਉਸ ਹਿਸਾਬ ਨਾਲ ਦੁੱਧ ਪਾਇਆ ਜਾਂਦਾ। ਆਮ ਤੌਰ ਤੇ ਲੋਕਾਂ ਨੂੰ ਕਿੱਲੋ ਦੋ ਕਿੱਲੋ ਤੇ ਲੰਗਰਾਂ ‘ਚ ੧੦ ੧੨ ਪਾ ਜਾਈਦਾ ਏ, ਹੁਣ ਤਾਂ ਸਾਨੂੰ ਵੀ ਹਿਸਾਬ ਹੈ ਕਿ ਕਿਦਾਂ ਦੁੱਧ ਵਰਤਾਉਣਾ ਹੈ।
ਸਿਰਫ ਇਹ ਹੀ ਨਹੀਂ, ਅਸੀ ਬੁਰਜੀ ਨੰ. 786 ਕੋਲ ਆਪਣੇ ਪਿੰਡ ਵੱਲੋਂ ਪੱਕਾ ਅੱਡਾ ਲਾਇਆ ਹੋਇਆ ‘ਤੇ ਹਰ ਵਾਰੀ ਦੋ ਕੁ ਨਵੇਂ ਬੰਦੇ ਵਾਰੀ ਸਿਰ ਇੱਥੇ ਰਹਿਣ ਆ ਜਾਂਦੇ ਹਨ ਤੇ ਕਾਕੂ ਪਿਛਲੇ ਆਏ ਸਾਥੀ ਮੁੜ ਪਿੰਡ ਨਾਲ ਲੈ ਜਾਂਦਾ ਹੈ, ਬਸ ਇਹੀ ਗੇੜ ਚੱਲ ਰਿਹਾ ਪਿਛਲੇ ਚਾਰ ਮਹੀਨਿਆਂ ਤੋਂ ਤੇ ਇਸੇ ਤਰਾਂ ਅੱਗੇ ਵੀ ਚੱਲਦਾ ਹੀ ਰਹੇਗਾ।”