ਖੇਤੀ ਦੀ ਲੁੱਟ ਦੀ ਕਹਾਣੀ

ਖੇਤੀ ਦੀ ਲੁੱਟ ਦੀ ਕਹਾਣੀ
Photo By: Ravan Khosa

ਮੇਰਾ ਨਾਮ ਹਰਕੂਲ ਸਿੰਘ ਹੈ, ਮੇਰੇ ਪਿੰਡ ਦਾ ਨੌਂ ਅਕਾਲਗੜ੍ਹ ਸ੍ਰੀ ਮੁਕਤਸਰ ਸਾਹਿਬ ਹੈ। ਆਪਣੀ ਅੱਧੀ ਉਮਰ ਮੈਂ ਖੇਤੀ ਕੀਤੀ ਏ ਤੇ ਜਦੋਂ ਮੈਂ 35 ਕੁ ਵਰੇ ਦਾ ਸੀ ਮੇਰੇ ਪਿੰਡ ‘ਚ ਸਾਖਰਤਾ ਦੀ ਲਹਿਰ ਉੱਠੀ, ਉਦੋਂ ਫਰੀਦਕੋਟ ਜ਼ਿਲੇ ਚ ਆਈ. ਸੀ. ਐਸ. ਸੀ ਕਿਰਪਾ ਸ਼ੰਕਰ ਸਰੋਜ, ਉਸ ਵੇਲੇ ਮੈਂ ਕੋਈ ਪਾਰਟੀ ‘ਚ ਸ਼ਾਮਿਲ ਨਹੀਂ ਸੀਗਾ, ਪਰ ਤਾਹਵੀਂ ਨੌਜਵਾਨਾਂ ਨੂੰ ਮੀਟਿੰਗ ‘ਚ ਸੱਦਾ ਸੀ ਕਿ ਪਿੰਡ ਤੇ ਲਾਗੇ ਦੇ ਇਲਾਕਿਆਂ ‘ਚੋਂ ਸ਼ਰਾਬ ਦੇ ਠੇਕੇ ਚਕਵਾਏ ਜਾਣ। ਮੈਂ ਵੀ ਚਲਾ ਗਿਆ ਤੇ ਉੱਥੇ ਮੈਨੂੰ  ਲੀਡਰਾਂ ਨੂੰ ਭਾਸ਼ਨ ਦਿੰਦੇ ਸੁਣ ਕੇ ਲੱਗਿਆ ਕਿ ਮੈਨੂੰ ਵੀ ਇਸ ਸਭ ਨਾਲ ਜੱਥੇਬੰਦ ਹੋਣਾ ਚਾਹੀਦਾ ਹੈ। ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਅਤੇ ਬਚਪਨ ਤੋਂ ਕਈ ਵਰਿਆਂ ਬਾਅਦ ਮੈਂ ਵੀ ਫਿਰ ਕਿਤਾਬਾਂ ਨਾਲ਼ ਰੂਬਰੂ ਹੋਇਆ। ਮੇਰੀ ਦੋਸਤੀ ਮੇਰੇ ਪਿੰਡ ਦੇ ਕਾਮਰੇਡ ਹਾਣੀਆਂ ਨਾਲ਼ ਹੋਣ ਲੱਗੀ ਉਹਨਾਂ ਨੇ ਮੈਨੂੰ ਲਿਆ ਕੇ ਕਿਤਾਬਾਂ ਦੇਣੀਆਂ ਜਿਵੇਂ ਕਪੂਰ ਸਿੰਘ ਆਈ.ਏ.ਐਸ ਦੀ ਸੱਚੀ ਸਾਖੀ, ਤੇ ਉਸ ਦੌਰਾਨ ਹੀ ਮੈਂ ਕਾਰਲ ਮਾਰਕਸ ਦੀ ਕਿਤਾਬ ਵੀੱ ਪੜ੍ਹੀ, ਫਿਰ ਜਿਵੇਂ ਇੱਕ ਸ਼ੌਕ ਪੈਦਾ ਹੋ ਗਿਆ ਕਿਤਾਬਾਂ ਪੜ੍ਹਣ ਦਾ ਤੇ ਵਿੱਚੋਂ ਗਿਆਨ ਕੱਢਣ ਦਾ। 

ਪੜ੍ਹਦਿਆਂ-ਪੜ੍ਹਦਿਆਂ ਧਿਆਨ ਦੁਨਿਆਵੀ ਬਰੀਕੀਆਂ ਵੱਲ ਵੀ ਜਾਣ ਲੱਗ ਪਿਆ ਜਿਵੇਂ ਸਮਝ ਆਉਣ ਲੱਗ ਪਿਆ ਕਿ ਅਸੀਂ ਕਿਵੇਂ ਪੂੰਜੀਪਤੀਆਂ ਦੇ ਵਾਰ ਤੇ ਸਰਕਾਰ ਦੀ ਰਲੀ ਮਿਲੀ ਮਾਰ ਦਾ ਸ਼ਿਕਾਰ ਹੋ ਰਹੇਂ ਹਾਂ। ਇਸ ਦੀ ਇੱਕ ਉਧਾਹਰਨ ਵਜੋਂ ਜਿਵੇਂ ਆਪਾਂ ਦੇਖ ਸੱਕਦੇ ਹਾਂ ਕਿ ਦੁਨੀਆ ਚ ਜਿਹੜੇ ਅਮੀਰ ਲੋਕ ਨੇ ਨਾ, ਉਹ ਅਮੀਰਾਂ ਦੀ ਲਾਈਨ ਚ ਹੁਣ ਅਪਗ੍ਰੇਡ ਹੋ ਰਹੇ ਆ ਤੇ ਥਲੜੀ ਜਿਹੜੀ ਮੱਧਮ ਵਰਗ ਦੀ ਜਮਾਤ ਹੈ ਉਹ ਉਸ ਨੂੰ ਜਮਾਂ ਅਣਭੋਲ ਬਣਾਕੇ ਰੱਖਣਾ ਚਾਹੁੰਦੇ ਹਨ। ਮਸਲਾ ਜੇ ਵਿਚਾਰਿਆ ਜਾਏ ਤਾਂ ਅੱਜ ਨਹੀਂ ਇਹ 1994-95 ਤੋਂ ਸ਼ੁਰੂ ਹੁੰਦਾ ਜਦੋਂ ਭਾਰਤ ਚ ਨਰਸਿਮਾ ਰਾਓ ਦੀ ਸਰਕਾਰ ਸੀ ਤੇ ਉਸ ਵੇਲੇ ਜਦ ਵਿਸ਼ਵ ਵਪਾਰ ਸੰਗਠਨ W.T.O. ਨਾਲ਼ ਸਮਝੌਤਾ ਕਰਲਿਆ। ਜਿਦੇ ਖਿਲਾਫ ਅਸੀਂ ਓਸ ਵੇਲੇ ਵੀ ਕਈ ਪ੍ਰਦਰਸ਼ਨ ਕੀਤੇ, ਆਮ ਲੋਕਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਸਾਡੀ ਗੱਲ ਫੜੀ ਨਹੀਂ।

ਉਸ ਤੋਂ ਵੀ ਕਈ ਦਹਾਕਿਆਂ ਪਹਿਲਾਂ ਜਦ ਹਰੀ ਕ੍ਰਾਂਤੀ ਆਈ ਤਾਂ ਪੰਜਾਬ ਵਰਗੇ ਸੂਬੇ ਨੇ ਅਨਾਜ ਪੈਦਾ ਕਰਤਾ, ਗੁਡਾਓਣ ਭਰਤੇ, ਖੇਤਰ ਕੋਲ ਪੈਸਾ ਵੀ ਆ ਗਿਆ ਤਾਂ ਉਦੋਂ ਸੈਂਟਰ ਸਰਕਾਰ ਨੂੰ ਹਿੱਚ ਹੋਣ ਲੱਗ ਪਈ ਕਿ ਇਹ ਹੋਰ ਸੂਬਿਆਂ ਚ ਵੀ ਜਮੀਨਾਂ ਖਰੀਦਣਗੇ ਜਾਂ ਕਿਤੇ ਆਪਦਾ ਕੋਈ ਵੱਖ ਸੂਬਾ ਹੀ ਨਾਂ ਮੰਗ ਲੈਣ ਪਰ ਸੱਚਾਈ ਏਦੂੰ ਜਮਾਂ ਪਰਲੇ ਪਾਸੇ ਸੀ ਤੇ ਸਾਡੀ ਕਮਾਈ ਰੋਕਣ ਲਈ ਉਹਨਾਂ ਸੋਚਿਆ ਕਿ ਇੱਕ ਤਾਂ ਇਹਨਾਂ ਦੀ ਫਸਲ ਦਾ ਭਾਅ ਬੰਨ ਦਿਓ ਤੇ ਪੈਦਾਵਾਰ ਕਰਨ ਆਲੀਆਂ ਚੀਜਾਂ ਦੇ ਭਾਅ ਖੁੱਲੇ ਛੱਡ ਦਿਓ! ਜਿਦੇ ਨਾਲ਼ ਕੀ ਹੋਇਆ ਕਿ ਖੇਤੀ ਦੀ ਕਮਾਈ ਹੋਣ ਨਾਲੋਂ ਉਤਲਾ ਖਰਚਾ ਜਾਦੀਂ ਹੋਣ ਲੱਗ ਪਿਆ, ਕਿਸਾਨਾਂ ਨੂੰ ਫਸਲਾਂ ਉਗਾਉਣ ਵਾਸਤੇ ਛੋਟੇ ਕਰਜੇ ਵੀ ਚੁਕਣੇ ਪਏ ਜੋ ਕਦੀਂ ਮੁੜਦੇ ਕਦੀਂ ਨਾ। ਇਸ ਸਭ ਦੌਰਾਨ ਕੀਟਨਾਸ਼ਕਾਂ ਸਪਰੇਹਾਂ ਦੀ ਮਾਰ, ਡੀਜ਼ਲ ਰੇਟਾਂ ਦੀ ਮਾਰ, ਤੇ ਕਿਵੇਂ ਬੈਂਕਾ ਤੇ ਕਾਰਪੋਰੇਟਾਂ ਨੇ ਭੋਲੇ ਜੱਟਾਂ ਦੇ ਘਰਾਂ ਚ ਧੱਕੇ ਨਾਲ ਟਰੈਕਟਰ ਵਾੜੇ ਉਸ ਤੇ ਵੀ ਗੱਲ ਹੈ, ਪਹਿਲਾਂ-ਪਹਿਲਾਂ ਆਪਣੇ 30 ਕਿੱਲਿਆਂ ਪਿੱਛੇ ਹੀ ਇੱਕ ਟਰੈਕਟਰ ਦੀ ਵਿਕਰੀ ਸੀ ਤੇ ਉਨੀ ਹੀ ਉਸ ਦੀ ਲੋੜ। ਫਿਰ ਕੁਝ ਸਮੇੰ ਬਾਅਦ ਇਹ ਘਟ ਕੇ 18 ਤੇ ਫਿਰ 12 ਕਿੱਲੇ ਹੋ ਗਈ। ਇਹਨਾਂ ਨੇ ਰਲ ਕੇ ਸਕੀਮ ਕੱਢੀ ਕਿ ਕੁਛ ਪੈਸੇ ਕਿਸਾਨ ਪਾਵੇ ਕੁਛ ਬੈਂਕ ਪਾਊਗਾ ਤੇ ਲਓ ਜੀ ਤੁਸੀਂ ਆਪਦੀ ਵਾਹੀ ਕਈ ਆਪਦਾ ਟਰੈਕਟਰ ਲੈ ਸਕਦੇ ਹੋ, ਜਿਸ ਵਿੱਚ ਨੌਜਵਾਨ ਵੀ ਉਤੇ ਬਹਿਕੇ ਬਹੁਤ ਖੁਸ਼ ਸਨ। ਜਾਣੀ ਕਿ ਪੰਜਾਬ ਚ ਲੋੜ ਨਾਲੋਂ ਵੱਧ ਟਰੈਕਟਰ ਹੋਣ ਲੱਗਾ, ਹੁਣ ਟਰੈਕਟਰ ਵੱਧ ਹੋਊਗਾ ਤਾਂ ਤੇਲ ਵੀ ਵੱਧ ਹੀ ਪੀਊਗਾ ਨਾ , ਤੇ ਅੱਜ ਕੱਲ ਤਾਂ ਇੱਕ ਕਿੱਲੇ ਪਿਛੇ ਵੀ ਇੱਕ ਟਰੈਕਟਰ ਮਿਲ ਜਾਂਦਾ, ਇੱਦਾਂ ਕਰਕੇ ਇਹ ਸਾਡੀਆਂ ਜਮੀਨਾਂ ਆਪਦੇ ਬੈਂਕਾ ਚ ਗਹਿਣੇ ਪਾ ਸਾਨੂੰ ਹਮੇਸ਼ਾ ਆਪਦਾ ਕਰਜਾਈ ਹੀ ਰੱਖਣ ਤੇ ਮਜਬੂਰੀ ਪੈਦਾ ਕਰ ਹੋਰ ਕਰਜੇ ਹੇਠ ਦੱਬ ਸਾਡੀ ਹੀ ਜ਼ਮੀਨ ਖੋਹ ਲੈਣ। 

ਹੁਣ ਪੰਜਾਬ ਚ ਕਿੱਲੇ ਪਿੱਛੇ ਕਿਸੇ ਨੇ 2 ਲੱਖ ਚੁਕਿਆ ਤੇ ਕਿਸੇ ਨੇ ਨਹੀਂ, ‘ਤੇ ਉਹੀ ਕਰਜੇ ਵਿੱਚੋਂ ਨਿਕਲਨ ਲਈ ਓਹ ਜੋਰ ਮਾਰ ਰਿਹਾ। ਆਪਦੀ ਫਸਲ ਵੇਚਣ ‘ਚ ਸੰਘਰਸ਼ ਕਰ ਰਿਹਾ, ਤੇ ਅੱਜ ਆਕੇ ਤੁਹਾਡੇ ਸਾਹਮਣੇ ਸੜਕਾਂ ਤੇ ਬੈਠਾ। ਸਮੇਂ ਸਮੇਂ ਤੇ ਇਹ ਸਰਕਾਰ ਵੀ ਸਾਨੂੰ ਪਰਖਦੀ ਰਹੀ ਤੇ ਸਾਡੇ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ ਕਿ ਉਹਨਾਂ ਦੀ ਸਹਿਣਸ਼ਕਤੀ ਬਹੁਤ ਵੱਧ ਗਈ ਹੈ ਤੇ ਕਹਿਣਸ਼ਤੀ ਖਤਮ ਹੋ ਗਈ ਹੈ । 

ਪਰ ਜਦ ਐਸ ਵਾਰ ਇਹ ਸਰਕਾਰ ਨੇ ਕਨੂੰਨ ਲਿਆਂਦੇ ਤਾਂ ਇਹ ਨਹੀਂ ਸੋਚਿਆ ਹੋਵੇਗਾ ਕਿ ਐਡੇ ਇਕੱਠ ਦਾ ਸਾਹਮਣਾ ਕਰਨਾ ਪਵੇਗਾ, ਸ਼ਾਇਦ ਮੈਂ ਵੀ ਨਹੀਂ। ਹੁਣ ਇਹ ਤਾਂ ਸਾਡੀ ਹਿੰਮਤ ਹੈ ਕੁ ਅਸੀਂ ਕਿਸ ਪੱਧਰ ਤੱਕ ਲੜਣਾ ਤੇ ਮੇਰੀ ਤਾਂ ਸਾਡੀਆਂ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਮੋਰਚੇ ਨੂੰ ਇਸੇ ਤਰਾਂ ਅਗਾਂਹ ਵੀ ਸੁੱਚਾ ਰੱਖਣ, ਅਸੀਂ ਆਪਣੀ ਜੰਗ ਜਵਾਨੀ ‘ਚ ਆਪਦੀ ਹੋਂਦ ਲਈ ਲੜਦੇ ਰਹੇਂ ਹਾਂ ਤੇ ਹੁਣ ਆਪਦੀ ਅਗਾਂਹ ਆਲੀ ਪੀੜ੍ਹੀ ਲਈ ਵਾਰੀ ਲਾ ਚੱਲੇ ਹਾਂ।

ਸਾਡਾ ਅਨਪੜ੍ਹ ਰਹਿਣ ਦਾ ਨੁਕਸਾਨ ਹੈ, ਜੱਟਾਂ ‘ਚ ਵੀ ਸਾਖਰਤਾ ਦੀ ਅਹਿਮੀਅਤ ਹੈ ਕਿਉਂਕਿ ਕਈ ਵਾਰੀ ਉਹ ਆਪਣੀ ਉਗਾਈ ਫਸਲ ਦਾ ਅਸਲ ਮੁੱਲ ਹੀ ਹਾਸਲ ਨਹੀਂ ਕਰ ਪਾਉਂਦਾ ਤੇ ਠੱਗਿਆ ਜਾਂਦਾ ‘ਤੇ ਇਨਕਲਾਬ ਲਈ ਹਰ ਪੱਧਰ ਤੇ ਲੜਦੇ ਰਹਿਣਾ, ਜੇ ਨਾ ਲੜੇ ਤਾਂ ਅੱਗੇ ਸਿਰਫ ਹਨੇਰਾ ਹੈ, ਇਹ ਮੈਨੂੰ ਲੱਗਦਾ।

en_GBEnglish