ਸ਼ਹੀਦ ਕਿਸਾਨ ਹਮੇਸ਼ਾ ਲਈ ਜੀਂਦੇ ਰਹਿਣਗੇ

ਸ਼ਹੀਦ ਕਿਸਾਨ ਹਮੇਸ਼ਾ ਲਈ ਜੀਂਦੇ ਰਹਿਣਗੇ

ਨੁਸਰਤ ਅਨਵਰ, ਨਿਊ ਯੌਰਕ

ਹਰ ਉਹ ਜੀਅ ਜਿਸਦੇ ਅੰਦਰ ਰੂਹ ਹੁੰਦੀ ਹੈ। ਜਦੋਂ ਰੋਟੀ ਖਾਂਦਾ ਤਾਂ ਰੱਬ ਦੇ ਬਾਅਦ ਉਹ ਆਪਣੇ ਅੰਨਦਾਤਾ ਦੀ ਸਿਫ਼ਤ ਜ਼ਰੂਰ ਕਰਦਾ ਹੈ। ਮੇਰਾ ਕਹਿਣ ਦਾ ਮਤਲਬ ਅਹਿ ਵੈ ਕਿ ਅੰਨ ਪੈਦਾ ਕਰਨ ਵਾਲੇ ਦੀ ਦਿਲ ਅੰਦਰ ਸਰਾਹਨਾ ਕਰਦਾ ਹੈ। ਅਨਾਜ ਉਗਾਉਣ ਵਾਲੇ ਕਿਸਾਨ ਜਿਹੜੇ ਆਪਣੇ ਦਿਨ ਹੀ ਨਹੀਂ ਰਾਤਾਂ ਵੀ ਆਪਣੇ ਖੇਤਾਂ ਦੀ ਮੁੱਠੀ ਚਾਪੀ ਕਰਨ ਵਿੱਚ ਗੁਜ਼ਾਰ ਦਿੰਦੇ ਨੇ। ਜੋ ਰਾਤ ਰਾਤ ਭਰ ਖੇਤਾਂ ਨੂੰ ਪਾਣੀ ਦਿੰਦੇ ਹੋਏ, ਬਹੁਤ ਵਾਰੀ ਸੱਪਾਂ ਦੀਆਂ ਸਿਰੀਆਂ ਮਿੱਧਦੇ ਹੋਏ, ਆਪਣੀ ਜਾਨ ਵਾਰ ਦਿੰਦੇ ਨੇ। ਜਿਸ ਤਰ੍ਹਾਂ ਮਾਂ ਬੱਚਿਆਂ ਨੂੰ ਪਾਲਦੇ ਹੋਏ ਨੀਦਾਂ ਕੁਰਬਾਨ ਕਰਦੀ ਹੈ। ਕਿਸਾਨ ਵੀ ਰਿਜ਼ਕ ਦੇਣ ਵਾਲੀ ਆਪਣੀ ਇਸ ਧਰਤੀ ਨੂੰ ਨਾ ਸਿਰਫ ਆਪਣੀ ਮੁਸ਼ੱਕਤ ਦਿੰਦਾ ਏ।   ਸਗੋਂ ਉਹਨੂੰ ਆਪਣੀ ਔਲਾਦ ਵਰਗਾ ਸਨੇਹ ਦਿੰਦਾ ਹੈ। ਮੈਂ ਹੈਰਾਨ ਹਾਂ ਕਿ ਮੋਦੀ ਅਤੇ ਉਸ ਦੇ ਦਰਿੰਦੇ ਕਿਹੜੇ ਹੱਥਾਂ ਨਾਲ਼ ਰੋਟੀ ਦੀ ਬੁਰਕੀ ਤੋੜਦੇ ਹੋਣਗੇ। ਮੈਨੂੰ ਇਹ ਵੀ ਪੱਕਾ ਯਕੀਨ ਹੈ ਕੀ  ਖਾਣ ਵੇਲੇ ਉਹ ਅੱਖਾਂ ਬੰਦ ਕਰ ਲੈਂਦੇ ਹੋਣਗੇ।  

ਦੋਸਤੋ ਯਾਦ ਰੱਖੋ ਹਤਿਆਰੇ ਦੇ ਅੱਗੇ ਉਹਦਾ ਕੀਤਾ ਜ਼ੁਲਮ ਕਈ ਕਈ ਸ਼ਕਲਾਂ ਧਾਰ ਕੇ ਉਸ ਦੇ ਸਾਹਮਣੇ ਆਉਂਦਾ।  ਸ਼ਾਇਦ ਹਰ ਬੁਰਕੀ ਉਹ ਹਾਰੀ ਬਣ ਜਾਂਦੀ ਹੋਵੇ, ਜਿਹੜੇ ਨਿੱਘੀਆਂ ਰਾਤਾਂ ਵਿੱਚ ਨੰਗੇ ਪੈਰ ਬੰਨ੍ਹੇ ਤੋੜ ਕੇ ਖਾਲਿਆਂ ਵਿੱਚ ਪਾਣੀ ਛੱਡਦੇ ਨੇ। ਕਈ ਵਾਰੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ। ਇੰਡੀਅਨ ਗੌਰਮਿੰਟ ਤੇ ਉਸ ਦੇ ਗੁਮਾਸਤੇ  ਬਾਕੀ ਦੀ ਜ਼ਿੰਦਗੀ ਜੀਣਗੇ ਤਾਂ  ਸਹੀ ਪਰ ਮੁਰਦਿਆਂ  ਦੀ ਸੂਰਤ। ਜਿਹੜੇ ਮਰ ਗਏ ਉਹ ਹਮੇਸ਼ ਲਈ ਜੀਂਦੇ ਰਹਿਣਗੇ।  ਜੇ ਕੋਈ ਮਰੇਗਾ ਤਾਂ ਨਾਹਕ ਮਾਰਨ ਵਾਲਾ ਜ਼ਾਲਿਮ ਮਰੇਗਾ। ਹਰ ਰੋਜ਼ ਹਰ ਘੜੀ ਮਰੇਗਾ।  ਮਰਨ ਵਾਲੇ ਮਿੱਟੀ ਦੇ ਥੱਲੇ  ਤਾਂ ਗਏ ਨੇ, ਪਰ ਗ਼ੈਰ ਫਾਨੀ ਨੇ। ਤੁਹਾਨੂੰ ਨੀਂਦਰਾਂ ਤੋਂ ਜਗਾਉਣ ਲਈ ਤੁਹਾਨੂੰ ਰੋਜ਼ ਮਿਲਣ ਆਉਣਗੇ। ਜ਼ਾਲਮਾਂ ਨੂੰ  ਗੰਨਿਆਂ ਚੋਂ ਰੋਣ ਦੀਆਂ ਆਵਾਜ਼ਾਂ ਆਉਣਗੀਆਂ ਅਤੇ ਕਪਾਹ ਦੇ ਡੋਡਿਆਂ ਚੋਂ ਉੱਡਦੀ ਚਿੱਟੀ ਕਪਾਹ ਆਪਣਾ ਕਫਨ ਦੱਸੇਗੀ। ਸ਼ਹੀਦ ਕਣਕ, ਮਿੱਟੀ ਤੇ ਕਪਾਹ ਦੇ ਹਰ ਬੀਜ ਬੂਟੇ ਵਿੱਚ ਖਿੜਨਗੇ। ਹੋ ਸਕਦਾ ਜ਼ਾਲਮੋਂ ਤੁਹਾਨੂੰ ਸਾਂਝੀ ਭੁੱਖ ਦੇਖਣੀ ਪਵੇ। ਜ਼ਰੂਰੀ ਤਾਂ ਨਹੀਂ ਕਿਸਾਨ ਤੁਹਾਡੇ ਪੇਟ ਭਰਨ। ਇਹ ਗੱਲ ਉਲਟ ਵੀ ਸਕਦੀ ਐ।

ਆਓ ਦੇਖੋ ਇਹ ਨਾਮ ਮਿਟਣੇ ਨਹੀਂ।  ਧੰਨਾ ਸਿੰਘ  45 ਸਾਲ, 29 ਦਸੰਬਰ 2020 ਪਿਆਰਾ ਸਿੰਘ, 4 ਜਨਵਰੀ ਬਾਬਾ ਸੰਤ ਰਾਮ, 18 ਦਸੰਬਰ ਨੂੰ ਜੋਗਿੰਦਰ ਸਿੰਘ ਉਮਰ 22 ਸਾਲ, 27 ਦਸੰਬਰ  ਕਸ਼ਮੀਰਾ ਸਿੰਘ।   ਮਰਨ ਵਾਲਿਆਂ ਨੇ ਆਪਣੇ ਪਿੱਛੇ ਨੋਟ ਵੀ  ਛੱਡੇ ਨੇ। ਜੋ ਸਰਕਾਰ ਦੀਆਂ ਨੀਂਦਾਂ ਉਡਾਣ  ਲਈ ਕਾਫ਼ੀ ਤੋਂ ਜ਼ਿਆਦਾ ਨੇ। ਮੈਨੂੰ ਪੱਕਾ ਯਕੀਨ ਹੈ  ਉਹ ਹਤਿਆਰੇ  ਰੱਬ ਅੱਗੇ ਫ਼ਰਿਆਦਾਂ ਕਰਨਗੇ ਕਿ ਪੜ੍ਹਨਾ ਅਤੇ ਸੁਣਨਾ  ਭੁੱਲ ਜਾਣ  ਹਮੇਸ਼ਾਂ ਹਮੇਸ਼ਾਂ ਲਈ। ਜ਼ਾਲਮੋਂ ਤੁਸੀ ਜਿਹੜਾ ਕਿਸਾਨ ਤੇ ਘੱਲਿਆ ਹੈ, ਕੱਲ੍ਹ ਨੂੰ ਤੁਹਾਡਾ ਮੁਕੱਦਰ ਹੋਵੇਗਾ। ਮਰਨ ਵਾਲਿਆਂ ਨੇ ਤੇ ਹਮੇਸ਼ਾ ਲਈ ਇਸ ਮਿੱਟੀ ਤੇ ਆਪਣਾ ਨਾਂ ਲਿਖਾ ਲਿਆ ਏ। ਪਰ ਤੁਸੀਂ ਇਹ ਕਦੀ ਨਾ ਭੁੱਲਣਾ ਕਿ ਤੁਹਾਡੇ ਕਰਮ ਤੁਹਾਡੇ ਤੋਂ ਦੋ ਕਦਮਾਂ ਦੇ ਫ਼ਾਸਲੇ ਤੇ ਖੜ੍ਹੇ ਹਨ।

en_GBEnglish