ਕੈਨੇਡਾ ਵਿੱਚ ਕਿਸਾਨ ਅੰਦੋਲਨ ਦੀ ਹਿਮਾਇਤ

ਕੈਨੇਡਾ ਵਿੱਚ ਕਿਸਾਨ ਅੰਦੋਲਨ ਦੀ ਹਿਮਾਇਤ

ਸੁਖਵੰਤ ਹੁੰਦਲ  

ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵਸਦੇ ਪੰਜਾਬੀਆਂ ਵਾਂਗ ਕੈਨੇਡਾ ਦੇ ਪੰਜਾਬੀ ਵੀ ਭਾਰਤ ਵਿੱਚ ਚਲਦੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਹਨ। ਜਦੋਂ ਤੋਂ ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ `ਤੇ ਪਹੁੰਚੇ ਹਨ, ਉਦੋਂ ਤੋਂ ਹੀ ਕੈਨੇਡਾ ਵਸਦੇ ਪੰਜਾਬੀ ਇਸ ਅੰਦੋਲਨ ਨੂੰ ਨੇੜਿਉਂ ਦੇਖ ਰਹੇ ਹਨ ਅਤੇ ਇਸ ਦੀ ਹਿਮਾਇਤ ਵਿੱਚ ਵੱਖ ਵੱਖ ਤਰ੍ਹਾਂ ਦੀ ਸਰਗਰਮੀਆਂ ਕਰ ਰਹੇ ਹਨ। ਪਰ ਇਸ ਹਿਮਾਇਤ ਦੇ ਰੂਪ ਵੱਖਰੇ ਵੱਖਰੇ ਹਨ। ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੀ ਪੰਜਾਬੀ ਕਮਿਊਨਿਟੀ ਇਕਰੰਗੀ ਕਮਿਊਨਿਟੀ ਨਹੀਂ ਸਗੋਂ ਇਹ ਇਕ ਵੰਨਸੁਵੰਨੀ ਕਮਿਊਨਿਟੀ ਹੈ। ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਸ਼ਾਮਲ ਹਨ। ਕੁੱਝ ਲੋਕ ਪਿਛਲੇ ਕੁੱਝ ਸਾਲਾਂ ਵਿੱਚ ਕੈਨੇਡਾ ਆਏ ਹਨ ਅਤੇ ਕਈ ਲੋਕ ਕਈ ਪੀੜ੍ਹੀਆਂ ਤੋਂ ਇੱਥੇ ਰਹਿ ਰਹੇ ਹਨ। ਕੁੱਝ ਲੋਕ ਭਾਰਤ ਵਿੱਚ ਜੰਮਪਲ ਅਤੇ ਵੱਡੇ ਹੋ ਕੇ ਇੱਥੇ ਆਏ ਹਨ ਅਤੇ ਕੁੱਝ ਹੋਰ ਲੋਕ ਕੈਨੇਡਾ ਦੇ ਜੰਮਪਲ ਹਨ। ਕੁੱਝ ਲੋਕ ਧਾਰਮਿਕ ਹਨ ਅਤੇ ਦੁਨੀਆ ਦੀ ਹਰ ਸਮੱਸਿਆ ਨੂੰ ਧਾਰਮਿਕ ਨਜ਼ਰ ਤੋਂ ਦੇਖਦੇ ਹਨ ਅਤੇ ਕੁੱਝ ਲੋਕ ਧਰਮ ਨਿਰਪੱਖ ਹਨ ਅਤੇ ਦੁਨੀਆ ਦੀਆਂ ਸਮੱਸਿਆਵਾਂ ਨੂੰ ਧਰਮਨਿਰਪੱਖ ਨਜ਼ਰੀਏ ਤੋਂ ਦੇਖਦੇ ਹਨ। ਕੈਨੇਡਾ ਦੇ ਇਨ੍ਹਾਂ ਵੱਖ ਵੱਖ ਕਿਸਮਾਂ ਦੇ ਪੰਜਾਬੀਆਂ ਦਾ ਪੰਜਾਬ ਅਤੇ ਭਾਰਤ ਬਾਰੇ ਵੱਖਰਾ ਵੱਖਰਾ ਤਜਰਬਾ ਹੈ ਅਤੇ ਉਨ੍ਹਾਂ ਨਾਲ ਵੱਖ ਵੱਖ ਤਰ੍ਹਾਂ ਦਾ ਰਿਸ਼ਤਾ ਹੈ। ਆਪਣੇ ਵੱਖਰੇ ਵੱਖਰੇ ਤਜਰਬਿਆਂ ਅਤੇ ਰਿਸ਼ਤਿਆਂ ਦੇ ਆਧਾਰ `ਤੇ ਉਹ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਰਗਰਮੀਆਂ ਕਰ ਰਹੇ ਹਨ।

ਇਹਨਾਂ ਸਰਗਰਮੀਆਂ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਕਮਿਊਨਿਟੀ ਵਿੱਚ ਰੈਲੀਆਂ/ਮੀਟਿੰਗਾਂ ਕਰਨ, ਭਾਰਤ ਦੇ ਕੌਂਸਲੇਟ ਜਨਰਲ ਦੇ ਦਫਤਰ ਸਾਹਮਣੇ ਰੋਸ ਮੁਜ਼ਾਹਰੇ ਕਰਨ, ਸ਼ਹਿਰਾਂ ਦੇ ਚੌਰੱਸਤਿਆਂ, ਮਾਲਾਂ ਅਤੇ ਹੋਰ ਜਨਤਕ ਥਾਂਵਾਂ `ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਾਈਨ ਫੜ੍ਹ ਕੇ ਖੜ੍ਹਨ, ਜੂਮ ਮੀਟਿੰਗਾਂ ਕਰਕੇ ਉਨ੍ਹਾਂ ਵਿੱਚ ਭਾਰਤ ਦੇ ਕਿਸਾਨ ਅੰਦੋਲਨ ਨਾਲ ਸੰਬੰਧਤ ਲੋਕਾਂ ਨੂੰ ਸੱਦਣ ਅਤੇ  ਕੈਨੇਡਾ ਦੀ ਵੱਡੀ ਕਮਿਊਨਿਟੀ ਤੋਂ ਅੰਦੋਲਨ ਦੇ ਹੱਕ ਵਿੱਚ ਹਿਮਾਇਤ ਹਾਸਲ ਕਰਨ ਲਈ ਯਤਨ ਕਰਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਕੈਨੇਡਾ ਦੀ ਵੱਡੀ ਕਮਿਊਨਿਟੀ ਤੋਂ ਹਿਮਾਇਤ ਹਾਸਲ ਕਰਨ ਵਿੱਚ  ਕੈਨੇਡਾ ਦੀਆਂ ਪਾਰਲੀਮੈਂਟਰੀ ਪਾਰਟੀਆਂ ਦੇ ਲੀਡਰਾਂ, ਸ਼ਹਿਰਾਂ ਦੇ ਮਿਉਂਸਪਲ ਕੌਂਸਲਰਾਂ ਅਤੇ ਕੈਨੇਡਾ ਵਿਚਲੀਆਂ ਟ੍ਰੇਡ ਯੂਨੀਅਨਾਂ ਅਤੇ ਹੋਰ ਕਮਿਊਨਿਟੀ ਸੰਸਥਾਂਵਾਂ ਅੰਦੋਲਨ ਦੇ ਹੱਕ ਵਿੱਚ ਬਿਆਨ ਦਿਵਾਉਣਾ ਵੀ ਸ਼ਾਮਲ ਹੈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕੈਨੇਡਾ ਦੀਆਂ ਪਾਰਲੀਮੈਂਟਰੀ ਪਾਰਟੀਆਂ ਲੀਡਰਾਂ ਅਤੇ ਮੈਂਬਰਾਂ ਦੇ ਬਿਆਨ ਕਿਸਾਨਾਂ ਦੇ ਅੰਦੋਲਨ ਕਰਨ ਦੇ ਹੱਕ ਦਾ ਸਮਰਥਨ ਤਾਂ ਕਰਦੇ ਹਨ ਪਰ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਦਾ ਸਮਰਥਨ ਨਹੀਂ ਕਰਦੇ। ਜਦੋਂ ਕਿ ਕੈਨੇਡਾ ਦੀਆਂ ਟ੍ਰੇਡ ਯੂਨੀਅਨਾਂ ਅਤੇ ਕਮਿਊਨਿਟੀ ਸੰਸਥਾਂਵਾਂ ਵੱਲੋਂ ਆਏ ਬਿਆਨ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਇਹ ਸਰਗਰਮੀਆਂ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਸਥਾਪਤ ਜਥੇਬੰਦੀਆਂ (ਧਾਰਮਿਕ, ਧਰਮਨਿਰਪੱਖ ਅਤੇ ਖੱਬੇ ਪੱਖੀ) ਵੱਲੋਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਵਿਅਕਤੀਗਤ ਪੱਧਰ `ਤੇ ਜਾਂ ਸਿਰਫ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਲਈ ਬਣਾਏ ਨਵੇਂ ਐਡਹਾਕ ਗਰੁੱਪਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ ਹਨ। 

ਕੈਨੇਡਾ ਦਾ ਸਥਾਨਕ ਪੰਜਾਬੀ ਮੀਡੀਆ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਇੱਥੇ ਛਪਦੀਆਂ ਅਖਬਾਰਾਂ ਵਿੱਚ ਅੱਜਕੱਲ੍ਹ ਤਕਰੀਬਨ ਤਕਰੀਬਨ 50% ਤੋਂ ਵੱਧ ਖਬਰਾਂ ਅਤੇ ਲੇਖ ਪੰਜਾਬ ਦੇ ਕਿਸਾਨ ਅੰਦੋਲਨ ਬਾਰੇ ਹੁੰਦੇ ਹਨ। ਰੇਡੀਉ ਪ੍ਰੋਗਰਾਮਾਂ `ਤੇ ਭਾਰਤ ਵਿੱਚ ਚਲਦੇ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਹੈ। ਅਕਸਰ ਹੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਲੀਡਰਾਂ ਅਤੇ ਕਿਸਾਨੀ ਮੁੱਦੇ ਦੀ ਸਮਝ ਰੱਖਣ ਵਾਲੇ ਵਿਦਵਾਨਾਂ ਨਾਲ ਇੰਟਰਵਿਊਆਂ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਹਨ।

ਇਸ ਤੋਂ ਬਿਨਾਂ ਲੋਕਾਂ ਵੱਲੋਂ ਕਿਸਾਨ ਅੰਦੋਲਨ ਦੀ ਮਾਇਕ ਤੌਰ `ਤੇ ਵੀ ਕਈ ਤਰ੍ਹਾਂ ਸਹਾਇਤਾ ਕੀਤੀ ਜਾ ਰਹੀ ਹੈ। ਕੁੱਝ ਲੋਕ ਕਿਸਾਨ ਅੰਦੋਲਨ ਵਾਲੀਆਂ ਥਾਂਵਾਂ `ਤੇ ਲੰਗਰ ਲਾਉਣ ਅਤੇ ਹੋਰ ਸਮੱਗਰੀ ਅਤੇ ਸਹੂਲਤਾਂ ਮੁਹੱਈਆ ਕਰਾਉਣ ਲਈ ਕੰਮ ਕਰ ਰਹੀਆਂ ਐਨ ਜੀ ਅਤੇ ਹੋਰ ਸਮਾਜ ਸੇਵੀ ਸੰਸਥਾਂਵਾਂ ਨੂੰ ਪੈਸੇ ਭੇਜ ਰਹੇ ਹਨ। ਕੁੱਝ ਲੋਕ ਆਪਣੇ ਆਪਣੇ ਪਿੰਡਾਂ ਨੂੰ ਸਹਾਇਤਾ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਦੇ ਦਿੱਲੀ ਨੂੰ ਆਉਣ ਦੇ ਖਰਚਿਆਂ ਵਿੱਚ ਮਦਦ ਹੋ ਸਕੇ। ਕੁੱਝ ਲੋਕ ਆਪਣੀ ਆਪਣੀ ਪਸੰਦ ਦੀਆਂ ਕਿਸਾਨ ਯੂਨੀਅਨਾਂ ਨੂੰ ਸਿੱਧੇ ਪੈਸੇ ਭੇਜ ਰਹੇ ਹਨ। ਦਿੱਲੀ ਵਿੱਚ ਕਿਤਾਬਾਂ ਦਾ ਲੰਗਰ ਲਾਉਣ ਵਾਲੇ ਲੋਕਾਂ ਨੂੰ ਵੀ ਕੈਨੇਡਾ ਤੋਂ ਮਾਇਕ ਸਹਾਇਤਾ ਭੇਜੇ ਜਾਣ ਦੀਆਂ ਖਬਰਾਂ  ਆਉਂਦੀਆਂ ਰਹਿੰਦੀਆਂ ਹਨ। 

ਕਿਸਾਨ ਅੰਦੋਲਨ ਦੇ ਹਿਮਾਇਤੀਆਂ ਵਿੱਚਕਾਰ ਇਸ ਗੱਲ `ਤੇ ਵਿਵਾਦ ਵੀ ਹੈ ਕਿ ਕੀ ਅੰਦੋਲਨ ਦਾ ਰੂਪ ਧਾਰਮਿਕ ਹੋਣਾ ਚਾਹੀਦਾ ਹੈ ਜਾਂ ਧਰਮ ਨਿਰਪੱਖ। ਕੈਨੇਡਾ ਵਿੱਚ ਵੀ ਇਹ ਵਿਵਾਦ ਉਨਾਂ ਕੁ ਹੀ ਹੈ ਜਿੰਨਾ ਪੰਜਾਬ ਵਿੱਚ। ਸ਼ਾਇਦ ਸੋਸ਼ਲ ਮੀਡੀਏ `ਤੇ ਜਿ਼ਆਦਾ, ਜ਼ਮੀਨ `ਤੇ ਘੱਟ। ਪਿਛਲੇ ਕੁਝ ਹਫਤਿਆਂ ਦੌਰਾਨ ਸਰੀ ਅਤੇ ਟਰਾਂਟੋ ਦੇ ਇਲਾਕੇ ਵਿੱਚ ਮੋਦੀ ਸਰਕਾਰ ਦੀ ਹਿਮਾਇਤ ਵਿੱਚ ਇਕਦੋ ਤਰੰਗਾ ਮਾਰਚ ਵੀ ਹੋਏ ਹਨ। ਪਰ ਇਨ੍ਹਾਂ ਮਾਰਚਾਂ ਦੀ ਸਮੁੱਚੀ ਭਾਰਤੀ ਕਮਿਊਨਿਟੀ ਵਿੱਚ ਕੋਈ ਵੱਡੀ ਹਿਮਾਇਤ ਨਹੀਂ ਦਿਸਦੀ। 

 ਇਸ ਤਰ੍ਹਾਂ ਕੈਨੇਡਾ ਦੀ ਸਮੁੱਚੀ ਪੰਜਾਬੀ ਕਮਿਊਨਿਟੀ ਕਿਸਾਨ ਅੰਦੋਲਨ ਦੀ ਹਿਮਾਇਤ ਕਰ ਰਹੀ ਹੈ ਅਤੇ ਇਸ ਅੰਦੋਲਨ ਦੀ ਜਿੱਤ ਲਈ ਕਾਮਨਾ ਕਰ ਰਹੀ ਹੈ।

 

en_GBEnglish