ਕੱਪੜੇ ਧੋਣ ਦੀ ਸੇਵਾ ਕਰਦਾ ਜਰਨੈਲ

ਕੱਪੜੇ ਧੋਣ ਦੀ ਸੇਵਾ ਕਰਦਾ ਜਰਨੈਲ

ਗੁਰਸ਼ਮਸ਼ੀਰ ਵੜੈਚ 

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਵੱਦੀ ਦਾ ਜਰਨੈਲ ਸਿੰਘ ਬੇਜ਼ਮੀਨਾ ਕਿਰਤੀ ਹੈ। ਦਿੱਲੀ ਵਿੱਚ ਚਲ ਰਹੇ ਕਿਸਾਨ ਮੋਰਚੇ ਉੱਪਰ ਮੁੱਢ ਤੋ ਡੱਟਿਆ ਹੋਇਆ ਹੈ। ਉਹ ਧਰਨੇ ਉੱਪਰ ਆਪਣੇ ਆਪ, ਆਪਣੇ ਪਿੰਡ ਦੇ ਸਾਥੀਆਂ ਨਾਲ਼ ਆਇਆ ਹੈ ਅਤੇ ਕਿਸੇ ਵੀ ਕਿਸਾਨ ਅਤੇ ਮਜ਼ਦੂਰ ਜਥੇਬੰਦੀ ਨਾਲ਼ ਨਹੀਂ ਜੁੜਿਆ ਹੋਇਆ। ਪਿੰਡ ਵਿਚ ਦੋ ਕਮਰਿਆਂ ਵਾਲੇ ਘਰ ਤੋਂ ਇਲਾਵਾਂ ਉਸ ਕੋਲ ਜ਼ਮੀਨ ਦਾ ਕੋਈ ਵੀ ਟੁਕੜਾ ਉਸ ਕੋਲ ਨਹੀਂ ਹੈ। ਉਸ ਦੇ ਘਰ ਵਿਚ ਪਤਨੀ ਅਤੇ ਗਿਆਰਵੀਂ ਜਮਾਤ ਪੜ੍ਹਦਾ ਪੁੱਤਰ ਹੈ। 

ਉਹ ਸਿੰਘੂ ਬਾਰਡਰ ਮੋਰਚੇ ਉਪਰ ਯੂਨਾਈਟਡ ਸਿਖਜ਼ ਵੱਲੋਂ ਚਲਾਈ ਜਾ ਰਹੀ ਲੌਂਡਰੀ ਸੇਵਾ ਵਿਚ ਕੱਪੜੇ ਧੋਂਦਾ ਅਤੇ ਪ੍ਰੈਸ ਕਰਦਾ ਹੈ। ਜਿਸ ਦੇ ਬਦਲੇ ਵਿਚ ਕੋਈ ਵੀ ਇਵਜਾਨਾ ਉਹ ਕਿਸੇ ਵੀ ਜਥੇਬੰਦੀ ਤੋਂ ਨਹੀਂ ਲੈ ਰਿਹਾ। ਜਰਨੈਲ ਆਪਣੇ ਲਈ ਲੋੜੀਂਦਾ ਭੋਜਨ ਲਾਗਲੇ ਇੱਕ ਲੰਗਰ ਤੋਂ ਛਕਦਾ ਹੈ ਅਤੇ ਉਸੇ ਨਾਲ਼ ਹੀ ਸੰਤੁਸ਼ਟ ਹੈ। 

ਉਸ ਦੇ ਦੱਸਣ ਮੁਤਾਬਿਕ ਮੋਰਚੇ ਵਿੱਚੋਂ ਹੀ ਉਸ ਦੇ ਕੰਮ ਪ੍ਰਤੀ ਲਗਨ ਨੂੰ ਦੇਖਕੇ ਬਹੁਤ ਸਾਰੀਆ ਹੋਰ ਸੰਸਥਾਵਾਂ ਤੇ ਲੋਕ ਉਸ ਨੂੰ ਆਪਣੇ ਨਾਲ਼ ਕੰਮ ਕਰਨ ਲਈ ਸੱਦੇ ਦੇ ਰਹੇ ਹਨ। ਜਿਸ ਦਾ ਉਹ ਮੂੰਹ ਮੰਗਿਆ ਇਵਜਾਨਾ ਵੀ ਦੇਣ ਨੂੰ ਤਿਆਰ ਹਨ। ਪਰ ਜਰਨੈਲ ਦਾ ਆਖਣਾ ਹੈ ਕਿ ਉਹ ਮੋਰਚੇ ਵਿੱਚ ਪੈਸੇ ਕਮਾਉਣ ਨਹੀਂ ਸਗੋਂ ਸੇਵਾ ਭਾਵਨਾ ਨਾਲ਼ ਆਇਆ ਹੈ। 

ਮੋਰਚੇ ਤੇ ਆਉਣ ਤੋਂ ਪਹਿਲਾ ਜਰਨੈਲ ਦਿਹਾੜੀ ਦੱਪੇ ਦਾ ਕੰਮ ਕਰਦਾ ਸੀ। ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਰਿਹਾ ਸੀ। ਉਸ ਦੀ ਪਤਨੀ ਇਕ ਪ੍ਰਾਈਵੇਟ ਸਕੂਲ ਵਿੱਚ ਆਇਆ ਦਾ ਕੰਮ ਕਰਦੀ ਹੈ। ਉਸ ਦਾ ਜਰਨੈਲ ਨੂੰ ਮੋਰਚੇ ਉਪਰ ਟਿਕੇ ਰਹਿਣ ਲਈ ਪੂਰਨ ਸਹਿਯੋਗ ਹੈ। ਜਰਨੈਲ ਮੁਤਾਬਕ ਜੇਕਰ ਨਵੇਂ ਖੇਤੀ ਕਾਨੂੰਨ ਲਾਗੂ ਹੁੰਦੇ ਹਨ ਤਾਂ ਕਿਸਾਨਾਂ (ਜੱਟਾਂ) ਦੀ ਜ਼ਮੀਨ ਤਾਂ ਜਾਵੇਗੀ ਹੀ ਨਾਲ ਉਸ ਵਰਗੇ ਮਜ਼ਦੂਰ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਵੀਂ ਪਹੁੰਚ ਤੋਂ ਦੂਰ ਹੋ ਜਾਵੇਗੀ। ਉਹ ਆਪਣੇ ਬੱਚਿਆ ਦੇ ਭੱਵਿਖ ਨੂੰ ਸੁਰੱਖਿਅਤ ਕਰਨ ਲਈ ਸੰਘਰਸ਼ ਵਿੱਚ ਹਿੱਸਾ ਪਾਉਣ ਆਇਆ ਹੈ।

en_GBEnglish