ਹਲ਼ ਵਾਹੁਣ ਵਾਲੇ

ਹਲ਼ ਵਾਹੁਣ ਵਾਲੇ

ਪ੍ਰੋ. ਪੂਰਨ ਸਿੰਘ 

ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,

ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,

ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,

ਜੱਟ ਬੂਟ ਮੇਰੇ ਯਾਰ ਵੋ।

 

ਲੱਸੀ ਦਾ ਛੰਨਾ ਦਿੰਦੇ,

ਬਾਜਰੇ ਦੀ ਰੋਟੀ,

ਮੱਖਣ ਦੀ ਪਿੰਨੀਂ ਦਿੰਦੇ,

ਦੁੱਧ ਦੀਆਂ ਕਟੋਰੀਆਂ।

 

ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ;

ਮੱਕੀ, ਜਵਾਰ ਤੇ ਛੋਲਿਆਂ।

ਪਾਣੀ ਠੰਢਾ ਖੂਹਾਂ ਦਾ ਦਿੰਦੇ,

ਖੁਸ਼ੀ ਦਿੰਦੇ ਪੀਣ ਨੂੰ, ਜੀਣ ਨੂੰ,

 

ਟਿੱਬੇ ਢੇਰ ਸਾਰੇ ਢਾਹ ਮਦਾਨ ਕਰਨ,

ਇਹ ਲੋਕੀਂ ਹਨ ਮੇਰੇ ਰੱਬ ਦੀਆਂ ਪੈਲੀਆਂ।

ਬੀਜ ਬੀਜਣ ਇਹ ਹਲ਼ ਚਲਾਣ,

ਘਾਲਾਂ ਘਾਲਣ ਪੂਰੀਆਂ।

ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ,

ਵੇਖਣ ਮੁੜ ਮੁੜ ਵੱਲ ਬੱਦਲਾਂ,

ਇਹ ਹਨ ਜੱਗ ਦੇ ਭੰਡਾਰੀ

ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। 

 

en_GBEnglish