ਕਿਸਾਨ ਮੋਰਚੇ ਨੇ ਕਾਲੇ ਬਿੱਲਾਂ ਖ਼ਿਲਾਫ਼ ਲੜਾਈ ਵਿਚ ਹੁਣ ਤੱਕ ਬਹੁਤ ਕੁਝ ਖੱਟਿਆ ਹੈ। ਸਾਂਝੀਵਾਲਤਾ, ਜਥੇਬੰਦ ਹੋਣ ਦੀ ਤਾਕਤ, ਜ਼ਬਰ ਦਾ ਮੁਕਾਬਲਾ ਸਬਰ ਨਾਲ਼ ਕਰਨ ਦਾ ਬਲ, ਕਿਰਤੀ ਕਿਸਾਨਾਂ ਦੇ ਸਵਾਲਾਂ ਹਕੂਮਤ ਦੇ ਗਲਿਆਰਿਆਂ ਵਿਚ ਗੂੰਜਣਾ, ਧਰਨੇ ਮੁਜ਼ਾਹਰੇ ਕਰਨ ਦੇ ਤੌਰ ਤਰੀਕੇ ਅਤੇ ਕਿਰਤੀ ਕਿਸਾਨਾਂ ਦੇ ਝੰਡਿਆਂ ਦਾ ਸਤਿਕਾਰ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਹਾਸਿਲ ਨੇ ਜਿਹੜੇ ਸਾਨੂੰ ਪਤਾ ਲਗਦੇ ਰਹਿਣਗੇ।
ਪਰ ਜਿਸ ਤਰਾਂ ਕਿਸਾਨ ਲਹਿਰ ਨੇ ਸਾਨੂੰ, ਇਤਿਹਾਸ ਵਿਚਲੀਆਂ ਲਹਿਰਾਂ ਦੀ ਵਿਰਾਸਤ ਨਾਲ਼ ਜੋੜਿਆ ਹੈ, ਬਹੁਤ ਹੀ ਸੁਭਾਗਾ ਹੈ। ਕਿਸਾਨ ਮੋਰਚੇ ਦੌਰਾਨ ਪਗੜੀ ਸੰਭਾਲ ਜੱਟਾ ਲਹਿਰ ਅਤੇ ਚਾਚਾ ਅਜੀਤ ਸਿੰਘ ਦੀ ਸ਼ਖਸ਼ੀਅਤ ਸਾਡੇ ਅੰਗ ਸੰਗ ਰਹੀ ਹੈ। ਮੁਜਾਹਰਾ ਲਹਿਰ, ਜਿਸ ਨੇ 16 ਲੱਖ ਏਕੜ ਜਮੀਨ 784 ਪਿੰਡਾਂ ਦੇ ਹਲਵਾਹਕਾਂ ਵਿਚ ਵੰਡੀ ਸਾਡੇ ਚਿਤ ਚੇਤਿਆਂ ਵਿਚੋਂ ਵਿਸਰ ਗਈ ਸੀ। ਪਰ 19 ਮਾਰਚ ਨੂੰ ਮੁਜਾਹਰਾ ਲਹਿਰ ਦੇ ਆਗੂਆਂ ਦੇ ਵਾਰਿਸਾਂ ਨੂੰ ਸਨਮਾਨਿਤ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਲਹਿਰ ਦੀ ਵਿਰਾਸਤ ਨੂੰ ਸਿਜਦਾ ਕੀਤਾ ਹੈ। ਮੋਰਚੇ ਵਿਚ ਖੜੀਆਂ ਟਰਾਲ਼ੀਆ ਉਪਰ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਸੋਹਣ ਸਿੰਘ ਭਕਨਾ, ਚਾਚਾ ਅਜੀਤ ਸਿੰਘ, ਗਦਰੀ ਗੁਲਾਬ ਕੌਰ, ਬਿਰਸਾ ਮੁੰਡਾ, ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਦੀਆਂ ਲੱਗੀਆਂ ਤਸਵੀਰਾਂ; ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਏ ਜਾਂਦੇ ਸ਼ਹੀਦੀ ਦਿਨ ਸਾਡੇ ਇਨਕਲਾਬੀ ਆਗੂਆਂ ਦੀ ਯਾਦ ਨੂੰ ਲੋਕ ਮਨ ਵਿਚ ਤਾਜਾ ਕਰਦੇ ਹਨ।
23 ਮਾਰਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨਾਲ਼ ਸੰਬੰਧਿਤ ਪ੍ਰੋਗਰਾਮ ਟੀਕਰੀ, ਸਿੰਘੂ, ਗਾਜ਼ੀਪੁਰ, ਖ਼ਟਕੜ ਕਲਾਂ ਅਤੇ ਹੋਰ ਥਾਈਂ ਹੋਏ ਹਨ। ਭਗਤ ਸਿੰਘ ਦਾ ਜੋ ਮੁਕਾਮ ਨਾ ਸਿਰਫ ਪੰਜਾਬ ਬਲਕਿ ਭਾਰਤੀ ਉਪ ਮਹਾਂਦੀਪ ਵਿਚ ਹੈ ਉਸ ਬਾਰੇ ਸਾਰੇ ਜਾਣੂੰ ਹਨ। ਸ਼ਹੀਦਾਂ ਦੇ ਲੱਖਾਂ ਵਾਰਿਸ ਇਹਨਾਂ ਮੋਰਚਿਆਂ ਤੇ ਡਟੇ ਹੋਏ ਹਨ। ਹਲੇ ਵੀ ਬਹੁਤ ਕੁਝ ਬਾਕੀ ਹੈ, ਜਿਸ ਵਿਚ ਸਭ ਤੋਂ ਜਰੂਰੀ ਹੈ ਪੜ੍ਹਾਈ, ਲਿਖਾਈ ਅਤੇ ਸਮਝ ਵਿਕਸਿਤ ਕਰਨੀਂ, ਤਾਂ ਜੋ ਮੌਜੂਦਾ ਨਿਜਾਮ ਦੀਆਂ ਗੁੰਝਲਾਂ ਨੂੰ ਸਮਝਿਆ ਜਾ ਸਕੇ ਅਤੇ ਔਕੜਾਂ ਦੇ ਹੱਲ ਲੱਭੇ ਜਾ ਸਕਣ। ਬਦਲ ਤਿਆਰ ਕੀਤੇ ਜਾ ਸਕਣ ਅਤੇ ਹੱਲ ਸੁਝਾਏ ਜਾ ਸਕਣ। ਸਾਡੇ ਆਗੂਆਂ ਨੇ ਸਰਕਾਰ ਨੂੰ ਇਹ ਤਾਂ ਦੱਸ ਦਿੱਤਾ ਹੈ ਕੇ ਸਾਨੂੰ ਤੁਹਾਡੀਆਂ ਨੀਤੀਆਂ ਮਨਜੂਰ ਨਹੀਂ। ਹੁਣ ਨੌਜਵਾਨਾਂ ਦਾ ਫਰਜ ਬਣਦਾ ਹੈ ਕਿ ਸਾਨੂੰ ਕਿਹੜੀਆਂ ਨੀਤੀਆਂ ਚਾਹੀਦੀਆਂ ਹਨ ਉਹਨਾਂ ਬਾਰੇ ਗੱਲ ਕੀਤੀ ਜਾਵੇ, ਲੇਖ ਲਿਖੇ ਜਾਣ ਤਾਂ ਜੋ ਨੀਤੀਆਂ ਨੂੰ ਲੋਕ ਪੱਖੀ ਮੋੜਾ ਦਿੱਤਾ ਜਾ ਸਕੇ।