ਜਸਵੰਤ ਸਿੰਘ ਜ਼ਫ਼ਰ
ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇਥੇ ਉਗਾਈਆਂ ਜਾ ਸਕਦੀਆਂ ਹਨ ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ ‘ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ਼ ਅਤੇ ਸ਼ੁੱਧ ਹੈ। ਇਸ ਧਰਤੀ ਦੇ ਸਾਰੇ ਮੌਸਮ ਹਰ ਤਰ੍ਹਾਂ ਦੇ ਕੰਮ ਧੰਦੇ ਕਰਨ ਲਈ ਅਨੁਕੂਲ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਬਾਵਜੂਦ ਬਾਰਾਂ ਮਹੀਨੇ, ਤੀਹ ਦਿਨ ਅਤੇ ਚੌਵੀ ਘੰਟੇ ਲੋਕ ਕੰਮ ਕਰ ਸਕਦੇ ਹਨ। ਪੰਜਾਬੀ ਲੋਕ ਮਿਹਨਤੀ ਵੀ ਬਹੁਤ ਹਨ, ਬੁੱਧੀ ਅਤੇ ਸਰੀਕਰ ਤੌਰ ‘ਤੇ ਨਰੋਏ ਹਨ। ਵਿਰਾਸਤੀ ਵਿਚਾਰਧਾਰਕ ਅਮੀਰੀ ਦੇ ਨਾਲ ਨਾਲ ਹਰ ਨਵੇਂ ਖਿਆਲ ਅਤੇ ਟੈਕਨੋਲੋਜੀ ਦਾ ਸਵਾਗਤ ਕਰਨ ਵਾਲੇ ਪੰਜਾਬੀ ਤਰੱਕੀ ਪਸੰਦ, ਅਗਾਂਹ ਵਧੂ ਅਤੇ ਭਵਿੱਖ ਦੇ ਵੱਡੇ ਸੁਪਨੇ ਲੈਣ ਵਾਲੇ ਹਨ। ਇਥੇ ਹਰ ਕਿੱਤੇ, ਕਲਾ ਅਤੇ ਹੁਨਰ ਦੇ ਜਾਣਕਾਰ ਮਿਲਦੇ ਹਨ। ਔਰਤਾਂ ਵੀ ਬੰਦਿਆਂ ਨਾਲੋਂ ਘੱਟ ਕੰਮ ਕਰਨ ਵਾਲੀਆਂ ਨਹੀਂ। ਫਿਰ ਪੰਜਾਬ ਨੂੰ ਕਿਹੜਾ ਰੋਗ ਹੈ ਜਿਸ ਕਰਕੇ ਪੰਜਾਬ ਦੁਨੀਆਂ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖੁਸ਼ਹਾਲ ਖਿੱਤਾ ਨਹੀਂ ਬਣ ਸਕਿਆ? ਸਾਰਾ ਕੁਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬੀ ਸਿਰਫ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ ਹਨ? ਮੈਂ ਪੰਜਾਬ ਦੇ ਸੈਂਕੜੇ ਇੰਜਨੀਅਰਾਂ ਨੂੰ ਜਾਣਦਾ ਹੋਵਾਂਗਾ ਜੋ ਇਧਰੋਂ ਇੰਜਨੀਰਿੰਗ ਦੀਆਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਛੱਡ ਕੇ ਅਮਰੀਕਾ, ਕੈਨੇਡਾ, ਅਸਟ੍ਰੇਲੀਆ ਜਾਂ ਹੋਰ ਵਿਕਸਤ ਦੇਸ਼ਾਂ ਵਿਚ ਬਤੌਰ ਇੰਜਨੀਅਰ ਕੰਮ ਕਰਦੇ ਹਨ। ਬਹੁਤ ਸਾਰੇ ਡਾਕਟਰ ਇਧਰੋਂ ਡਾਕਟਰੀ ਛੱਡ ਬਾਹਰਲੇ ਮੁਲਕਾਂ ਦੇ ਕਾਮਯਾਬ ਡਾਕਟਰ ਬਣੇ ਹੋਏ ਹਨ। ਪੰਜਾਬੀ ਵਿਗਿਆਨੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪਣੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ।
ਏਧਰ ਸਕੂਲਾਂ, ਕਾਲਜਾਂ, ਯੁਨੀਵਸਿਟੀਆਂ ਵਿਚ ਪੜ੍ਹਾਉਂਦੇ ਰਹੇ ਕਈ ਅਧਿਆਪਕ ਹੁਣ ਵਿਕਸਤ ਦੇਸ਼ਾਂ ਦੇ ਸਕੂਲਾਂ, ਕਾਲਜਾਂ ਜਾਂ ਯੁਨੀਵਰਸਿਟੀਆਂ ਵਿਚ ਪੜ੍ਹਾਉਂਦੇ ਹਨ। ਅਨੇਕਾਂ ਪੰਜਾਬੀ ਗਾਇਕਾਂ, ਸੰਗੀਤਕਾਰਾਂ, ਚਿਤਰਕਾਰਾਂ, ਫੋਟੋਕਾਰਾਂ ਅਤੇ ਮੀਡੀਆ ਕਰਮੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪੋ ਆਪਣੇ ਖੇਤਰ ਵਿਚ ਬਹੁਤ ਨਾਮ ਅਤੇ ਨਾਮਾ ਕਮਾਇਆ ਹੈ। ਬਹੁਤ ਸਾਰੇ ਪੰਜਾਬੀ ਕਿਸਾਨਾਂ ਦੇ ਅਮਰੀਕਾ, ਕੈਨੇਡਾ ਅਤੇ ਅਸਟ੍ਰੇਲੀਆ ਵਿਚ ਵੱਡੇ ਵੱਡੇ ਖੇਤੀ ਫਾਰਮ ਅਤੇ ਬਾਗ ਹਨ। ਕਈ ਪੰਜਾਬੀ ਵਪਾਰੀਆਂ ਨੇ ਬਾਹਰ ਜਾ ਕੇ ਆਪਣੇ ਵਪਾਰਕ ਅਦਾਰੇ ਸਥਾਪਤ ਕੀਤੇ ਹਨ। ਆਪਣੀ ਜਾਣ ਪਛਾਣ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਪੰਜਾਬ ਦੇ ਕਿਸਾਨ, ਵਪਾਰੀ, ਇੰਜਨੀਅਰ, ਡਾਕਟਰ, ਵਿਗਿਆਨੀ, ਯੋਜਨਾਕਾਰ, ਅਧਿਆਪਕ ਅਤੇ ਹੋਰ ਕਿੱਤਾਕਾਰ ਤੇ ਹੁਨਰਮੰਦ ਵਿਕਸਤ ਦੇਸ਼ਾਂ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਰਹੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬ ਦੇ ਗੁਣੀ ਕਿੱਤਾਕਾਰ ਅਤੇ ਹੁਨਰਮੰਦ ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਵਿਕਸਤ ਖਿੱਤਾ ਬਣਾਉਣ ਦੀ ਯੋਗਤਾ ਰੱਖਦੇ ਹਨ। ਪਰ ਉਹਨਾਂ ਦੇ ਅਜਿਹਾ ਕਰਨ ਲਈ ਪੰਜਾਬ ਅੰਦਰ ਲੋੜੀਂਦਾ ਮਹੌਲ ਗੈਰਹਾਜ਼ਰ ਹੈ। ਫਿਰ ਓਹੀ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਨੂੰ ਅਜਿਹਾ ਕਿਹੜਾ ਰੋਗ ਲੱਗਿਆ ਹੈ ਜਿਸ ਨੇ ਪੰਜਾਬ ਦੀ ਆਰਥਿਕਤਾ ਦੇ ਰਸ ਨੂੰ ਚੂਸ ਕੇ ਇਸ ਨੂੰ ਸਾਹ–ਸਤ ਹੀਣ ਕਰ ਦਿੱਤਾ ਹੈ?
ਉਪਰਲੇ ਸਵਾਲ ਦਾ ਜਵਾਬ ਤਸਵੀਰ ਦੇ ਦੂਸਰੇ ਪਾਸੇ ਪਿਆ ਹੈ। ਤਸਵੀਰ ਦਾ ਦੂਸਰਾ ਪਾਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਕੋਈ ਸਿਆਸਤਦਾਨ ਇਧਰ ਆਪਣੀ ਚਲਦੀ ਸਿਆਸਤ ਛੱਡ ਕੇ ਕਦੀ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਸਿਆਸਤਦਾਨ ਨਹੀਂ ਬਣਿਆਂ। ਮੇਰੀ ਜਾਣਕਾਰੀ ਵਿਚ ਪੰਜਾਬ ਦਾ ਕੋਈ ਬਿਊਰੋਕਰੈਟ ਆਪਣੀ ਇਧਰਲੀ ਨੌਕਰੀ ਛੱਡ ਕੇ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਨੌਕਰਸ਼ਾਹ ਨਹੀਂ ਬਣਿਆਂ। ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਕਾਮਯਾਬ ਸਿਆਸਤਦਾਨ ਅਤੇ ਸ਼ਕਤੀਸ਼ਾਲੀ ਬਿਉਰੋਕਰੇਟ ਵਧੀਆ ਮੁਲਕਾਂ ਦੇ ਕਿਸੇ ਕੰਮ ਦੇ ਨਹੀਂ, ਇਹਨਾਂ ਦੀ ਓਧਰ ਕੋਈ ਮੰਗ ਨਹੀਂ, ਇਹਨਾਂ ਲਈ ਓਥੇ ਕੋਈ ਥਾਂ ਨਹੀਂ। ਇਹ ਸਿਰਫ ਸਾਡੇ ਜਾਂ ਸਾਡੇ ਤੋਂ ਪਛੜੇ ਮੁਲਕਾਂ ਵਿਚ ਹੀ ਪਾਏ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਥਾਪਤ ਸਿਆਸਤਦਾਨ ਅਤੇ ਨੌਕਰਸ਼ਾਹੀ ਪ੍ਰਬੰਧ ਇਸ ਨੂੰ ਗੁਣਾਤਮਕ ਤਰੱਕੀ ਦੇ ਰਸਤੇ ਤੋਰ ਸਕਣ ਦੇ ਯੋਗ ਨਹੀਂ। ਫਿਰ ਵੀ ਪੰਜਾਬ ਵਿਚ ਇਹਨਾਂ ਦਾ ਪੂਰਾ ਦਬਦਬਾ ਹੈ। ਇਹਨਾਂ ਦੀ ਹਰ ਖੇਤਰ ਵਿਚ ਦਖਲ ਅੰਦਾਜ਼ੀ ਅਤੇ ਚੌਧਰ ਹੈ। ਉਪਰੋਕਤ ਉਦਾਹਰਨਾਂ ਅਤੇ ਚਰਚਾ ਨਾਲ ਪੰਜਾਬ ਦੀਆਂ ਦੋ ਮੋਟੀਆਂ ਅਲਾਮਤਾਂ ਦੀ ਪਛਾਣ ਹੋ ਜਾਂਦੀ ਹੈ ਜਿਹਨਾਂ ਦੀ ਕਾਰਗੁਜ਼ਾਰੀ ਨਾਲ ਸੰਸਾਰ ਦੇ ਸਭ ਤੋਂ ਉਨਤ, ਖੁਸ਼ਹਾਲ ਅਤੇ ਸੋਹਣਾ ਖਿੱਤਾ ਹੋਣ ਦੀਆਂ ਸੰਭਾਵਨਾਵਾਂ ਵਾਲੇ ਪੰਜਾਬ ਨੂੰ ਖੁਦਕੁਸ਼ੀਆਂ ਅਤੇ ਉਜਾੜੇ ਦੀ ਧਰਤੀ ਬਣ ਗਿਆ ਹੈ। ਪਰ ਇਹ ਅਲਾਮਤਾਂ ਕੋਈ ਬਾਹਰੋਂ ਨਹੀਂ ਆਈਆਂ ਸਗੋਂ ਅੰਦਰੋਂ ਪੈਦਾ ਹੋਈਆਂ ਹਨ। ਪੰਜਾਬੀ ਮਾਨਸਿਕਤਾ ਨੇ ਇਹਨਾਂ ਨੂੰ ਵਧਣ ਫੁੱਲਣ ਦਿੱਤਾ ਹੈ।
ਇਥੇ ਹਰ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਹੋਰ ਜ਼ਰੂਰੀ ਖਰਚੇ ਕਰਨ ਲਈ ਪੈਸੇ ਨਹੀਂ ਹਨ। ਸਭ ਤਰ੍ਹਾਂ ਦੇ ਕਿੱਤਾਕਾਰਾਂ, ਕਿਰਤੀਆਂ, ਹੁਨਰਮੰਦਾਂ ਨੂੰ ਮਿਲਦੀਆਂ ਉਜਰਤਾਂ ਅਤੇ ਸਹੂਲਤਾਂ ਕਿਸੇ ਗਰੀਬ ਤੋਂ ਗਰੀਬ ਦੇਸ਼ ਵਾਲੀਆਂ ਹਨ। ਪਰ ਚੋਣਾਂ ਵਿਚ ਮੁੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦਾ ਖਰਚ ਅਮੀਰ ਤੋਂ ਅਮੀਰ ਦੇਸ਼ਾਂ ਤੋਂ ਵੀ ਜ਼ਿਆਦਾ ਹੁੰਦਾ ਹੈ। ਸੂਬੇ ਵਿਚ ਆਰਥਿਕ ਤੰਗੀ ਦੀ (ਬਾਕੀ ਅਗਲੇ ਪੇਜ਼ ‘ਤੇ) (ਬਾਕੀ ਪਿਛਲੇ ਪੇਜ਼ ‘ਤੇ) ਦੁਹਾਈ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਸਾਡਾ ਦੇਸ਼ ਜਾਂ ਸੂਬਾ ਗਰੀਬ ਹੈ। ਫਿਰ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ ਕੋਲ ਚੋਣਾਂ ਲਈ ਏਨਾ ਪੈਸਾ ਕਿਥੋਂ, ਕਿਵੇਂ ਅਤੇ ਕਿਉਂ ਆ ਜਾਂਦਾ ਹੈ? ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਪਾਰਟੀਆਂ ਵਲੋਂ ਹਰੇਕ ਪਾਰਲੀਮਾਨੀ ਸਭਾ ਸੀਟ ‘ਤੇ ਤਕਰੀਬਨ ਇਕ–ਇਕ ਅਰਬ ਰੁਪੱਈਆ ਖਰਚਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਸੀਂ ਆਪਣੇ ਪੇਸ਼ ਪਾ ਲਈ ਹੈ ਅਤੇ ਇਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ। ਜਿਥੇ ਇਕ ਪੋਸਟਰ ਜਾਂ ਬੈਨਰ ਨਾਲ ਸਰ ਸਕਦਾ ਉਥੇ ਸੌ ਸੌ ਲਗਾਏ ਜਾਂਦੇ ਹਨ। ਅਜਿਹਾ ਕਰਕੇ ਸਹੀ ਸੋਚ ਵਾਲੇ ਸਿਆਣੇ ਲੋਕਾਂ ਨੂੰ ਆਤੰਕਤ ਕੀਤਾ ਜਾਂਦਾ ਹੈ ਕਿ ਉਹ ਰਾਜਨੀਤੀ ਵਿਚ ਆਉਣ ਦੀ ਸੋਚ ਵੀ ਨਾ ਸਕਣ। ਵੱਡੀ ਗਿਣਤੀ ਵਿਚ ਵੱਡੇ ਵੱਡੇ ਹੋਰਡਿੰਗ ਲਾ ਕੇ ਸਿਆਸੀ ਬਦਮਾਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਪਾਵਰ ਹਥਿਆਉਣ ਲਈ ਪੈਸਾ ਖਰਚਣਾ ਅਤੇ ਪੈਸੇ ‘ਕੱਠੇ ਕਰਨ ਲਈ ਪਾਵਰ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉਪਰੋਂ ਵਿਰੋਧੀ ਲਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ਼ ਕਹਿ ਛੱਡਦੇ ਹਨ, ‘ਸਾਰੇ ਇਕੋ ਜਿਹੇ ਹਨ’ ਜਾਂ ‘ਸਭ ਰਲੇ ਹੋਏ ਹਨ’। ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ ਫੁੱਲੀ ਸਿਆਸਤ ਦਾ ਰੋਗ ਇਸ ਦੀ ਆਰਥਿਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆਂ ਹੋਇਆ ਹੈ।
ਅਸਲ ਆਗੂਆਂ ਨੇ ਦੇਖਣਾ ਹੁੰਦਾ ਕਿ ਲੋਕਾਂ ਦੀ ਭਲਾਈ ਕਿਸ ਗੱਲ ਵਿਚ ਹੈ, ਲੋਕਾਂ ਨੂੰ ਚੰਗੇ, ਸਿਆਣੇ ਅਤੇ ਖੁਸ਼ਹਾਲ ਕਿਵੇਂ ਬਣਾਉਣਾ ਹੈ। ਉਹ ਆਪ ਆਚਰਨ, ਵਿਹਾਰ ਅਤੇ ਕਾਨੂੰਨ ਪਾਲਣਾ ਦੇ ਉੱਚੇ ਮਿਆਰ ਅਪਣਾਉਂਦੇ ਅਤੇ ਜਨਤਾ ਲਈ ਉਦਾਹਰਣ ਬਣਦੇ ਹਨ। ਪਰ ਪੰਜਾਬ ਵਿਚ ਅਜਿਹੇ ਆਗੂਆਂ ਦਾ ਕਾਲ਼ ਹੈ। ਸਾਡੇ ਵਾਂਗ ਸਾਡਾ ਸਿਆਸਤਦਾਨ ਆਪਣਾ ਵਕਤੀ ਲਾਭ ਦੇਖਦਾ ਹੈ। ਲੋਕਾਂ ਨੂੰ ਬੇਵਕੂਫ ਅਤੇ ਉਜੱਡ ਬਣਾਉਂਦਾ ਹੈ। ਰਾਜਨੀਤੀ ਦਾ ਕੰਮ ਸਮੱਸਿਆਵਾਂ ਨੂੰ ਸੁਲਝਾਉਣਾ ਜਾਂ ਮੁੱਦਿਆਂ ਨੂੰ ਨਜਿੱਠਣਾ ਹੁੰਦਾ ਹੈ। ਪਰ ਸਾਡੇ ਹਰ ਪੱਧਰ ਦੇ ਮਸਲੇ ਵਧੀ ਜਾ ਰਹੇ ਹਨ। ਪੰਜਾਬ ਸਾਹ ਲੈਣ ਯੋਗ ਸਾਫ਼ ਹਵਾ ਅਤੇ ਪੀਣ ਯੋਗ ਸ਼ੁੱਧ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਹੀ ਵਾਂਝਾ ਹੋ ਗਿਆ ਹੈ। ਸਾਡੇ ਸਥਾਪਤ ਸਿਆਸਤਦਾਨ ਔਸਤਨ ਹਰ ਸਵਾ ਸਾਲ ਬਾਅਦ ਆਉਣ ਵਾਲੀ ਕਿਸੇ ਨਾ ਕਿਸੇ ਚੋਣ ਲਈ ਜਿੰਨਾ ਪੈਸਾ, ਸਮਾਂ, ਸ਼ਕਤੀ, ਰਸੂਖ ਅਤੇ ਦਿਮਾਗ ਵਰਤਦੇ ਹਨ ਜੇ ਓਨਾ ਲੋਕਾਂ ਦੀਆਂ ਸਮੱਸਿਆਂ ਨੂੰ ਨਜਿੱਠਣ ਲਈ ਲਾਉਣ ਤਾਂ ਸਵਾ ਸਾਲ ਦੇ ਅੰਦਰ ਪੰਜਾਬ ਮੋਟੀਆਂ ਮੋਟੀਆਂ ਸਾਰੀਆਂ ਸਮੱਸਿਆ ਤੋਂ ਮੁਕਤ ਹੋ ਸਕਦਾ ਹੈ। ਪਰ ਜਿਸ ਭਾਂਤ ਦੀ ਰਾਜਨੀਤੀ ਨੂੰ ਪੰਜਾਬ ਨੇ ਹੁਣ ਤੱਕ ਵਧਣ ਫੁੱਲਣ ਦਿੱਤਾ ਅਤੇ ਆਪਣੇ ਗਲ਼ ਪਾ ਲਿਆ ਹੈ ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਵੋਟਾਂ ਦੀ ‘ਮਜਬੂਰੀ’ ਕਾਰਨ ਇਹ ਰਾਜਨੀਤੀ ਜਨਤਕ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਸਾਰੇ ਨਿਯਮਾ ਕਾਨੂੰਨਾਂ ਦੀ ਪਾਲਣਾ ਲਈ ਅੜਿਕਾ ਬਣਦੀ ਹੈ। ਅੜਿਕਾ ਹੀ ਨਹੀਂ ਬਣਦੀ ਸਗੋਂ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਵਿਚ ਲੱਗੀ ਰਹਿੰਦੀ ਹੈ। ਪੁਲਿਸ ਪ੍ਰਬੰਧ ਵਿਚ ਦਖਲ ਦੇ ਕੇ ਉਸਦਾ ਅਪਰਾਧੀਕਰਨ ਕਰਦੀ ਹੈ। ਅਧੀਨ ਕਰਨ ਦੀ ਪ੍ਰਕਿਰਿਆ ਨੂੰ ਜ਼ੋਰਸ਼ੋਰ ਅਤੇ ਅਸਰਦਾਰ ਢੰਗ ਨਾਲ ਚਲਾਉਣ ਲਈ ਸਿਆਸਤਦਾਨਾਂ ਨੂੰ ਆਪਣੇ ਟੱਬਰ ਨਾਲ ਲਾਉਣੇ ਪੈਂਦੇ ਹਨ। ਨਤੀਜੇ ਵਜੋਂ ਸਿਆਸਤ ਵਿਚ ਦੇਸ਼ ਪਿਆਰ ਜਾਂ ਲੋਕ ਭਲਾਈ ਦੀ ਜਗ੍ਹਾ ਪਰਿਵਾਰਵਾਦ ਦਾ ਬੋਲਬਾਲਾ ਹੋ ਗਿਆ ਹੈ।