ਕੁਲਵੀਰ ਸਿੰਘ
ਹਰ ਉਹ ਵਿਅਕਤੀ ਜਿਸ ਵਿੱਚ ਇਨਸਾਨੀਅਤ ਜ਼ਿੰਦਾ ਹੈ ਜਾਗਦੀ ਜ਼ਮੀਰ ਵਾਲਾ ਹੈ ਉਹ ਕਿਸਾਨ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਮੈਂ ਭੀ ਇਕ ਕਿਸਾਨ ਹੋਣ ਦੇ ਨਾਤੇ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ। ਇਹ ਜਾਣਨ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ ਕਿ ਲੋਕ ਇਸ ਸੰਘਰਸ਼ ਨੂੰ ਕੀ ਸਮਝਦੇ ਹਨ। ਇਹੀ ਸਮਝਣ ਲਈ ਮੈਂ ਪੂਰੇ ਇੰਡੀਆ ਦਾ ਚੱਕਰ ਲਾਇਆ, ਹਰ ਥਾਂ ਤੇ ਗਿਆ ਜਿੱਥੇ ਲੋਕ ਇਕੱਠੇ ਹੁੰਦੇ ਹਨ ਜਿੱਥੇ ਲੋਕ ਘੁੰਮਣ ਫਿਰਨ ਆਉਂਦੇ ਹਨ, ਜਿੱਥੇ ਲੋਕ ਮੱਥਾ ਟੇਕਣ ਆਉਂਦੇ ਹਨ।ਲੋਕਾਂ ਵਿਚ ਖਡ਼੍ਹੇ ਹੋ ਕੇ ਉਨ੍ਹਾਂ ਨੂੰ ਇਸ ਸੰਘਰਸ਼ ਬਾਰੇ ਸਮਝਾਇਆ ਵੀ ਤੇ ਉਨ੍ਹਾਂ ਕੋਲੋਂ ਪੁੱਛਿਆ ਬਈ, ਚੱਲ ਰਹੇ ਸੰਘਰਸ਼ ਬਾਰੇ ਕੀ ਜਾਣਦੇ ਹਨ।
ਬੀਜੇਪੀ ਤੇ ਗੋਦੀ ਮੀਡੀਆ ਵੱਲੋਂ ਜੋ ਦੱਸਿਆ ਜਾਂਦਾ ਹੈ ਕਿ ਸੰਘਰਸ਼ ਕਰਨ ਵਾਲੇ ਅਤਿਵਾਦੀ ਮਾਓਵਾਦੀ ਲੋਕ ਹਨ, ਕਿਤੇ ਲੋਕ ਉਨ੍ਹਾਂ ਦੀਆਂ ਗੱਲਾਂ ਤੇ ਯਕੀਨ ਤਾਂ ਨਹੀਂ ਕਰ ਰਹੇ। ਮੈਂ ਬਹੁਤ ਖੁਸ਼ ਹਾਂ ਕਿ 99% ਲੋਕ ਕਿਸਾਨਾਂ ਦੇ ਇਸ ਸੰਘਰਸ਼ ਨੂੰ ਸਹੀ ਸਮਝਦੇ ਹਨ ਤੇ ਤਾਂ ਹੀ ਤਾਂ ਸਾਡਾ ਸਾਥ ਦੇ ਰਹੇ ਹਨ। ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਸੰਘਰਸ਼ ਨੂੰ ਹਰ ਇੱਕ ਵਿਅਕਤੀ ਦੇ ਤੱਕ ਪਹੁੰਚਾਵਾਂ, ਉਸ ਲਈ ਭਾਵੇਂ ਮੈਨੂੰ ਜਹਾਜ਼ਾਂ, ਬੱਸਾਂ, ਮੈਟਰੋ ਰੇਲਾਂ ਤੇ ਪਾਣੀ ਵਾਲੇ ਜਹਾਜ਼ਾਂ ਦਾ ਹੀ ਸਹਾਰਾ ਕਿਉਂ ਨਾ ਲੈਣਾ ਪਿਆ। ਬਦਨਾਮੀਆਂ ਸਹਿਣੀਆਂ ਪਈਆਂ, ਵਿਰੋਧ ਝੱਲਣੇ ਪਏ। ਪਰ ਅਸੀਂ ਆਪਣੀ ਆਵਾਜ਼ ਬੁਲੰਦ ਰੱਖੀ। ਇਸ ਗੱਲ ਦੀ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਪੰਜਾਬੀ ਲੋਕ ਦੁਨੀਆਂ ਦੇ ਹਰ ਕੋਨੇ ਕੋਨੇ ਵਿਚ ਵੱਸਦੇ ਹਨ ।ਤੇ ਉਥੇ ਬੈਠ ਕੇ ਕਿਸਾਨੀ ਸੰਘਰਸ਼ ਦਾ ਪ੍ਰਚਾਰ ਕਰ ਰਹੇ ਹਨ। ਉਹ ਵੀ ਉਨ੍ਹਾਂ ਦੀਆਂ ਬੋਲੀਆਂ ਵਿਚ , ਕਿਉਂਕਿ ਪੰਜਾਬੀ ਅੱਜ ਹਰ ਸੂਬੇ ਹਰ ਦੇਸ਼ ਦੀ ਭਾਸ਼ਾ ਜਾਣਦਾ ਹੈ। ਸਾਡੇ ਇਸ ਸੰਘਰਸ਼ ਨੂੰ ਵੱਡਾ ਕਰਨ ਵਿੱਚ ਸਾਡੇ ਪਰਵਾਸੀ ਵੀਰਾਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਹੁਣ ਹਰ ਕੋਈ ਇਹ ਸਮਝ ਚੁੱਕਿਆ ਕਿ ਸਰਕਾਰ ਝੂਠੀ ਹੈ। ਅਸੀਂ ਆਪਣੇ ਦੇਸ਼ ਨੂੰ ਧਰਮਾਂ ਅਤੇ ਜਾਤਾਂ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਆਪਣੇ ਦੇਸ਼ ਦੀ ਵਾਗਡੋਰ ਸੰਭਾਲਣ ਦੀ ਭੁੱਲ ਕਰ ਚੁੱਕੇ ਹਾਂ। ਸਾਡੇ ਦੇਸ਼ ਵਿੱਚ ਐਸੀ ਸਰਕਾਰ ਬਣ ਗਈ ਹੈ ਜੋ ਲੋਕਾਂ ਨੂੰ ਲੁੱਟ ਲੁੱਟ ਕੇ ਕੁਝ ਕਾਰੋਬਾਰੀਆਂ ਨੂੰ ਹੋਰ ਅਮੀਰ ਬਣਾਉਣ ਲੱਗੀ ਹੋਈ ਹੈ । ਹੁਣ ਸਾਡੀ ਜਨਤਾ ਮੋਦੀ ਤੇ ਮੋਦੀ ਦੇ ਵਪਾਰੀ ਯਾਰਾਂ ਦੀ ਸਾਰੀਆਂ ਚਾਲਾਂ ਨੂੰ ਸਮਝਦੀ ਹੈ।ਇਸੇ ਕਰਕੇ ਅੱਜ ਪੂਰੇ ਭਾਰਤ ਵਿੱਚ ਰੋਹ ਹੈ, ਗੁੱਸਾ ਹੈ। ਜੇ ਹੁਣ ਸਰਕਾਰ ਨੇ ਤਿੰਨੇ ਬਿੱਲ ਵਾਪਸ ਨਾ ਲਏ, ਹੋ ਸਕਦਾ ਹੈ ਸਾਡੇ ਦੇਸ਼ ਦੀ ਸਾਰੀ ਦੀ ਸਾਰੀ ਜਨਤਾ ,ਦੇਸ਼ ਦੇ ਪ੍ਰਧਾਨਮੰਤਰੀ ਦੇ ਖ਼ਿਲਾਫ਼ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਲੱਗ ਜਾਵੇ। ਕਿਉਂਕਿ ਹੁਣ ਸਾਰੇ ਇਸ ਜੁਮਲੇਬਾਜ਼ ਸਰਕਾਰ ਤੋਂ ਅੱਕੇ ਥੱਕੇ ਪਏ ਹਨ।