ਮੋਰਚੇ ਦਾ ਹਾਲ

ਮੋਰਚੇ ਦਾ ਹਾਲ

ਜਸਦੀਪ ਸਿੰਘ 

ਕਿਸਾਨ ਮੋਰਚੇ ਦੌਰਾਨ ਜੇਲਾਂ ਵਿਚ ਡੱਕੇ ਮੁਜ਼ਾਹਰਾਕਾਰੀ ਜ਼ਮਾਨਤਤੇ ਰਿਹਾ ਹੋ ਕੇ ਬਾਹਰ ਰਹੇ ਹਨ।  ਇਸ ਕਾਰਜ ਵਿਚ ਡੀ ਐਸ ਜੀ ਪੀ ਸੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਰਲ ਕੇ ਜੁਟੀ ਹੋਈ ਹੈ। 26 ਜਨਵਰੀ ਨੂੰ ਹੋਈਆਂ ਘਟਨਾਵਾਂ ਨੂੰ ਹਕੂਮਤ ਨੇ ਆਪਣੇ ਮਤਲਬ ਲਈ ਵਰਤ ਕੇ ਕਈ ਤਰਾਂ ਦੇ ਹਮਲੇ ਕੀਤੇ ਹਨ। ਅੰਦੋਲਨਕਾਰੀਆਂ ਤੇ ਝੂਠੇ ਕੇਸ ਪਾ ਜੇਲਾਂ ਵਿਚ ਸੁੱਟ ਕੇ, ਸ਼ਹਿਰੀ ਹਮਾਇਤੀਆਂ ਨੂੰ ਗ੍ਰਿਫਤਾਰ ਕਰਕੇ ਅਤੇ ਛਾਪੇ ਮਾਰਕੇ।

ਪਿਛਲੇ ਦਿਨੀਂ ਹਕੂਮਤ ਨੇ ਕੁਝ ਕੁ ਫ਼ਿਲਮੀ ਹਸਤੀਆਂਤੇ ਵੀ ਇਨਕਮ ਟੈਕਸ ਦੇ ਛਾਪੇ ਮਰਵਾਏ। ਬਹੁਤੀਆਂ ਫ਼ਿਲਮੀ ਹਸਤੀਆਂ ਅਤੇ ਕ੍ਰਿਕਟ ਖਿਡਾਰੀ ਤਾਂ ਪਹਿਲਾਂ ਹੀ ਹਕੂਮਤ ਪੱਖੀ ਬਿਆਨ ਦਿੰਦੇ ਨਹੀਂ ਥਕਦੇ। ਜਿਹੜੇ ਦੋ ਕੁ ਜਾਣੇ ਕਿਸਾਨੀ ਸੰਘਰਸ਼ ਦੇ ਪੱਖ ਅਤੇ ਹਕੂਮਤ ਦੀਆਂ ਲੋਕ ਦੋਖੀ ਨੀਤੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ ਉਹਨਾਂ ਨੂੰ ਅਜਿਹੇ ਡਰਾਵੇ ਦਿੱਤੇ ਜਾ ਰਹੇ ਹਨ। ਸਰਕਾਰ ਕਿੰਨਾ ਕੁ ਚਿਰ ਦਬਕੇ ਮਾਰ ਕੇ ਲੋਕਾਂ ਨੂੰ ਆਪਣੇ ਪੱਖ ਭੁਗਤਾਉਣ ਦੀ ਕੋਸ਼ਿਸ਼ ਕਰਦੀ ਰਹੇਗੀ। ਇਹ ਦੇਸ਼ ਇਥੋਂ ਦੇ ਲੋਕਾਂ ਦਾ ਹੈ ਨਾ ਕੇ ਇਸ ਫ਼ਿਰਕੂ ਸਰਕਾਰ ਦਾ ਜਾਂ ਇਸ ਦੇ ਮਾਲਕ ਕਾਰਪੋਰੇਟ ਘਰਾਣਿਆਂ ਦਾ। ਅੰਦੋਲਨ ਵਿਚ ਡਟੇ ਹੋਏ ਲੋਕ ਹੀ ਦੇਸ਼ ਦੀ ਤਕਦੀਰ ਬਦਲਣਗੇ।

ਬਦਲਾਅ ਦੇ ਇਸੇ ਸਿਲਸਿਲੇ ਨੂੰ ਜਾਰੀ ਰਖਦਿਆਂ ਕਿਸਾਨ ਮੋਰਚੇ ਨੇ ਬੰਗਾਲ, ਕੇਰਲਾ ਅਤੇ ਤਾਮਿਲ ਨਾਡੂ ਸੂਬਿਆਂ ਵਿਚ ਐਲਾਨੀਆਂ ਗਈਆਂ ਚੋਣਾਂ ਵਿਚ ਭਾਜਪਾ ਖਿਲਾਫ ਮੁਹਿੰਮ ਖੜੀ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਭਾਜਪਾ ਸਰਕਾਰ ਨੂੰ ਸੇਕ ਲੱਗੇ ਅਤੇ ਉਹ ਕਿਸਾਨੀ ਅੰਦੋਲਨ ਦੀਆਂ ਮੰਗਾਂ ਮੰਨਣ ਲਈ ਮਜ਼ਬੂਰ ਹੋਵੇ। ਅੱਡ ਅੱਡ ਸੂਬਿਆਂ ਵਿਚ ਹੋ ਰਹੀਆਂ ਇਹ ਰੈਲ਼ੀਆ ਕਿਸਾਨ ਮੋਰਚੇ ਦੇ ਸਿਆਸੀ ਚੋਣ ਅਖਾੜੇ ਵਿਚ ਸਿੱਧੇ ਦਖਲ ਨੂੰ ਦਰਸਾਉਂਦੀਆਂ ਹਨ। ਹੁਣ ਇਹ ਲੋੜ ਬਣ ਗਈ ਸੀ ਕੇ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਇਹ ਗੱਲ ਪਹੁੰਚਾਈ ਜਾਵੇ ਕਿ ਭਾਜਪਾ ਸਰਕਾਰ ਸਿਰਫ਼ ਅਤਿ ਅਮੀਰ ਕਾਰਪੋਰੇਟ ਘਰਾਣਿਆਂ ਦੀ ਸਕੀ ਹੈ ਅਤੇ ਸਰਕਾਰ ਦੀਆਂ ਨੀਤੀਆਂ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ ਬਲ ਕੇ ਲੋਕ ਵਿਰੋਧੀ ਹਨ। 

ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਫ਼ਰਵਰੀ ਨੂੰ ਗੁਰੂ ਰਵਿਦਾਸ ਜਿਯੰਤੀ ਮਨਾਈ ਗਈ ਅਤੇ 8 ਮਾਰਚ ਨੂੰ ਮਿਹਨਤਕਸ਼ ਔਰਤ ਦਿਵਸ ਮਨਾਇਆ ਜਾਵੇਗਾ। ਇਹਨਾਂ ਪ੍ਰੋਗਰਾਮਾਂ ਰਾਹੀਂ ਦਿੱਲੀ ਮੋਰਚੇ ਵਿਚ ਵੱਖ ਵੱਖ ਵਰਗਾਂ ਦੇ ਇਕੱਠ ਕਰਕੇ ਮੋਰਚੇ ਦਾ ਦਾਇਰਾ ਮੋਕਲਾ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜੁੜਨ ਦਾ ਸੱਦਾ ਪਹੁੰਚ ਰਿਹਾ ਹੈ। ਦਿੱਲੀ ਮੋਰਚੇ ਤੇ ਅੰਦੋਲਨਕਾਰੀਆਂ ਨੇ ਆਉਣ ਵਾਲੀਆਂ ਗਰਮੀਆਂ ਦੇ ਪੁਖਤਾ ਪ੍ਰਬੰਧ ਕਰ ਲਏ ਹਨ। 

ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ਼ ਨਾਲ਼ ਪੰਜਾਬ ਹਰਿਆਣਾ ਵਿਚ ਥਾਂ ਥਾਂ ਤੇ ਮੋਰਚੇ ਦੀ ਹਮਾਇਤ ਵਿਚ ਵੱਡੇ ਇਕੱਠ ਹੋ ਰਹੇ ਹਨ। ਹਕੂਮਤ ਦੀਆਂ ਲੋਕ ਰੋਹ ਨੂੰ ਦਬਾਉਣ, ਭਰਮਾਉਣ, ਟਾਲਣ ਦੇ ਸਾਰੇ ਹਥਕੰਡਿਆਂ ਦੇ ਬਾਵਜੂਦ ਲੋਕ ਜਿਆਦਾ ਹਿੰਮਤ ਨਾਲ਼ ਅਤੇ ਜਿਆਦਾ ਗਿਣਤੀ ਵਿਚ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਬਾਹਰਲੇ ਮੁਲਕਾਂ ਵਿਚ ਹਮਾਇਤ ਵੀ ਓਵੇਂ ਹੀ ਬਰਕਰਾਰ ਹੈ। ਕੈਨੇਡਾ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਲੋਕਾਂ ਨੇ ਸੜਕਤੇ ਰਾਤ ਕੱਟ ਕੇ ਨਿਆਰਾ ਰੋਸ ਮੁਜ਼ਾਹਰਾ ਕੀਤਾ। ਇਹ ਸਭ ਮੋਰਚੇ ਦੀ ਚੜ੍ਹਦੀ ਕਲਾ ਦੀ ਨਿਸ਼ਾਨਦੇਹੀ ਕਰਦਾ ਹੈ।

en_GBEnglish