ਸਾਬਕਾ ਫੌਜੀ ਮੇਜਰ ਖਾਨ ਦਾ ਹੌਂਸਲਾ

ਸਾਬਕਾ ਫੌਜੀ ਮੇਜਰ ਖਾਨ ਦਾ ਹੌਂਸਲਾ

ਸਿੰਘੂ ਬਾਰਡਰ ਤੋਂ ਇਕ ਅੰਦੋਲਨਜੀਵੀ

ਤਿੰਨ ਖੇਤੀ ਆਰਡੀਨੈਂਸਾਂ ਨੇ ਪਿਛਲੇ ਸਾਲ ਇਹੋ ਜਿਹੀ ਲਹਿਰ ਖੜੀ ਕੀਤੀ ਜੋ ਦਿਨੋਂ ਦਿਨ ਨਵੇਂ ਕੀਰਤੀਮਾਨ ਬਣਾ ਰਹੀ ਹੈ। ਹਰ ਇਕ ਅੰਦੋਲਨ ਵਿਚੋਂ ਵਿਚਾਰਧਾਰਾ ਦੇ ਨਾਲ ਨਾਲ ਲੀਡਰਾਂ ਦਾ ਜਨਮ ਵੀ ਹੁੰਦਾ ਹੈ। ਪਰਦੇ ਦੇ ਉਤੇ ਇਹ ਲੀਡਰ ਆਪਣੀ ਭੂਮਿਕਾ ਅਤੇ ਜੁੰਮੇਵਾਰੀ ਬਾਖੂਬੀ ਨਿਭਾਉਂਦੇ ਨੇ। ਇਹਨਾਂ ਸਬ ਕੁਝ ਹੋਣ ਪਿੱਛੇ ਮੇਜਰ ਖਾਨ ਵਰਗੀ ਰੀਡ ਦੀ ਹੱਡੀ ਹੁੰਦੀ ਹੈ ਜੋ ਸਬ ਨੂੰ ਜਿਉਂਦਾ ਰੱਖਦੀ ਹੈ।

ਪਟਿਆਲਾ ਦੇ ਝੰਡੀ ਪਿੰਡ ਦਾ 47 ਸਾਲਾਂ ਮੇਜਰ ਖਾਨ 26 ਨਵੰਬਰ ਤੋਂ ਹੀ ਸਿੰਘੁ ਮੋਰਚੇ ਤੇ ਡਟਿਆ ਹੋਇਆ ਹੈ।ਰੋਜ ਦੇ ਰੁਟੀਨ ਵਾਂਗ 15 ਮਾਰਚ ਨੂੰ ਵੀ ਜਦ ਉਹ ਆਪਣੇ ਪਿੰਡ ਦਿਆਂ ਟਰਾਲੀਆਂ ਵਲ ਨੂੰ ਗਏ ਤੇ ਸਾਮਣੇ ਪਿੰਡ ਵਾਲੇ ਇਕ ਕੇਕ ਲੈਕੇ ਬੜੇ ਜੋਸ਼ ਨਾਲ ਮੇਜਰ ਖਾਨ ਦਾ ਸੁਆਗਤ ਕਰਦੇ ਹੈ। ਉਸ ਕੇਕ ਤੇ ਲਿਖਿਆ ਹੁੰਦਾ ਹੈਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ” “ਹੈਪੀ ਬਰਡੇ ਪ੍ਰਧਾਨ ਮੇਜਰ ਖਾਨ”.

ਜਿਸ ਇਨਸਾਨ ਕੋਲ ਜ਼ਮੀਨ ਦੇ ਨਾਂਅ ਤੇ ਦੋ ਮਰਲੇ ਵੀ ਨਹੀਂ ਉਹ ਇਸ ਅੰਦੋਲਨ ਦੀ ਜੀ ਜਾਨ ਤੋਂ ਹਿਮਾਇਤ ਕਰਦਾ ਨਹੀਂ ਥੱਕਦਾ। ਜਿਸ ਸਮੇਂ ਵਿੱਚ ਇਸ ਦੇਸ਼ ਵਿਚ ਇਕ ਮੁਸਲਮਾਨ ਹੋਣ ਕਰਕੇ ਪਾਣੀ ਤਕ ਨਹੀਂ ਪੀਣ ਦਿਤਾ ਜਾਂਦਾ, ਉਸ ਸਮੇਂ ਵਿੱਚ ਮੇਜਰ ਖਾਨ ਦਾ ਇਸ ਅੰਦੋਲਨ ਵਿੱਚ ਵੱਧ ਕੇ ਹਿੱਸਾ ਪਾਉਣਾ ਸਰਕਾਰ ਨੂੰ ਸੀਧੀ ਚੁਣੌਤੀ ਹੈ। 

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਝੰਡੀ ਇਕਾਈ ਦੇ ਪ੍ਰਧਾਨ ਮੇਜਰ ਖਾਨ ਨੇ ਆਵਦੇ ਘਰ ਨੂੰ ਸੀਧਾ ਸੁਨੇਹਾ ਦਿੱਤਾ ਹੋਇਆ ਕਿ ਉਹਦੇ ਲਈ ਪਰਿਵਾਰ ਤੋਂ ਕਿਤੇ ਹੀ ਵੱਧ ਇਸ ਦੇਸ਼ ਨਾਲ ਪਿਆਰ ਹੈ। ਪਿਛਲੇ ਸਮੇਂ ਵਿਚ ਮੇਜਰ ਦੀ ਭਾਣਜੀ ਦਾ ਵਿਆਹ ਸੀ, ਮੇਜਰ ਦੇ ਪਰਿਵਾਰ ਤੇ ਕੁਛ ਸ਼ਰਾਰਤੀ ਅਨਸਰ ਵਲੋਂ ਹਮਲਾ ਹੋਇਆ ਪਰ ਇਸ ਸਭ ਤੋਂ ਵੱਧ ਮੇਜਰ ਖਾਨ ਨੂੰ ਦਿੱਲੀ ਮੋਰਚੇ ਦੀ ਫਿਕਰ ਹੈ। ਉਹ ਲੋਕਾਂ ਦੇ ਨਾਲ ਤਾਂ ਰਹਿੰਦੇ ਹੀ ਨੇ ਪਰ ਨਾਲ ਦੇ ਨਾਲ ਕਿਸਾਨ ਆਗੂਆ ਦਾ ਵੀ ਹੌਂਸਲਾ ਵਧਾਉਂਦੇ ਨੇ। ਕਿਸਾਨ ਆਗੂ ਡਾ ਦਰਸ਼ਨ ਪਾਲ ਅਤੇ ਜਗਮੋਹਨ ਸਿੰਘ ਦਿਨ ਵਿੱਚ ਘਟੋਂ ਘਟ ਦੋ ਵਾਰੀ ਤਾਂ ਜ਼ਰੂਰ ਫੋਨ ਕਰਕੇ ਜਾਂ ਮਿਲਕੇ ਮੇਜਰ ਖਾਨ ਦੀ ਸਲਾਹ ਲੈਂਦੇ ਨੇ ਜਾਂ ਹਾਲ ਪੁੱਛਦੇ ਨੇ। ਕਰਨਾਟਕ ਤੋਂ ਕਿਸਾਨ ਆਗੂ ਕਵਿਤਾ ਕੁਰੁਗੁੰਟੀ ਮੇਜਰ ਦੀ ਸਿਫਤਾਂ ਕਰਦੀ ਨਹੀਂ ਥੱਕਦੀ। 15 ਮਾਰਚ 2021 ਨੂੰ ਮੇਜਰ ਖਾਨ 47 ਸਾਲਾਂ ਦਾ ਹੋ ਗਿਆ। ਮੇਜਰ ਖਾਨ 1993 ਵਿੱਚ ਇੰਡਿਯਨ ਆਰਮੀ ਵਿੱਚ ਭਰਤੀ ਹੋਏ। ਫੌਜ਼ ਵਿੱਚ ਵੀ ਮਿਲਣਸਾਰ ਇਸਨਾਨ ਵਜੋਂ ਸਾਥੀਆਂ ਅਤੇ ਸੀਨੀਅਰ ਅਫਸਰਾਂ ਵਲੋਂ ਬਹੁਤ ਪਿਆਰ ਮਿਲਿਆ। ਕਰੀਬ 24 ਸਾਲ ਫੌਜ਼ ਸੇਵਾ ਕਰਨ ਤੋਂ ਬਾਅਦ 2016 ਵਿੱਚ ਰਿਟਾਇਰ ਹੋਏ। ਨਾ ਸਿਰਫ ਸਿੰਘੁ ਬਾਰਡਰ ਤੇ, ਬਲਕਿ ਮੇਜਰ ਖਾਨ  ਆਪਣੇ ਆਪ ਨੂੰ ਕਿਸਾਨੀ ਲਹਿਰ ਲਈ ਪਹਿਲਾਂ ਹੀ ਸਮਰਪਿਤ ਕਰ ਚੁਕੇ ਹਨ। ਪਿਛਲੇ ਸਾਲ ਜਦ ਕਿਸਾਨ ਆਗੂ ਪਿੰਡਾਂਮੋਟਰਾਂ ਤੇ ਜਾ ਜਾ ਕੇ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਵਾਰੇ ਦੱਸਿਆ ਕਰਦੇ ਸੀ ਤਾਂ ਵੀ ਮੇਜਰ ਖਾਨ ਦਿਨ ਰਾਤ ਆਪਣੀਆਂ ਸੇਵਾਵਾਂ ਦਿੰਦੇ ਰਹੇ। 

ਮੇਜਰ ਦੀ ਇਕ ਗੱਲ ਹੋਰ ਵੱਖਰੀ ਹੈ। ਉਹ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਮੰਨਦੇ। ਜੋ ਕੰਮ ਉਨ੍ਹਾਂ ਨੂੰ ਜ਼ਰੂਰੀ ਜਾਪਦਾ ਉਸ ਕੰਮ ਵਿੱਚ ਬਿਨਾਂ ਕਿਸੇ ਦੇਰੀ ਤੋਂ ਹੀ ਜੁਟ ਜਾਂਦੇ ਨੇ। ਪੰਜਾਬ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤਿੰਨ ਮਹੀਨੇ ਡਰਾਈਵਰ ਬਣੇ ਰਹੇ। ਸਿੰਘੁ ਮੋਰਚੇ ਤੇ ਕਿਸਾਨਾਂ ਦੇ ਖਾਨ ਪੀਣ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਦੇ ਨੇ। ਜੋ ਵੀ ਕਿਸਾਨ ਮੇਜਰ ਦੇ ਸੰਪਰਕ ਵਿੱਚ ਆਇਆ ਉਹ ਭੁੱਖਾ ਨਹੀਂ ਸੋਂ ਸਕਦਾ। ਉਹ ਕਿਸਾਨਾਂ ਦੇ ਮੈਲੇ ਕੱਪੜੇ ਵੇਖ ਧਵਾਉਣ ਦੀ ਜਿਦ ਕਰਦਾ। ਮੇਜਰ ਖਾਨ ਕਿਸਾਨਾਂ ਨੂੰ ਇਕੋ ਹੀ ਗੱਲ ਕਹਿੰਦਾ ਹੈ ਕਿ ਤੁਸੀਂ ਸਰਕਾਰ ਨਾਲ ਲੜਨ ਵਿੱਚ ਕੋਈ ਕਸਰ ਨਾ ਛੱਡੋ, ਤੁਆਡੀ ਸੇਵਾ ਕਰਨ ਵਿੱਚ ਮੈਂ ਕੋਈ ਕਸਰ ਨਹੀਂ ਛੱਡਾਂਗਾ।

ਅੰਦੋਲਨ ਖੜਾ ਕਰਨਾ ਲੀਡਰਾਂ ਦਾ ਕੰਮ ਜ਼ਰੂਰ ਹੈ ਪਰ ਅੰਦੋਲਨ ਨੂੰ ਜਿਉਂਦਾ ਰੱਖਣਾ ਮੇਜਰ ਖਾਨ ਵਰਗੇ ਸੂਰਮਿਆਂ ਦਾ ਕੰਮ ਹੈ। ਇਹ ਕਿਸਾਨੀ ਅੰਦੋਲਨ ਇਸ ਕਰਕੇ ਹੀ ਇਤਿਹਾਸਿਕ ਹੈ ਕਿ ਲੋਕਾਂ ਨੇ ਆਵਦੀ ਜਿੰਦਗੀ ਦਾਂਅ ਤੇ ਲਾਈ ਹੈ। ਅਪਣਾ ਘਰ ਬਾਰ ਛੱਡ ਕੇ, ਇਕ ਬੇਜਮੀਨਾ ਮੁਸਲਮਾਨ ਬੰਦਾ ਜਦ ਕਿਸਾਨਾਂ ਦੇ ਵਿਚਾਲੇ ਆਕੇ ਕਿਸਾਨ ਮਜਦੂਰ ਏਕਤਾ ਦਾ ਨਾਅਰਾ ਲਾਉਂਦਾ ਹੈ ਤਾਂ ਲੋਕਾਂ ਦਾ ਹੌਂਸਲਾ ਵਧਦਾ ਹੈ, ਤਾਂ ਸਰਕਾਰ ਦੀਆਂ ਜੜਾਂ ਹਿਲਦੀਆਂ ਨੇ, ਤਾਂ ਇਹ ਕਿਸਾਨ ਅੰਦੋਲਨ ਜਨ ਅੰਦੋਲਨ ਬਣਦਾ ਹੈ।

en_GBEnglish