ਸੰਪਾਦਕੀ

ਸੰਪਾਦਕੀ

ਸਰਕਾਰ ਦੇ ਨੁਮਾਇੰਦੇ ਹਰ ਵਾਰ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਦੇ ਨੁਕਤਿਆਂ ਜਾਂ ਐਮ. ਐੱਸ. ਪੀ. ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਸਾਨ ਆਗੂ ਹਰ ਵਾਰ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਲੈ ਕੇ ਆਉਂਦੇ ਹਨ। ਇਸ ਵਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਖਤੀ ਨਾਲ਼ ਸਰਕਾਰੀ ਨੁਮਾਇੰਦਿਆਂ ਨੂੰ ਮੁੱਦੇ ਦੀ ਗੱਲ ਤੋਂ ਟਰਕਾਉਣ ਦੇ ਇਸ ਵਤੀਰੇ ਤੋਂ ਬਾਜ ਆਉਣ ਲਈ ਕਿਹਾ। ਇਕ ਆਗੂ ਨੇ “ਜਾਂ ਮਰਾਂਗੇ ਜਾਂ ਜਿੱਤਾਂਗੇ” ਦੀ ਤਖਤੀ ਲਾ ਕੇ ਰੋਸ ਪ੍ਰਗਟਾਇਆ। ਬੀਬੀਸੀ ਦੇ ਪੱਤਰਕਾਰ ਦੇ ਪੁੱਛਣ ਤੇ ਕਿ ਇਹ ਬੇਸਿੱਟਾ ਮੀਟਿੰਗਾਂ ਕਦੋਂ ਤੱਕ ਚਲਦੀਆਂ ਰਹਿਣ ਗੀਆਂ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕੇ ਜਿੰਨਾਂ ਚਿਰ ਸਾਡੇ ਵਿਚ ਲੜਨ ਦਾ ਮਾਦਾ ਹੈ, ਜਿੰਨਾਂ ਚਿਰ ਭਾਜਪਾ ਦਾ ਸਿਆਸੀ ਨੁਕਸਾਨ ਨਹੀਂ ਹੁੰਦਾ, ਉਹਨਾਂ ਦੀ ਕੁਰਸੀ ਨਹੀਂ ਥਿੜਕਦੀ, ਓਨਾ ਚਿਰ। ਮੀਟਿੰਗ ‘ਚ ਆਗੂਆਂ ਦੇ ਕਿਸਾਨਾਂ ਦੇ ਵਤੀਰੇ ਤੋਂ, 7 ਦਿਸੰਬਰ ਦੇ ਟਰੈਕਟਰ ਮਾਰਚ ਨੂੰ ਮਿਲੇ ਹੁੰਗਾਰੇ ਤੋਂ ਪਤਾ ਲਗਦਾ ਹੈ ਕਿ ਕਿਸਾਨੀ ਦਾ ਰੋਸ ਤਿੱਖਾ ਹੋ ਰਿਹਾ ਹੈ ਤੇ ਸਰਕਾਰ ਦੀਆਂ ਚੋਰ ਮੋਰੀਆਂ ਬੰਦ ਹੋ ਰਹੀਆਂ ਹਨ।

ਅਮਰੀਕਾ ਦੀ ਅਸੈਂਬਲੀ ਵਿਚ ਸਾਬਕਾ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਭੜਕਾਏ ਸੱਜ ਪਿਛਾਖੜੀ ਗੋਰੇ ਹੁੱਲੜਬਾਜਾਂ ਨੇ ਤੋੜਭੰਨ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੀ ਛੇਤੀ ਟਵੀਟ ਕਰਕੇ ਦੁੱਖ ਜਾਹਿਰ ਕੀਤਾ। ਪਰ ਉਹ ਆਪਣੀ ਰਾਜਧਾਨੀ ਬਾਹਰ ਬੈਠੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਤੋਂ ਮੁਨਕਰ ਹਨ। ਯਾਦ ਰੱਖਿਆ ਜਾਵੇ ਕਿ ਨਰਿੰਦਰ ਮੋਦੀ, ਡੋਨਾਲਡ ਟਰੰਪ ਦੇ ਹੱਕ ਵਿਚ ਰੈਲੀਆਂ ਕਰਦੇ ਰਹੇ ਹਨ ਅਤੇ ਭਾਜਪਾ ਦੇ ਹੱਥਠੋਕੇ ਹੁੱਲੜਬਾਜ, ਜਾਮੀਆ, ਦਿੱਲੀ ਅਤੇ ਜਵਾਹਰ ਲਾਲ ਯੂਨੀਵਰਸਿਟੀਆਂ ਤੋਂ ਲੈ ਕੇ ਦੇਸ਼ ਦੇ ਵੱਖ ਵੱਖ ਸਾਂਝੇ ਥਾਵਾਂ ਅਤੇ ਸ਼ਾਤਮਈ ਅੰਦੋਲਨਾਂ ਵਿਚ ਗੁੰਡਾਗਰਦੀ ਕਰਦੇ ਰਹੇ ਹਨ। ਸਰਕਾਰ ਦੀ ਕਠਪੁਤਲੀ ਪੁਲਿਸ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਜ੍ਹੇਲਾਂ ਵਿਚ ਸੁਟਦੀ ਰਹੀ ਹੈ। ਕਿਸਾਨ ਮੋਰਚੇ ਨੇ ਇਸ ਲੋਕ ਦੋਖੀ ਸਰਕਾਰ ਦੇ ਪੁਰਾਣੇ ਰਿਕਾਰਡ ਨੂੰ ਵੇਖਦਿਆਂ ਹੀ ਏਨੀ ਵੱਡੀ ਗਿਣਤੀ ਵਿਚ ਲਾਮਬੰਦੀ ਕੀਤੀ ਹੈ। ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਪ੍ਰਭਾਵ ਹੇਠ ਲੈ ਆਂਦਾ ਹੈ ਕਿ ਕਿਸਾਨਾਂ ਲਈ ਕਾਨੂੰਨੀ ਰਾਹ ਫੜਨਾ ਵੀ ਕਾਲੇ ਖੇਤੀ ਕਾਨੂੰਨਾ ਦਾ ਫੰਦਾ ਆਪਣੇ ਗਲ ਪਾਉਣ ਵਰਗਾ ਹੈ। 

9 ਦਸੰਬਰ ਨੂੰ ਸਰ ਛੋਟੂ ਰਾਮ ਦੀ ਬਰਸੀ ਸੀ। 1938 ਈਸਵੀ ਦੇ ਕੀਤੇ ਖੇਤੀ ਸੁਧਾਰਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿਚੋਂ ਕੱਢਣ ਅਤੇ ਉਹਨਾਂ ਦੀਆਂ ਜਮੀਨਾਂ ਦੀ ਕੁਰਕੀ ਰੋਕਣ ਵਾਸਤੇ ਵਿਚ ਵੱਡਾ ਹਿੱਸਾ ਪਾਇਆ। ਟੀਕਰੀ ਦੀ ਸਟੇਜ ਤੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਸਰ ਛੋਟੂ ਰਾਮ ਵਰਗੇ 500 ਆਗੂ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। 

ਪੰਜਾਬ ਵਿਚ ਚੱਲ ਰਹੇ ਸੰਘਰਸ਼ ਵਿਚ ਭਾਜਪਾ ਆਗੂਆਂ ਦੇ ਵਿਰੋਧ ਕਰ ਰਹੇ ਅੰਦੋਲਨਕਾਰੀਆਂ ‘ਤੇ ਇਰਾਦਾ ਕਤਲ ਵਰਗੇ ਸੰਗੀਨ ਪਰਚੇ ਦਰਜ ਹੋ ਰਹੇ ਹਨ। ਮਕਬੂਲ ਗੀਤ ‘ਕਿਸਾਨ ਐਨਥਮ’ ਲਿਖਣ ਵਾਲੇ ਗੀਤਕਾਰ ਸ਼੍ਰੀ ਬਰਾੜ ਨੂੰ ਇਕ ਹੋਰ ਗੀਤ ਵਿਚ ਹਿੰਸਾ ਫੈਲਾਉਣ ਵਾਲੇ ਸ਼ਬਦ ਲਿਖਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਸੂਬੇ ਦੀ ਹੁਕਮਰਾਨ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਸੁਰ ਰਲ ਗਏ ਜਾਪਦੇ ਹਨ। ਪਰ ਲੋਕ ਰੋਹ ਮੂਹਰੇ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਸਰਕਾਰ ਨੂੰ ਪਿੱਛੇ ਹਟਣਾ ਹੀ ਪਵੇਗਾ। ਕਿਉਂਕਿ ਲੋਕਰਾਜ, ਸਿਰਫ਼ ਵੋਟਾਂ ਨਾਲ਼ ਪੰਜ ਸਾਲੀਂ ਚੋਣਾ ਜਿੱਤ ਕੇ ਨਹੀਂ, ਬਲਕਿ ਹੱਕਾਂ ਲਈ ਲੜ ਰਹੇ ਲੋਕਾਂ ਦੀਆਂ ਮੰਗਾਂ ਤੇ ਅਮਲ ਕਰ ਕੇ ਬਣਦਾ ਹੈ। ਲੋਕਰਾਜ ਦੀ ਅਸਲ ਤਰਜ਼ਮਾਨੀ ਅੰਦੋਲਨਕਾਰੀ ਕਰ ਰਹੇ ਹਨ ਨਾ ਕਿ ਕਾਰਪੋਰੇਟ ਘਰਾਣਿਆਂ ਤੋਂ ਪੈਸੇ ਲੈ ਕੇ ਚੋਣਾਂ ਲੜਨ ਵਾਲ਼ੇ। 

en_GBEnglish