ਨੌਜਵਾਨਾਂ ਦਾ ਯੋਗਦਾਨ

ਨੌਜਵਾਨਾਂ ਦਾ ਯੋਗਦਾਨ

ਜਸਦੀਪ ਸਿੰਘ, ਨਵਕਿਰਨ ਨੱਤ

ਮਨੁੱਖੀ ਇਤਿਹਾਸ ਦੇ ਹਰ ਸੰਘਰਸ਼ ਵਿਚ ਨੌਜਵਾਨ ਅਹਿਮ ਹਿੱਸਾ ਰਹੇ ਹਨ। ਚੱਲ ਰਹੇ ਕਿਸਾਨ ਸੰਘਰਸ਼ ਦੀ ਖਾਸੀਅਤ ਹੈ ਕਿ ਇਸ ਵਿਚ ਨੌਜਵਾਨ ਮੁੰਡੇ ਕੁੜੀਆਂ ਦੀ ਭਰਵੀਂ ਹਿੱਸੇਦਾਰੀ ਹੈ। ਬੈਰੀਕੇਡ, ਜਲਤੋਪਾਂ, ਪੁਲਿਸ ਦੇ ਡੰਡਿਆਂ ਵਰਗੀ ਹਰ ਔਕੜ ਨੂੰ ਅੱਗੇ ਵੱਧ ਕੇ ਸਰ ਕਰਦਿਆਂ ਨੌਜਵਾਨ ਕਿਰਤੀਆਂ ਦੇ ਏਕੇ ਅਤੇ ਸਬਰ ਨੇ ਸਰਕਾਰ ਨੂੰ ਪਿੱਛੇ ਹਟ ਕੇ ਗੱਲ ਸੁਣਨ ਲਈ ਮਜ਼ਬੂਰ ਕਰ ਦਿੱਤਾ ਹੈ। ਕਿਰਤੀ ਨੌਜਵਾਨ ਕਾਲੇ ਖੇਤੀ ਕਾਨੂੰਨਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਲਾਮਬੰਦੀ ਵਿਚ ਜੁਟੇ ਹੋਏ ਹਨ। ਨੌਜਵਾਨ ਗਾਇਕਾਂ, ਲਿਖਾਰੀਆਂ ਨੇ ਵੀ ਜੂਨ-ਜੁਲਾਈ 2020 ਤੋਂ ਹੀ ਕਿਸਾਨਾਂ ਮਜਦੂਰਾਂ ਦੇ ਹੱਕ ਵਿਚ ਗੀਤ ਲਿਖਣੇ, ਗਾਉਣੇ ਸ਼ੁਰੂ ਕਰ ਦਿੱਤੇ ਸਨ। ਕਈ ਗਾਇਕ ਅਦਾਕਾਰ ਆਪਣਾ ਪੇਸ਼ਾ ਛੱਡ, ਖੁਦ ਅੰਦੋਲਨਕਾਰੀ ਬਣ ਗਏ। ਵਕੀਲ, ਪੱਤਰਕਾਰ ਅਤੇ ਪਾੜ੍ਹੇ ਇਸ ਅੰਦੋਲਨ ਦੀ ਹਿਮਾਇਤ ਵਿਚ ਆ ਨਿੱਤਰੇ। ਅਨੇਕਾਂ ਸ਼ਹਿਰੀ ਮੁੰਡੇ ਕੁੜੀਆਂ ਸੇਵਾ ਕਾਰਜਾਂ ਵਿਚ ਜੁਟ ਗਏ। ਕਲਾਕਾਰ, ਫੋਟੋਗ੍ਰਾਫਰ, ਫ਼ਿਲਮਸਾਜ ਇਸ ਅੰਦੋਲਨ ਨੂੰ ਕੈਮਰੇ ਅਤੇ ਰੰਗਾਂ ਰਾਹੀਂ ਸਹੇਜਣ ਲੱਗੇ। ਡਾਕਟਰਾਂ ਨੇ ਮਰਹਮ ਪੱਟੀ, ਦਵਾਈ ਬੂਟੀ ਨਾਲ਼ ਸਰਕਾਰੀ ਹੈਂਕੜ ਦੇ ਦਿੱਤੇ ਜਖਮ ਭਰੇ। ਇੰਜੀਨਅਰਾਂ, ਤਕਨਾਲੌਜੀ ਜਾਣੂਆਂ ਨੇ ਸੋਸ਼ਲ ਮੀਡੀਆ ਸਾਈਟਾਂ  ਟਵਿਟਰ ਅਤੇ ਫੇਸਬੁਕ ਉਪਰ ਮੋਰਚਾ ਸਾਂਭਿਆ। ਦੇਸ ਵਿਦੇਸ਼ ਵਿਚ ਕਿਸਾਨ ਮੋਰਚੇ ਦੀ ਹਿਮਾਇਤ ਨੂੰ ਪੱਕੇ ਪੈਰੀਂ ਕਰਨ ਵਿਚ ਨੌਜਵਾਨਾਂ ਦਾ ਯੋਗਦਾਨ ਰਿਹਾ। ਜੇ ਇਹ ਅੰਦੋਲਨ ਐਨੀ ਛੇਤੀ ਇਸ ਮੁਕਾਮ ਤੇ ਪਹੁੰਚਿਆ ਹੈ ਤਾਂ ਉਸ ਵਿਚ ਨੌਜਵਾਨਾਂ ਦੇ ਜੋਸ਼ ਦਾ ਵੱਡਾ ਯੋਗਦਾਨ ਹੈ। ਨੌਜਵਾਨਾਂ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਹੋਸ਼ ਕਬੂਲਿਆ ਵੀ ਹੈ ਅਤੇ ਆਗੂਆਂ ਨੂੰ ਹੋਰ ਜੋਸ਼ੀਲਾ ਵੀ ਕੀਤਾ ਹੈ। 

26 ਸਾਲਾਂ ਦੇ ਨਵਦੀਪ ਸਿੰਘ ਜਲਵੇੜਾ ਭਾ. ਕਿ. ਯੂ. ਚੜੂਨੀ ਦੇ ਮੈਂਬਰ ਹਨ ਅਤੇ 26 ਨਵੰਬਰ ਨੂੰ ਜਲਤੋਪ ਦਾ ਮੂੰਹ ਮੋੜਦਿਆਂ ਦੀ ਇਹਨਾਂ ਦੀ ਤਸਵੀਰ ਅਤੇ ਵੀਡੀਓ, ਅੰਦੋਲਨ ਦੇ ਜੋਸ਼ ਦੀ ਮਿਸਾਲ ਬਣੀ। ਉਹ ਜੂਨ ਜੁਲਾਈ ਤੋਂ ਲਾਮਬੰਦੀ ਵਿਚ ਜੁਟੇ ਹੋਏ ਸਨ। ਕਹਿੰਦੇ ਹਨ ਕਿ ਦਿੱਲੀ ਆਉਣ ਵਿਚ ਬੈਰੀਕੇਡ ਪਾਸੇ ਕਰਨ ਤੋਂ ਲੈ ਕੇ ਏਥੇ ਮੋਰਚੇ ਵਿਚ ਸਾਫ ਸਫਾਈ, ਸੇਵਾ, ਸੁਵਧਾਵਾਂ, ਪ੍ਰਬੰਧ ਕਾਰਜ, ਜਾਗਰੂਕਤਾ ਪਹੁੰਚਾਉਣ, ਸੱਥ ਵਿਚ ਵਿਚਾਰ ਵਟਾਂਦਰੇ ਕਰਨ ਵਿਚ ਸਾਰੇ ਨੌਜਵਾਨਾਂ ਦਾ ਯੋਗਦਾਨ ਹੈ। ਇਸ ਅੰਦੋਲਨ ਨੇ ਸਿਖਾਇਆ ਹੈ ਕਿ ਆਪਣੇ ਹੱਕਾਂ ਲਈ ਲੜਨਾ, ਅਵਾਜ ਬੁਲੰਦ ਕਰਨਾ ਅਸੀਂ ਭੁੱਲ ਚੁਕੇ ਸਾਂ; ਹੱਕ ਸੱਚ ਦੀ ਲੜਾਈ ਦੀ ਜੋ ਜਾਚ ਅਸੀਂ ਸਿੱਖ ਲਈ ਹੈ ਅਤੇ ਇਹ ਭਵਿੱਖ ਵਿਚ ਸਾਡੇ ਬਹੁਤ ਕੰਮ ਆਏਗੀ। 

ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਆਪਣੀ ਜ਼ਿੰਦਗੀ ‘ਚ ਪਹਿਲੀ ਦਫ਼ਾ ਐਨੇ ਵੱਡੇ ਸੰਘਰਸ਼ ਦਾ ਹਿੱਸਾ ਬਣੇ ਹਨ। ਓਹ ਬੇਸ਼ੱਕ ਇੱਕ ਜੋਸ਼ ਭਰਪੂਰ ਮਾਹੌਲ ਦੇ ਦੌਰਾਨ ਇਸ ਸੰਘਰਸ਼ ਦਾ ਹਿੱਸਾ ਬਣੇ ਸਨ ਪਰ 

ਹੁਣ ਲਗਾਤਾਰ ਧਰਨਿਆਂ ਦੇ ਵਿੱਚ ਹੁੰਦੇ ਭਾਸ਼ਣ ਸੁਣਕੇ, ਕਿਤਾਬਾਂ ਪੜ੍ਹਕੇ ਅਤੇ ਵਿਚਾਰ- ਵਟਾਂਦਰੇ ਕਰਕੇ, ਇਹਨਾਂ ਮੁੱਦਿਆਂ ਦੇ ਪਿੱਛੇ ਦੀ ਸਿਆਸਤ ਨੂੰ ਸਮਝਣ ਲੱਗੇ ਹਨ। ਓਹ ਜਾਨਣ ਲੱਗੇ ਹਨ ਕਿ ਸਾਡੀ ਲੜਾਈ ਸਿਰਫ਼ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਤੱਕ ਖਤਮ ਨਹੀਂ ਹੋਣੀ ਬਲਕਿ ਓਹ ਤਾਂ ਕੇਵਲ ਸਾਡੀ ਪਹਿਲੀ ਜਿੱਤ ਹੋਵੇਗੀ। ਮਨਿੰਦਰ ਕੌਰ ਜੋ ਬਾਰ੍ਹਵੀਂ ਜਮਾਤ ਦੀ ਸਟੂਡੈਂਟ ਹੈ ਅਤੇ ਇਕੱਲੀ ਇਸ ਸੰਘਰਸ਼ ਵਿੱਚ ਆਈ ਹੋਈ ਹੈ ਨੇ ਕਿਹਾ ਕਿ ਅੱਜ ਬੇਸ਼ੱਕ ਅਸੀਂ ਕਿਸਾਨੀ ਦੇ ਸਵਾਲ ‘ਤੇ ਇੱਥੇ ਇਕੱਠੇ ਹੋਕੇ ਲੜ ਰਹੇ ਹਾਂ ਪਰ ਹੁਣ ਅਸੀਂ ਇਹ ਵੀ ਸਮਝ ਚੁੱਕੇ ਹਾਂ ਕਿ ਕਿਵੇਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਸਿੱਖਿਆ ਮਹਿੰਗੀ ਹੁੰਦੀ ਗਈ ਹੈ ਅਤੇ ਰੋਜ਼ਗਾਰ ਦੇ ਮੌਕੇ ਘਟਦੇ ਜਾਂ ਰਹੇ ਹਨ। ਇਸ ਸੰਘਰਸ਼ ਦੀ ਜਿੱਤ ਸਾਨੂੰ ਸਾਡੀਆਂ ਅਗਲੀਆਂ ਲੜਾਈਆਂ ਲਈ ਹੋਰ ਬਲ ਬਖਸ਼ੇਗੀ।

ਨੌਜਵਾਨ ਕੁੜੀਆਂ ਦੀ ਇਸ ਅੰਦੋਲਨ ਵਿਚ ਹਿੱਸੇਦਾਰੀ ਬਾਰੇ ਭਾ. ਕਿ. ਯੂ. ਕ੍ਰਾਂਤੀਕਾਰੀ ਦੇ ਸੂਬਾ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਸੁਚੇਤ ਤੌਰ ਤੇ ਔਰਤਾਂ ਦੀ ਲਾਮਬੰਦੀ ਅਤੇ ਸੁਹਿਰਦ ਤੌਰ ਤੇ ਨਾਰੀ ਮੁਕਤੀ ਵੱਲ ਸੇਧਿਤ ਲਹਿਰ ਖੜੀ ਕਰਨ ਦੀ ਹਲੇ ਵੀ ਲੋੜ ਹੈ। ਦਹਾਕਿਆਂ ਦੇ ਕਿਸਾਨੀ ਘੋਲਾਂ ਨੂੰ ਵੀ ਦੇਖਿਆ ਜਾਵੇ ਤਾਂ ਇਹ ਬਹੁਤ ਵੱਡਾ ਬਦਲਾਓ ਹੈ ਕਿ ਪੜ ਲਿਖ ਕੇ ਜਾਗਰੂਕ ਹੋਈਆਂ ਔਰਤਾਂ ਖੁਦ-ਬ-ਖੁਦ ਸਿਆਸੀ ਘੋਲਾਂ ਦਾ ਹਿੱਸਾ ਬਣ ਰਹੀਆਂ ਹਨ। ਜਿਸ ਤਰਾਂ ਕੁੜੀਆਂ ਸਿਆਸੀ ਖੇਤਰ ਵਿਚ ਕਾਰਕੁਨ, ਵਕੀਲ, ਪੱਤਰਕਾਰ ਦੇ ਰੂਪ ਵਿਚ ਸ਼ਾਮਿਲ ਹੋਈਆਂ ਹਨ ਅਤੇ ਇਸ ਨੂੰ ਆਉਣ ਵਾਲੇ ਵੱਡੇ ਘੋਲਾਂ ਦੀ ਦਸਤਕ ਸਮਝਿਆ ਜਾ ਸਕਦਾ ਹੈ। 

ਨੌਜਵਾਨਾਂ ਦੇ ਯੋਗਦਾਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਕਹਿੰਦੇ ਹਨ ਕਿ ਕਿਸਾਨ ਜਥੇਬੰਦੀਆਂ ਦੇ ਕਈ ਪ੍ਰੋਗਰਾਮ ਜਿਵੇਂ ਟੌਲ ਪਲਾਜਿਆਂ ਦੀ ਘੇਰਾਬੰਦੀ, ਅਦਾਨੀ ਅੰਬਾਨੀ ਦਾ ਬਾਈਕਾਟ ਅਤੇ ਟਰੈਕਟਰ ਮਾਰਚ ਨੇ ਸਤੰਬਰ 2020 ਤੋਂ ਹੀ ਨੌਜਵਾਨਾਂ ਨੂੰ ਸੰਘਰਸ਼ ਨਾਲ਼ ਜੋੜਨਾ ਸ਼ੁਰੂ ਕਰ ਦਿੱਤਾ ਸੀ। ਕਲਾਕਾਰਾਂ ਨੇ ਜਵਾਨਾਂ ਨੂੰ ਇਕੱਠਿਆਂ ਕਰਕੇ ਘੋਲ ਵਿਚ ਇਕਜੁੱਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ। ਬਹੁਤ ਸਾਰੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਜਵਾਨਾਂ ਨੂੰ ਸੰਘਰਸ਼ ਨਾਲ਼ ਜੋੜਿਆ। ਦਿੱਲੀ ਨਾਲ਼ ਮੱਥਾ ਲਾਉਣ ਵਿਚ ਹਰ ਸੂਬੇ ਦੀ ਜਵਾਨੀ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਈ। ਪਰ ਜਵਾਨੀ ਦੇ ਹੋਸ਼ ਤੇ ਜੋਸ਼ ਨੂੰ ਇਕਸਾਰ ਕਰਨ ਲਈ, ਅਨੁਸ਼ਾਸ਼ਿਤ ਕਰਨ ਲਈ, ਅਤੇ ਅਹਿੰਸਕ ਰਹਿ ਕੇ ਘੋਲ ਦੇ ਅੰਤ ਤੱਕ, ਜੋ ਕਿ ਕਾਲੇ ਖੇਤੀ ਕਾਨੂੰਨ ਵਾਪਿਸ ਕਰਾਉਣਾ ਹੈ, ਜੁੜੇ ਰਹਿਣ ਲਈ ਕਿਸਾਨ ਜੱਥੇਬੰਦੀਆਂ ਆਪਣੀ ਜੁੰਮੇਵਾਰੀ ਸਮਝਦੀਆਂ ਹਨ।

en_GBEnglish