ਹਰਕੀਰਤ ਕੌਰ, ਚਿਲੀਵੈਕ, ਕੈਨੇਡਾ
ਧਰਤੀ ਦੀ ਜਾਤ ਉੱਤਮ ਹੈ, ਤਾਹੀਓਂ ਤਾਂ ਇਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਾਰੀ ਸ੍ਰਿਸ਼ਟੀ ਨੂੰ ਬੁੱਕਲ ਦੇਣ ਵਾਲੀ ਇਸ ਮਾਂ ਦੇ ਅਸਲੀ ਪੁੱਤ ਤਾਂ ਕਿਰਸਾਨ ਹੀ ਹਨ ਜੋ ਇਸ ਦੇ ਕਣ ਕਣ ਨੂੰ ਨਿਹਾਰਦੇ, ਸਿੰਜਦੇ, ਅੰਨ ਪੈਦਾ ਕਰਦੇ ਹਨ ਅਤੇ ਧਰਤ ਤੇ ਪੈਦਾ ਹੋਏ ਹਰ ਜੀਅ ਦੇ ਢਿੱਡ ਦੀ ਭੁੱਖ ਬੁਝਾਉਂਦੇ ਹਨ। ਮਿੱਟੀ ਨਾਲ ਮਿੱਟੀ ਹੋਣ ਵਾਲਾ ਇਹ ਕਿਰਤੀ ਆਪ ਵੀ ਮਾਂ ਦੇ ਮੁਹਾਂਦਰੇ ਦੇ ਨਾਲ ਨਾਲ ਤਬੀਅਤ ਵੀ ਉਹੋ ਜਿਹੀ ਹੀ ਰੱਖਦੈ। ਕੁਦਰਤ ਦੀਆਂ ਕਰੋਪੀਆਂ ਜਿਵੇਂ ਹੜ੍ਹ, ਸੋਕਾ, ਝੱਖੜ, ਸੇਮ ਆਦਿ ਆਫਤਾਂ ਨੂੰ ਧਰਤੀ ਵਾਂਗ ਆਪਣੇ ਪਿੰਡੇ ਤੇ ਜਰਦਾ, ਹਉਂਕੇ ਭਰਦਾ, ਸਰਬੱਤ ਦਾ ਭਾਨਾ ਮੰਗਦਾ ਹੈ। ਧਰਤੀ ਨਾਲ ਜੁੜੇ ਇਹਨਾਂ ਲੋਕਾਂ ਦੀ ਸੋਚ ਵਿੱਚ ਰਹਿਮ, ਪਿਆਰ, ਸਹਿਜ, ਸੰਤੋਖ, ਫ਼ਕੀਰੀ, ਬਹਾਦੁਰੀ ਅਤੇ ਇਮਾਨਦਾਰੀ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਧੰਨੇ ਭਗਤ ਵਰਗੇ ਭੋਲੇ ਭਾਲੇ ਜੱਟ ਪਿਛਲੇ ਕੁਝ ਕੁ ਦਹਾਕਿਆਂ ਤੋਂ ਕਾਰਪੋਰੇਟ ਸੈਕਟਰ ਦੀਆਂ ਲੂੰਬੜ ਚਾਲਾਂ ਦਾ ਸ਼ਿਕਾਰ ਵੀ ਹੋਏ। ਵੱਧ ਝਾੜ ਲਈ ਸਪਰੇਆਂ, ਕੈਮੀਕਲ, ਜਨੈਟੀਕਲੀ ਮੌਡੀਫਾਇਡ ਬੀਜ ਤੇ ਹੋਰ ਆਧੁਨਿਕ ਯੰਤਰਾਂ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਦੀ ਹੋਂਦ ਹੀ ਨਾਮਾਤਰ ਕਰ ਦਿੱਤੀ, ਜਿਨ੍ਹਾਂ ਵਿੱਚ ਮੂੰਗਫਲੀ, ਤਾਰਾਮੀਰਾ, ਸਰੋਂ, ਜੌਂ, ਬਾਜਰਾ, ਛੋਲੇ, ਮੱਕੀ ਆਦਿ ਹਨ ਜੋ ਕਿ ਕਿਰਸਾਨ ਦੀ ਨਿੱਜੀ ਲੋੜਾਂ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਜਾਂਦੀਆਂ ਸਨ। ਵਪਾਰੀ ਜਾਂ ਕਾਰਪੋਰੇਟ ਵਰਗ ਨੇ ਹਾਕਮਾਂ ਨਾਲ ਰਲੀ ਮਿਲੀ ਭੁਗਤ ਨਾਲ ਬੁੱਕਲ ਵਿੱਚ ਬਹਿ ਕੇ ਕਿਰਸਾਨਾਂ ਦਾ ਸਿਰ ਮੁੰਨਿਆ, ਪਰ ਜਦ ਹੋਸ਼ ਆਈ ਤਾਂ ਕਿੰਨੇ ਹੀ ਘਰ ਖ਼ੁਦਕੁਸ਼ੀਆਂ ਤੇ ਕਰਜ਼ਿਆਂ ਨਾਲ ਤਬਾਹ ਹੋ ਚੁੱਕੇ ਸਨ।
ਖ਼ੈਰ ਹੁਣ ਤਾਂ ਤੌਬਾ ਹੀ ਹੋ ਗਈ ਕਿ ਤਖਤੋ–ਤਾਜ਼ ਪੈਰਾਂ ਥੱਲੜੀ ਜ਼ਮੀਨ ਹਥਿਆਉਣ ਲਈ ਤਰਲੋ–ਮੱਛੀ ਹੋਇਆ, ਨਵੇਂ ਤੇ ਚਲਾਕ ਕਾਨੂੰਨ ਘੜ ਰਿਹਾ ਹੈ। ਖਿਸਕਦੀ ਜ਼ਮੀਨ ਨੇ ਕੁੱਲ ਦੇਸ਼ ਦੇ ਕਿਰਸਾਨਾਂ ਦੀ ਜਮੀਰ ਨੂੰ ਝੰਜੋੜ ਸੁੱਟਿਆ। ਮੈਨੂੰ ਇਉਂ ਲੱਗਦੈ ਕਿ ਕਈ ਵਾਰ ਤਾਂ ਕਿਆਮਤ ਵੀ ਵਰਦਾਨ ਬਣ ਕੇ ਬਹੁੜਦੀ ਹੈ। ਨੌਜਵਾਨ ਪੀੜ੍ਹੀ ਪੋਹ ਮਾਘ ਦੇ ਮਹੀਨੇ ਰਜਾਈਆਂ ਮੱਲਣ ਦੀ ਥਾਂ ਦਿੱਲੀ ਦੀ ਸਰਦਲ ਤੇ ਜਾ ਵੰਗਾਰ ਰਹੀ ਹੈ। ਬੱਚੇ, ਬੁੱਢੇ, ਭੈਣਾਂ ਤੇ ਮਾਤਾਵਾਂ ਸਭ ਮੌਢੇ ਨਾਲ ਮੌਢਾ ਜੋੜ ਕੇ ਨਾਅਰੇ ਲਾ ਰਹੀਆਂ ਹਨ। ਇਹ ਸਾਂਝ ਔਖੀ ਘੜੀ ਵਿੱਚ ਬਹੁਤਿਆਂ ਨੂੰ ਪਰਖ ਗਈ। ਧਰਮ, ਜਾਤ, ਪ੍ਰਾਤਾਂ ਦੇ ਭੇਦ ਭਾਵ ਛੱਡ ਕੇ ਇੱਕਮਿਕ ਹੋ ਗਏ ਹਨ। ਇਨਸਾਨੀਅਤ ਦੇ ਧਰਮ ਦਾ ਬੋਲਬਾਲਾ ਹੈ। ਲੋਕੀ ਰੱਜ ਕੇ ਦਾਨ–ਪੁੰਨ ਕਰਦੇ, ਸੇਵਾ ਕਰਦੇ ਹੋਏ ਇੱਕ ਬਹੁਤ ਵੱਡਾ ਸੁਨੇਹਾ ਦੇ ਰਹੇ ਹਨ, ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੇ ਹਨ। ਸ਼ਾਇਦ ਉਹ ਹੁਣ ਸਦੀਵੀਂ ਤੌਰ ਤੇ ਹੀ ਹੱਕਾਂ ਲਈ ਲੜਨਾ ਸਿੱਖ ਗਏ ਹਨ। ਇਤਿਹਾਸ ਸਿਰਜਿਆ ਜਾ ਰਿਹਾ ਹੈ, ਆਪਣੀ ਸੋਚ, ਆਪਣਾ ਸਾਹਿਤ, ਆਪਣਾ ਮੀਡੀਆ… ਬਲਕਿ ਹੋਰ ਕਿਸੇ ਦੇ ਮਨ ਦੀ ਬਾਤ ਨਹੀਂ। ਕਲਗੀਧਰ ਦੇ ਪੁੱਤ ਅੱਜ ਠੰਡੇ ਬੁਰਜ, ਤੱਤੀਆਂ ਤਵੀਆਂ ਦਾ ਸੇਕ ਅਤੇ ਸੀਸ ਵਾਰਨ ਵਰਗੀਆਂ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਕੇ, ਭੱਖਦੇ ਜਲੌਅ ਨਾਲ ਹਾਕਮ ਤੋਂ ਆਪਣੇ ਹੱਕ ਲੈਣ ਲਈ ਖੜਨ ਜੋਗੇ ਹੋ ਗਏ ਹਨ। ਜਿੱਤ ਤਾਂ ਹੋ ਚੁੱਕੀ ਹੈ, ਸਿਰਫ਼ ਐਲਾਨ ਬਾਕੀ ਹੈ। ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਤੇ ਹਨ ਮੇਰੇ ਅੰਨ ਦਾਤਿਓ, ਦਿੱਲੀ ਦਾ ਤਖ਼ਤ ਕੰਬ ਰਿਹਾ ਹੈ ਹੌਂਸਲੇ ਬੁਲੰਦ ਰਖਿਓ। ਮਾਣ ਹੈ ਮੈਂ ਉਸ ਧਰਤ ਦਾ ਅੰਨ ਖਾਧਾ, ਉੱਥੇ ਜੰਮੀ ਜਿੱਥੇ ਹੱਕ ਮਾਰਨ ਵਾਲਿਆਂ ਦੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਜਾਂਦੀ ਹੈ।
ਜੈ ਜਵਾਨ, ਜੈ ਕਿਸਾਨ!