ਹਰਿੰਦਰ ਬਿੰਦੂ ਨਾਲ਼ ਸੰਗੀਤ ਤੂਰ ਦੀ ਗੱਲਬਾਤ
ਲਿਖਤੀ ਰੂਪ: ਜਸਦੀਪ ਸਿੰਘ
ਬੀਬੀਆਂ ਸੰਘਰਸ਼ ਦਾ ਅਸਿੱਧੇ ਰੂਪ ਵਿਚ ਹਿੱਸਾ ਹਮੇਸ਼ਾ ਰਹਿੰਦੀਆਂ ਹਨ। ਪਰ ਕਿਸਾਨ ਮੋਰਚੇ ਵਿਚ ਉਹਨੇ ਦੇ ਸਿੱਧੇ ਰੂਪ ਵਿਚ ਆਉਣ ਦਾ ਕਾਰਨ ਜਥੇਬੰਦੀਆਂ ਦੀ ਘਾਲਣਾ ਹੈ। ਹਰਿੰਦਰ ਬਿੰਦੂ ਭਾ. ਕਿ. ਯੂ. ਏ. ਉਗਰਾਹਾਂ ਦੇ ਇਸਤਰੀ ਵਿੰਗ ਦੇ ਸੂਬਾ ਪੱਧਰੀ ਆਗੂ ਹਨ। ਉਹ ਪਿਛਲੇ ਤੀਹ ਸਾਲਾਂ ਤੋਂ ਕਿਰਤੀ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਸਵੇਰ ਦੀਆਂ ਮੀਟਿੰਗਾਂ ਲਈ ਤਿਆਰ ਹੋ ਰਹੇ ਸਨ। ਇਹ ਗੱਲਬਾਤ ਓਸੇ ਤਿਆਰੀ ਦੌਰਾਨ ਹੋਈ। ਉਹਨਾਂ ਦੇ ਪਰਿਵਾਰ ਨੂੰ ਪੈਪਸੂ ਮੁਜ਼ਾਰਾ ਲਹਿਰ ਵੇਲੇ 1950ਵਿਆਂ ਵਿਚ ਜ਼ਮੀਨ ਮਿਲੀ ਸੀ ਅਤੇ ਹੁਣ ਜਦੋਂ ਨਵੇਂ ਕਾਰਪੋਰੇਟ ਬਿਸਵੇਦਾਰ ਮੁੜ ਨਵੇਂ ਮੁਜਾਹਰੇ ਬਣਾਉਣ ਦੀ ਤਾਕ ਵਿਚ ਹਨ। ਉਹ ਇਤਿਹਾਸ ਦੇ ਇਸ ਪੁੱਠੇ ਚੱਕਰ ਨੂੰ ਮੋੜਨ ਲਈ ਡਟੇ ਹੋਏ ਹਨ।
ਲੌਕਡਾਊਨ ਦੇ ਚਾਰ ਪੰਜ ਮਹੀਨਿਆਂ ਦੌਰਾਨ ਬਿੰਦੂ ਜੀ ਨੇ ਚਾਰ ਜਿਲਿਆਂ ਦੀ ਸੰਪੂਰਨ ਪ੍ਰਧਾਨਗੀ ਦੀ ਜਿੰਮੇਵਾਰੀ ਲਈ, ਜਿਸ ਵਿਚ ਉਹਨਾ ਨੇ ਨਵੀਆਂ ਇਕਾਈਆਂ ਬਣਾਉਣ ਦਾ, ਮੀਟਿੰਗਾਂ ਕਰਵਾਉਣ ਦਾ ਕੰਮ ਕੀਤਾ। ਜਿਸ ਵਿਚ ਉਹਨਾਂ ਨੂੰ ਇਹ ਕਦੇ ਨਹੀਂ ਮਹਿਸੂਸ ਹੋਇਆ ਕਿ ਇਕ ਆਗੂ ਔਰਤ ਹੋਣ ਕਰਕੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਮਰਦ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਨ ਕੇ ਉਹਨਾਂ ਦੀ ਜੱਥੇਬੰਦੀ ਵਿਚ ਅਜਿਹੀ ਆਗੂ ਔਰਤ ਹੈ ਅਤੇ ਔਰਤਾਂ ਨੂੰ ਇਹ ਯਕੀਨ ਹੁੰਦਾ ਹੈ ਕਿ ਉਹਨਾਂ ਵਾਸਤੇ ਲੀਡਰਸ਼ਿਪ ਵਿਚ ਅੱਗੇ ਜਾਣ ਵਿਚ ਉਹਨਾਂ ਦਾ ਔਰਤ ਹੋਣਾ ਰੁਕਾਵਟ ਨਹੀਂ ਹੈ।
ਹਿੱਸੇਦਾਰੀ
ਖੇਤੀ ਔਰਡੀਨੈਂਸ ਜਾਰੀ ਹੋਣ ਤੋਂ ਕੁਝ ਮਹੀਨੇ ਪਹਿਲਾਂ ਉਗਰਾਹਾਂ ਜਥੇਬੰਦੀ ਨੇ ਪਿੰਡ, ਬਲਾਕ ਅਤੇ ਜ਼ਿਲੇ ਪੱਧਰ ਤੇ ਕਮੇਟੀਆਂ ਬਣਾਈਆਂ ਅਤੇ ਔਰਤਾਂ ਦੇ ਖਾਸ ਇਜਲਾਸ ਕਰਵਾਉਂਣੇ ਸ਼ੁਰੂ ਕੀਤੇ। ਬਲਾਕ ਕਮੇਟੀਆਂ ਨੇ ਪਿੰਡਾਂ ਵਿਚ ਜਾ ਜਾ ਕੇ ਇਕਾਈਆਂ ਬਣਾਈਆਂ ਅਤੇ ਪਰਿਵਾਰਾਂ ਦੀ ਸਮਾਜਿਕ ਸਿਖਲਾਈ ਕਰਵਾਈ ਤਾਂ ਕਿ ਜਦੋਂ ਔਰਤਾਂ ਇਜਲਾਸ ਵਿਚ ਹਿੱਸਾ ਲੈਣ ਜਾਣ ਤਾਂ ਬੰਦੇ ਘਰ ਦੀ ਜਿੰਮੇਵਾਰੀ ਸਾਂਭ ਸਕਣ। ਔਰਤਾਂ ਦੇ ਸਵੈ ਵਿਸ਼ਵਾਸ਼ ਦੇ ਹਿਸਾਬ ਨਾਲ ਉਹਨਾਂ ਨੂੰ ਸਿਖਲਾਈ ਦਿੱਤੀ ਗਈ| ਔਰਤਾਂ ਨੂੰ ਮਰਦ ਆਗੂਆਂ ਵਾਂਗ ਹੀ ਜਿੰਮੇਂਦਾਰੀ ਸੌਂਪੀ ਜਾਂਦੀ ਹੈ। ਜਥੇਬੰਦੀ ਦੇ ਮਰਦ ਆਗੂਆਂ ਨੂੰ ਆਪਣੇ ਘਰਾਂ ਦੀਆਂ ਔਰਤਾਂ ਨੂੰ ਸ਼ਾਮਿਲ ਕਰਨ ਦਾ ਸੱਦਾ ਦਿੱਤਾ ਗਿਆ ਤਾਂ ਜੋ ਬਾਕੀ ਮੈਂਬਰ ਉਹਨਾਂ ਦੀ ਉਦਾਹਰਣ ਲੈ ਕੇ ਆਪਣੇ ਪਰਿਵਾਰਾਂ ਨੂੰ ਨਾਲ਼ ਜੋੜਣ। ਇਸੇ ਘਾਲਣਾ ਕਰਕੇ ਔਰਤਾਂ ਇਸ ਮੋਰਚੇ ਵਿਚ ਪ੍ਰਤੱਖ ਨਜ਼ਰ ਆਉਂਦੀਆਂ ਹਨ। ਜਿਹੜੀਆਂ ਔਰਤਾਂ ਘਰੇਲੂ ਕਾਰਨਾਂ ਕਰਕੇ ਨਹੀਂ ਆ ਸਕੀਆਂ, ਉਹ ਪਿੰਨੀਂਆਂ ਬਣਾਕੇ, ਕੋਟੀਆਂ ਬੁਣ ਕੇ, ਖਾਣ ਪੀਣ ਦਾ ਸਮਾਨ ਤਿਆਰ ਕਰਕੇ ਤਾਂ ਪਹੁੰਚਾ ਹੀ ਰਹੀਆਂ ਹਨ। ਉਸ ਤੋਂ ਇਲਾਵਾ ਸਿਆਸੀ ਰੂਪ ਵਿਚ ਆਪਣੇ ਘਰਾਂ, ਪੱਤੀ/ ਮੁਹੱਲੇ ਜਾਂ ਪਿੰਡ ਦੀਆਂ ਔਰਤਾਂ ਨੂੰ ਇਕੱਠੀਆਂ ਕਰਨ ਦਾ ਕੰਮ ਵੀ ਸੁਚੱਜਾ ਕਦਮ ਹੈ। ਨੌਜਵਾਨ ਮੁੰਡਿਆਂ ਦੇ ਮੁਕਾਬਲੇ, ਨੌਜਵਾਨ ਕੁੜੀਆਂ/ਨੂਹਾਂ ਦਿੱਲੀ ਮੋਰਚੇ ਤੇ ਘੱਟ ਜਰੂਰ ਹਨ। ਪਰ ਹੁਣ ਉਹ ਪੰਜਾਬ ਵਿਚ ਚੱਲ ਰਹੇ ਧਰਨਿਆਂ ਵਿਚ ਉਹ ਸਰਗਰਮ ਹੋ ਗਈਆਂ ਹਨ।
ਸਿਆਸੀ ਬਦਲਾਅ
ਹੁਣ ਪਿੰਡਾਂ ਦੀਆਂ ਔਰਤਾਂ ਨੂੰ ਇਹ ਭਰੋਸਾ ਬੱਝ ਗਿਆ ਹੈ ਕਿ ਸਰਕਾਰ ਜਿਹੜੀ ਮਰਜ਼ੀ ਆ ਜਾਏ ਜੇ ਅਸੀਂ ਜਥੇਬੰਦ ਹਾਂ ਤਾਂ ਕਿਸੇ ਵੀ ਮਸਲੇ ਦਾ ਹੱਲ ਆਪੇ ਲੱਭ ਲਵਾਂਗੇ। ਜਦ ਕਿ ਪਹਿਲਾਂ ਲੋਕ ਹੁਕਮਰਾਨ ਸਿਆਸੀ ਪਾਰਟੀਆਂ ਦੇ ਦਰਵਾਜੇ ਖੜਕਾਉਂਦੇ ਸਨ। ਮਿੰਨਤਾਂ ਤਰਲੇ ਕਰਦੇ ਸਨ। ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਸਿਆਸੀ ਤਾਕਤ ਉਹਨਾਂ ਦੇ ਹੱਥ ਵਿਚ ਹੈ, ਨਾ ਕਿ ਹੁਕਮਰਾਨ ਪਾਰਟੀਆਂ ਦੇ। ਲੋਕਾਂ ਨੂੰ ਕਾਰਪੋਰੇਟ ਘਰਾਣੇ ਅਦਾਨੀ ਅੰਬਾਨੀ ਕੌਣ ਨੇ, ਉਹ ਕੌਂਟਰੈਕਟ ਖੇਤੀ ਵਿਚ ਕਿਉਂ ਕਰਨਾ ਚਾਹੁੰਦੇ ਨੇ, ਇਸ ਨਾਲ਼ ਲੋਕਾਂ ਦੀਆਂ ਜ਼ਮੀਨਾਂ ਕਿਵੇਂ ਖੁੱਸਣਗੀਆਂ ਬਾਰੇ ਪਤਾ ਲੱਗ ਗਿਆ ਹੈ। ਕੁਦਰਤੀ ਸਰਮਾਏ ਅਤੇ ਦੇਸ਼ ਦੇ ਵਿਕਸਿਤ ਢਾਂਚੇ ਉਤੇ ਕਬਜ਼ੇ ਦੀਆਂ ਇਹਨਾਂ ਚਾਲਾਂ ਨੂੰ ਲੋਕ ਸਿਆਣ ਗਏ ਹਨ। ਕਾਰਪੋਰੇਟ ਘਰਾਣੇ ਕਿਵੇਂ ਹੁਕਮਰਾਨ ਪਾਰਟੀਆਂ ਨੂੰ ਖਰੀਦ ਕੇ ਲੋਕਾਂ ਦੇ ਸਾਂਝੇ ਸਰਮਾਏ ਨੂੰ ਹਥਿਆਉਣ ਲੱਗੇ ਹੋਏ ਹਨ। ਲੋਕਾਂ ਨੇ ਇਹ ਵੀ ਜਾਣ ਲਿਆ ਹੈ ਕਿ ਸਕੂਲ, ਹਸਪਤਾਲ਼, ਸੜਕਾਂ, ਰੇਲਾਂ ਸਾਡੇ ਸਾਂਝੇ ਹਨ। ਜ਼ਮੀਨ ਫ਼ਸਲਾਂ ਸਾਡੇ ਹਨ। ਉਹਨਾਂ ਵਿਚ ਇਸ ਸਾਂਝੇ ਸਰਮਾਏ ਵਾਸਤੇ ਮੋਹ ਜਾਗ ਪਿਆ ਹੈ ਤੇ ਨਾਲ ਹੀ ਇਸ ਨੂੰ ਬਚਾਉਣ ਦੀ ਤਾਂਘ ਵੀ। ਵਖਰੇਵੇਂ ਸਮਾਜ ਦੇ ਵਿਚ ਔਰਤ ਮਰਦਾ ਦਾ ਵਖਰੇਵਾਂ ਹੈ। ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਔਰਤ ਮਰਦ ਇਕ ਦੂਜੇ ਦੇ ਦੁਸ਼ਮਣ ਨਹੀਂ ਬਲਕਿ ਦੁਸ਼ਮਣ ਸਮਾਜ ਦਾ ਪੁਰਾਣਾ ਨਾਬਰਾਬਰੀ ਵਾਲਾ ਢਾਂਚਾ ਹੈ। ਜਦੋਂ ਅਸੀਂ ਜਾਗਰੂਕ ਹੋ ਜਾਵਾਂਗੇ, ਜੱਥੇਬੰਦ ਹੋਵਾਂਗੇ ਤਾਂ ਉਸ ਵਿਚ ਬਦਲਾਅ ਵੀ ਕਰ ਸਕਾਂਗੇ। ਜਥੇਬੰਦੀਆਂ ਦੇ ਆਗੂਆਂ ਦੇ ਔਰਤਾਂ ਪ੍ਰਤੀ ਵਿਹਾਰ ਅਤੇ ਵਤੀਰੇ ਵਿਚ ਸਿਫਤੀ ਫਰਕ ਪੈਣ ਨਾਲ਼ ਹੀ ਇਹ ਆਚਰਣ ਬਾਕੀ ਮੈਂਬਰਾਂ ਵਿਚ ਪਹੁੰਚਾਉਣਾ ਸੌਖਾ ਹੋ ਸਕਦਾ ਹੈ। ਕਿਸਾਨ ਮੋਰਚੇ ਦਾ ਹਾਸਿਲ ਹੈ ਕਿ ਇਸ ਨੇ ਪੁਰਾਣੇ ਵਖਰੇਵਿਆਂ ਨੂੰ ਮੇਟਿਆ ਹੈ। ਔਰਤ ਮਰਦ ਵਿਚ ਇਕ ਸਾਂਝੇ ਵੈਰੀ ਦੇ ਖਿਲਾਫ ਲੜਨ ਦੀ ਭਾਵਨਾ ਬਣੀ ਹੈ। ਕਈ ਪਰਿਵਾਰ ਐਸੇ ਵੀ ਹਨ ਜਿਨਾਂ ਦੀਆਂ ਸਿਰਫ ਔਰਤਾਂ ਹੀ ਮੋਰਚੇ ਵਿਚ ਹਿੱਸਾ ਲੈਂ ਰਹੀਆਂ ਹਨ, ਪਰ ਹੁਣ ਉਹਨਾਂ ਦੇ ਇਕੱਲਿਆਂ ਬਾਹਰ ਜਾਣ ਤੇ ਬੰਦੇ ਸਵਾਲ ਜਾਂ ਸ਼ੱਕ ਨਹੀਂ ਕਰਦੇ। ਔਰਤ ਅਤੇ ਮਰਦ ਦਾ ਰਿਸ਼ਤਾ ਸਿਰਫ ਇਕ ਕਿਸਮ ਦਾ ਨਹੀਂ ਹੁੰਦਾ, ਲੋਕਾਂ ਵਿਚ ਇਸ ਪੱਖ ਬਾਰੇ ਘੋਲ ਵਿਚ ਵਿਚਰਦਿਆਂ, ਸਰਕਾਰ ਨਾਲ ਇੱਕੋ ਜਿਕੀ ਟੱਕਰ ਲੈਂਦਿਆਂ ਹੀ ਜਾਗਰੂਕਤਾ ਆਈ ਹੈ| ਘਰ ਵਿਚ ਵੀ ਅਤੇ ਜੱਥੇਬੰਦੀਆਂ ਵਿਚ ਵੀ ਔਰਤਾਂ ਨੇ ਨਵੀਂ ਥਾਂ ਬਣਾ ਲਈ ਹੈ। ਜਿਹੜੇ ਬਦਲਾਅ ਵਿਚ ਕਈ ਸਾਲ ਲੱਗ ਜਾਣੇ ਸਨ। ਉਹ ਮਹੀਨਿਆਂ ਵਿਚ ਹੋ ਗਿਆ ਹੈ।