ਪੈਪਸੂ ਦਾ ਇਤਿਹਾਸਕ “ਮੁਜਾਰਾ ਘੋਲ”

ਪੈਪਸੂ ਦਾ ਇਤਿਹਾਸਕ “ਮੁਜਾਰਾ ਘੋਲ”

ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫਰੰਸ ਦੇ ਰੂਪ ਵਿਚ ਮੁਜਾਰਾ ਘੋਲ ਦੇ ਕੇਂਦਰ ਬਿੰਦੂ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਘੋਲ ਦੇ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ, ਅੱਜ ਦੇ ਦਿਨ ਦਿੱਲੀ ਦੇ ਬਾਰਡਰਾਂ ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ਼ ਮਨਾਏ ਜਾਣ ਦਾ ਸ਼ਲਾਘਾਯੋਗ ਫੈਸਲਾ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਗਿਆ ਹੈ। ਇਹ ਹਥਿਆਰਬੰਦ ਘੋਲ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਛੱਜੂਮਲ ਵੈਦ ਵਰਗੇ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਵਿਚ ਲੜਿਆ ਗਿਆ। ਹੁਣ ਤਕ ਕਿਸਾਨੀ ਘੋਲਾਂ ਵਿਚੋਂ ਇਹ ਅੰਦੋਲਨ ਵਿਲੱਖਣ ਹੈ, ਜਿਸਨੇ ਬਹੁਤ ਘੱਟ ਜਾਨੀ ਨੁਕਸਾਨ ਸਹਿਕੇ, ਸਭ ਤੋਂ ਵੱਡੀ ਪ੍ਰਾਪਤੀ 16 ਲੱਖ ਕਿਲੇ ਤੋਂ ਵਧ ਦੀ ਜ਼ਮੀਨ ਦੇ ਮੁਜਾਰਿਆਂ ਨੂੰ ਮਾਲਕ ਬਣਾਇਆ ਹੈ।

ਇਸ ਲਹਿਰ ਦੀ 40ਵੀਂ ਵਰ੍ਹੇਗੰਢ 1988 ਵਿਚ ਮਾਨਸਾ ਵਿਖੇ ਮਨਾਈ ਗਈ। ਕਿਸਾਨ ਸਭਾ ਦੀ ਵਡੀ ਲੀਡਰਸ਼ਿਪ ਤੋਂ ਇਲਾਵਾ ਤਤਕਾਲੀਨ ਪੈਪਸੂ ਸਰਕਾਰ ਦੇ ਸਾਬਕਾ ਮੰਤਰੀ ਸਵਰਗਵਾਸੀ ਦਾਰਾ ਸਿੰਘ ਜੀ ਖਰਾਬ ਸਿਹਤ ਦੇ ਬਾਵਜੂਦ ਹਾਜ਼ਰ ਹੋਏ। ਕਾਮਰੇਡ ਛੱਜੂ ਮੱਲ ਵੈਦ ਜੀ ਨੇ ਵਰ੍ਹੇਗੰਢ ਨੂੰ ਸਮਰਪਿਤ ਮੁਜਾਰਾ ਘੋਲ ਬਾਰੇ ਇਕ ਕਿਤਾਬਚਾ ਲਿਖਿਆ ਸੀ। ਜਿਸਦੀ ਰੋਸ਼ਨੀ ਤੇ ਸੰਦਰਭ ਵਿਚ ਹੀ ਇਸ ਲਹਿਰ ਦੇ ਪਿਛੋਕੜ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਦਾ ਯਤਨ ਕੀਤਾ ਹੈ ਤਾਂ ਕਿ ਇਤਿਹਾਸਕ ਤਥਾਂ ਨਾਲ਼ ਛੇੜਖਾਨੀ ਜਾਂ ਬੇਇਨਸਾਫੀ ਨਾ ਹੋਵੇ। ਜਾਣਕਾਰੀ ਨੂੰ ਅਤਿ ਸੰਖੇਪ ਰੱਖਣ ਦਾ ਓਨਾ ਕੁ ਯਤਨ ਕੀਤਾ ਹੈ ਕਿ ਇਸਦੀ ਰੂਹ ਤੇ ਸਾਰਤੱਤ ਨੂੰ ਬਚਾ ਕੇ ਰਖਿਆ ਜਾਵੇ। ਸੰਖੇਪ ਰਖਣ ਕਰਕੇ ਮੁਜਾਰਾ ਲਹਿਰ ਦੇ ਦਰਜਨਾਂ ਆਗੂਆਂ ਦੇ ਨਾਮ ਦਰਜ ਕਰਨ ਤੋਂ ਵੀ ਸੰਕੋਚ ਕੀਤਾ ਗਿਆ ਹੈ।

 ਰਾਜਾਸ਼ਾਹੀ ਰਿਆਸਤਾਂ ਤੇ ਜਗੀਰੂ ਢਾਂਚੇ ਦੀ ਸਥਾਪਨਾ

ਈਸਟ ਇੰਡੀਆ ਕੰਪਨੀ ਤੇਜ਼ੀ ਨਾਲ਼ ਆਪਣਾ ਘੇਰਾ ਵਧਾ ਰਹੀ ਸੀ। ਮੁਗਲ ਰਾਜ ਆਖਰੀ ਘੜੀਆਂ ਗਿਣ ਰਿਹਾ ਸੀ। ਮੁਗਲ ਸਹਿਜਾਦੇ ਵਿਲਾਸੀ ਜੀਵਨ ਵਿਚ ਗਲਤਾਨ ਸਨ। ਸੱਤਾ ਲਈ ਆਪਸੀ ਟੱਕਰਾਂ ਹੋ ਰਹੀਆਂ ਸਨ। ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ, ਚਾਰੇ ਪਾਸੇ ਅਰਾਜਕਤਾ ਭਾਰੂ ਸੀ। “ਜਿਸਦੀ ਲਾਠੀ, ਉਸਦੀ ਭੈਂਸ” ਵਾਲੀ ਸਥਿਤੀ ਸੀ। ਕਈ ਇਲਾਕਿਆਂ ਵਿਚ ਰਾਜਸੀ ਪ੍ਰਬੰਧਾਂ ਦੀ ਅਣਹੋਂਦ ਸੀ।

ਇਕ ਤੇਜੱਸਵੀ ਤੇ ਹਰਮਨ ਪਿਆਰਾ ਨੌਜਵਾਨ ਆਲਾ ਸਿੰਘ ਅਗੇ ਆਇਆ ਜਿਸਨੇ 1730 ਵਿਚ ਬਰਨਾਲ਼ੇ ਦੇ ਆਲੇ-ਦੁਆਲੇ ਦੇ ਕਈ ਪਿੰਡਾਂ ਤੇ ਕਬਜ਼ਾ ਕਰ ਲਿਆ। 1742 ਵਿਚ ਉਸਨੇ ਭਵਾਨੀਗੜ੍ਹ ਦੇ ਕਿਲੇ ਤੇ ਵੀ ਕਬਜ਼ਾ ਜਾ ਕਰਿਆ। ਇਸ ਤਰ੍ਹਾਂ ਉਕਤ ਨੌਜਵਾਨ (ਮਗਰੋਂ ਬਾਬਾ ਆਲਾ ਸਿੰਘ ਵਜੋਂ ਸਥਾਪਤ ਹੋਇਆ)। ਪਟਿਆਲਾ ਰਿਆਸਤ ਦਾ ਬਾਨੀ ਬਣਿਆ। ਉਸਦੇ ਭਰਾਵਾਂ ਸੁਖਚੈਨ ਸਿੰਘ ਤੇ ਹਮੀਰ ਸਿੰਘ ਨੇ ਕਬਜ਼ੇ ਕਰਕੇ ਜੀਂਦ ਤੇ ਨਾਭਾ ਰਿਆਸਤਾਂ ਦੀ ਨੀਂਹ ਰੱਖੀ। ਭੁਲਣ ਬਰਾਬ ਨੇ ਫਰੀਦਕੋਟ ਤੇ ਮਾਤਾ ਸੁੰਦਰੀ ਦੇ ਅਪਣਾਏ ਪੁੱਤਰ ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ। ਸਦਰ-ਉਦੀਨ ਨੂੰ ਲੋਧੀ ਖਾਨਦਾਨ ਵਲੋਂ 58 ਪਿੰਡ ਦਾਜ ਵਿਚ ਮਿਲੇ ਜਿਨ੍ਹਾਂ ਦੇ ਆਧਾਰਤ ਰਿਆਸਤ ਮਲੇਰਕੋਟਲਾ ਹੋਂਦ ਵਿਚ ਆਈ। ਨਾਲ਼ਾਗੜ੍ਹ ਤੇ ਕਲਸੀਆ ਰਿਆਸਤ ਵੀ ਦਾਜ ਵਿਚ ਮਿਲੇ ਪਿੰਡਾਂ ਉਪਰ ਆਧਾਰਤ ਸਨ।

ਉਕਤ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਨਾਲ਼ ਯਾਰੀਆਂ ਗੰਢੀਆਂ, ਕੀਮਤੀ ਨਜ਼ਰਾਨੇ ਭੇਂਟ ਕਰਨ ਤੋਂ ਇਲਾਵਾ ਅੰਗਰੇਜ਼ਾਂ ਵਿਰੁਧ ਉਠੀਆਂ ਬਗਾਵਤਾਂ ਜਿਵੇਂ 1857 ਦੀ ਬਗਾਵਤ ਦਬਾਉਣ ਲਈ ਆਪਣੀਆਂ ਫੌਜਾਂ ਭੇਜ ਕੇ ਉਨ੍ਹਾਂ ਦੀ ਮਦਦ ਕੀਤੀ। 1849 ਵਿਚ ਸਿੱਖ ਫੌਜਾਂ ਦੇ ਹਾਰ ਜਾਣ ਉਪਰੰਤ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਆਪਣੇ ਟੋਡੀ ਸਮਝਕੇ ਰਾਜਿਆਂ ਨੂੰ ਨਹੀਂ ਛੇੜਿਆ, ਆਗਿਆਕਾਰੀ ਬੱਚੇ ਬਣਾਕੇ ਰੱਖ ਲਿਆ। ਅੰਗਰੇਜ਼ਾਂ ਨੇ 1860 ਦੇ ਬੰਦੋਬਸ਼ਤ ਰਾਹੀਂ 12 ਸਾਲਾਂ ਹਲਵਾਹਕ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿਤੇ। ਆਪਣੇ ਮਦਦਗਾਰ, ਟੋਡੀ ਅੰਸ਼ਾਂ ਨੂੰ ਵੱਡੀਆਂ ਜਗੀਰਾਂ ਨਾਲ਼ ਨਵਾਜਿਆ ਗਿਆ। ਰਿਆਸਤਾਂ ਦੇ ਰਾਜੇ ਸਮੁੱਚੀਆਂ ਜਮੀਨਾਂ ਦਾ ਮਾਲਕ ਬਣ ਬੈਠੇ। ਉਹਨਾਂ ਨੇ ਵੀ ਆਪਣੇ ਪਿੱਠੂ ਅੰਸ਼ਾਂ ਨੂੰ ਖੁਲੀਆਂ ਜਗੀਰਾਂ ਵੰਡੀਆਂ। ਉਕਤ ਢੰਗ-ਤਰੀਕਿਆਂ ਨਾਲ਼ ਜਗੀਰਦਾਰੀ ਹੋਂਦ ਵਿਚ ਲਿਆਂਦੀ। ਜੋ ਆਮ ਬੋਲਚਾਲ ਦੀ ਭਾਸ਼ਾ ਵਿਚ “ਬਿਸਵੇਦਾਰੀ” ਕਹਾਉਂਦੀ ਸੀ।

ਛੱਜੂ ਮੱਲ ਵੈਦ ਜੀ ਲਿਖਦੇ ਹਨ ਕਿ ਜਗੀਰਦਾਰੀ ਪ੍ਰਥਾ ਹੋਂਦ ਵਿਚ ਲਿਆਉਣ ਤੇ ਹਰ ਪਖੋਂ ਉਸਦੀ ਰਖਿਆ ਕਰਨ ਦੀ ਅਨੌਖੀ ਮਿਸਾਲ ਰਿਆਸਤ ਪਟਿਆਲਾ ਦੇ ਰਾਜਾ ਭੂਪਿੰਦਰ ਸਿੰਘ ਦੀ ਸੀ। ਪ੍ਰਸੰਸਾ ਕਰਨ ਹਿਤ ਅੰਗਰੇਜ਼ ਸਾਮਰਾਜ ਵਲੋਂ ਭੂਪਿੰਦਰ ਸਿੰਘ ਨੂੰ “ਫਰਜੰਦੇ ਖਾਸ, ਸਲਤਨਤ ਤੇ ਇੰਗਲਿਸ਼ੀਆਂ” (ਅੰਗਰੇਜ਼ ਸਰਕਾਰ ਦਾ ਖਾਸ ਪੁੱਤਰ) ਦਾ ਦਰਜਾ ਦਿਤਾ ਗਿਆ। ਉਸਦੀਆਂ ਰਾਣੀਆਂ (ਪਤਨੀਆਂ) ਦੀ ਗਿਣਤੀ 300 ਤੋਂ ਉਪਰ ਸੀ, ਭਾਵ ਇੰਨੇ ਹੀ ਸਹੁਰੇ ਘਰ ਜਿੰਨਾ ਨੂੰ ਉਸਨੇ ਹਲਵਾਹਕ ਮਾਲਕਾਂ ਦੀ ਵਸੋਂ ਵਾਲੇ ਕਈ ਕਈ ਪਿੰਡ ਜਗੀਰ ਵਜੋਂ ਦਿਤੇ ਤੇ ਦਹਾਕੇ ਸਾਲਾਂ ਤੋਂ ਵਸਦੇ ਹਲਵਾਹਕਾਂ ਨੂੰ ਬੇਜ਼ਮੀਨੇ ਬਣਾ ਦਿਤਾ। 1870-80 ਦੇ ਜ਼ਮੀਨੀ ਬੰਦੋਬਸ਼ਤ ਦੌਰਾਨ ਹਜ਼ਾਰਾਂ ਪਿੰਡ ਜਾਣ-ਬੁਝਕੇ ਮਹਾਰਾਜੇ ਦੇ ਸਕੇ-ਸੰਬੰਧੀਆਂ ਅਤੇ ਉਚ-ਅਧਿਕਾਰੀਆਂ ਦੇ ਨਾਮ ਦਰਜ ਕਰਕੇ ਮਾਲਕ ਬਣਾ ਦਿਤਾ ਗਿਆ। ਸਭ ਕੁਝ ਵੇਹਲੜ, ਨਿਕੰਮੇ ਅੰਸ਼ਾਂ ਨੂੰ ਆਮ ਜਨਤਾ ਦੀ ਖੂਨ-ਪਸੀਨੇ ਦੀ ਮਿਹਨਤ ਉਪਰ ਮੌਜ-ਭੋਗੀ ਜੀਵਨ ਬਤੀਤ ਕਰਨ ਲਈ ਕੀਤਾ ਗਿਆ। ਬਖਸ਼ੀਆਂ ਜਗੀਰਾਂ ਦੀਆਂ ਕੁਝ ਵੰਨਗੀਆਂ ਜਿਵੇਂ ਕਿ : ਆਪਣੇ ਰਿਸ਼ਤੇਦਾਰਾਂ ਕਿਹਰ ਸਿੰਘ, ਹਰਚੰਦ ਸਿੰਘ ਤੇ ਕਿਰਪਾਲ ਸਿੰਘ ਜੋ ਮਗਰੋਂ ਭਦੌੜ ਦੇ ਰਾਜੇ ਕਹਾਉਣ ਲੱਗੇ ਲਗਭਗ (80) ਪਿੰਡਾਂ ਉਪਰ ਜਾਗੀਰਦਾਰੀ ਹੱਕ ਰੱਖਦੇ ਸਨ। ਰਾਜੇ ਦਾ ਰਿਸ਼ਤੇਦਾਰ ਦਵਿੰਦਰ ਸਿੰਘ ਜੋ ਮਹਿਕਮਾ ਚੂੰਗੀ ਦਾ ਡਾਇਰੈਕਟਰ ਸੀ ਨੂੰ 8 ਪਿੰਡਾਂ ਦੀ ਜਗੀਰ ਮਾਨਸਾ ਇਲਾਕੇ ਵਿਚ ਦਿਤੀ ਗਈ।

ਜਗੀਰਦਾਰੀ ਸਥਾਪਨਾ ਦੀ ਸਭ ਤੋਂ ਭੱਦੀ ਮਿਸਾਲ ਪਿੰਡ ਕਿਸ਼ਨਗੜ੍ਹ (ਮਾਨਸਾ) ਦੀ ਹੈ। ਢਿਲੋਂ, ਧਾਲੀਵਾਲ, ਚਹਿਲ ਕਬੀਲੇ ਜ਼ਮੀਨ ਦੀ ਭਾਲ ਵਿਚ ਉਕਤ ਪਿੰਡ ਪੁਜੇ। ਹੱਡ-ਭੰਨਵੀਂ ਮਿਹਨਤ ਕਰਕੇ ਬੰਜਰ, ਬੇ-ਆਬਾਦ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਖੇਤੀ ਕਰਨ ਲਗੇ। ਸੱਦਾ ਸਿੰਘ ਨਾਮੀ ਵਿਅਕਤੀ ਜਿਸਦੀ ਭੈਣ ਰਾਜੇ ਨਾਲ਼ ਵਿਆਹੀ ਹੋਈ ਸੀ, ਰਾਹੀਂ ਮਾਲੀਆ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਂਦੇ ਸਨ। ਖਜ਼ਾਨੇ ਦੇ ਅਧਿਕਾਰੀਆਂ ਨਾਲ਼ ਉਸਦੀ ਚੰਗੀ ਜਾਣ-ਪਛਾਣ ਸੀ। ਸੱਦਾ ਸਿੰਘ ਦੇ ਪੁੱਤਰ ਚੜਤ ਸਿੰਘ ਨੇ ਸ਼ਾਹੀ ਦਰਬਾਰ ਦੇ ਅਫਸਰਾਂ ਨਾਲ਼ ਮਿਲਕੇ ਸਾਰੀ ਜ਼ਮੀਨ ਆਪਣੇ ਨਾਂ ਕਰਵਾਈ ਤੇ ਬਟਾਈ ਲੈਣ ਲਗਾ। ਅਗੇ ਚਲਕੇ ਸਾਰੀ ਜ਼ਮੀਨ ਉਸਦੇ ਪੁੱਤਰ ਧਿਆਨ ਸਿੰਘ ਦੇ ਨਾਮ ਦਰਜ ਕੀਤੀ ਗਈ। ਦੁੱਖੀ, ਪ੍ਰੇਸ਼ਾਨ ਤੇ ਧੋਖੇ ਨਾਲ਼ ਜ਼ਮੀਨ ਤੋਂ ਬਾਹਰ ਕੀਤੇ ਗਏ ਕਿਸਾਨ ਅੰਗਰੇਜ਼ ਅਫਸਰ ਪੋਪਹਿਮ ਜੰਗ ਜੋ ਕਿਸ਼ਨਗੜ੍ਹ ਦਾ ਇਨਚਾਰਜ ਸੀ ਨੂੰ ਮਿਲੇ। ਉਸਨੇ ਵਿਚਕਾਰਲਾ ਰਾਹ ਕਢਦੇ ਹੋਏ ਜਗੀਰਦਾਰ ਨੂੰ ਮਾਲਕੀ ਹੱਕ ਦਿਤੇ ਤੇ ਕਿਸਾਨਾਂ ਨੂੰ ਮੌਰੂਸੀ ਕਾਨੂੰਨੀ ਦੀ ਦਫਾ 5 ਹੇਠ ਉਨ੍ਹਾਂ ਦੇ ਹਲ ਹੇਠ ਜ਼ਮੀਨ ਦੇ ਮੌਰੂਸੀ ਹੱਕ ਦਿਤੇ ਗਏ ਤਾਂ ਕਿ ਜਗੀਰਦਾਰ ਉਨ੍ਹਾਂ ਨੂੰ ਬੇਦਖਲ ਨਾ ਕਰ ਸਕੇ। ਬਟਾਈ ਦੇਣੀ ਲਾਜ਼ਮੀ ਕੀਤੀ ਗਈ। ਗੈਰ-ਮੌਰੂਸੀ ਜਾਂ ਕੱਚੇ ਮਾਲਕ (ਮੁਜਾਰੇ) ਉਹ ਸਨ ਜੋ ਜਗੀਰਦਾਰ ਤੋਂ ਜ਼ਮੀਨ ਲੈ ਕੇ ਖੇਤੀ ਤਾਂ ਕਰ ਸਕਦੇ ਸਨ, ਪਰ ਮਾਲਕ ਨਹੀਂ, ਕਦੋਂ ਵੀ ਬੇਦਖਲ ਕੀਤੇ ਜਾ ਸਕਦੇ ਸਨ। ਕਾਨੂੰਨੀ ਤੌਰ ਤੇ ਬਟਾਈ ਕੁਲ ਪੈਦਾਵਾਰ ਦਾ ਅੱਧ ਸੀ। ਪਰ ਅਮਲੀ ਤੌਰ ਤੇ ਮਜਾਰਿਆਂ ਪੱਲੇ ਇਕ ਮਣ ਵਿਚੋਂ 10 ਸੇਰ ਭਾਵ ਚੌਥਾ ਹਿਸਾ ਹੀ ਰਹਿੰਦਾ ਸੀ।

ਬਟਾਈ ਪ੍ਰਥਾ ਨਾਲ਼ ਮੁਜਾਰੇ ਪਿੰਡਾਂ ਦੀ ਤੀਹਰੀ ਗੁਲਾਮੀ ਵਾਲਾ ਨਰਕ ਰੂਪੀ ਜੀਵਨ ਅਰੰਭ ਹੋਇਆ। ਸਭ ਤੋਂ ਉਪਰ ਅੰਗਰੇਜ਼, ਫਿਰ ਰਾਜਾ ਅਤੇ ਪਿੰਡ ਵਿਚ ਬਿਸਵੇਦਾਰ ਉਸਦੇ ਮਾਲਕ ਸਨ। ਮੁਜਾਰੇ ਪਿੰਡਾਂ ਦੇ ਵਿਚ ਮਾਲਕ ਕਿਸਾਨੀ ਪਿੰਡ ਵਾਸੀ ਆਪਣੀ ਲੜਕੀ ਦਾ ਰਿਸ਼ਤਾ ਨਹੀਂ ਸੀ ਕਰਦਾ ਨਾ ਹੀ ਰਿਸ਼ਤਾ ਲੈਂਦਾ ਸੀ। ਕਿਉਂ? ਅਨੇਕਾਂ ਭੱਦੀਆਂ ਮਿਸਾਲਾਂ ਹਨ, ਜਿਨ੍ਹਾਂ ਤੇ ਅੱਜਕਲ੍ਹ ਕੋਈ ਵਿਸ਼ਵਾਸ ਨਹੀਂ ਕਰੇਗਾ।

ਮੁਜਾਰਿਆਂ ਦੇ ਬੱਚਿਆਂ ਨੂੰ ਸਿਖਿਆ ਤੋਂ ਵੀ ਦੂਰ ਰਖਿਆ ਜਾਂਦਾ ਸੀ। ਪਟਿਆਲਾ ਰਿਆਸਤ ਦੇ 784 ਮੁਜਾਰੇ ਪਿੰਡਾਂ ਵਿਚੋਂ ਕੇਵਲ 4 ਪ੍ਰਾਇਮਰੀ ਸਕੂਲ ਭਦੌੜ, ਭਵਾਨੀਗੜ੍ਹ, ਡਸਕਾ ਤੇ ਤਲਵੰਡੀ ਸਾਬੋ ਵਿਖੇ ਸਨ। ਜਿਥੇ ਮੁਖ ਤੌਰ ਤੇ ਬਿਸਵੇਦਾਰਾਂ ਦੇ ਬੱਚੇ ਹੀ ਪੜ੍ਹਦੇ ਸਨ। ਬਾਹਰੋਂ ਆਏ ਕਿਸੇ ਸਾਧ, ਸੰਤ ਨੂੰ ਵੀ ਪੜ੍ਹਾਉਣ ਨਹੀਂ ਦਿਤਾ ਜਾਂਦਾ ਸੀ। ਜਨਤਾ ਨੂੰ ਪਛੜੇ ਰਖਣ ਦੇ ਯਤਨ ਇਥੋਂ ਤਕ ਸਨ ਕਿ ਪਿੰਡਾਂ ਖਾਸ ਕਰਕੇ ਮੁਜਾਰਾ ਪਿੰਡਾਂ ਵਿਚ ਗੁਰਦੁਆਰੇ ਉਸਾਰਨ ਦੀ ਵੀ ਆਗਿਆ ਨਹੀਂ ਸੀ, ਤਾਂ ਕਿ ਇਕੱਠੇ ਹੁੰਦੇ ਲੋਕ ਜ਼ੁਲਮੀ ਰਾਜ ਬਾਰੇ ਵਿਚਾਰ-ਚਰਚਾ ਨਾ ਕਰ ਸਕਣ।

ਮੁਜਾਰਾ ਘੋਲ ਦਾ ਅਰੰਭ

ਜ਼ਮੀਨੀ ਮਾਲਕੀ ਦੇ ਹੱਕ ਲਈ ਸੰਘਰਸ਼ ਤਾਂ 1870-80 ਦੇ ਜ਼ਮੀਨੀ ਬੰਦੋਬਸ਼ਤ ਦੌਰਾਨ ਹੀ ਅਰੰਭ ਹੋ ਗਿਆ ਸੀ। ਜਦੋਂ 1902-04 ਦਾ ਪੱਕਾ ਜ਼ਮੀਨੀ ਬੰਦੋਬਸ਼ਤ ਹੋਇਆ ਤਾਂ ਘੋਲ ਨੇ ਹੋਰ ਤੇਜ਼ੀ ਫੜੀ।

ਬਟਾਈ ਪ੍ਰਥਾ ਤੋਂ ਮੁਜਾਰੇ ਬੇਹੱਦ ਦੁੱਖੀ ਸਨ। ਉਨ੍ਹਾਂ ਦੀ ਮਿਹਨਤ ਦਾ ਵੱਡਾ ਹਿਸਾ ਵੇਹਲੜ ਜਗੀਰਦਾਰ ਦੀ ਹਵੇਲੀ ਚਲਾ ਜਾਂਦਾ ਸੀ। ਅਰੰਭ ਵਿਚ ਅੰਗਰੇਜ਼ਾਂ ਤੇ ਰਾਜੇ ਦੇ ਸਿਆਸੀ ਅਫਸਰਾਂ ਕੋਲ ਲੁੱਟ ਬੰਦ ਕਰਨ ਦੀ ਗੁਹਾਰ ਲਾਈ। ਵੱਖ-ਵੱਖ ਕਮੇਟੀਆਂ,ਜਥੇਬੰਦੀਆਂ ਬਣਾ ਕੇ ਵਿਰੋਧ ਸ਼ੁਰੂ ਕੀਤਾ ਗਿਆ। ਮੁਜਾਰਾ ਆਗੂਆਂ ਦੀ ਅਗਵਾਈ ਵਿਚ ਇਕ ਪ੍ਰਤੀਨਿਧ ਮੰਡਲ ਸ਼ਿਮਲਾ ਜਾ ਕੇ ਵਾਇਸਰਾਏ ਨੂੰ ਵੀ ਮਿਲਿਆ। ਪਰ ਮਾੜੀ-ਮੋਟੀ ਰਾਹਤ ਤੋਂ ਬਿਨਾਂ ਕਿਤੇ ਕੋਈ ਢੋਈ ਨਹੀਂ ਮਿਲੀ। ਜਦੋਂ ਗੁੱਸਾ ਉਬਾਲੇ ਖਾਂਦਾ ਤਾਂ ਮੁਜਾਰੇ ਬਟਾਈ ਦੇਣ ਤੋਂ ਇਨਕਾਰ ਕਰਦੇ। ਫੇਰ ਖੂਨੀ ਝੜਪਾਂ ਹੁੰਦੀਆਂ। ਹੱਥ ਹਮੇਸ਼ਾਂ ਬਿਸਵੇਦਾਰਾਂ ਤੇ ਉਸਦੇ ਗੰਡਿਆਂ ਦਾ ਹੀ ਉਪਰ ਰਿਹਾ ਕਿਉਂਕਿ ਅਫਸਰਸ਼ਾਹੀ ਤੇ ਪੁਲੀਸ ਉਨ੍ਹਾਂ ਦੀ ਮਦਦਗਾਰ ਬਣਕੇ ਖੜ੍ਹਦੀ। ਖੂਨੀ ਝੜਪਾਂ ਵਿਚ ਘਟੋ ਘਟ ਤਿੰਨ ਦਰਜਨ ਤੋਂ ਵਧ ਮੁਜਾਰੇ ਕਤਲ ਹੋਏ, ਜਿਹਨਾਂ ਵਿਚ ਕੁੱਝ ਬੱਚੇ ਤੇ ਔਰਤਾਂ ਵੀ ਸਨ।

ਜਦੋਂ ਕਿਸੇ ਕਾਰਨ ਫਸਲ ਦੀ ਪੈਦਾਵਾਰ ਘੱਟ ਹੁੰਦੀ ਤਾਂ ਬਿਸਵੇਦਾਰ ਸ਼ੱਕ ਕਰਦਾ ਕਿ ਮੁਜਾਰਿਆਂ ਨੇ ਪਹਿਲਾਂ ਹੀ ਕੁਝ ਹਿਸਾ ਚੁਰਾ ਲਿਆ ਹੈ। ਸਿਟੇ ਵਜੋਂ “ਠੱਪਾ ਰਸਮ” ਚਾਲੂ ਕੀਤੀ ਗਈ। ਜਦੋਂ ਫਸਲ ਵੱਢ, ਗਾਹ ਕੇ ਢੇਰ ਦਾ ਰੂਪ ਧਾਰਦੀ ਤਾਂ ਬਿਸਵੇਦਾਰ ਜਾਂ ਉਸਦਾ ਮੁਖਤਿਆਰ ਆ ਕੇ ਥਾਂ-ਥਾਂ ਉਸ ਤੇ ਠੱਪੇ ਲਾ ਦਿੰਦੇ। ਚੁਕਣ ਤਕ ਢੇਰ ਦੀ ਰਾਖੀ ਮੁਜਾਰਾ ਕਰਦਾ। ਮੁਜਾਰੇ ਨੀਯਤ ਤੇ ਸ਼ੱਕ ਕੀਤੇ ਜਾਣ ਲਈ ਬੇਇਜ਼ਤੀ ਮਹਿਸੂਸ ਕਰਦੇ। ਨਰਕਭੋਗੀ ਜੀਵਨ ਤੇ ਅੰਨ੍ਹੀ ਲੁਟ ਤੋਂ ਬਚਾਉਣ ਲਈ ਮੁਜਾਰਿਆਂ ਦੀ ਕੋਈ ਠੋਸ ਜਥੇਬੰਦੀ ਨਹੀਂ ਸੀ। ਜੋ ਘੋਲ ਨੂੰ ਅਗੇ ਤੋਰ ਸਕੇ। 7 ਜੁਲਾਈ 1927 ਨੂੰ ਮਾਨਸਾ (ਬਠਿੰਡਾ) ਵਿਖੇ ਰਿਆਸਤੀ ਪ੍ਰਜਾ ਮੰਡਲ ਦੀ ਨੀਂਹ ਰੱਖੀ ਗਈ। ਸੇਵਾ ਸਿੰਘ ਠੀਕਰੀਵਾਲਾ ਪ੍ਰਧਾਨ ਤੇ ਭਗਵਾਨ ਸਿੰਘ ਲੌਂਗੋਵਾਲੀਆ ਇਸਦੇ ਮੁਖ ਸਕੱਤਰ ਚੁਣੇ ਗਏ। ਜੋ ਖੁਦ ਗੁਪਤਵਾਸ ਕਰਕੇ ਸ਼ਾਮਲ ਨਹੀਂ ਹੋ ਸਕੇ। ਬਾਬਾ ਹਰਨਾਮ ਸਿੰਘ ਧਰਮਗੜ੍ਹ, ਧਰਮ ਸਿੰਘ ਫੱਕਰ ਅਤੇ ਅਜਮੇਰ ਸਿੰਘ ਤਾਮਕੋਟ ਵੀ ਅਹੁਦੇਦਾਰਾਂ ਵਿਚ ਸ਼ਾਮਲ ਹੋਏ। ਪਰਜਾ ਮੰਡਲ ਨੇ ਦੋ ਨੁਕਤਿਆਂ ਤੇ ਲੜਾਈ ਕੇਂਦਰਤ ਕੀਤੀ। (ੳ) ਰਾਜਾਸ਼ਾਹੀ ਦਾ ਖਾਤਮਾ, ਜਮਹੂਰੀ ਪ੍ਰਬੰਧ ਦੀ ਬਹਾਲੀ (ਅ) ਬਟਾਈ ਪ੍ਰਥਾ ਖਤਮ ਤੇ ਮੁਜਾਰਿਆਂ ਨੂੰ ਪੱਕੇ ਮਾਲਕੀ ਹੱਕ। ਮੁਜਾਰਿਆਂ ਦੀ ਲੜਾਈ ਨੂੰ ਅਗੇ ਤੋਰਨ ਵਿਚ ਪ੍ਰਜਾ ਮੰਡਲ ਨੇ ਉਘਾ ਰੋਲ ਨਿਭਾਇਆ।

1933-34 ਵਿਚ ਲੰਮੀ ਲੜਾਈ ਮਗਰੋਂ ਰਾਜੇ ਨੇ ਸ਼ਾਹੀ ਫਰਮਾਨ ਜਾਰੀ ਕਰਕੇ “ਠੱਪਾ ਰਸਮ” ਖਤਮ ਕਰਨ ਦਾ ਐਲਾਨ ਕੀਤਾ, ਬਦਲ ਵਜੋਂ “ਕਨਕੂਤ” ਰਸਮ ਅਰੰਭ ਕੀਤੀ। ਜਗੀਰਦਾਰ, ਸਰਕਾਰੀ ਅਧਿਕਾਰੀ ਤੇ ਮੁਜਾਰੇ ਦਾ ਪ੍ਰਤਿਨਿਧ ਤਿੰਨੇ ਮਿਲਕੇ ਖੜ੍ਹੀ ਫਸਲ ਦੀ ਪੈਦਾਵਾਰ ਦੀ ਕੁੱਲ ਮਾਤਰਾ ਤਹਿ ਕਰਕੇ ਬਟਾਈ ਹਿਸਾ ਤਹਿ ਕਰਦੇ। ਇਸਦਾ ਕੋਈ ਲਾਭ ਨਾ ਹੋਇਆ ਮੁਜਾਰੇ ਨੂੰ ਪੁਛਿਆ ਤਕ ਨਹੀਂ ਜਾਂਦਾ ਸੀ, ਜਗੀਰਦਾਰ ਤੇ ਸਰਕਾਰੀ ਅਫਸਰ ਸਰਦਾਰ ਦੀ ਹਵੇਲੀ ਬੈਠਕੇ ਪੈਦਾਵਾਰ ਹੋਣ ਦਾ ਫੈਸਲਾ ਸੁਣਾ ਕੇ ਬਟਾਈ ਨਿਸਚਿਤ ਕਰ ਦਿੰਦੇ ਸਨ। ਇਸ ਰਸਮ ਦਾ ਵੀ ਭਾਰਾ ਵਿਰੋਧ ਹੋਣਾ ਅਰੰਭ ਹੋਇਆ।

1936 ਵਿਚ ਲਖਨਊ ਵਿਖੇ ਕੁਲ ਕਿਸਾਨ ਸਭਾ ਦੀ ਸਥਾਪਨਾ ਹੋਈ। ਗਦਰੀ ਬਾਬਾ ਜਵਾਲਾ ਸਿੰਘ ਇਸਦੀ ਪੰਜਾਬ ਇਕਾਈ ਦੇ ਪਹਿਲੇ ਪ੍ਰਧਾਨ ਤੇ ਬਾਬਾ ਅਰੂੜ੍ਹ ਸਿੰਘ ਚੂਹੜਚੱਕ ਇਸਦੇ ਮੀਤ ਪ੍ਰਧਾਨ ਬਣੇ। ਕਿਸਾਨ ਸਭਾ ਨੇ ਪਿੰਡਾਂ ਵਿਚ ਕਿਸਾਨ ਕਮੇਟੀਆਂ ਬਣਾ ਕੇ ਮੁਜਾਰਾ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ।

ਬਿਸਵੇਦਾਰਾਂ ਨਾਲ਼ ਟੱਕਰਾਂ, ਜ਼ਮੀਨਾਂ ਤੇ ਨਵੇਂ-ਨਵੇਂ ਕਬਜ਼ੇ ਕਰਨ ਦੀ ਮੁਹਿੰਮ ਤੇਜ਼ ਹੀ ਹੋਈ ਸੀ ਕਿ ਦੂਜੀ ਸੰਸਾਰ ਜੰਗ ਅਰੰਭ ਹੋ ਗਈ। ਨਤੀਜੇ ਵਜੋਂ ਮੁਜਾਰਾ ਲੜਾਈ ਕੁਝ ਮੱਠੀ ਰੱਖੀ ਗਈ। ਜੰਗ ਵਿਚੋਂ ਹਿਟਲਰ ਤਾਨਾਸ਼ਾਹ ਜੁੰਡਲੀ ਹਾਰ ਗਈ ਤੇ ਸੋਵੀਅਤ ਯੂਨੀਅਨ ਦੀ ਜਿੱਤ ਨੇ ਮੁਜਾਰਾ ਅੰਦੋਲਨ ਨੂੰ ਨਵਾਂ ਬਲ ਤੇ ਉਤਸ਼ਾਹ ਦਿਤਾ, ਅੰਦੋਲਨ ਮੁੜ ਤੇਜ਼ ਹੋਇਆ। 1947 ਦੇ ਫਸਾਦਾਂ ਨੇ ਲਹਿਰ ਨੂੰ ਫਿਰ ਨਰਮ/ਧੀਮਾ ਕਰ ਦਿਤਾ, ਕਿਉਂਕਿ ਆਗੂਆਂ ਨੇ ਬੇਗੁਨਾਹਾਂ ਨੂੰ ਬਚਾਉਣ, ਦੰਗੇ ਰੋਕਣ ਤੇ ਮੁਸਲਮਾਨਾਂ ਨੂੰ ਬਚਾ ਕੇ ਸੁਰਖਿਅਤ ਪਾਕਿ ਪਹੁੰਚਾਉਣ ਵਿਚ ਮਦਦ ਕਰਨ ਨੂੰ ਪਹਿਲੀ ਦਿਤੀ।

1947 ਦੀ ਆਜ਼ਾਦੀ ਉਪਰੰਤ ਦੇਸੀ ਰਿਆਸਤਾਂ ਨੂੰ ਮਿਲਾ ਕੇ ਪਟਿਆਲਾ ਤੇ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਸੂਬਾ ਬਣਾਇਆ। ਰਾਜ ਗਵਰਨਰ ਦੀਆਂ ਸ਼ਕਤੀਆਂ ਦੇ ਕੇ ਪਟਿਆਲਾ ਰਾਜੇ ਨੂੰ ਇਸਦਾ “ਰਾਜ ਪ੍ਰਮੁੱਖ” ਬਣਾਇਆ ਗਿਆ। ਰਾਜੇ ਸੌਖੇ ਨਹੀਂ ਮੰਨੇ ਕੇਂਦਰ ਦੀ ਤਤਕਲੀਨ ਕਾਂਗਰਸ ਸਰਕਾਰ ਨੂੰ ਢੇਰ ਸਾਰੀਆਂ ਰਿਐਤਾਂ ਤੇ ਖੁਲ੍ਹੇ ਗੱਫੇ ਦੇਣੇ ਪਏ। ਕਾਂਗਰਸ ਦਾ ਜਗੀਰਦਾਰੀ ਨਾਲ਼ ਸਮਝੋਤਾ ਕਰੂ ਚਰਿੱਤਰ ਸਪਸ਼ਟ ਰੂਪ ਵਿਚ ਪ੍ਰਗਟ ਹੁੰਦਾ ਹੈ। ਇਕ ਤਰਾਂ ਨਾਲ਼ ਵਿਰਸੇ ਨੂੰ ਤਿਲਾਂਜਲੀ ਦੇਣ ਦਾ ਪ੍ਰਗਟਾਵਾ ਸੀ, ਜੋ ਭਵਿੱਖ ਦੇ ਦਰਜਨਾਂ ਸਾਲ ਬਾਅਦ ਉਸਦੇ ਰਸਾਤਲ ਦਾ ਕਾਰਨ ਬਣਿਆ। ਇਹ ਇਕ ਲੰਮੀ ਗਾਥਾ ਹੈ। ਚਿਰੋਕਣੀ ਮੰਗ ਰਿਆਸਤਾਂ ਦਾ ਖਾਤਮਾ ਜ਼ਰੂਰ ਹੋ ਗਿਆ। ਤਾਕਤਾਂ ਦਾ ਕੌਮਾਂਤਰੀ ਸੰਤੁਲਨ ਬਦਲ ਗਿਆ। ਮਜ਼ਬੂਤ ਸਮਾਜਵਾਦੀ ਦੇਸ ਦਾ ਧੜਾ ਹੋਂਦ ਵਿਚ ਆਉਣ ਨਾਲ਼ ਮੁਜਾਰਾ ਲਹਿਰ ਵਿਚ ਅੰਤਾਂ ਦਾ ਉਤਸ਼ਾਹ ਤੇ ਜੋਸ਼ ਠਾਠਾਂ ਮਾਰਨ ਲੱਗਾ।

ਹਥਿਆਰਬੰਦ ਸੰਘਰਸ਼ ਦੀ ਰੂਪ-ਰੇਖਾ

ਕਾਮਰੇਡ ਵੈਦ ਜੀ ਦੀ ਲਿਖਤ ਅਨੁਸਾਰ ਕਾਮਰੇਡ ਸੁਤੰਤਰ, ਫੱਕਰ, ਜੋਗਾ ਤੇ ਵੈਦ ਜੀ ਦੀ ਰਹਿਨੁਮਾਈ ਵਿਚ ਮੁਜਾਰਾ ਆਗੂਆਂ ਦੀ ਅਹਿਮ ਮੀਟਿੰਗ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਕਰਕੇ ਹੇਠ ਲਿਖੀ ਯੁੱਧਨਿਤੀ ਤਹਿ ਕੀਤੀ ਗਈ।

(1) ਬਿਸਵੇਦਾਰਾਂ ਤੇ ਉਹਨਾਂ ਦੇ ਗੁੰਡਿਆਂ ਦਾ ਟਾਕਰਾ ਖੇਤਾਂ ਵਿਚ ਕੀਤਾ ਜਾਏ। ਖੇਤਾਂ ਤੋਂ ਬਾਹਰ ਕੋਈ ਟੱਕਰ ਨਹੀਂ।

(2) ਨੌਕਰਸ਼ਾਹਾਂ, ਮਹਿਕਮਾ ਮਾਲ ਤੇ ਪੁਲੀਸ ਅਧਿਕਾਰੀਆਂ ਨਾਲ਼ ਟੱਕਰ ਲੈਣ ਤੋਂ ਬਚਿਆ ਜਾਏ। ਉਨ੍ਹਾਂ ਵਿਰੁਧ ਕੋਈ ਹਥਿਆਰਾਂ ਦੀ ਵਰਤੋਂ ਨਹੀਂ। ਹਾਂ ਸਮਾਜੀ ਬਾਈਕਾਟ, ਨਾ ਚਾਹ ਨਾ ਰੋਟੀ, ਪੂਰਾ ਨਾ ਮਿਲਵਰਤਣ। ਉਹਨਾਂ ਦਾ ਸਾਹਮਣਾ ਨਾ ਕਰੋ ਸਗੋਂ ਅਗੇ-ਪਿਛੇ ਹੋ ਕੇ, ਆਂਬੇ-ਲਾਂਬੇ ਆਸਰਾ ਲਵੋ ਸਮਾਂ ਬਤਾਓ।

(3) ਦੁਸ਼ਮਣ ਨੂੰ ਹਮਲਾ ਕਰਨ ਦਾ ਮੌਕਾ ਦੇ ਕੇ ਆਪ ਬਚਾਓ ਲਈ ਲੜਨਾ ਗਲਤ ਹੈ। ਪਹਿਲ ਸਦਾ ਆਪਣੇ ਹੱਥ ਰਖੋ। ਪਹਿਲਕਦਮੀ, ਪਹਿਲਾਂ ਹਮਲਾ ਬਚਾਓ ਦੀ ਪੱਕੀ ਗਰੰਟੀ ਹੈ।

ਕਾਮਰੇਡ ਸੁਤੰਤਰ ਨੇ ਵਾਰ-ਵਾਰ ਹਥਿਆਰ ਇਕੱਠੇ ਕਰਨ, ਖੋਹਣ, ਖਰੀਦਣ, ਵਲੰਟੀਅਰ ਭਰਤੀ ਉਨ੍ਹਾਂ ਦੀ ਹਥਿਆਰਬੰਦੀ ਦੀ ਸਿਖਲਾਈ, ਗੁਰੀਲਾ ਦਸਤੇ ਬਣਾਉਣ ਤੇ ਘੋਲ ਵਿਚ ਪਹਿਲਕਦਮੀ ਆਪਣੇ ਹੱਥ ਰਖਣ ਤੇ ਜ਼ੋਰ ਦਿਤਾ। ਬਿਸਵੇਦਾਰਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਨ ਤੇ ਮੁਜਾਰਿਆਂ ਵਿਚ ਵੰਡਣ ਦੀ ਮੁਹਿੰਮ ਤੇਜ਼ ਹੋਈ। 200 ਤੋਂ ਵੱਧ ਪਿੰਡਾਂ ਦੇ ਮੁਜਾਰਿਆਂ ਨੇ ਜਮੀਨਾਂ ਤੇ ਕਬਜ਼ੇ ਕਰ ਲਏ। ਬਾਬਾ ਹਰਨਾਮ ਸਿੰਘ ਧਰਮਗੜ੍ਹ ਕਬਜ਼ਾਕਰੂ ਜਥਿਆਂ ਦੀ ਅਗਵਾਈ ਕਰਦੇ ਹੋਏ ਜਮੀਨਾਂ ਤੇ ਕਬਜ਼ੇ ਕਰਕੇ ਮੁਜਾਰਿਆਂ ਵਿਚ ਵੰਡ ਦਿੰਦੇ। ਬਾਬਾ ਜੀ ਗਲੀਆਂ ਵਿਚ ਇਹ ਵੀ ਗਾਉਂਦੇ ਸਨ ਕਿ :

ਤੇਰੀ ਜਾਉਗੀ ਗਰੀਬੀ ਸ਼ੇਰਾ, ਰਾਜਿਆਂ ਦੇ ਰਾਜ ਜਾਣਗੇ।”
“ਉਠ ਕਰ ਲੈ ਜ਼ਮੀਨ ਉਤੇ ਕਬਜ਼ਾ, ਬਿਸਵੇਦਾਰ ਭੱਜ ਜਾਣਗੇ।”

ਕਨਕੂਤ” ਰਸਮ ਦੀ ਸਮਾਪਤੀ ਕਰਕੇ ਮਹਾਰਾਜਾ ਪਟਿਆਲਾ ਨੇ ਇਸ ਰਸਮ ਉਪਰ ਅਮਲ ਕੀਤਾ ਕਿ “ਸਾਰਾ ਧੰਨ ਜਾਤਾ ਦੇਖੀਏ, ਅਧਾ ਦੀਜੇ ਬਾਂਟ।” ਇਹ ਸ਼ਾਹੀ ਫੁਰਮਾਨ 11 ਮਾਰਚ 1947 ਦੇ ਗਜਟ ਵਿਚ ਪ੍ਰਕਾਸ਼ ਕੀਤਾ ਗਿਆ। ਜਿਸ ਅਨੁਸਾਰ, ਮੌਰੂਸੀ ਮੁਜਾਰੇ ਆਪਣੇ ਹਲ ਹੇਠ ਜ਼ਮੀਨ ਦਾ ਤੀਜਾ ਬਿਸਵੇਦਾਰ ਨੂੰ ਦੇ ਕੇ ਬਾਕੀ ਦੋ ਹਿਸਿਆਂ ਦੀ ਜ਼ਮੀਨ ਦੇ ਪੂਰੇ ਮਾਲਕ ਬਣ ਸਕਦੇ ਸਨ। ਇਸ ਵਿਚ ਕਈ ਹੋਰ ਸ਼ਰਤਾਂ ਮੁਜਾਰਾ ਵਿਰੋਧੀ ਸੀ ਜਿਵੇਂ ਕਿ ਮੁਜਾਰੇ ਨੂੰ ਪਿਛਲੇ ਸਾਰੇ ਚਲੇ ਆ ਰਹੇ ਬਟਾਈ ਬਕਾਏ ਦੇ ਚੁਕਾਉਣੇ ਪੈਣਗੇ ਆਦਿ। ਉਕਤ ਫੁਰਮਾਨ ਵਿਚ ਕਚੇ ਮੁਜਾਰਿਆਂ ਬਾਰੇ ਇਕ ਸ਼ਬਦ ਵੀ ਨਹੀਂ ਸੀ। ਮੁਜਾਰਾ ਆਗੂਆਂ ਨੇ ਅਪਰੈਲ 1947 ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਮੀਟਿੰਗ ਕਰਕੇ ਇਸ ਸ਼ਾਹੀ ਫੁਰਮਾਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

ਪਿੰਡ ਕਿਸ਼ਨਗੜ੍ਹ ਦੀ ਘਟਨਾ

ਪਿੰਡ ਕਿਸ਼ਨਗੜ੍ਹ ਦੇ ਦੋ ਬਿਸਵੇਦਾਰ ਭਗਵਾਨ ਸਿੰਘ ਤੇ ਸਿਆਸਤ ਸਿੰਘ ਮਹਾਰਾਜਾ ਦੇ ਸਮੇਂ ਉਸਦੇ ਸੁਪਰਡੈਂਟ ਪੁਲੀਸ ਸਨ। ਸਿਆਸਤ ਸਿੰਘ ਆਪਣੇ ਘਰੇਲੂ ਜ਼ਿਲੇ੍ਹ ਬਠਿੰਡਾ ਵਿਖੇ ਹੀ ਤੈਨਾਤ ਸੀ। ਉਸਨੇ ਅਕਤੂਬਰ 1948 ਵਿਚ ਤਹਿਸੀਲਦਾਰ ਦੀ ਅਗਵਾਈ ਵਿਚ ਸਟਾਫ ਤੇ ਪੁਲੀਸ ਭੇਜੀ ਤਾਂ ਕਿ ਸ਼ਾਹੀ ਫੁਰਮਾਨ ਅਨੁਸਾਰ ਜ਼ਮੀਨ ਦੀ ਵੰਡ ਕੀਤੀ ਜਾਏ।

ਮੁਜਾਰਿਆਂ ਨੂੰ ਉਨ੍ਹਾਂ ਦੀ ਆਮਦ ਬਾਰੇ ਪਹਿਲਾਂ ਪਤਾ ਲਗ ਗਿਆ ਸੀ। ਮੁਜਾਰੇ ਬਰੇਟਾ ਤੋਂ ਆਉਂਦੇ ਰਾਹ ਤੇ ਇਕੱਠੇ ਹੋਏ। ਸਟਾਫ ਨੂੰ ਆਉਂਦੇ ਵੇਖ ਕੇ ਨਾਹਰੇ ਗੂੰਜ ਉਠੇ : “ਚਾਲੂ ਰਹੇ ਮੁਜਾਰਿਆ ਲੜਾਈ-ਨਾ ਖੁੱਡ ਜ਼ਮੀਨ ਨਾ ਦਾਣਾ ਬਟਾਈ”। “ਬਿਸਵੇਦਾਰੀ ਬਿਨਾਂ ਮੁਆਵਜ਼ਾ ਖਤਮ ਕਰੋ।” ਇਕੱਠ ਦਾ ਜੋਸ਼, ਗੁੱਸਾ ਤੇ ਹੱਥਾਂ ਵਿਚ ਰਵਾਇਤੀ ਹਥਿਆਰ ਵੇਖ ਕੇ ਸਟਾਫ ਦੀ ਅਗੇ ਵੱਧਣ ਦੀ ਹਿੰਮਤ ਨਹੀਂ ਪਈ।। ਉਥੋਂ ਵਾਪਸ ਬਰੇਟਾ ਥਾਨਾ ਨੂੰ ਮੁੜ ਗਏ।

ਸਟਾਫ ਦੀ ਅਸਫਲਤਾ ਕਾਰਨ ਬਿਸਵੇਦਾਰ ਤੇ ਪੁਲੀਸ ਅਫਸਰ ਬਹੁਤ ਬੁਖਲਾਏ। ਉਨ੍ਹਾਂ ਨੇ ਕਾਨੂੰਨ ਹੱਥ ਵਿਚ ਲੈਣ ਦਾ ਫੈਸਲਾ ਕੀਤਾ। ਭਾੜੇ ਉਪਰ ਭਗੌੜੇ ਗੁੰਡੇ ਇਕੱਠੇ ਕੀਤੇ। ਦਸੰਬਰ 1948 ਨੂੰ ਇਕ ਥਾਂ ਇਕੱਠੇ ਕਰਕੇ ਮਾਸ, ਸ਼ਰਾਬ ਨਾਲ਼ ਰਜਾਇਆ, ਕਿਸ਼ਨਗੜ੍ਹ ਪਿੰਡ ਭਿਜਵਾਇਆ ਤਾਂ ਕਿ ਉਹ ਜ਼ਮੀਨ ਉਪਰ ਕਬਜ਼ਾ ਕਰਨ। ਚੋਖੀ ਗਿਣਤੀ ਵਿਚ ਪੁਲੀਸ ਵੀ ਨਾਲ਼ ਸੀ। ਉਕਤ ਟੋਲੇ ਨੇ ਪਿੰਡ ਦੀ ਵਜਾਏ ਸਿਧਾ ਖੇਤਾਂ ਵਿਚ ਜਾ ਕੇ, ਕੈਂਪ ਲਗਾਇਆ। ਛੱਜੂਮਲ ਵੈਦ ਤੇ ਫੱਕਰ ਨੇ ਕੁਝ ਪਿੰਡਾਂ ਦਾ ਦੌਰਾ ਕਰਕੇ ਤੇ ਕੁੱਝ ਨੂੰ ਰੁੱਕੇ ਭੇਜਕੇ ਕਿਸ਼ਨਗੜ੍ਹ ਪੁੱਜਣ ਦੇ ਸੁਨੇਹੇ ਭੇਜੇ, ਦੋ ਦਿਨਾਂ ਵਿਚ ਗੁਆਂਢੀ ਪਿੰਡਾਂ ਵਿਚੋਂ 5000 ਮੁਜਾਰੇ ਕਿਸਾਨ ਪਿੰਡ ਇਕੱਠੇ ਹੋਏ। ਰਵਾਇਤੀ ਤੇ ਕੁਝ ਪਕੇ ਹਥਿਆਰਾਂ ਨਾਲ਼ ਗੁੰਡਿਆਂ ਦੇ ਕੈਂਪ ਵਲ ਚਾਲੇ ਪਾ ਦਿਤੇ, ਦੋਹਾਂ ਪਾਸਿਆਂ ਤੋਂ ਗੋਲੀਆਂ ਵੀ ਚਲੀਆਂ ਪੁਲੀਸ ਭੱਜ ਗਈ, ਗੁੰਡੇ ਘੇਰਾ ਪੈਣ ਤੇ ਡਰਦੇ ਗੰਨੇ ਦੇ ਖੇਤ ਵਿਚ ਜਾ ਛੁੱਪੇ। ਗੁੱਸੇ ਵਿਚ ਆਏ ਲੋਕਾਂ ਨੇ ਗੰਨੇ ਦੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਸਿਆਣੇ ਆਗੂਆਂ ਨੇ ਅਜਿਹਾ ਕਰਨ ਤੋੱ ਰੋਕਿਆ ਤੇ ਗੰਨਾਂ ਵੱਢ ਕੇ ਗੁੜ ਬਣਾਉਣ ਦੀ ਸਲਾਹ ਦਿਤੀ।

ਇਕੱਠ ਨੂੰ ਗਰੁੱਪਾਂ ਵਿਚ ਵੰਡ ਕੇ ਗੰਨਾ ਕੱਟਣ-ਵੱਢਣ, ਢੋਆ-ਢੁਆਈ ਕਰਨ ਤੇ ਗੁੜ ਬਣਾਉਣ ਦੀ ਡਿਊਟੀ ਲਾਈ। ਗੁਆਂਢੀ ਪਿੰਡਾਂ ਵਿਚੋਂ ਵੇਲਣੇ ਮੰਗਵਾਏ। 84 ਕਿਲੇ ਗੰਨੇ ਦੀ ਫਸਲ ਕੱਟ-ਵੱਢ ਕੇ ਗੁੜ ਬਣਾ ਕੇ ਸੰਬੰਧਤ ਮੁਜਾਰਿਆਂ ਦੇ ਘਰਾਂ ਵਿਚ ਪੁੱਜਦਾ ਕਰ ਦਿਤਾ।

ਉਕਤ ਘਟਨਾ ਸੰਬੰਧੀ 36 ਨੌਜਵਾਨ ਮੁਜਾਰੇ ਦੋਸ਼ੀ ਨਾਮਜ਼ਦ ਕਰਕੇ ਸਿਆਸਤ ਸਿੰਘ ਨੇ ਵਰੰਟ ਗ੍ਰਿਫਤਾਰੀ ਜਾਰੀ ਕਰ ਦਿਤੇ। ਲਗਭਗ 100 ਪੁਲੀਸ ਅਫਸਰ ਤੇ ਸਿਪਾਹੀਆਂ ਨੇ ਗ੍ਰਿਫਤਾਰੀਆਂ ਲਈ 16 ਮਾਰਚ 1949 ਨੂੰ ਸਵੇਰੇ ਹੀ ਪਿੰਡ ਨੂੰ ਘੇਰ ਲਿਆ। ਹਥਿਆਰਬੰਦ ਵਲੰਟੀਅਰਾਂ ਨਾਲ਼ ਟੱਕਰ ਵਿਚ ਪੁਲੀਸ ਦੇ ਕਈ ਘੋੜੇ ਜ਼ਖਮੀ ਹੋਏ, ਜ਼ਖਮੀ ਘੋੜੇ ਤੋਂ ਡਿਗ ਕੇ ਇਕ ਪੁਲੀਸ ਇੰਸਪੈਕਟਰ ਮਰ ਗਿਆ। ਘਬਰਾਈ ਪੁਲੀਸ ਮੁੜਦੇ ਪੈਰੀਂ ਨੱਠ ਗਈ।

ਵੱਡੀ ਲੀਡਰਸ਼ਿਪ ਗੁਆਂਢੀ ਪਿੰਡ ਗੋਬਿੰਦਗੜ੍ਹ ਵਿਖੇ ਇਕੱਠੀ ਹੋਈ। ਇਹਸਾਸ ਹੋ ਗਿਆ ਸੀ ਕਿ ਹੁਣ ਵੱਡਾ ਹਮਲਾ ਹੋਵੇਗਾ, ਫੌਜ ਵੀ ਆ ਸਕਦੀ ਹੈ। ਛੱਜੂ ਮੱਲ ਵੈਦ ਨੇ ਇਕ ਰੁਕਾ ਭੇਜਕੇ ਧਰਮ ਸਿੰਘ ਫੱਕਰ ਨੂੰ ਉਥੇ ਆਉਣ ਲਈ ਕਿਹਾ, ਉਨ੍ਹਾਂ ਵਾਪਸੀ ਰੁਕੇ ਰਾਹੀਂ ਆਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਲੋਕਾਂ ਤੇ ਅਕਿਹ ਤੇ ਅਸਿਹ ਜ਼ਬਰ-ਜ਼ੁਲਮ ਦੀ ਸੰਭਾਵਨਾ ਹੈ। ਲੋਕ ਲੀਡਰ ਰਹਿਤ ਹੋ ਕੇ ਹੌਸਲਾ ਛੱਡ ਦੇਣਗੇ ਤੇ ਨਿਰਾਸ਼ ਹੋ ਜਾਣਗੇ। ਹੁਣ ਤਕ ਦੀ ਕਰੀ-ਕਰਾਈ ਖੂਹ ਵਿਚ ਪੈ ਜਾਣੀ ਹੈ, ਇਸ ਕਰਕੇ ਮੈਂ ਲੋਕਾਂ ਨਾਲ਼ ਹੀ ਰਹਾਂਗਾ ਸੋ ਧਰਮ ਸਿੰਘ ਫੱਕਰ ਹਥਿਆਰਬੰਦ ਦਸਤਿਆਂ ਦੇ ਲੀਡਰ ਰਾਮ ਸਿੰਘ ਬਾਗੀ ਪਿੰਡ ਕਿਸ਼ਨਗੜ੍ਹ ਹੀ ਰਹੇ।

18 ਮਾਰਚ ਸਵੇਰ ਨੂੰ 400 ਫੌਜੀ, 11 ਟੈਂਕ, 5 ਹਥਿਆਰਬੰਦ ਕਾਰਾਂ ਤੇ ਟਰੱਕ, ਸੌ ਦੇ ਕਰੀਬ ਪੁਲਸੀਆਂ ਨੇ ਸਵੇਰ ਨੂੰ ਹੀ ਪਿੰਡ ਘੇਰ ਲਿਆ। ਮਾਰਸ਼ਲ ਲਾਅ ਲਾਗੂ ਕਰ ਦਿਤਾ। ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਬਿਸਵੇਦਾਰ ਦੀ ਹਵੇਲੀ/ਕੋਠੀ ਇਕੱਠੇ ਹੋਣ ਨੂੰ ਕਿਹਾ ਗਿਆ। ਘਰ-ਘਰ ਦੀ ਤਲਾਸ਼ੀ ਲਈ ਗਈ। ਹਜ਼ਾਰਾਂ ਦੀ ਜਾਇਦਾਦ ਦੀ ਲੁੱਟ ਕੀਤੀ। ਪੜਤਾਲੀਆ ਪੁਲੀਸ ਗਲੀਆਂ ਘਰਾਂ ਵਿਚ ਗਈ। ਰਾਮ ਸਿੰਘ ਬਾਗੀ ਤੇ ਸਮੇਤ ਦੋ ਹੋਰ ਸਾਥੀ ਇਕ ਘਰ ਵਿਚ ਸਨ। ਬਾਹਰ ਨਹੀਂ ਆਏ। ਪੁਲੀਸ ਨੇ ਵੇਖਦੇ ਹੀ ਗੋਲੀ ਚਲਾਕੇ ਉਨ੍ਹਾਂ ਨੂੰ ਮਾਰ ਦਿਤਾ। ਮੇਜਰ ਗੁਰਦਿਆਲ ਸਿੰਘ ਫੌਜ ਦੀ ਅਗਵਾਈ ਕਰ ਰਿਹਾ ਸੀ।

ਲਾਈਨ ਵਿਚ ਖੜਾ ਕਰਕੇ ਲੋਕਾਂ ਦੀ ਸੂਚੀ ਬਣਾਈ ਗਈ। ਜਦੋਂ ਫੱਕਰ ਨੇ ਆਪਣਾ ਨਾਂ ਦਸਿਆ ਤਾਂ ਨਾਲ਼ ਖੜ੍ਹੇ ਡੀਸੀ ਨੇ ਗੋਲੀ ਮਾਰਨ ਲਈ ਕਿਹਾ। ਫੌਜੀ ਕਮਾਂਡਰ ਨੇ ਦਖਲ ਦਿੰਦਿਆਂ ਕਿਹਾ ਕਿ 10 ਸਾਲਾਂ ਵਿਚ ਤਾਂ ਫੜ ਕੇ ਮਾਰ ਨਹੀਂ ਸਕੇ, ਹੁਣ ਕਿਉਂ? ਚੰਗੇ ਫੌਜੀ ਅਫਸਰ ਕਰਕੇ ਫੱਕਰ ਜੀ ਦੀ ਜਾਨ ਬਚ ਗਈ। ਪਰ ਅੰਨ੍ਹਾ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਜਿਸਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ। ਪੱਤਰਕਾਰਾਂ ਨੂੰ ਪਿੰਡ ਵਿਚ ਵੜਨ ਦੀ ਮਨਾਹੀ ਕਰ ਦਿਤੀ। ਧਰਮ ਸਿੰਘ ਫੱਕਰ ਸਮੇਤ 85 ਕਿਸਾਨ ਮੁਜਾਰੇ ਗ੍ਰਿਫਤਾਰ ਕਰਕੇ ਫਰੀਦਕੋਟ ਜੇਲ੍ਹ ਭੇਜੇ ਗਏ। ਦਫਾ 302/395/365/307/142/120/19 ਦੇ ਪਰਚੇ ਦਰਜ ਕਰਕੇ ਮੁਕੱਦਮੇ ਚਲਾਏ। ਜੰਗੀਰ ਸਿੰਘ ਜੋਗਾ ਜੀ ਦੀ ਅਗਵਾਈ ਹੇਠ “ਡਿਫੈਂਸ ਕਮੇਟੀ” ਬਣਾ ਕੇ ਕੇਸ ਲੜਿਆ ਗਿਆ। ਲਹਿਰ ਦੇ ਦਬਾਅ ਸਦਕਾ ਕੋਈ ਗਵਾਹ ਸਾਹਮਣੇ ਨਹੀਂ ਆਇਆ। ਮਾਨਸਾ ਦੇ ਨਾਮੀ ਵਕੀਲ ਤੇ ਪ੍ਰਜਾ ਮੰਡਲੀਏ ਬਾਬੂ ਦੇਸ ਰਾਜ ਨੇ ਮੁਫਤ ਮੁਕੱਦਮਾ ਲੜਿਆ। ਦਸੰਬਰ 1950 ਵਿਚ ਸਾਰੇ ਮੁਲਜ਼ਮ ਬਾ-ਇੱਜ਼ਤ ਬਰੀ ਹੋ ਗਏ। ਅਕਤੂਬਰ 1948 ਤੋਂ 1951 ਦੇ ਢਾਈ ਸਾਲਾਂ ਦੇ ਅਰਸੇ ਦੌਰਾਨ ਪੈਪਸੂ ਦੀਆਂ ਚਾਰ ਵਜ਼ਾਰਤਾਂ ਬਣੀਆਂ। ਪਾਸਕੂ ਤਿੰਨ ਕਮਿਊਨਿਸਟਾਂ ਕੋਲ ਸੀ। ਨਾ-ਮਾਤਰ ਮੁਆਵਜ਼ੇ ਨਾਲ਼ ਬਿਸਵੇਦਾਰੀ ਖਾਤਮੇ ਦਾ ਕਮੀਆਂ-ਕਮਜ਼ੋਰੀਆਂ ਵਾਲਾ ਕਾਨੂੰਨ ਬਣਾਉਣ ਵਿਚ ਸਫਲਤਾ ਜ਼ਰੂਰ ਮਿਲੀ।

29 ਮਈ 1952 ਨੂੰ ਮਾਨਸਾ ਮੰਡੀ (ਬਠਿੰਡਾ) ਵਿਖੇ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਵਿਚ ਕਿਸਾਨ ਮੁਜਾਰਾ ਕਾਨਫਰੰਸ ਹੋਈ। ਪੈਪਸੂ ਸਰਕਾਰ ਦੋ ਮੰਤਰੀ ਦਾਰਾ ਸਿੰਘ ਤੇ ਇੰਦਰ ਸਿੰਘ ਵੀ ਸ਼ਾਮਲ ਹੋਏ। ਡੀਸੀ ਪ੍ਰੇਮ ਕੁਮਾਰ ਵੀ ਮੌਜੂਦ ਸੀ। 24 ਪਿੰਡਾਂ ਦੇ ਬਿਸਵੇਦਾਰ ਆਪਣੇ ਹਲਕੇ ਦੇ ਪਟਵਾਰੀਆਂ ਸਮੇਤ ਸਟੇਜ ਤੇ ਹਾਜ਼ਰ ਹੋਏ। ਆਪਣੀ ਜ਼ਮੀਨ ਦੀ ਮਾਲਕੀ ਛੱਡਕੇ ਇੰਤਕਾਲ ਆਪਣੇ ਮੁਜਾਰਿਆਂ ਦੇ ਨਾਂ ਦਰਜ ਕਰਵਾ ਦਿਤੇ। ਗੋਬਿੰਦਪੁਰਾ ਦੇ ਬਿਸਵੇਦਾਰ ਨੇ 500 ਕਿਲੇ, ਤਲਵੰਡੀ ਸਾਬੋ ਦੇ 7 ਬਿਸਵੇਦਾਰਾਂ ਨੂੰ 2456 ਕਿਲੇ, ਇਕ ਹੋਰ ਵਿਸਵਦਾਰ ਸਮਸ਼ੇਰ ਸਿੰਘ 3000 ਕਿਲੇ, ਪਟਿਆਲਾ ਸ਼ਹਿਰ ਵਸਦੇ ਇਕ ਬਿਸਵੇਦਾਰ ਨੇ 24000 ਕਿਲੇ, ਰਾਜਾ ਨਿਰਪਾਲ ਸਿੰਘ ਨੇ 5000 ਕਿਲੇ ਮੁਜਾਰਿਆਂ ਦੇ ਨਾਮ ਕੀਤੇ। ਇਹ ਲੜੀ ਬਹੁਤ ਲੰਮੀ ਹੈ। ਹਥਿਆਰਬੰਧ ਸੰਘਰਸ਼ ਦੌਰਾਨ ਹੀ ਲਹਿਰ ਦੇ ਮੁੱਖ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਇੱਕ ਲੱਖ ਦੇ ਇਨਾਮ ਵਾਲੇ ਵਾਰੰਟ ਗ੍ਰਿਫਤਾਰੀ ਜਾਰੀ ਹੋ ਚੁੱਕੇ ਸਨ। ਉਹ ਲਗਭਗ 16 ਸਾਲ ਗੁਪਤਵਾਸ ਰਹੇ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਸਕੀ। 1963 ਦੇ ਆਰੰਭ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਗਦਰੀ ਬਾਬਿਆਂ ਦਾ ਇਕ ਪ੍ਰਤੀਨਿੱਧ ਮੰਡਲ ਤਤਕਲੀਨ ਪ੍ਰਧਾਨਮੰਤਰੀ ਜਵਾਰਲਾਲ ਨਹਿਰੂ ਨੂੰ ਮਿਲਿਆ ਤੇ ਸੁਤੰਤਰ ਜੀ ਦੇ ਵਾਰੰਟ ਮਨਸੁੱਖ ਕਰਨ ਲਈ ਜ਼ੋਰ ਦਿਤਾ। ਨਹਿਰੂ ਨੇ ਬਾਬਿਆਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਤਤਕਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਵਾਰੰਟ/ਮੁਕੱਦਮਾ ਵਾਪਿਸ ਲੈਣ ਦੀ ਹਦਾਇਤ ਕੀਤੀ ਤਾਂ ਜਾਕੇ ਉਹ ਖੁੱਲੇ ਜੀਵਨ ਵਿਚ ਪਰਤੇ।

ਮੁਜਾਰਾ ਲਹਿਰ ਦਾ ਸਾਰ-ਤੱਤ ਇਹ ਹੈ ਕਿ ਬਹੁਤ ਘਟ ਜਾਨੀ ਨੁਕਸਾਨ ਨਾਲ਼ 16 ਲੱਖ ਤੋਂ ਉਪਰ ਕਿਲੇ ਬਿਸਵੇਦਾਰਾਂ ਤੋਂ ਖੋਹਕੇ, ਮੁਜਾਰਿਆਂ ਵਿਚ ਵੰਡ ਕੇ ਉਹਨਾਂ ਨੂੰ ਮਾਲਕ ਬਣਾਇਆ। ਪਹਿਲਾਂ ਬੰਦਾ ਸਿੰਘ ਬਹਾਦਰ ਨੇ ਹਲਵਾਹਕਾਂ ਵਿਚ ਜ਼ਮੀਨ ਵੰਡੀ ਸੀ, ਦੂਸਰਾ ਉਕਤ ਲਹਿਰ ਨੇ। ਅੱਜ ਫਿਰ ਕਿਸਾਨਾਂ ਦੀ ਜ਼ਮੀਨ ਖੋਹਣ, ਕਾਰਪੋਰੇਟਾਂ ਨੂੰ ਦੇਣ ਲਈ ਕਾਲੇ ਕਾਨੂੰਨ ਥੋਪ ਦਿਤੇ ਹਨ। ਕਿਸਾਨ ਆਮ ਜਨਤਾ ਦੇ ਸਹਿਯੋਗ ਨਾਲ਼ ਹੋਂਦ ਲੜਾਈ ਲਈ ਦਿੱਲੀ ਦੇ ਬਾਰਡਰਾਂ ਆਦਿ ਤੇ ਸੰਘਰਸ਼ ਦੇ ਮੈਦਾਨ ਵਿਚ ਹੈ। ਮੁਜਾਰਾ ਲਹਿਰ ਦਾ ਸ਼ਾਨਾਮੱਤੀ ਵਿਰਸਾ ਕਿਸਾਨ ਅੰਦੋਲਣ ਨੂੰ ਹੋਰ ਉਤਸ਼ਾਹ ਨਾਲ਼ ਲੜਨ ਦਾ ਹੌਸਲਾ ਤੇ ਸ਼ਕਤੀ ਦੇਵੇਗਾ। ਮੌਜੂਦਾ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਤੇ ਜਿੱਤ ਤੱਕ ਅਗੇ ਵਧਣਾ 19 ਮਾਰਚ ਦੇ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।

en_GBEnglish