ਪਿਛਲੇ ਮੋਰਚੇ ਦੇ ਰੰਗ

ਪਿਛਲੇ ਮੋਰਚੇ ਦੇ ਰੰਗ

ਪੰਜਾਬ ਵਿੱਚ ਅਕਤੂਬਰ 2020 ਤੋਂ ਟੌਲ-ਪਲਾਜ਼ਿਆਂ, ਪੈਟਰੋਲ ਪੰਪਾਂ, ਰੇਲਵੇ ਸ਼ਟੇਸ਼ਨਾਂ ਤੋਂ ਸ਼ੁਰੂ ਹੋਇਆ ਕਿਸਾਨ ਘੋਲ਼, ਆਪਣੀ ਨਿਰੰਤਰਤਾ ਪਿੱਛੇ ਛੱਡਦਾ ਹੋਇਆ 26 ਨਵੰਬਰ ਤੋਂ ਦਿੱਲੀ ਦੀ ਸਰਹੱਦ ਤੇ ਪਹੁੰਚ ਗਿਆ। ਕੁਝ ਸੱਟ ਲੱਗਣ ਦੇ ਵਾਬਜੂਦ ਵੀ ਇਹ ਸੰਘਰਸ਼ ਮੁੜ ਸੰਭਲ਼ ਕੇ ਫੇਰ ਪੂਰੇ ਜਲੌਅ ਨਾਲ਼ ਚੜ੍ਹਦੀ ਕਲਾ ਵਿਚ ਠਾਠਾਂ ਮਾਰ ਰਿਹਾ ਹੈ। ਠੰਢੇ ਠਾਰ ਮੌਸਮ ਵਿਚ ਵੀ ਦਿਨੋਂ ਦਿਨ ਵਧ ਰਹੀ ਜਾਬਤਾ-ਬੱਧ ਗਿਣਤੀ, ਇਸ ਘੋਲ਼ ਦੀ ਤਕੜਾਈ ਤੇ ਖ਼ੂਬਸੂਰਤੀ ਨੂੰ ਦਰਸਾਉਂਦੀ ਹੈ। ਪੂਰੀ ਦੁਨੀਆਂ ਤੇ ਦੇਸ਼ ਦੇੇ ਹਰ ਸੂਬੇ ਅਤੇ ਹਰ ਵਰਗ ਦੇ ਲੋਕਾਂ ਦਾ ਦਿਲੋਂ ਮਿਲਿਆ ਭਰਪੂਰ ਸਹਿਯੋਗ ਮਿਸਾਲਾਂ ਪੈਦਾ ਕਰ ਰਿਹਾ ਹੈ। ਮੂਹਰਲੇ ਮੋਰਚੇ ਉੱਪਰ ਲੜ ਰਹੇ ਯੋਧਿਆਂ ਨੂੰ ਲਗਾਤਾਰ ਬਲ ਬਖਸ਼ ਰਹੇ ਨੇ ਪੰਜਾਬ ਵਿੱਚ ਸੌ ਤੋਂ ਵੱਧ ਥਾਵਾਂ ਉੱਪਰ ਨਿਰੰਤਰ ਚੱਲ ਰਹੇ ਪਿਛਲੇ ਕਿਸਾਨ ਮੋਰਚੇ। ਇਹ ਮੋਰਚੇ, ਮੁੱਖ ਮੋਰਚੇ ਦੀ ਸਪਲਾਈ ਲਾਈਨ ਨੂੰ ਹੀ ਜਾਰੀ ਨਹੀਂ ਰੱਖ ਰਹੇ ਸਗੋਂ ਬੜੇ ਹੀ ਸੁਚੱਜੇ ਢੰਗ ਨਾਲ਼ ਸਾਰੇ ਵਰਗਾਂ ਦੀ ਇਕ-ਜੁੱਟਤਾ ਦਾ ਮੁਜ਼ਾਹਰਾ ਕਰ ਰਹੇ ਹਨ। ਯਾਦਗਾਰੀ ਦਿਨ ਮਨਾ ਰਹੇ ਹਨ। ਕਿਸਾਨ ਘੋਲ ਦੇ ਸ਼ਹੀਦਾਂ ਦੇ ਪਿੰਡਾਂ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਹਨ ਅਤੇ ਉਹਨਾਂ ਦੇ ਪ੍ਰੀਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਸਰਕਾਰ ਜਾਂ ਉਸ ਦੀ ਅਫਸਰਸ਼ਾਹੀ ਨੂੰ ਇਹਨਾਂ ਜਬਰੀ ਥੋਪੇ ਕਨੂੰਨਾਂ ਦੀ ਸਮਝ ਹੋਵੇ ਜਾਂ ਨਾ ਪਰ ਕਿਸਾਨ ਜੱਥੇਬੰਦੀਆਂ ਦੀ ਯੋਗ ਅਗਵਾਈ ਸਦਕਾ ਪੰਜਾਬ ਦੇ ਬੱਚੇ ਬੱਚੇ ਨੂੰ ਇਹਨਾਂ ਕਨੂੰਨਾਂ ਦੀਆਂ ਜੜ੍ਹਾਂ ਦੀ ਜਾਣਕਾਰੀ ਹੈ। ਕਿਸੇ ਨਾਲ਼ ਗੱਲ ਕਰਕੇ ਦੇਖ ਲਓ, ਪਟੱਕ ਪਟੱਕ ਜਵਾਬ ਮਿਲਦੇ ਨੇ।

ਪਿਛਲੇ ਮੋਰਚਿਆਂ (ਪੰਜਾਬ ਵਿਚਲੇ) ਤੇ, ਰੋਜ਼ਾਨਾਂ ਬਿਨਾਂ ਨਾਗਾ ਗਿਆਰਾਂ ਕੁ ਵਜੇ ਸਟੇਜ਼ ਚਾਲੂ ਹੁੰਦੀ ਹੈ। ਰੋਜ ਸਵੇਰੇ ਸਾਢੇ ਦਸ ਕੁ ਵਜੇ ਤੋਂ ਟਰੈਕਟਰਾਂ, ਟਰਾਲੀਆਂ, ਟੈਂਪੂਆਂ ਦੇ ਸ਼ੋਰ ਵਿੱਚ ਨਾਹਰਿਆਂ ਦੀ ਗੂੰਜ ਪੈਂਦੀ ਆਉਂਦੀ ਹੈ। ਬਜੁਰਗ, ਨੌਜੁਆਨ,ਔਰਤਾਂ, ਬੱਚੇ ਥੱਲੇ ਉੱਤਰਦੇ ਹਨ। ਤਿੰਨ ਚਾਰ ਹੱਥ ਦੇ ਡੰਡਿਆਂ ਵਿੱਚ ਟੰਗੇ ਹਰੀ ਕਿਨਾਰੀ ਵਾਲੇ ਕਿਸਾਨੀ-ਝੰਡੇ ਨਾਹਰਿਆਂ ਦੇ ਨਾਲ ਹੀ ਉੱਪਰ ਥੱਲੇ ਹੂੰਦੇ ਹਨ। ਜੋਸ਼ ਠਾਠਾਂ ਮਾਰਦਾ ਹੈ। ਨਾਹਰੇ ਮਾਰਦੇ ਟੋਲੇ ਪੰਡਾਲ ਵਿੱਚ ਥਾਂ ਮੱਲ ਲੈਂਦੇ ਹਨ। ਸਭਨਾਂ ਦਾ ਧਿਆਨ ਸਟੇਜ ਤੋਂ ਚੱਲ ਰਹੀ ਕਾਰਵਾਈ ਵੱਲ ਖਿੱਚਿਆ ਜਾਂਦਾ ਹੈ। ਸੜਕ ਦਾ ਇੱਕ ਪਾਸਾ ਧਰਨਾਕਾਰੀਆਂ ਨੇ ਮੱਲਿਆ ਹੋਇਆ ਹੈ ਅਤੇ ਦੂਜਾ ਪਾਸਾ ਖਾਲੀ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਟ੍ਰੈਫਿਕ ਨੂੰ ਬਾਕਾਇਦਾ ਕੰਟਰੋਲ ਕਰ ਰਹੇ ਹਨ। ਲੰਘਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ਼ ਨਹੀਂ ਹੋ ਰਹੀ। ਹਾਦਸੇ ਦਾ ਕੋਈ ਖਤਰਾ ਨਹੀਂ।

“ਲਉ ਬਈ ਇਧਰ ਨੂੰ ਆਜੋ ਹੁਣ, ਚਾਹ ਵੱਲ ਨੂੰ ਨਾ ਜਾਉ, ਚਾਹ ਇੱਥੇ ਬੈਠਿਆਂ ਨੂੰ ਹੀ ਵਰਤਾਈ ਜਾਊ”। ਜੱਥੇਬੰਦੀ ਦੇ ਬੈਨਰਾਂ ਅਤੇ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਨਾਲ਼ ਜੜੀ ਹੋਈ ਸਟੇਜ਼ ਤੋਂ ਐਲਾਨ ਹੁੰਦਾ ਹੈ, ਜੈਕਾਰੇ ਤੇ ਨਾਹਰੇ ਲਗਦੇ ਹਨ, ਪੰਡਾਲ ਵਿੱਚ ਤਣੇ ਹੋਏ ਮੁੱਕੇ ਅਤੇ ਝੰਡੇੇ ਉੱਪਰ ਉੱਠਦੇ ਹਨ। ਦੋਨਾਂ ਹੱਥਾਂ ਵਿੱਚ ਫੜੇ ਹੋਏ ਗਰਮ ਚਾਹ ਵਾਲੇ ਗਲਾਸ ਠਰਦੇ ਹੱਥਾਂ ਨੂੰ ਨਿੱਘਾ ਕਰਦੇ ਹਨ। ਲੋਕ ਆਪ ਮੁਹਾਰੇ ਆ ਰਹੇ ਹਨ, ਇਕੱਠ ਵਧਦਾ ਜਾ ਰਿਹਾ ਹੈ। ਸ਼ਹੀਦ ਊਧਮ ਸਿੰਘ ਦੀ ਵਾਰ ਨਾਲ ਸ਼ੁਰੂਆਤ ਹੁੰਦੀ ਹੈ। ਵਾਰ ਦੇ ਸਮਾਪਤ ਹੋਣ ਤੇ ਸਟੇਜ ਸਕੱਤਰ ਦੀ ਅਵਾਜ਼ ਆਉਂਦੀ ਹੈ, “ਹੁਣ ਇੱਕ ਛੋਟੀ ਬੱਚੀ ਗੀਤ ਪੇਸ਼ ਕਰੇਗੀ”। ਬੱਚੀ ਦੇ ਗਲ਼ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ ਦੀਆਂ ਸਤਰਾਂ ਲਿਖ ਕੇ ਪੋਸਟਰ ਪਾਇਆ ਹੋਇਐ। ਛੋਟੀ ਬੱਚੀ ਦੀ ਬਰੀਕ ਤੇ ਤਿੱਖੀ ਅਵਾਜ਼ ਗੂੰਜਦੀ ਹੈ,“ਅਸੀਂ ਨਾਨਕ ਦੇ ਪੁੱਤ ਹਾਂ, ਖੇਤੀ ਨਹੀਂ ਛੱਡਾਂਗੇ”। ਨਾਹਰੇ ਤੇ ਜੈਕਾਰੇ ਫੇਰ ਗੂੰਜਦੇ ਨੇ। “ਆਹ ਬਈ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਜੀ ਕਹਿੰਦੇ ਨੇ ਕਿ ਅੱਜ ਦੁੱਧ ‘ਚ ਹੀ ਪੱਤੀ ਪਾ ਲਿਓ, ਦੁੱਧ ਸੁੱਖ ਨਾਲ ਅੱਜ ਬਹੁਤਾ ‘ਕੱਠਾ ਹੋ ਗਿਆ”। ਸਟੇਜ਼ ਤੋਂ ਅਵਾਜ਼ ਆਉਂਦੀ ਹੈ। ਫੇਰ ਪ੍ਰਧਾਨ ਜੀ ਦੀ ਵਾਰੀ ਲੱਗਦੀ ਹੈ ਅਤੇ ਉਹ ਘੋਲ ਬਾਰੇ ਅਤੇ ਜੱਥੇਬੰਦੀ ਦੇ ਅਗਲੇ ਪ੍ਰੋਗਰਾਮ ਬਾਰੇ ਦੱਸ ਕੇ ਇੱਕ ਤਾਕੀਦ ਕਰਦੇ ਹਨ, “ਤੁਹਾਡੇ ਸਾਰਿਆਂ ਨਾਲ਼ ਇੱਕ ਸਭ ਤੋਂ ਜਰੂਰੀ ਗੱਲ ਕਰਨੀ ਹੈ ਕਿ ਜਿਹੜੇ ਬੰਦੇ ਦਿੱਲੀ ਨੂੰ ਜਾਂਦੇ ਨੇ ਉਹ ਏਥੇ ਵਾਲੀ ਕਮੇਟੀ ਦੀ ਇਜ਼ਾਜਤ ਤੋਂ ਬਿਨਾ ਨਾ ਜਾਣ।ਕੋਈ ਵੀ ਬੰਦਾ ਇਕੱਲਾ-ਕਹਿਰਾ ਮੋਟਰ ਸਾਈਕਲ ਤੇ ਨਾ ਜਾਵੇ।ਜਿਹੜੇ ਬੰਦੇ ਜਾਂਦੇ ਨੇ ਉਹ ਪੂਰੇ ਜਬਤ ਵਿੱਚ ਰਹਿਣ। ਲੜਾਈ ਲੰਮੀ ਐ, ਜਿੱਤਣ ਵਾਸਤੇ ਸਬਰ, ਮੜਕ ਤੇ ਜਬਤ ਰੱਖਣੇ ਬਹੁਤ ਜਰੂਰੀ ਨੇ”।ਸਟੇਜ਼ ਸਕੱਤਰ ਫੇਰ ਮਾਈਕ ਤੇ ਹੈ, “ਹਾਂ ਬਈ ਇਕ ਹੋਰ ਸੂਚਨਾ ਐ ਕਿ ਅੱਜ ਰੋਟੀ ਘੱਟ ਖਾਇਓ ਕਿਉਂਕਿ ਅੱਜ ਲਾਗਲੇ ਪਿੰਡੋਂ ਪ੍ਰਸ਼ਾਦ ਤੇ ਪਕੌੜਿਆਂ ਦਾ ਲੰਗਰ ਵੀ ਪਹੁੰਚ ਗਿਐ, ਕੱਲ੍ਹ ਨੂੰ ਕਹਿੰਦੇ ਐ ਬਈ ਖੀਰ ਤੇ ਕੇਲੇ ਆਉਣੇ ਨੇ ਮੰਡੀ ਆਲ਼ਿਆਂ ਵੱਲੋਂ”। ਹੈ ਕੋਈ ਜਵਾਬ ਏਸ ਜ਼ਜ਼ਬੇ ਦਾ ?  ਕੌਣ ਹਰਾਊ ਇਹਨਾਂ ਨੂੰ ?  ਅੱਡ ਅੱਡ ਪਿੰਡਾਂ ਵਿੱਚੋ ਪਹੁੰਚੇ ਦੁੱਧ, ਚਾਹ-ਪੱਤੀ, ਗੁੜ, ਲੋਂਗ-ਇਲੈਚੀਆਂ, ਸਰਫ, ਪਾਣੀ ਦੀਆਂ ਬੋਤਲਾਂ, ਆਦਿ ਦਾ ਵੇਰਵਾ ਬੋਲਿਆ ਜਾਂਦਾ ਹੈ।ਮਾਇਆ ਦੇ ਰੂਪ ਵਿੱਚ ਇਕੱਠੇ ਹੋ ਰਹੇ ਦਾਨ ਦਾ ਵੇਰਵਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਦੱਸਿਆ ਜਾਂਦਾ ਹੈ।ਸਟੇਜ਼ ਤੋਂ ਫੇਰ ਅਵਾਜ਼ ਆਉਂਦੀ ਹੈ, “ਹਾਂ ਜੀ, ਇੱਕ ਜਰੂਰੀ ਬੇਨਤੀ ਐ ਕਿ ਅੱਜ ਬੁਲਾਰੇ ਬਹੁਤੇ ਹੋ ਗੇ, ਏਸ ਕਰਕੇ ਸਮੇਂ ਦਾ ਧਿਆਨ ਰੱਖਿਆ ਜਾਵੇ।ਹੁਣ ਇੱਕ ਛੋਟਾ ਜਿਹਾ ਬੱਚਾ ਨਾਹਰੇ ਲਵਾਏਗਾ ਗੱਜ ਵੱਜ ਕੇ ਜਵਾਬ ਦਿਓ”।ਨਾਹਰਿਆਂ ਦਾ ਜਵਾਬ ਦੇਣ ਲਈ ਸਾਰਾ ਪੰਡਾਲ ਸਤਰਕ ਹੋ ਜਾਂਦਾ ਹੈ।ਬਰੀਕ ਜਿਹੀ ਅਵਾਜ਼ ਨੁੰ ਗਰਜਵਾਂ ਹੁੰਗਾਰਾ ਮਿਲਦਾ ਹੈ।ਫੇਰ ਦਿੱਲੀ ਤੋਂ ਪਰਤੇ ਯੋਧੇ ਯੁੱਧ ਦੇ ਮੈਦਾਨ ਦੀਆਂ ਗੱਲਾਂ ਸਟੇਜ਼ ਤੋਂ ਸੁਣਾਉਂਦੇ ਨੇ ਤਾਂ ਪੰਡਾਲ ਵਿੱਚ ਸੁੰਨ ਵਰਤ ਜਾਂਦੀ ਹੈ ।

ਖੁਦ ਸਮਾਂ ਮੰਗ ਕੇ ਇੱਕ ਬਜੁਰਗ ਬੋਲਣ ਲੱਗਦਾ ਹੈ, “ਮੈਂ ਕਦੇ ਬੋਲ਼ਿਆ ਤਾਂ ਹੈ ਨੀ ਭਾਈ, ਪਰ ਅੱਜ ਰਿਹਾ ਨੀ ਗਿਆ। ਆਹ ਵੋਟਾਂ ਆਲਿਆਂ ਮਗਰ ਹੀ ਲੱਗਿਆ ਰਿਹਾਂ ਸਾਰੀ ਉਮਰ ਕੱਢ ਤੀ। ਪਰ ਹੁਣ ਨੀ। ਜਿੰਨੀ ਕੁ ਰਹਿੰਦੀ ਐ ਉਹ ਥੋਡੇ ਨਾਲ ਕੱਢੂੰਗਾ”। ਤਜਰਬੇਕਾਰ, ਕੱਚ-ਘਰੜ ਤੇ ਬਿਲਕੁਲ ਅਣਜਾਣ ਬੁਲਾਰਿਆਂ ਦਾ ਸੁਮੇਲ, ਪ੍ਰੋਗਰਾਮ ਨੂੰ ਹੋਰ ਵੀ ਰੌਚਕ ਬਣਾਉਂਦਾ ਹੈ। ਇੱਕ ਅੱਧਖੜ ਉਮਰ ਦਾ ਸਿੱਖੀ-ਸਰੂਪ ਵਿਅਕਤੀ ਮਾਈਕ ਸਾਹਮਣੇ ਆਉਂਦਾ ਹੈ, “ਮੈਂ ਭਾਈ ਕੀਰਤਨ ਤਾਂ ਹਰ ਰੋਜ਼ ਈ ਕਰਦਾਂ ਪਰ ਖੜ੍ਹ ਕੇ ਪਹਿਲੀ ਵਾਰ ਬੋਲਣ ਲੱਗਿਆਂ। ਆਹ ਜਿਹੜੇ ਕੇਂਦਰ ਵਾਲੇ ਨੇ, ਇਹ ਭਾਈ ਪੰਜਾਬ ਦਾ ਖਾਤਮਾਂ ਈ ਲੋੜਦੇ ਐ। ਮੈਂ ਤਾਂ ਭਾਈ ਹਰ ਰੋਜ਼ ਸਵੇਰੇ ਸਪੀਕਰ ‘ਚ ਐਸ ਚਲਦੇ ਘੋਲ਼ ਬਾਰੇ ਕੁਸ ਨਾ ਕੁਸ ਜਰੂਰ ਬੋਲਦਾਂ”। ਇੱਕ ਹੋਰ ਬੁਲਾਰਾ ਮਾਈਕ ਉੱਤੇ ਹੈ, “ਮੈਂ ਤਾਂ ਭਰਾਵੋ ਮਿਸਤਰੀ ਆਂ। ਦਿਹਾੜੀ ਕਰਦਾਂ। ਕਦੇ ਸਟੇਜ਼ ਤੇ ਬੋਲਿਆ ਵੀ ਨਹੀਂ। ਪਰ ਅਖ਼ਬਾਰ ਜਰੂਰ ਪੜ੍ਹ ਲੈਨਾ। ਜਿੰਨਾਂ ਪੰਜਾਬ ਨਾਲ ਧੱਕਾ ਹੋ ਰਿਹੈ, ਇਹ ਬਹੁਤ ਨਜ਼ਾਇਜ਼ ਐ। ਜੇ ਜੱਟ ਮਰ ਗਿਆ ਤਾਂ ਮੰਨੋ ਆਪਾਂ ਸਾਰੇ ਮਰਗੇ”।

ਫੇਰ ਜੱਥੇਬੰਦੀ ਦੇ ਝੰਡਿਆਂ ਬਾਰੇ ਅਨਾਊਂਸਮੈਂਟ ਹੁੰਦੀ ਹੈ, “ਜੱਥੇਬੰਦੀ ਦੇ ਝੰਡਿਆਂ ਦੀ ਮੰਗ ਬਹੁਤ ਵਧ ਗਈ ਹੈ। ਭਰਾਵੋ, ਅਸੀਂ ਬਹੁਤ ਛੇਤੀ ਹੋਰ ਝੰਡੇ ਤਿਆਰ ਕਰਵਾ ਰਹੇ ਹਾਂ, ਪਰ ਬਣ ਚੁੱਕੀਆਂ ਪਿੰਡ ਇਕਾਈਆਂ ਦੇ ਜਿੰਮੇਵਾਰ ਆਗੂਆਂ ਨੂੰ ਹੀ ਝੰਡੇ ਤੇ ਬੈਜ ਦਿੱਤੇ ਜਾਣਗੇ। ਝੰਡਿਆਂ ਦੀ ਗਲਤ ਵਰਤੋਂ ਕਰਨ ਵਾਲਿਆਂ ਨਾਲ਼ ਸਖਤ ਕਾਰਵਾਈ ਕੀਤੀ ਜਾਵੇਗੀ”। ਪੌਣੇ ਤਿੰਨ ਕੁ ਵੱਜਣ ਲਗਦੇ ਨੇ ਤਾਂ ਤਿੰਨ ਜਾਂ ਚਾਰ ਪਿੰਡਾਂ ਦੇ ਨਾਂ ਬੋਲੇ ਜਾਂਦੇ ਹਨ, ਜਿਹਨਾਂ ਦੀ ਰਾਤ ਦੀ ਡਿਊਟੀ ਲਾਈ ਹੁੰਦੀ ਹੈ। ਉਨਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਹਰੇ, ਜੈਕਾਰਿਆਂ ਨਾਲ਼ ਸਮਾਪਤੀ ਕੀਤੀ ਤਾਂ ਜਾਂਦੀ ਹੈ ਪਰ ਕਿਸੇ ਦਾ ਮਨ ਓਥੋਂ ਜਾਣ ਨੂੰ ਨਹੀਂ ਕਰਦਾ। ਤਾਂ ਵੀ “ਕੱਲ੍ਹ ਨੂੰ ਫੇਰ ਆਵਾਂਗੇ” ਧਾਰ ਕੇ ਸਾਰੇ ਤੁਰ ਪੈਂਦੇ ਹਨ। ‘ਨਹੀਂ ਰੀਸਾਂ’ ਕੌਣ ਹਰਾਊ ਇਹਨਾਂ ਨੂੰ?

en_GBEnglish