ਰਿਜ਼ਕ

ਰਿਜ਼ਕ

ਅਮਰਜੀਤ ਚੰਦਨ

ਰਿਜ਼ਕ

ਸਭ ਤੋਂ ਪਿਆਰਾ ਸ਼ਬਦ ਭਾਸ਼ਾ ਦਾ

ਨਾ ਅਰਬੀ ਨਾ ਪੰਜਾਬੀ

ਕੁਲ ਦੁਨੀਆ ਦੀ ਜੀਭਾ

ਬੋਲ ਬੋਲ ਨ ਹੰਭੀ  

ਮਾਂ ਸੁਆਣੀ ਉਚਰੇ ਤਕਾਲ ਸੰਧਯਾ ਦੇ ਵੇਲੇ

ਬਲ਼ਦੇ ਚੁੱਲ੍ਹੇ ਦੇ ਮੁੱਢ ਬੈਠੀ

ਬੁੱਲ੍ਹਾਂ `ਤੇ ਸੱਚੋ ਸੱਚ ਦੀ ਵਿਥਿਆ

ਆਂਹਦੀ: ਰਿਜ਼ਕ ਮੇਰੇ ਹੱਥਾਂ ਵਿਚ

ਰੱਬ ਨ ਝੂਠ ਬੁਲਾਏ ਮੈਥੋਂ

ਇਸੇ ਦੀ ਸਹੁੰ ਖਾ ਕੇ

ਚਲਦੀ ਦੁਨੀਆ ਸਾਰੀ  

ਸ਼ਬਦ ਰਿਜ਼ਕ ਦਾ 

ਡਿੱਗਿਆ ਧਰਤੀ ਉੱਤੇ ਸ੍ਵਰਗਾਂ ਉੱਤੋਂ

ਕੇਰਿਆ ਬੀਜਕ ਆਦਿਪੁਰਖ ਅੱਲ੍ਹਾ ਦੇ ਬੰਦੇ

ਫਿਰ ਮਿੱਟੀ ਵਿੱਚੋਂ ਉੱਗਿਆ

ਉੱਗਦਾ ਰਹਿੰਦਾ ਉੱਗਦਾ ਰਹਿਣਾ ਉੱਗ ਰਿਹਾ ਹੈ

ਜਿਉਂ ਬਾਗ਼ ਅਦਨ ਦੇ ਫਲ਼ ਦੀ ਰਚਨਾ 

ਡਿੱਠੀ ਅਣਡਿੱਠੀ

ਰੰਗਤ ਮਿੱਠਤ ਰਸਨਾ ਇਸਦੀ

ਏਹਦੇ ਹੋਣ ਦਾ ਮਤਲਬ ਏਹਾ

ਨਾਮ ਕੋਈ ਇਕ ਨਾਹੀਂ

ਸਕੂਨ ਸਿਹਤ ਸਦਾਕਤ

ਅਸੀਸ ਅੰਮਾਂ ਦੀ 

ਬਾਪ ਦਇਆਲੂ

ਹੱਸਦਾ ਬੱਚਾ

ਯਾਰ ਦੀ ਯਾਰੀ

ਇਲਮ ਕਿਤਾਬਾਂ

ਤਵੇ `ਤੇ ਰੋਟੀ

ਦੁੱਧ ਦੀਆਂ ਧਾਰਾਂ

ਤਾਨ ਮੁਰਲੀ ਦੀ

ਥਿੰਦੀ ਸਰਦਲ

ਚਾਹ ਦੀ ਪਿਆਲੀ

ਅਣਵਿੱਧਾ ਮੋਤੀ

ਹਵਾ ਦਾ ਬੁੱਲਾ

ਕਣਕ ਦੀ ਬੱਲੀ

ਸਾਵਾ ਪੱਤਰਾ

ਬੱਦਲ਼ ਕਣੀਆਂ

ਸੁਲ਼ਝੀ ਤਾਣੀ

ਤੇ ਸੱਭੋ ਕੁਝ ਜੋ ਵੀ ਚੰਗਾ

ਜੀਵਣ ਜੋਗਾ

ਮਾਨਣ ਜੋਗਾ

ਏਹੀ ਰਿਜ਼ਕ 

ਤੇ ਏਹੀ ਸੱਚ ਹੈ

ਕੁਝ ਵੀ ਮਿਥਿਆ ਨਾਹੀਂ

en_GBEnglish