ਬਾਬਰ ਅਤੇ ਅਬਦਾਲੀ ਨੂੰ ਹਰਾਉਣ ਵਾਲਾ ਖੰਨੇ ਦਾ ਇਲਾਕਾ

ਬਾਬਰ ਅਤੇ ਅਬਦਾਲੀ ਨੂੰ ਹਰਾਉਣ ਵਾਲਾ ਖੰਨੇ ਦਾ ਇਲਾਕਾ

ਜਤਿੰਦਰ ਮੌਹਰ

ਸੈਦਪੁਰ ਵਿੱਚ ਬਾਬਰ ਦੇ ਹੱਲੇ ਖ਼ਿਲਾਫ਼ ਬਾਬਾ ਨਾਨਕ ਆਵਾਜ਼ ਬੁਲੰਦ ਕਰ ਰਹੇ ਸਨ। ਬਾਬਰ ਮਾਰਚ 1530 ਵਿੱਚ ਸਰਹਿੰਦ ਸੀ। ਮੰਡੇਰ ਕਿਸਾਨਾਂ ਦਾ ਖੰਨੇ ਨੇੜੇ ਪਿੰਡ ਜਰਗ ਵਿੱਚ ਚੰਗਾ ਅਸਰ ਸੀ। ਮੋਹਣ ਮੰਡੇਰ ਦੀ ਅਗਵਾਈ ਵਿੱਚ ਮੁਕਾਮੀ ਕਿਸਾਨਾਂ ਨੇ ਸਰਹਿੰਦ ਦੇ ਕਾਜ਼ੀ ਦੇ ਜ਼ੁਲਮਾਂ ਖ਼ਿਲਾਫ਼ ਵਿੱਚ ਸਰਹਿੰਦ ਉੱਤੇ ਹਮਲਾ ਕਰਕੇ ਕਾਜ਼ੀ ਦੀ ਜਾਇਦਾਦ ਫੂਕ ਦਿੱਤੀ। ਬਾਗ਼ੀਆਂ ਨੇ ਬਾਬਰੀ ਫ਼ੌਜ ਉੱਤੇ ਗੁਰੀਲਾ ਹਮਲੇ ਕੀਤੇ ਅਤੇ ਸਮਾਣੇ ਦੇ ਧਨਾਡਾਂ ਨੂੰ ਲੁੱਟ ਲਿਆ। ਉਨ੍ਹਾਂ ਦੀ ਬਗਾਵਤ ਜਰਗ, ਖੰਨਾ, ਪਟਿਆਲਾ ਤੋਂ ਕੈਥਲ ਪਰਗਣੇ ਤੱਕ ਫੈਲੀ ਹੋਈ ਸੀ। 4 ਮਾਰਚ 1530 ਨੂੰ ਬਾਬਰ ਨੇ ਆਪਣੇ ਜਰਨੈਲ ਅਲੀ ਕੁਲੀ ਖਾਨ ਹਮਦਾਨ ਨੂੰ ਤਿੰਨ ਹਜ਼ਾਰ ਘੁੜਸਵਾਰ ਦੇ ਕੇ ਕੈਥਲ ਪਰਗਣੇ ਵੱਲ ਭੇਜਿਆ ਜਿੱਥੇ ਮੋਹਣ ਮੰਡੇਰ ਦੀ ਅਗਵਾਈ ਵਿੱਚ ਉਨ੍ਹਾਂ ਦਾ ਦਲ ਮੌਜੂਦ ਸੀ। ਗਹਿਗੱਚਵੀਂ ਲੜਾਈ ਵਿੱਚ ਕਿਸਾਨਾਂ ਨੇ ਬਾਬਰੀ ਫ਼ੌਜ ਨੂੰ ਹਰਾ ਦਿੱਤਾ। ਬਾਬਰ ਨੇ ਦੂਜੇ ਜਰਨੈਲ ਤਰਸਾਮ ਬਹਾਦਰ ਨੂੰ ਛੇ ਹਜ਼ਾਰ ਘੁੜਸਵਾਰ ਦੇ ਕੇ ਭੇਜਿਆ। ਇਸ ਲੜਾਈ ਵਿੱਚ ਵੀ ਕਿਸਾਨਾਂ ਦਾ ਪਲੜਾ ਭਾਰੀ ਰਿਹਾ ਪਰ ਧੋਖੇਬਾਜ਼ੀ ਨਾਲ ਮੋਹਣ ਮੰਡੇਰ ਅਤੇ ਹੋਰ ਬਾਗੀ ਕਿਸਾਨਾਂ ਨੂੰ ਫੜ ਲਿਆ ਗਿਆ। ਮੋਹਣ ਮੰਡੇਰ ਨੂੰ ਧਰਤੀ ਵਿੱਚ ਲੱਕ ਤੱਕ ਦੱਬ ਕੇ ਤੀਰ ਮਾਰੇ ਗਏ ਅਤੇ ਸ਼ਹੀਦ ਕਰ ਦਿੱਤਾ। ਮੰਡੇਰਾਂ ਦੀ ਆਬਾਦੀ ਵਾਲੇ ਸਾਰੇ ਪਿੰਡ ਉਜਾੜ ਦਿੱਤੇ ਗਏ।

 

 

1747 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲਾ ਹੱਲਾ ਬੋਲਿਆ। 11 ਮਾਰਚ 1748 ਨੂੰ ਖੰਨੇ ਤੋਂ ਪੰਜ-ਛੇ ਕਿਲੋਮੀਟਰ ਦੂਰ ਪਿੰਡ ਮਾਨੂੰਪੁਰ ਵਿੱਚ ਅਬਦਾਲੀ ਨੂੰ ਹਰਾ ਕੇ ਵਾਪਸ ਕਾਬਲ ਭਜਾ ਦਿੱਤਾ ਗਿਆ। ਪੰਜਾਬੀਆਂ ਨੇ ਇਹ ਜੰਗ ਮੀਰ ਮੰਨੂ ਦੀ ਕਮਾਨ ਹੇਠ ਲੜੀ। ਇਸ ਲੜਾਈ ਵਿੱਚ ਮੁਕਾਮੀ ਲੋਕਾਂ ਨੇ ਧਾੜਵੀਆਂ ਖ਼ਿਲਾਫ਼ ਜ਼ਬਰਦਸਤ ਬਹਾਦਰੀ ਦਿਖਾਈ ਜਿਨ੍ਹਾਂ ਵਿੱਚ ਪਿੰਡ ਗੋਸਲਾਂ ਦੇ ਪੰਡਤਾਂ ਦੇ ਗੱਭਰੂ ਦੀ ਬਹਾਦਰੀ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਭੱਜੇ ਜਾਂਦੇ ਅਬਦਾਲੀ ਨੂੰ ਆਲਾ ਸਿੰਘ ਅਤੇ ਚੜ੍ਹਤ ਸਿੰਘ ਦੇ ਦਲਾਂ ਨੇ ਖੂਬ ਲੁੱਟਿਆ।

 

ਹਵਾਲੇ: ਤੁਜ਼ਕੇ ਬਾਬਰੀ (ਬਾਬਰਨਾਮਾ), ਬੰਦਾ ਸਿੰਘ ਬਹਾਦਰ (ਲੇਖਕ ਡਾ. ਸੁਖਦਿਆਲ ਸਿੰਘ), ਸਰਹਿੰਦ ਥਰੂ ਏਜਜ਼ (ਡਾ. ਫ਼ੌਜਾ ਸਿੰਘ)

ਪੰਜਾਬ ਦੀ ਸਾਂਝੀਵਾਲਤਾ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ

ਬਲਦੇਵ ਸਿੰਘ ਸੜਕਨਾਮਾ, ਪੰਜਾਬੀ ਟ੍ਰਿਬਿਊਨ ਵਿਚੋਂ

13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਨਾਲ਼ ਪੂਰੇ ਭਾਰਤ ਵਿਚ ਰੋਸ ਦੀ ਲਹਿਰ ਫੈਲ ਗਈ। ਊਧਮ ਸਿੰਘ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਉੱਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਤੇ ਦਰਿੰਦਗੀ ਦਾ ਇਹ ਕਾਂਡ ਉਸ ਨੇ ਅੱਖੀਂ ਵੇਖਿਆ ਸੀ ਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਕੇ, ਬਦਲਾ ਲੈਣ ਦਾ ਪ੍ਰਣ ਕੀਤਾ ਸੀ।

ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮ ਤਬਦੀਲ ਕੀਤੇ ਹੋਣ।

ਸ਼ਹੀਦ ਊਧਮ ਸਿੰਘ ਨੇ ਸਿਰਫ਼ ਆਪਣੇ ਨਾਮ ਹੀ ਨਹੀਂ ਬਦਲੇ, ਆਪਣੀ ਮੰਜ਼ਿਲ ਸਰ ਕਰਨ ਲਈ ਉਸ ਨੇ ਵੱਖ ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਕਦੇ ਸੜਕ ਰਾਹੀਂ, ਕਦੇ ਸਮੁੰਦਰਾਂ ਰਾਹੀਂ। ਜਦ ਤੱਕ ਉਸ ਨੇ ਆਪਣਾ ਮਿਸ਼ਨ ਪੂਰਾ ਨਹੀਂ ਕੀਤਾ, ਉਹ ਕਦੇ ਚੈਨ ਨਾਲ ਨਹੀਂ ਬੈਠਾ। ਉਹ ਗ਼ਦਰੀ ਬਾਬਿਆਂ ਨੂੰ ਮਿਲਿਆ, ਕ੍ਰਾਂਤੀਕਾਰੀਆਂ ਕੋਲ ਜਾਂਦਾ ਰਿਹਾ। ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਦਾ ਰਿਹਾ। ਕਮਾਲ ਦੀ ਗੱਲ ਹੈ: ਆਪਣੇ ਸਾਥੀਆਂ ਨਾਲ ਉਹ ਇਹੋ ਜਿਹਾ ਵਿਵਹਾਰ ਕਰਦਾ, ਸਾਰੇ ਉਸ ਨੂੰ ‘ਫੜ੍ਹਾਂ ਮਾਰਨ ਵਾਲਾ’ ਹੀ ਸਮਝਦੇ ਸਨ। ਉਸ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਸੀ ਲੈਂਦੇ। ਉਲਟਾ ਉਸ ਨੂੰ ਕਹਿੰਦੇ ਸਨ…: ‘‘ਤੂੰ ਕਦੇ ਵੀ ਥੇਮਜ਼ ਦੇ ਪਾਣੀਆਂ ਨੂੰ ਅੱਗ ਨਹੀਂ ਲਾ ਸਕੇਂਗਾ।’’

13 ਮਾਰਚ 1940 ਨੂੰ ਊਧਮ ਸਿੰਘ ਨੇ ਸੱਚਮੁੱਚ ਥੇਮਜ਼ ਦੇ ਪਾਣੀਆਂ ਨੂੰ ਅੱਗ ਲਾ ਦਿੱਤੀ। ਇੰਗਲੈਂਡ ਵਿਚ ਉਸ ਦੇ ਦੋਸਤ ਤਾਂ ਚਕਿੱਤ ਹੀ ਰਹਿ ਗਏ। ਪੂਰਾ ਬਰਤਾਨੀਆ, ਭਾਰਤ ਤੇ ਵਿਸ਼ਵ ਭਰ ਵਿਚ ਇਸ ਸਾਹਸੀ ਕਾਰਨਾਮੇ ਦੇ ਚਰਚੇ ਹੋਣ ਲੱਗੇ। ਮਾਈਕਲ ਉਡਵਾਇਰ ਨੂੰ ਮਾਰ ਕੇ ਤੇ ਉਸ ਦੇ ਸਹਿਯੋਗੀਆਂ ਨੂੰ ਜ਼ਖ਼ਮੀ ਕਰਕੇ ਊਧਮ ਸਿੰਘ ਘਟਨਾ ਵਾਲੇ ਸਥਾਨ ਤੋਂ ਭੱਜਿਆ ਨਹੀਂ। ਉਸ ਮੌਕੇ ਦੀ ਤਸਵੀਰ ਵਿਚ ਊਹ ਮੁਸਕਰਾ ਰਿਹਾ ਦਿਸਦਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਗਿਆਨ ਸੀ, ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਉਹ ਕਹਿੰਦਾ ਹੈ, ‘‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’’

ਉਹ ਇੰਨਾ ਸ਼ਾਂਤਚਿੱਤ ਤੇ ਪ੍ਰਸੰਨ ਨਜ਼ਰ ਆਉਂਦਾ ਹੈ ਜਿਵੇਂ ਉਸ ਦੀ ਛਾਤੀ ਤੋਂ ਭਾਰੀ ਬੋਝ ਉਤਰ ਗਿਆ ਹੋਵੇ। ਊਧਮ ਸਿੰਘ ਦਾ ਅਸਲ ਸ਼ਿਕਾਰ ਤਾਂ ਜਨਰਲ ਡਾਇਰ ਸੀ, ਪਰ ਉਹ ਕੁਝ ਸਮਾਂ ਪਹਿਲਾਂ ਅਧਰੰਗ ਦੀ ਬਿਮਾਰੀ ਕਾਰਨ ਆਪਣੀ ਮੌਤ ਮਰ ਗਿਆ ਸੀ। ਮਾਈਕਲ ਓਡਵਾਇਰ ਨੂੰ ਮਾਰਨ ਦੇ ਊਧਮ ਸਿੰਘ ਨੂੰ ਕਈ ਮੌਕੇ ਮਿਲੇ, ਪਰ ਉਹ ਅਜਿਹੀ ਥਾਂ ਅਤੇ ਸਮੇਂ ਦੀ ਉਡੀਕ ਵਿਚ ਸੀ ਜਿੱਥੇ ਇਹ ਘਟਨਾ ਪੂਰੇ ਸੰਸਾਰ ਵਿਚ ਫੈਲ ਸਕੇ।

ਊਧਮ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਪੜ੍ਹੀ ਸੀ। ਮਦਨ ਲਾਲ ਢੀਂਗਰਾ ਬਾਰੇ ਸੁਣਿਆ ਹੋਇਆ ਸੀ। ਜਲ੍ਹਿਆਂਵਾਲਾ ਬਾਗ਼ ਕਾਂਡ ਤੋਂ ਬਾਅਦ ਉਸ ਦੇ ਜਿਉਣ ਦਾ ਮਕਸਦ ਹੀ ਬਦਲ ਗਿਆ। ਉਸ ਦਾ ਕੀਤਾ ਹੋਇਆ ਪ੍ਰਣ 21 ਸਾਲਾਂ ਬਾਅਦ 13 ਮਾਰਚ 1940 ਨੂੰ ਉਦੋਂ ਪੂਰਾ ਹੋਇਆ ਜਦੋਂ ਉਸ ਦਿਨ ਬਾਅਦ ਦੁਪਹਿਰ ਤਿੰਨ ਵਜੇ ਵੈਸਟਮਿੰਸਟਰ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਅਨ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਸਮੇਂ ਊਧਮ ਸਿੰਘ ਨੇ ਮਾਈਕਲ ਓਡਵਾਇਰ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਦਾਗ਼ ਦਿੱਤੀਆਂ। ਮਾਈਕਲ ਓਡਵਾਇਰ ਤਾਂ ਮੰਚ ਦੀਆਂ ਪੌੜੀਆਂ ਵਿਚ ਹੀ ਡਿੱਗ ਪਿਆ ਤੇ ਮਰ ਗਿਆ। ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ। ਖ਼ਬਰ ਫੈਲਣ ਪਿੱਛੋਂ ਸਾਰੇ ਲੰਡਨ ਵਿਚ ਜਿਵੇਂ ਭੂਚਾਲ ਆ ਗਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਲੀਸ ਇੰਸਪੈਕਟਰ ਨੇ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ?’’

‘‘It is no use, it is over.’’ ਊਧਮ ਸਿੰਘ ਨੇ ਮਾਣ ਨਾਲ ਭਰਵੱਟੇ ਉੱਪਰ ਚੜ੍ਹਾ ਕੇ ਕਿਹਾ। ਫਿਰ ਉਸ ਨੇ ਮਈਕਲ ਓਡਵਾਇਰ ਵੱਲ ਇਸ਼ਾਰਾ ਕਰਕੇ ਕਿਹਾ, ‘‘it is there.’’ (ਔਹ ਪਿਆ ਹੈ)।

en_GBEnglish