ਸੰਪਾਦਕੀ

ਸੰਪਾਦਕੀ

20 ਦਿਸੰਬਰ ਨੂੰ ਅਸੀਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੋਏ ਹਾਂ। ਅਜੋਕੇ ਦਿਨਾਂ ਵਿਚ ਗੁਰੂ ਸਾਹਿਬ ਦੇ ਪੂਰਨਿਆਂ ਤੇ ਚਲਦਿਆਂ ਕਿਸਾਨ ਮਜ਼ਦੂਰ ਵੀ ਹਠਧਰਮੀ ਸਰਕਾਰ ਵਿਰੁੱਧ ਖੜੇ ਹੋ ਕੇ ਹਿੰਦ ਦੀ ਚਾਦਰ ਬਣ ਕੇ ਦਿਖਾ ਰਹੇ ਹਨ। ਸੰਤ ਰਾਮ ਸਿੰਘ ਜੀ ਨੇ ਤਾਂ “ਸਰਕਾਰੀ ਜ਼ੁਲਮ ਦੇ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਦੇ ਹਕ਼ ਵਿਚ” ਆਪਣੇ ਹੱਥੀਂ ਆਪ ਸ਼ਹਾਦਤ ਦਿੱਤੀ। 20 ਦਿਸੰਬਰ ਨੂੰ ਹੀ ਅਸੀਂ ਸਾਡੇ ਸੰਗਰਾਮੀ ਸਾਥੀਆਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਭਾਰਤ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਰਕਾਰ ਹਾਲੇ ਬੇਕਿਰਕ ਹੈ, ਪਰ ਲੋਕਾਈ ਵਿਚ ਇਸ ਅੰਦੋਲਨ ਪ੍ਰਤੀ ਪਿਆਰ ਅਤੇ ਅੰਦੋਲਨਕਾਰੀਆਂ ਪ੍ਰਤੀ ਸਤਿਕਾਰ ਵਧਦਾ ਜਾ ਰਿਹਾ ਹੈ। ਭਾਜਪਾ ਸਰਕਾਰ ਦੇ ਪਾਲਣਹਾਰ ਅਦਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਕਿਸਾਨ ਪੱਖੀ ਹੋਣ ਦੇ ਝੂਠੇ ਦਾਅਵੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਸਿੱਖਾਂ ਅਤੇ ਕਿਸਾਨਾਂ ਦੇ ਹਮਾਇਤੀ ਹੋਣ ਦੇ ਫੋਕੇ ਦਾਅਵਿਆਂ ਵਾਲੇ ਕਿਤਾਬਚੇ ਭੇਜ ਰਹੇ ਹਨ, ਹੱਥ ਬੰਨ ਕੇ ਵੀਡੀਓ ਕਾਨਫਰੰਸਾਂ ਕਰ ਰਹੇ ਹਨ ਤੇ ਦੂਜੇ ਪਾਲੇ ਹਾਲੇ ਵੀ ਇਸ ਲੋਕ ਅੰਦੋਲਨ ਨੂੰ ਵਿਰੋਧੀ ਦਲਾਂ ਦਾ ਚਲਾਇਆ ਹੋਇਆ ਦੱਸ ਕੇ ਭੰਡ ਰਹੇ ਹਨ। ਆਪਣੇ ਦੰਭੀ ਪ੍ਰਚਾਰ ਖ਼ਾਤਰ ਪ੍ਰਧਾਨ ਮੰਤਰੀ ਗੁਰਦੁਆਰਾ ਰਕਾਬਗੰਜ ਸਾਹਿਬ ਵੀ ਪਹੁੰਚ ਗਏ।

ਉਸੇ ਵੇਲ਼ੇ ਕਥਾਵਾਚਕ ਗੁਰੂ ਤੇਗ ਬਹਾਦਰ ਜੀ ਦੇ ਹੀ ਸਲੋਕ “ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ।। ਕਾਲ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ।।” ਦਾ ਸਾਰ ਤੱਤ “ਵੇਦ ਪੁਰਾਣ ਪੜ੍ਹ ਕੇ ਵੀ ਮਾਨਵਤਾ ਦੇ ਭਲੇ ਵਾਲਾ ਉਪਦੇਸ਼ ਨਹੀਂ ਮੰਨਿਆਂ ਤਾਂ ਮੌਤ ਦੇ ਰੂਪ ਵਿਚ ਕਾਲ ਦੀ ਫ਼ਾਹੀ ਤੋਂ ਭੱਜਿਆ ਨਹੀਂ ਜਾ ਸਕਦਾ” ਵੀ ਸਮਝਾ ਰਹੇ ਸਨ। ਜਿਵੇਂ ਸ਼ਬਦ ਗੁਰੂ ਵੀ ਪ੍ਰਧਾਨ ਮੰਤਰੀ ਨੂੰ ਨਸੀਹਤ ਦੇ ਰਹੇ ਹੋਣ ।

ਸੰਘਰਸ਼ ਵਿਚ ਜੁਟੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰ, ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ, ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ, ਹੋਰ ਅਨੇਕਾਂ ਤਰੱਦਦ ਕਰ ਰਹੀ ਹੈ। ਕਦੇ ਆੜ੍ਹਤੀਆਂ ਤੇ ਇਨਕਮ ਟੈਕਸ ਦੇ ਛਾਪੇ ਮਾਰੇ ਗਏ, ਕਦੇ ਕਿਸਾਨ ਜਥੇਬੰਦੀਆਂ ਨੂੰ ਆ ਰਹੀ ਮਾਲੀ ਸਹਾਇਤਾ ਰੋਕੀ ਗਈ, ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਅੰਦੋਲਨ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਹਰ ਹਥਕੰਡਾ ਅਪਣਾਇਆ ਗਿਆ, ਕਿਸਾਨਾਂ ਦੇ ਬੁਲਾਰੇ ‘KisanEktaMorcha’ ਫੇਸਬੁੱਕ ਪੇਜ ਨੂੰ ਬੰਦ ਕਰਵਾਇਆ ਗਿਆ । ਪਰ ਲੋਕ ਕਾਰੋਪਰੇਟ ਘਰਾਣਿਆਂ ਦੀਆਂ ਲੂੰਬੜ ਚਾਲਾਂ ਤੋਂ ਵੀ ਪੂਰੀ ਤਰਾਂ ਸੁਚੇਤ ਹਨ ਅਤੇ ਸਰਕਾਰਾਂ ਦੀਆਂ ਗਿੱਦੜ ਘੁਰਕੀਆਂ ਤੋਂ ਵੀ ਭੈ ਮੰਨਣ ਵਾਲੇ ਨਹੀਂ।

en_GBEnglish