ਮੈਂਨੂੰ ਇਸ ਦੁਕਾਨ ‘ਤੇ 50 ਸਾਲਾ ਹੋ ਗਏ। ਪਹਿਲਾਂ ਪਿਤਾ ਜੀ ਸੀ। ਮੈਂ ਸਾਰੀ ਉਮਰ ਚਾਹ ਦਾ ਕੰਮ ਕੀਤਾ, ਹੋਰ ਕੰਮ ਮੈਥੋਂ ਹੁੰਦਾ ਵੀ ਨਹੀਂ। ਜੋ ਅਾਪਾਂ ਕਮਾਇਅਾ ਬੱਚਿਆਂ ਨੂੰ ਦੇ ਦਿੱਤਾ। ਦੋਨਾਂ ਮੁੰਡਿਆਂ ਨੂੰ ਦੁਕਾਨਾਂ ਲੈਤੀਆਂ। ਸਾਡੇ ਮਾ-ਪਿਉ ਨੇ ਮੁਕਾਨ ਦਿੱਤਾ ਸੀ, ਉਹ ਸਾਡੇ ਕੋਲ ਹੈ। ਮੈਂ ਕਈ ਵਾਰੀ ਦਿਲ ‘ਚ ਸੋਚਦਾਂ ਹੁਨਾਂ ਕਿ ਮੈਂ ਸਾਰੀ ਉਮਰ ਕੰਮ ਕੀਤਾ। ਮੈਨੂੰ ਇਹਨਾਂ ਬੱਚਿਆਂ ਦੀ ਕਸਮ ਜੇ ਮੈਂ ਅੱਜ ਤੀਕਰ ਪੈਸੇ ਦਾ ਧਿਅਾਨ ਵੀ ਕੀਤਾ ਹੋਵੇ। ਕਦੀ ਇਹ ਵੀ ਨਹੀਂ ਸੀ ਸੋਚਿਆ ਕਿ ਪੈਸਾ ਬਚਿਆ ਜਾਂ ਨਹੀਂ ਸ਼ਾਮ ਨੂੰ। ਪਰ ਮੇਰਾ ਕੰਮ ਨਹੀ ਰੁਕਿਅਾ ਅੱਜ ਤੀਕ ਕੋੇਈ। ਜਿਨਾਂ ਮੈਂ ਕਰ ਸਕਦਾਂ, ਉਨਾਂ ਹੀ ਕਰਦਾਂ। ਸ਼ੌਂਕ ਨਾਲ ਕਰੀਦਾ। ਪੁਰਾਣੀ ਦੁਕਾਨ ਅਾ, 400 ਰੁਪਏ ਕਿਰਾਇਅਾ ਸਾਰਾ। ਹੁਣ ਮੈਨੂੰ ਲੋੜ ਨਹੀ ਕੋਈ ਅੈਥੇ ਅਾਉਣ ਦੀ, ਮੇਰੇ ਬੱਚੇ ਮੇਰਾ ਧਿਅਾਨ ਰੱਖ ਸਕਦੇ ਆ ਪਰ ਘਰੇ ਬਹਿਕੇ ਵੀ ਕੀ ਕਰਨਾ ਬੁੜੀਆਂ ‘ਚ। ਉਹ ਕਿਹੜਾ ਟਿਕਣ ਦਿੰਦੀਆਂ।
ਸਾਰੀ ਰਾਤ ਦੁਕਾਨ ਖੁੱਲੀ ਰਹਿੰਦੀ ਸੀ ਸਾਡੀ ‘84 ਤੱਕ। ਹੁਣ ਤਾਂ ਖੋਲਣੀ ਕੀ ਅਾ, ਵੇਲੇ ਈ ਬਹੁਤ ਖਰਾਬ ਅਾ। ਜਦੋਂ ਅਸੀਂ ਛੋਟੇ ਸੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਤੋਂ ਬਾਅਦ ਦੁਕਾਨ ਦਾ ਸਾਰਾ ਕੰਮ ਮੈਂ ਸੰਭਾਲ ਲਿਅਾ। ਮੈਂ ਬਿਲਕੁਲ ਅਾਪਣੇ ਪਿਤਾ ਤੇ ਗਿਆਂ। ਉਹਨਾਂ ਨੇ ਬਹੁਤ ਨੇਕ ਕਮਾਈ ਕੀਤੀ। ਮੈਂ ਉਹਨਾਂ ਦਾ ਨਾਂ ਖਰਾਬ ਨਹੀ ਹੋਣ ਦਿੱਤਾ। ਉਸ ਟਾਇਮ ਮੈਂ 15-20 ਰੁਪਏ ਬਣਾਉਦਾ ਸੀ ਦਿਹਾੜੀ ਦੇ। ਉਹਦੇ ਸਹਾਰੇ ਈ ਭਰਾ ਪੜਾਏ ਮੈਂ। ਅੱਜ ਉਹਨਾਂ ‘ਚੋਂ ਇੱਕ ਦਿੱਲੀ ਹਵਾਈ ਅੱਡੇ ਉੱਤੇ ਕਰਮਚਾਰੀ ਅਾ ਅਤੇ ਦੂਜਾ ਸਮੁੰਦਰੀ ਸੈਨਾ ਵਿੱਚ।ਇੱਕ ਭਰਾ ਮੇਰਾ ਹਲਵਾਈ ਅਾ, ਉਹ ਜਿਅਾਦਾ ਨਹੀ ਪੜਿਅਾ। ਮੈਂਨੂੰ ਕਈ ਵਾਰੀ ਲੱਗਦਾ ਹੈ ਕਿ ਉਹ ਨੇਕੀ ਮੇਰੇ ਕੰਮ ਨੀ ਅਾਈ। ਮੈਂ ਉਥੇ ਦਾ ਉਥੇ ਈ ਆਂ, ਜਿੱਥੇ ਪਿਤਾ ਜੀ ਛੱਡ ਕੇ ਗਏ ਸਨ।
ਹੁਣ ਮਾਲਕਾਂ ਨੇ ਨੋਟਿਸ ਦਿੱਤਾ ਹੋਇਅਾ ਹੈ।ਪਰ 65 ਸਾਲਾਂ ਤੋਂ ਬਿਜਲੀ ਦਾ ਮੀਟਰ ਮੇਰੇ ਪਿਤਾ ਜੀ ਦੇ ਨਾਮ ਹੋਣ ਕਰਕੇ ਦੁਕਾਨ ‘ਤੇ ਸਾਡਾ ਵੀ ਹੱਕ ਬਣਦਾ ਹੈ। ਉਹਨਾ ਕੋਲ ਜਮੀਨ ਜਾਇਦਾਦ ਕਾਫੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜੇ ਦੁਕਾਨ ਲੈਣੀ ਹੈ ਤਾਂ ਮੈਨੂੰ ਮੇਰਾ ਬਣਦਾ ਦੇ ਦਿਉ। ਮੇਰੇ ਮੁੰਡੇ ਵੀ ਕਹਿੰਦੇ ਕਿ ਥੋੜਾ ਬਹੁਤਾ ਲੈ ਕੇ ਨਿਬੇੜ ਦਿਉ। ਪਰ ਉਹ ਹਾਲੇ ਨਹੀ ਸੁਣਦੇ। ਅੱਜਕੱਲ ਪੈਸੇ ਕੌਣ ਦਿੰਦਾ।
Story by: Navjeet Kaur
Text by: Gurdeep Singh