ਮੇਰੇ ਦਾਦਾ ਜੀ ਅੰਗਰੇਜ਼ਾਂ ਵੇਲੇ ਠੇਕੇਦਾਰ ਸਨ। ਉਹ ਲੱਕੜ ਅਤੇ ਸੀਮੈਂਟ ਦੇ ਕੰਮ ਦੇ ਮਾਹਰ ਸੀ। ਉਹਨਾਂ ਦਾ ਕੰਮ ਦੇਖ ਕੇ 1933 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਵੈਸਟਰਨ ਵਾਚ ਕੰਪਨੀ ਦੀ ਜੇਬ ਘੜੀ ਵੀ ਤੋਹਫੇ ਵਜੋਂ ਦਿੱਤੀ। 1970-73 ਦੇ ਅਾਸ ਪਾਸ ਦਾਦਾ ਜੀ ਨੇ ਉਹ ਘੜੀ ਮੈਂਨੂੰ ਦੇ ਦਿੱਤੀ। ਉਹ ਅੱਜ ਵੀ ਮੇਰੇ ਕੋਲ ਹੈ ‘ਤੇ ਬਿਲਕੁਲ ਠੀਕ ਕੰਮ ਕਰਦੀ ਹੈ। ਉਹਨਾਂ ਨੇ ਅਾਸਾਮ ਵੱਲ ਕਈ ਪੁਲ ਵੀ ਬਣਵਾਏ। ਮੇਰੇ ਪਿਤਾ ਜੀ ਨੇ ਪੂਨੇ ਵਿਚ ਜੈਨਰਲ ਇਲੈਕਟ੍ਰਿਕ ਨਾਂ ਦੀ ਕੰਪਨੀ ‘ਚ ਕੰਮ ਕੀਤਾ, ਓਥੇ ਉਹ ਕਾਰਪੇਂਟਰ ਸਨ। ਮੈਂ ਵੀ ਅਾਪਣੇ ਪਹਿਲੇ 10 ਸਾਲ ਪੂਨੇ ਹੀ ਗੁਜ਼ਾਰੇ। ਮੈਂ 12ਵੀਂ ਤੱਕ ਪੜਾਈ ਕੀਤੀ, ਫੇਰ ਮੈਂ ਵੀ ਕਾਰਪੈਂਟਰ ਦੇ ਤੌਰ ਤੇ ਮਸਕਟ ਚਲਾ ਗਿਅਾ। ਓਥੇ ਕੰਪਨੀ ਦੇ ਬਿਜਲੀ ਮਹਿਕਮੇ ‘ਚ ਕੰਮ ਕਰਨ ਵਾਲਿਆਂ ਨਾਲ ਉਠਣੀ-ਬੈਠਣੀ ਜਿਅਾਦਾ ਸੀ, ਏਸ ਲਈ ਮੈਂ ਬਿਜਲੀ ਦੇ ਕੰਮ ਵੱਲ ਹੋ ਗਿਅਾ। ਮੇਰਾ ਛੋਟਾ ਭਰਾ ਜਲੰਧਰੋਂ ਇਲੈਕਟ੍ਰਿਕ ਦੀ ਡਿਗਰੀ ਕਰਦਾ ਸੀ, ਵਾਪਿਸ ਅਾ ਕੇ ਮੈਂ ਉਸ ਨਾਲ ਬਿਜਲੀ ਦੀ ਦੁਕਾਨ ਖੋਲ ਲਈ। ਹੁਣ ਉਹ ਬਾਹਰ ਚਲਾ ਗਿਅਾ ਅਤੇ ਮੈਂ ਦੁਕਾਨ ‘ਤੇ ਹਾਂ।
ਮੇਰਾ ਕੰਮ ਇਲੈਕਟ੍ਰੀਸ਼ੀਅਨ ਦਾ ਹੈ ਪਰ ਸਕੂਲਾਂ, ਕਾਲਜਾਂ ‘ਚ ਮੇਰੀਆਂ ਪੇਂਟਿੰਗਾਂ ਦੀਆਂ ਪ੍ਰਦਰਸ਼ਨੀਆਂ ਵੀ ਲੱਗਦੀਆਂ ਰਹਿੰਦੀਆਂ ਹਨ। ਸਕੂਲੀ ਬੱਚਿਆਂ ਨੂੰ ਸਮਝਾਉਣ ਲਈ ਮੈਂ ਮਾਡਲ ਵੀ ਤਿਅਾਰ ਕਰਦਾਂ। ਪੁਰਾਣੇ ਵਿਰਸੇ ਦੇ, ਸਾਇੰਸਦਾਨਾਂ ਦੀਆਂ ਦੇਣਾਂ ਤੇ ਮੈਂ ਕਈ ਮਾਡਲ ਤਿਅਾਰ ਕੀਤੇ ਹੋਏ ਹਨ। ਹਰ ਸ਼ਨੀਵਾਰ ਮੈਂ ਨੇੜੇ ਇਕ ਸਕੂਲ ਵਿੱਚ 9 ਤੋਂ 12 ਅਾਰਟ ਪੜਾਉਣ ਵੀ ਜਾਂਦਾ ਹਾਂ। ਪਰ ਮੈਂਨੂੰ ਇਸ ਗੱਲ ਦਾ ਦੁੱਖ ਹੈ ਕਿ ਕਲਾ ਦੀ ਦੇਖ ਰੇਖ ਲਈ ਏਥੇ ਕੋੇਈ ਸੰਸਥਾ ਨਹੀਂ। ਮੈਂ ਪ੍ਰਧਾਨ ਮੰਤਰੀ ਤਾਈਂ ਚਿੱਠੀਆਂ ਲਿਖ ਕੇ ਵੇਖ ਲਈਆਂ ਪਰ ਸਿਫਤਾਂ ਭਰੇ ਜਵਾਬ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਅਾ। ਮੈਂ ਬੀ.ਬੀ.ਸੀ, ਹਾਲੈਂਡ ਰੇਡੀਓ ਅਤੇ ਸਲੇਡ ਵਰਗੇ ਅਾਰਟ ਸਕੂਲਾਂ ਨੂੰ ਵੀ ਚਿੱਠੀਆਂ ਲਿਖੀਆਂ ਹਨ ਅਤੇ ਸਾਰਿਆਂ ਦੇ ਪਿਅਾਰ ਭਰੇ ਜਵਾਬ ਮੈਂਨੂੰ ਅਾਏ। ਦੁਨੀਅਾ ਦੀ ਸਭ ਤੋਂ ਛੋਟੀ ਚਾਲੂ ਇਸਤਰੀ ਅਤੇ ਰੰਦਾ ਬਨਾਉਣ ਲਈ ਮੇਰਾ ਨਾਮ 2011 ਦੀ ਲਿਮਕਾ ਬੁੱਕ ਅਾਫ ਰਿਕਾਰਡਸ ਵਿੱਚ ਵੀ ਦਰਜ ਹੈ ਪਰ ਮੈਂ ਹੈਰਾਨ ਹਾਂ ਕਿ ਸਾਨੂੰ ਅਾਪਣੇ ਦੇਸ਼ ਵਿੱਚ ਅਾਪਣਾ ਟੈਲੇਂਟ ਦਿਖਾਉਣ ਲਈ ਅੈਨਾ ਝੂਝਣਾ ਪੈਂਦਾ ਹੈ। ਮੈਂ ਇੱਕ ਵਾਰੀ ਕਾਰੀਗਰਾਂ ਨੂੰ ਮਿਲਣ ਵਾਲੇ ਰਾਸ਼ਟਰੀ ਪੁਰਸਕਾਰ ਲਈ ਅਰਜ਼ੀ ਭੇਜਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰੀ ਅਫਸਰਾਂ ਨੇ ਮੈਂਨੂੰ ਰਾਹ ਨਹੀਂ ਦਿੱਤਾ, ਉਹਨਾਂ ਮੇਰੀ ਬਹੁਤ ਭਕਾਈ ਕਰਵਾਈ। ਕਦੇ ਕੋਈ ਕਾਗਜ਼ ਲੈ ਕੇ ਅਾ, ਕਦੇ ਕਿਸੇ ਦੇ ਸਾਈਨ ਕਰਵਾ ਕੇ ਲਿਅਾ, ਹਫਤਾ-ਦਸ ਦਿਨ ਸਰਕਾਰੀ ਦਫਤਰਾਂ ਦੇ ਚੱਕਰ ਕੱਢਣ ਤੋਂ ਬਾਅਦ ਮੈਂ ਥੱਕ ਹਾਰ ਕੇ ਘਰੇ ਬੈਠ ਗਿਆ।
ਮੈਂਨੂੰ ਅਾਪਣੀਆਂ ਕਲਾਕ੍ਰਿਤੀਆਂ ਕਿਤੇ ਰੱਖਣ ਲਈ ਜਗਾ ਨਹੀਂ ਮਿਲੀ, ਪੰਜਾਬ ‘ਚ ਅੈਸੀ ਕੋਈ ਗੈਲਰੀ ਜਾਂ ਮਿਊਜ਼ਿਅਮ ਨਹੀਂ। ਮੇਰਾ ਸੁਪਨਾ ਹੈ ਕਿ ਮੈਂ ਇੱਕ ਅਾਰਟ ਗੈਲਰੀ ਬਣਾਵਾਂ, ਜਿੱਥੇ ਮੈਂ ਅਾਪਣਾ ਕੰਮ ਰੱਖ ਸਕਾਂ ਅਤੇ ਬੱਚਿਆਂ ਨੂੰ ਵੀ ਸਿਖਾ ਸਕਾਂ। ਕਿਸੇ ਵੀ ਚੀਜ਼ ਦਾ ਮਾਡਲ ਦੇਖ਼ ਕੇ ਬੱਚੇ ਬਹੁਤ ਛੇਤੀ ਸਿੱਖ ਜਾਂਦੇ ਹਨ। ਮੈਨੂੰ ਬਚਪਨ ਤੋਂ ਹੀ ਕਲਾ ਦਾ ਸ਼ੌਂਕ ਸੀ। ਮੇਰੇ ਕੋਲ ਪੁਰਾਣੇ ਕੈਮਰੇ, ਪੋ੍ਜੈਕਟਰ, ਇਤਿਹਾਸਕ ਸਿੱਕੇ ਅਤੇ ਡਾਕ ਟਿਕਟਾਂ ਦਾ ਬਹੁਤ ਵੱਡਾ ਸੰਗ੍ਰਹਿ ਹੈ ਪਰ ਜਦੋਂ ਤੱਕ ਉਹਨਾਂ ਨੂੰ ਸਾਂਝੇ ਕਰਨ ਲਈ ਕੋਈ ਜਗ੍ਹਾ ਨਹੀਂ, ਓਦੋਂ ਤੱਕ ਉਹ ਸਭ ਬੇਕਾਰ ਹਨ। ਮੈਂ ਚਾਹੁੰਨਾ ਕਿ ਕੋਈ ਅੱਗੇ ਆਵੇ, ਸਰਕਾਰੀ ਜਾਂ ਪ੍ਰਾਈਵੇਟ ਜੋ ਮੇਰਾ ਇਹ ਸੁਪਨਾ ਸਾਕਾਰ ਕਰਨ ਵਿੱਚ ਮੇਰੀ ਮਦਦ ਕਰੇ।
Story and Text by: Gurdeep Dhaliwal