ਪਹਿਲਾਂ ਮੇਰੇ ਡੈਡੀ ਬਹਿੰਦੇ ਸੀ ਇੱਥੇ। ਹੁਣ ਤਾਂ ਸਾਨੂੰ ਵੀ ਵੀਹ ਸਾਲ ਹੋ ਚੱਲੇ ਆ ਕੰਮ ਕਰਦਿਆਂ ਨੂੰ। ਡੈਡੀ ਦੀ ਡੈੱਥ ਹੋ ਗਈ ਜਦੋਂ ਅਸੀਂ 8 ਵੀਂ ‘ਚ ਪੜ੍ਹਦੇ ਸੀ। ਆਉਂਦਾ ਜਾਂਦਾ ਤਾਂ ਹੈਨੀ ਸੀ ਕੁਝ, ਬੱਸ ਓਦਾਂ ਈ ਸੰਦ ਸਾਜ ਲੈ ਕੇ ਬਹਿ ਗਏ, ਕਦੇ ਸਿੱਖਿਆ ਈ ਨਹੀਂ ਸੀ ਕੰਮ ਪਹਿਲਾਂ, ਕਰਦੇ ਕਰਦੇ ਆਪੇ ਸਿੱਖ ਗਏ ਫੇਰ। ਪਿਓ ਤਾਂ ਸਾਡਾ ਏਸ ਕੰਮ ਤੇ ਬੈਠਣ ਈ ਨਹੀਂ ਸੀ ਦਿੰਦਾ , ਉਹ ਤਾਂ ਕਹਿੰਦਾ ਸੀ ਘਰ ਜਾਓ ਤੇ ਪੜ੍ਹੋ। ਉਹਨੂੰ ਤਾਂ ਸਗੋਂ ਸਾਡੀਆਂ ਮੈਡਮਾਂ ਆ ਕੇ ਕਹਿੰਦੀਆਂ ਸੀ ਕਿ ਮੁੰਡਾ ਪੜ੍ਹਾਈ ‘ਚ ਵਧੀਆ, ਇਹਨੂੰ ਅੱਗੇ ਪੜ੍ਹਾਇਓ। ਪਰ ਉਹਨਾਂ ਨੂੰ ਸ਼ਾਮ ਨੂੰ ਜ਼ਿਆਦਾ ਦਾਰੂ ਪੀਣ ਦੀ ਆਦਤ ਸੀ। ਕਿਸੇ ਕੋਲੋਂ ਪੈਸਾ ਨੀ ਫੜਿਆ ਸੀ ਕਦੇ ਪਰ ਜਿੰਨੇ ਐਥੇ ਕਮਾਉਣੇ ਸ਼ਾਮ ਨੂੰ ਜਾ ਕੇ ਸਾਰਿਆਂ ਦੀ ਦਾਰੂ ਪੀ ਲੈਣੀ। ਇੱਕ ਵਾਰ ਉਹਨਾਂ ਨੂੰ ਬੁਖ਼ਾਰ ਚੜ੍ਹ ਗਿਆ ‘ਤੇ ਸਹੀ ਇਲਾਜ਼ ਨੀ ਹੋ ਸਕਿਆ, ਘਰ ਸਾਡੇ ਸਾਰੇ ਅਨਪੜ੍ਹ ਨੇ, ਚਾਚੇ ਤਾਇਆਂ ਨੂੰ ਬਹੁਤਾ ਪਤਾ ਨਹੀਂ, ਬੁਖ਼ਾਰ ਜ਼ਿਆਦਾ ਵੱਧ ਗਿਆ ਤੇ ਉਹਨਾਂ ਦੀ ਮੌਤ ਹੋ ਗਈ।
ਮੈਂ ਤਾਂ ਪੜ੍ਹਾਈ ਚਲਦੀ ਰੱਖੀ, ਛੋਟੇ ਭਰਾ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਪੜ੍ਹਨ ‘ਚ ਉਹ ਠੀਕ ਠਾਕ ਸੀ। ਮੈਂ ਬਾਰ੍ਹਵੀਂ ਤੱਕ ਪੜ੍ਹਦਾ ਰਿਹਾ, ਦਸਵੀਂ ਮੈਂ ਫ਼ਸਟ ਡਵੀਜ਼ਨ ‘ਚ ਪਾਸ ਕੀਤੀ। 2-4 ਵਾਰੀ ਕੰਮ ਲਈ ਟਰਾਈ ਮਾਰੀ ਪਰ ਕਿਤੇ ਗੱਲ ਨਹੀਂ ਬਣੀ। ਫੇਰ ਪਟਰੋਲ ਪੰਪ ਤੇ ਲੱਗਿਆ ਰਿਹਾ, ਸਰੀਏ ਦਾ ਜਾਲ ਪਾਉਣ ਦਾ ਕੰਮ ਵੀ ਸਿੱਖਿਆ, ਉਹ ਕਰਦੇ ਰਹੇ। ਸਲੂਜਾ ਫ਼ੈਕਟਰੀ ‘ਚ ਵੀ ਮੈਂ ਦੋ ਮਹੀਨੇ ਲਾ ਕੇ ਵੇਖੇ। ਓਥੇ ਸਾਰਾ ਦਿਨ ਤੌਲੀਏ ਤੈਅ ਕਰਨੇ ਹੁੰਦੇ ਸੀ। ਉਸ ਨਾਲ਼ੋਂ 5-7000 ਵੱਧ ਤਾਂ ਮੈਂ ਇੱਥੇ ਈ ਕਮਾਂ ਲੈਂਦਾ ਸੀ, ਇਸੇ ਲਈ ਮੈਂ ਉਹ ਕੰਮ ਛੱਡ ਦਿੱਤਾ। ਜਿੰਨੀ ਕਮਾਈ ਕੀਤੀ ਉਹਦੇ ਨਾਲ ਛੋਟੀ ਭੈਣ ਦਾ ਵਿਆਹ ਕੀਤਾ, ਭਰਾ ਨੂੰ ਮਸਕਟ ਭੇਜਿਆ। ਮੇਰੇ ਵੀ ਹੁਣ ਇਕ ਮੁੰਡਾ ਹੈ। ਵੀਜਾ ਅਸੀਂ ਆਪਣੇ ਲਈ ਕਢਾਉਂਦੇ ਸੀ। ਸਾਡਾ ਪਾਸਪੋਰਟ ਫਸ ਗਿਆ ਤੇ ਭਰਾ ਵਿਹਲਾ ਸੀ, ਫੇਰ ਉਹਨੂੰ ਭੇਜਤਾ। ਉਹਦਾ ਬਣ ਗਿਆ ਵਧੀਆ, ਅਸੀਂ ਐਥੇ ਆਂ। ਵਿਆਹ ਤੋਂ ਪਹਿਲਾਂ ਮੈਂ ਬਰਨਾਲੇ ਤਰਕਸ਼ੀਲ ਸੁਸਾਇਟੀ ਦੀਆਂ ਮੀਟਿੰਗਾਂ ਵਿੱਚ ਵੀ ਜਾਂਦਾ ਰਿਹਾਂ ਪਰ ਹੁਣ ਟਾਈਮ ਨਹੀਂ ਲੱਗਦਾ
ਵਿਆਹ ਤੋਂ ਪਹਿਲਾਂ ਮੈਂ ਬਰਨਾਲੇ ਤਰਕਸ਼ੀਲ ਸੁਸਾਇਟੀ ਦੀਆਂ ਮੀਟਿੰਗਾਂ ਵਿੱਚ ਵੀ ਜਾਂਦਾ ਰਿਹਾਂ ਪਰ ਹੁਣ ਟਾਈਮ ਨਹੀਂ ਲੱਗਦਾ। ਪੜ੍ਹਨ ਵਿੱਚ ਰੁਚੀ ਹੋਣ ਕਰਕੇ ਮੇਰਾ ਉਹਨਾਂ ਵੱਲ ਝੁਕਾਉ ਹੋਇਆ। ਪਹਿਲਾਂ ਸਿਰਫ ਦਲਿਤ ਸਮਾਜ ਨਾਲ ਸੰਬੰਧਿਤ ਲਿਟਰੇਚਰ ਪੜ੍ਹੀਦਾ ਸੀ ਪਰ ਫਿਰ ਇੱਕ ਦੋਸਤ ਨੇ ਕਿਹਾ ਕਿ ਸਭ ਕੁਝ ਪੜਨਾ ਚਾਹੀਦਾ, ਬੈਲੇਂਸ ਬਣਿਆਂ ਰਹਿੰਦਾ। ਹੁਣ ਆਪਾਂ ਸਭ ਕੁਝ ਪੜ ਲਈਦਾ। ਸ਼ੁਰੂਆਤ ਮੈਂ ਗੁਰਨਾਮ ਸਿੰਘ ਮੁਕਤਸਰ ਦੀ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਤੋਂ ਕੀਤੀ, ਕਿਉਂਕਿ ਉਹਦੇ ‘ਚ ਗੱਲ ਸਾਡੇ ਲੋਕਾਂ ਤੋਂ ਸ਼ੂਰੂ ਹੁੰਦੀ ਹੈ, ਜਿੰਨਾਂ ਨੂੰ ਇਨਸਾਨ ਹੀ ਨਹੀੰ ਸਮਝਿਆ ਜਾਂਦਾ। ਅਗਾਂਹ ਹੋਰ ਜਾਨਣ ਦੀ ਇੱਛਾ ਹੋਈ। ਫੇਰ ਮੇਲਿਆਂ ਤੋਂ ਨਵੀਂਆਂ ਕਿਤਾਬਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕਾਫੀ ਕਿਤਾਬਾਂ ਇਕੱਠੀਆਂ ਹੋ ਗਈਆਂ ਫੇਰ ਮੈਂ ਕਈ ਮੇਲਿਆਂ ‘ਤੇ ਸਟਾਲ ਵੀ ਲਾਏ। ਮੇਰਾ ਲੈਦਰ ਬੈਗ ਮੈਂ ਨਾਲ ਰੱਖਦਾ ਹਾਂ, ਇਹਦੇ ਵਿੱਚ ਮੇਰੀਆਂ ਕਿਤਾਬਾਂ ਕਾਪੀਆਂ ਹੁੰਦੀਆਂ ਹਨ। ਕਿਤਾਬਾਂ ਕਰਕੇ ਮੇਰੇ ਦੋਸਤਾਂ ਦਾ ਘੇਰਾ ਵੀ ਬਹੁਤ ਵੱਡਾ ਤੇ ਵਧੀਆ ਹੋ ਗਿਆ ਹੈ।
ਦੁਕਾਨ ਦਾ ਖਰਚਾ ਵੀ ਵੱਧ ਆ। ਹੁਣ ਰੜੇ ਮੈਦਾਨ ‘ਚ ਬੈਠੇ ਆਂ, ਕੱਲ ਨੂੰ ਢਾਹ ਢਵਈਆ ਹੁੰਦਾ ਤਾਂ ਬੱਸ ਸਾਮਾਨ ਚੱਕ ਕੇ ਪਾਸੇ ਈ ਬਹਿਣਾ। ਜਦੋਂ ਤੱਕ ਚੱਲੀ ਜਾਂਦਾ ਠੀਕ ਆ। ਊਂ ਸਿੱਧੀ ਜਿਹੀ ਗੱਲ ਆ ਬਈ ਕੰਮ ਵਧਾਉਣ ਲਈ ਸਰਮਾਇਆ ਚਾਹੀਦਾ, ਉਹ ਸਾਡੇ ਕੋਲ ਹੈ ਨਹੀਂ। ਪਰ ਮਿਹਨਤ ਸਦਕਾ ਅਸੀਂ ਬਾਪੂ ਵਾਲੇ ਇੱਕ ਕਮਰੇ ਦੇ ਦੋ ਬਣਾ ਲਏ ਆ, ਬਾਥਰੂਮ ਪੱਕੇ ਕਰ ਲਏ। ਵਾਢੀਆਂ ‘ਚ ਕੰਮ ਘੱਟ ਜਾਂਦਾ, ਲੋਕ ਕੰਮੀਂ ਲੱਗ ਜਾਂਦੇ ਆ। ਏਸ ਕੰਮ ਲਈ ਗਿਣਵੇਂ ਸਾਮਾਨ ਦੀ ਹੀ ਲੋੜ ਆ, ਜਿਵੇਂ ਧਾਗਾ, ਪੌਲਿਸ਼ਾਂ, ਮੇਖਾਂ ਅਤੇ ਸਟੈਪਲ। ਕਈ ਚੀਜ਼ਾਂ ਤਾਂ ਮੁਫ਼ਤ ‘ਚ ਹੀ ਮਿਲ ਜਾਂਦੀਆਂ ਸੀ ਪਹਿਲਾਂ ਜਿਵੇਂ ਟਾਇਰਾਂ ਵਾਲੀ ਰਬੜ ਹੋਗੀ, ਹੁਣ 150 ਨੂੰ ਲੈਣੀ ਪੈਂਦੀ ਆ ਬਜ਼ਾਰੋਂ। ਮੋਮ ਵੀ ਪਹਿਲਾਂ ਮਖਿਆਲ ਵਾਲੇ ਛੱਤੇ ਤੋਂ ਮਿਲ ਜਾਂਦਾ ਸੀ। ਜਵਾਕਾਂ ਨੂੰ ਇਹ ਕੰਮ ਬਾਰੇ ਦੱਸਾਂਗੇ ਜ਼ਰੂਰ ਨਾਲ ਪੜ੍ਹਾਵਾਂਗੇ ਵੀ। ਜਿੰਨੀ ਵਧੀਆ ਜਿੰਦਗੀ ਹੋ ਸਕੀ, ਦੇਣ ਦੀ ਕੋਸ਼ਿਸ਼ ਕਰਾਂਗੇ।
Story & Text by Gurdeep Dhaliwal