ਖ਼ੈਰਦੀਨ, ਚੌਕੀਦਾਰ, ਜੰਡਾਲੀ

ਮੇਰਾ ਨਾਂ ਖ਼ੈਰਦੀਨ ਏ। ਮੇਰੀ ਕਹਾਣੀ 1947 ਤੋਂ ਪਹਿਲਾਂ ਸ਼ੁਰੂ ਹੁੰਦੀ ਏ ਕਿਉਂਕਿ ਮੈਨੂੰ ਚੌਕੀਦਾਰੇ ਦਾ ਕੰਮ 1947 ਵੇਲੇ ਮਿਲਿਆ। ਇਸ ਤੋਂ ਪਹਿਲਾਂ ਮੈਂ ਖੂਹ ਪੁੱਟਣ ਦਾ ਕੰਮ ਵੀ ਕਰਦਾ ਰਿਹਾ ਤੇ ਜੱਟਾਂ ਨਾਲ ਸਾਂਝੀ ਵੀ ਰਲਿਆ। 1947 ਵੇਲੇ ਬਹੁਤ ਲੁੱਟਮਾਰ ਤੇ ਕਤਲੋਗਾਰਤ ਹੋਈ, ਔਰਤਾਂ ਉਧਾਲੀਆਂ ਗਈਆਂ।

ਮੇਰਾ ਨਾਂ ਖ਼ੈਰਦੀਨ ਏ। ਮੇਰੀ ਕਹਾਣੀ 1947 ਤੋਂ ਪਹਿਲਾਂ ਸ਼ੁਰੂ ਹੁੰਦੀ ਏ ਕਿਉਂਕਿ ਮੈਨੂੰ ਚੌਕੀਦਾਰੇ ਦਾ ਕੰਮ 1947 ਵੇਲੇ ਮਿਲਿਆ। ਇਸ ਤੋਂ ਪਹਿਲਾਂ ਮੈਂ ਖੂਹ ਪੁੱਟਣ ਦਾ ਕੰਮ ਵੀ ਕਰਦਾ ਰਿਹਾ ਤੇ ਜੱਟਾਂ ਨਾਲ ਸਾਂਝੀ ਵੀ ਰਲਿਆ। 1947 ਵੇਲੇ ਬਹੁਤ ਲੁੱਟਮਾਰ ਤੇ ਕਤਲੋਗਾਰਤ ਹੋਈ, ਔਰਤਾਂ ਉਧਾਲੀਆਂ ਗਈਆਂ। ਨੇੜਲੇ ਪਿੰਡ, ਤੋਲੇ ਲੂਣੇ ਜ਼ੈਲਦਾਰ ਆਲੇ, ਬਹੁਤ ਕੁਝ ਹੋਇਆ। ਓਥੇ ਪਿੰਡ ਵਾਲਿਆਂ ਨੇ ਧੱਕੇ ਨਾਲ ਮੁਸਲਮਾਨਾਂ ਦੇ ਨਾਂ ਬਦਲਾ ਦਿੱਤੇ। ਪਰ ਮਾਲੇਰਕੋਟਲੇ ਵਿਚ ਬਹੁਤ ਬਚਾਅ ਹੋਇਆ।

ਸਾਡੇ ਪਿੰਡ ਇਕ ਮੁਸਲਮਾਨ ਕੁੜੀ ਨੂੰ ਇਕ ਅਮਲੀ ਜੱਟ ਦੇ ਘਰ ਬਿਠਾ ਦਿੱਤਾ। ਉਹ ਅਮਲੀ ਨਾਲ ਨਾਲ ਚੌਕੀਦਾਰੇ ਦਾ ਕੰਮ ਵੀ ਕਰਦਾ ਸੀ। ਬਾਅਦ ਵਿਚ ਜਦੋਂ ਸਰਕਾਰਾਂ ਨੇ ਉਧਾਲੀਆਂ ਔਰਤਾਂ ਦੇ ਤਬਾਦਲੇ ਸ਼ੁਰੂ ਕਰਵਾਏ ਤਾਂ ਪੁਲੀਸ ਓਸ ਔਰਤ ਨੂੰ ਬਰਾਮਦ ਕਰਨ ਉਸ ਅਮਲੀ ਜੱਟ ਦੇ ਘਰ ਆਈ ਤਾਂ ਉਹ ਬਹੁਤ ਰੋਇਆ ਕੁਰਲਾਇਆ ਕਿ ਮੇਰਾ ਘਰ ਪੁੱਟ ਦਿੱਤਾ। ਥਾਣੇਦਾਰ ਨੇ ਜੱਟ ਨੂੰ ਬਹੁਤ ਕੁੱਟਿਆ ਤੇ ਪੁੱਛਿਆ, ‘‘ਕਿਹੜਾ ਘਰ? ਕਿੱਥੋਂ ਵਿਆਹ ਕੇ ਲਿਆਇਆ ਇਹਨੂੰ? ਧੱਕੇ ਨਾਲ ਘਰੇ ਬਿਠਾਈ ਬੈਠਾ, ਲੱਗਦਾ ਘਰ ਦਾ!’’ ਪੁਲੀਸ ਔਰਤ ਬਰਾਮਦ ਕਰਕੇ ਲੈ ਗਈ ਤੇ ਉਹ ਅਮਲੀ ਚੌਕੀਦਾਰਾ ਛੱਡ ਕੇ ਆਪਣੀ ਭੈਣ ਦੇ ਪਿੰਡ ਚਲਾ ਗਿਆ। ਲੰਬੜਦਾਰਾਂ ਨੇ ਚੌਕੀਦਾਰੇ ਦਾ ਕੰਮ ਮੈਨੂੰ ਦੇ ਦਿੱਤਾ। ਉਦੋਂ ਤੋਂ ਹੁਣ ਤਕ ਚੌਕੀਦਾਰਾ ਕਰਦੇ ਨੂੰ 71 ਸਾਲ ਹੋ ਗਏ ਹਨ।

ਪਹਿਲਾਂ ਮਹੀਨੇ ਦੇ 6 ਰੁਪਏ ਤਨਖਾਹ ਹੁੰਦੀ ਸੀ। 71 ਸਾਲਾਂ ਵਿਚ ਇਹ 1200 ਰੁਪਏ (800 ਰੁਪਏ ਪੰਜਾਬ ਸਰਕਾਰ+400 ਰੁਪਏ ਪੰਚਾਇਤ) ਤਕ ਪੁੱਜੀ ਹੈ। ਪਹਿਲਾਂ ਨਾਲ ਦਿਹਾੜੀ ਵੀ ਕਰ ਲਈਦੀ ਸੀ। ਪਿੰਡ ਦੇ ਡੰਗਰ ਵੀ ਚਾਰੇ। ਪਿੰਡਾਂ ਵਿਚ ਜਦ ਵੀ ਕੋਈ ਜੰਮਦਾ ਜਾਂ ਮਰਦਾ, ਮੈਂ ਤਹਿਸੀਲੇ ਜਾ ਕੇ ਦਰਜ ਕਰਵਾਉਂਦਾ। ਹੁਣ ਇਹ ਕੰਮ ਹਸਪਤਾਲ ਵਾਲੇ ਕਰਦੇ ਨੇ। ਜੇ ਪਿੰਡ ਵਿਚ ਕਿਸੇ ਅਫ਼ਸਰ ਨੇ ਆਉਣਾ ਹੁੰਦਾ ਜਾਂ ਸਾਂਝਾ ਕੰਮ ਹੁੰਦਾ ਤਾਂ ਪਿੰਡ ਵਿਚ ਹੋਕਾ ਦੇਣ ਦਾ ਕੰਮ ਵੀ ਮੈਂ ਹੀ ਕਰਦਾਂ। ਹੁਣ ਵੀ ਕਰਦਾਂ। ਹੁਣ ਵੀ ਚੋਣਾਂ ਵਿਚ ਪੁਲੀਸ ਤੇ ਚੋਣਾਂ ਵਾਲਿਆਂ ਨਾਲ ਹੱਥ ਵਟਾਉਣਾ ਪੈਂਦਾ ਹੈ। ਉਨ੍ਹਾਂ ਦੇ ਚਾਹ-ਪਾਣੀ ਦਾ ਇੰਤਜ਼ਾਮ ਵੀ ਕਰਨਾ ਪੈਂਦਾ ਹੈ।

ਪਿਛਲੇ ਕੁਝ ਸਮੇਂ ਤੋਂ ਚੌਕੀਦਾਰੇ ਤੋਂ ਮਿਲਦੇ ਪੈਸੇ ਰੁਕੇ ਹੋਏ ਸਨ, ਪਰ ਹੁਣ ਮਿਲ ਗਏ ਹਨ। ਦੁਨੀਆਂ ਵਿਚ ਮੈਂ ਬੜੇ ਰੰਗ ਵੇਖੇ ਹਨ। ਸੰਤਾਲੀ ਦੇ ਵੇਲਿਆਂ ਵਿਚ ਮੈਨੂੰ ਵੀ ਧੱਕੇ ਨਾਲ ਲੋਕਾਂ ਨੇ ਨਿਹੰਗ ਬਣਾ ਦਿੱਤਾ ਸੀ ਤੇ ਮੇਰਾ ਨਾਂ ਪ੍ਰੀਤਮ ਰੱਖ ਦਿੱਤਾ। ਮੈਨੂੰ ਅੰਮ੍ਰਿਤ ਵੀ ਛਕਾਇਆ ਗਿਆ।

ਹੁਣ ਮੇਰੇ ਤੋਂ ਬਹੁਤਾ ਕੰਮ ਨਹੀਂ ਹੁੰਦਾ। ਬੱਸ ਸਾਰੀ ਉਮਰ ਪਿੰਡ ਦੀ ਰਾਖੀ/ਚੌਕੀਦਾਰਾ ਕਰਦਿਆਂ ਲੰਘ ਗਈ ਹੈ।

Story by: Satdeep Gill

Text: Jasdeep Singh

Edits: Sangeet Toor

pa_INPanjabi

Discover more from Trolley Times

Subscribe now to keep reading and get access to the full archive.

Continue reading