ਤੁਸੀਂ ਕੋਲੇ ਨਾਲ਼ ਚੱਲਣ ਵਾਲੀਆਂ ਬੱਸਾਂ ਨਹੀਂ ਦੇਖੀਆਂ ਹੋਣੀਆਂ, 1952 ਦੇ ਨੇੜੇ ਡੀਜ਼ਲ ਦੀ ਸ਼ੌਰਟੇਜ਼ ਹੋ ਗਈ ਸੀ। ਫੇਰ ਹਰੇਕ ਬੱਸ ਪਿੱਛੇ ਟੈਂਕੀ ਲਗਾ ਦਿੱਤੀ ਗਈ। ਕੋਲੇ ਪੈਣੇ, ਗੈਸ ਬਣਨੀਂ ਫੇਰ ਬੱਸ ਚੱਲਣੀਂ, ਟਰੱਕ ਵੀ ਏਵੇਂ ਹੀ, ਸਾਲ ਕੁ ਭਰ ਚੱਲੀ ਫੇਰ ਬੰਦ ਹੋ ਗਈ। ਉਸ ਵੇਲੇ 100 ਰੁਪਏ ਰੱਖੇ ਸੀ ਸਰਕਾਰ ਨੇ ਪਾਰਟਨਰ ਬਣਨ ਲਈ। ਉਦੋਂ 100 ਰੁਪਏ ਕਿੱਥੇ ਹੁੰਦੇ ਸੀ, 12 ਆਨੇਂ 1 ਰੁਪਇਆ ਤਾਂ ਦਿਹਾੜੀ ਸੀ। ਜੇ ਉਦੋਂ ਪੈਸੇ ਪਾਏ ਹੁੰਦੇ ਤਾਂ ਹਾਲਾਤ ਕੁਝ ਹੋਰ ਹੋਣੇ ਸੀ। ਪਹਿਲਾਂ ਚਾਂਦੀ ਦੇ ਰੁਪਏ ਹੋਣੇਂ ਲੋੜ ਜਿੰਨੇ ਲੱਕ ਨਾਲ ਬੰਨ ਲੈਣੇਂ। 1946 ਵਿਚ ਅੰਗਰੇਜ ਕਹਿੰਦੇ ਚਾਂਦੀ ਦੇ ਸਿੱਕੇ ਨਹੀਂ ਚੱਲਣੇਂ। ਉਹਨਾਂ ਦੇ ਕਹਿਣ ਤੇ ਸਾਰਿਆਂ ਨੇ ਜਲੰਧਰ ਜਾ ਕੇ ਜਮਾਂ ਕਰਵਾ ਦਿੱਤੇ। ਫੇਰ 10 ਦਾ ਨੋਟ ਚੱਲਿਆ। ਉਹ ਦੇਖ ਕੇ ਅਸੀਂ ਬਹੁਤ ਹੈਰਾਨ ਹੋਏ । ਹੁਣ ਉਹੀ ਚੱਲਦੇ ਆ।
ਜਦੋਂ ‘47 ਵਿੱਚ ਦੰਗੇ ਹੋਏ, ਤਾਂ ਸਭ ਤੋਂ ਪਹਿਲਾਂ ਬੰਗੇ ਹੋਏ। ਆਜ਼ਾਦੀ ਤੋਂ ਪਹਿਲਾਂ ਐਥੇ ਆਲੇ ਦੁਆਲੇ ਸਾਰੇ ਮੁਸਲਮਾਨ ਸੀ। ਝਟਕਈ, ਦੋਧੀਆਂ ਦੀ ਗਲੀ, ਸਾਰੀ ਮੁਸਲਮਾਨਾਂ ਦੀ ਸੀ। ਗੁਣਾਂਚੌਰ ਜੋ ਇਥੋਂ 7 ਕਿਲੋਮੀਟਰ ਹੈ, ਸ਼ਾਮ ਨੂੰ ਓਥੋਂ ‘ਐ ਅਲੀ, ਐ ਅਲੀ’ ਦੀ ਆਵਾਜ਼ ਐਥੇ ਤਾਈਂ ਸੁਣਦੀ ਸੀ। ਆਸੇ ਪਾਸੇ ਦੇ ਪਿੰਡ ਮੁਸਲਮਾਨਾਂ ਦੇ ਹੀ ਸਨ। ‘47 ਵੇਲੇ ਸਭ ਛੱਡ ਛਡਾ ਕੇ ਚਲੇ ਗਏ। ਜਦੋਂ ‘84 ਦੇ ਦੰਗੇ ਹੋਏ ਮੈਂ ਕਲਕੱਤੇ ਟਾਟਾ ਵਿੱਚ ਸੀ। ਮੇਰਾ ਗੁਆਂਢੀ, ਜੋ ਗੋਆ ਤੋਂ ਸੀ, ਵਾਰ ਵਾਰ ਕਹਿੰਦਾ ਰਿਹਾ, `ਟੀਵੀ ਲਾ, ਟੀ ਵੀ ਲਾ’। ਮੈਂ ਕਿਹਾ ਤੂੰ ਹੀ ਲਾ ਲਾ, ਮੈਂਥੋਂ ਨਹੀ ਦੇਖ ਹੋਣਾ। ਉਹ ਕਹਿੰਦਾ ਤੁਹਾਨੂੰ ਦੁੱਖ ਨੀਂ ਆਉਂਦਾ ਕਿਵੇਂ ਸਰਕਾਰ ਪੰਜਾਬੀ ਨੌਂਜਵਾਨਾਂ ਨੂੰ ਮਾਰ ਰਹੀ ਅਾ? ਮੇਰੀਆਂ ਅੱਖਾਂ ਭਰ ਅਾਈਆਂ, ਅਸੀ ਕੀ ਕਰ ਸਕਦੇ ਸੀ? ਇੱਕ ਹਫਤੇ ਲਈ ਅਸੀਂ ਡਿਊਟੀ ਨਹੀਂ ਗਏ। ਉਥੇ ਵੀ ਬਹੁਤ ਕੁੱਝ ਹੋਇਆ ਪਰ ਸਾਰੇ ਟਾਈਮ ਨਾਲ਼ ਗੁਰਦਵਾਰੇ ਜਾ ਵੜੇ ‘ਤੇ ਇੱਕ ਅਮੀਰ ਸਰਦਾਰ ਆਇਆ, ਉਸਨੇ ਸੋਨੇਂ ਦਾ ਕੜਾ ਪਾਇਆ ਹੋਇਆ ਸੀ। ਉਹ ਚੌਂਕ `ਚ ਬੈਠਾ ਰਿਹਾ ਤੇ ਸਾਰਿਆਂ ਦੀ ਪਹਿਰੇਦਾਰੀ ਕੀਤੀ।
ਪਿਤਾ ਜੀ ਮੇਰੇ ਤਰਖਾਣ ਸਨ, ਅਸੀਂ ਵੀ ਸਾਰੀ ਉਮਰ ਲੱਕੜ ਦਾ ਕੰਮ ਕੀਤਾ। ਅਸੀਂ 5 ਭਰਾ ਸੀ, ਇੱਕ ਭੈਣ ਸੀ ਉਹ ਛੋਟੀ ਉਮਰੇ ਹੀ ਗੁਜ਼ਰ ਗਈ। । ਮੈਂ ਸਭ ਤੋਂ ਵੱਡਾ ਸੀ। ਮੇਰੇ ਦੋ ਲੜਕੀਆਂ ਹੀ ਹਨ। ਇੱਕ ਮੇਰੇ ਕੋਲੇ ਰਹਿੰਦੀ ਹੈ। ਇੱਕ ਆਪਣੇਂ ਪਿੰਡ ਆ, ਫਗਵਾੜੇ। ਐਦਾਂ ਈ ਜਿੰਦਗੀ ਲੰਘ ਜਾਂਦੀ ਆ, ਇੱਕ ਇੱਕ ਦਿਨ ਕਰਕੇ। 51 `ਚ ਮੈਂ ਮੈਟਰਿਕ ਕੀਤੀ ਸੀ। ਮੈਂ ਤਾਂ ਉਰਦੂ ਵਿੱਚ ਹੀ ਸਾਰੀ ਪੜਾਈ ਕੀਤੀ। ਜਦੋਂ ਵੰਡ ਤੋਂ ਬਾਅਦ ਮੁਸਲਮਾਨ ਪਾਕਿਸਤਾਨ ਚਲੇ ਗਏ, ਫੇਰ ਪੰਜਾਬੀ ਹੋ ਗਈ। ਮੈੰਨੂੰ ਰੇਲਵੇ `ਚ ਨੌਕਰੀ ਮਿਲਦੀ ਸੀ ਪਰ ਘਰ ਦੇ ਕਹਿੰਦੇ, “ਹੈਂ? ਸਾਡਾ ਮੁੰਡਾ ਕੋਲਾ ਪਾਊ? ਰੰਗ ਕਾਲਾ ਹੋ ਜੂ। ਫੇਰ ਮੈਂ ਕਲਕੱਤੇ ਟਾਟਾ ਵਿੱਚ, ਕਾਰਪੇਂਟਰ ਵਜੋਂ ਭਰਤੀ ਹੋ ਗਿਅਾ। ਇੱਕ ਵਾਰ ਉਥੇ ਕੰਮ ਕਰਦਿਆਂ ਕੁਛ ਅੱਖ `ਚ ਪੈ ਗਿਆ, ਜਦੋਂ ਇਨਫੈਕਸ਼ਨ ਵੱਧ ਗਿਅਾ ਤਾਂ ਮੇਰੇ ਨਾਲ ਦੇ ਮੈਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਅੱਖ ਵੇਖ ਕੇ ਕਿਹਾ ਕਿ ਜੇ ਅੱਖ ਕਢਵਾ ਲਉ ਤਾਂ ਵਧੀਆ ਰਹੂ ਨਹੀਂ ਤਾਂ ਦੂਜੀ ਅੱਖ ਵੀ ਖਰਾਬ ਹੋ ਜਾਊ, ਡਰਦੇ ਨੇ ਮੈਂ ਅੱਖ ਕਢਵਾ ਦਿੱਤੀ।
ਰਿਟਾਇਰਮੈਂਟ ਤੋਂ ਬਾਅਦ ਮੈਂ ਬੰਗੇ ਅਾ ਕੇ ਵੀ ਫਰਨੀਚਰ ਦਾ ਕੰਮ ਕਰਦਾ ਰਿਹਾ। ਅਾਮ ਫਰਨੀਚਰ ਤਾਂ ਮੈਂ ਬਣਾਉਂਦਾ ਹੀ ਸੀ ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਕੁਝ ਨਵਾਂ ਬਣਾਵਾਂ। ਮੈਂ ਫੋਲਡਿੰਗ ਕੁਰਸੀਆਂ, ਮੇਜ਼ ਵੀ ਬਣਾਏ। ਟਰੇਆਂ ਅਤੇ ਲੂਣਦਾਨੀਆਂ ਵੀ ਮੈਂ ਬਹੁਤ ਬਣਾਉਂਦਾ ਰਿਹਾਂ। ਬੱਚਿਆਂ ਵਾਸਤੇ ਬਿੰਗੇ ਬਣਾਉਣੇਂ 1-2 ਪੈਸੇ ਦਾ ਵੇਚ ਦੇਣਾਂ, ਭਮੀਰੀਆਂ ਬਣਾਂਉਣੀਆਂ, ਗੱਡੀਆਂ, ਗਡੀਰਨੇਂ, ਹੁਣ ਤਾਂ ਪਤਾ ਈ ਨੀ ਕਿਸੇ ਨੂੰ ਗਡੀਰਨਾ ਕੀ ਹੁੰਦਾ ਹੈ। ਹੁਣ ਤਾਂ ਸਮਾਂ ਬਹੁਤ ਬਦਲ ਗਿਅਾ। ਚੁਆਨੀਂ ਦੇ ਮੌਜੇ ਆਉਂਦੇ ਸੀ ਸਾਡੇ ਵੇਲੇ। ਅਸੀਂ ਕਹਿਣਾਂ ਲਾਲ ਮੌਜੇ ਲੈਣੇ ਆਂ,ਚੁਆਨੀਂ ਨਹੀਂ ਸੀ ਹੁੰਦੀ ੳਦੋਂ। ਹੁਣ ਤਾਂ 2-2000 ਦੇ ਬੂਟ ਅਾਉਦੇ ਆ। 100 ਰੁਪਏ ਤਨਖਾਹ ਹੁੰਦੀ ਸੀ। ਮਹੀਨਾਂ ਵੀ ਤਦੇ ਲੰਘ ਜਾਂਦਾ ਸੀ। ਹੁਣ ਬੱਚਿਆਂ ਦੀ 20,000 ਤਨਖਾਹ, ਤਾਂ ਵੀ ਔਖਾ। ਹੁਣ ਮੇਰੀ ਉਮਰ 86 ਸਾਲ ਦੀ ਹੈ ਪਰ ਮੈਂ ਆਪਣੀ ਵਰਕਸ਼ਾਪ ਬੰਦ ਨਹੀਂ ਕੀਤੀ। ਅਜ਼ੇ ਵੀ ਜਦੋੰ ਕਦੇ ਮੇਰਾ ਜੀਅ ਕਰਦਾ ਹੈ ਤਾਂ ਮੈਂ ਉਥੇ ਜਾ ਕੇ ਬਹਿ ਜਾਂ ਹਾਂ ਅਤੇ ਕੋਈ ਨਿੱਕੀ-ਮੋਟੀ ਚੀਜ਼ ਬਣਾ ਲੈੰਦਾ ਹਾਂ।
Story and Pictures: Gurdeep Dhaliwal