ਮੇਰੇ ਦਾਦਾ ਜੀ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਸਾਨੂੰ ਇਥੇ ਪਹੁੰਚਾਉਣ ਲਈ। ਸਾਡਾ ਪਿੰਡ ਜੈਵਾਲੀ, ਇਥੋਂ ੨੫ ਕਿ. ਮੀ. ਦੂਰ ਹੈ। ਓਹਨਾ ਨੇ ਪਹਿਲਾਂ ਇਕ ਉੁਸਤਾਦ ਕਾਰੀਗਰ ਤੋਂ ਇਹ ਕੰਮ ਸਿੱਖਿਆ ਅਤੇ ਬਾਅਦ ਵਿੱਚ ਆਪਣਾ ਕੰਮ ਸ਼ੁਰੂ ਕਰ ਲਿਆ। ਹਰਿਮੰਦਰ ਸਾਹਿਬ ਦੇ ਸਾਹਮਣੇ ਦੁਕਾਨ ਖਰੀਦਣ ਤੋਂ ਪਹਿਲਾਂ ਓਹਨਾ ਨੇ ਇਥੇ ਘਰ ਖਰੀਦਿਆ ਸੀ। ਹਰ ਰੋਜ ਰੇਲ ਗੱਡੀ ਤੇ ਆਉਣ ਜਾਣ ਕਰਦੇ, ਕਿਸੇ ਦਿਨ ਵਾਪਸੀ ਵੇਲੇ ਅੱਖ ਲੱਗ ਜਾਂਦੀ ਤਾਂ ਅੱਗੋਂ ਫੇਰ ਮੁੜਕੇ ਆਉਣਾ ਪੈਂਦਾ। ਅੱਜ ਅਸੀਂ ਦੁਨੀਆਂ ਦੇ ਸਭ ਤੋਂ ਉੱਤਮ ਪਾਲਕੀ ਬਨਾਉਣ ਵਾਲਿਆਂ ਵਿਚੋਂ ਇੱਕ ਹਾਂ।ਮੇਰੇ ਪਿਤਾ ਜੀ ਅਤੇ ਓਹਨਾਂ ਦੇ ਭਰਾਵਾਂ ਨੇ ਬਹੁਤ ਚੰਗਾ ਕੰਮ ਸੰਭਾਲਿਆ ਹੈ।
ਵੇਖਣ ਨੂੰ ਇਹ ਸਭ ਵਧੀਆ ਅਤੇ ਚਮਕ ਦਮਕ ਵਾਲਾ ਹੈ, ਪਰ ਜਦੋਂ ਮੈਂ ਦੂਜਿਆਂ ਨੂੰ ਸੂਟ ਬੂਟ ਵਿੱਚ ਸਜੇ ਹੋਏ, ਹੱਥ ਵਿੱਚ ਸੂਟਕੇਸ 'ਤੇ ਹੇਠ ਗੱਡੀ ਲਈ ਕੰਮ ਜਾਂਦਿਆਂ ਵੇਖਦਾ ਹਾਂ ਤਾਂ ਸੋਚਦਾ ਹਾਂ ਕਾਸ਼ ਮੈਂ ਵੀ ਇਸ ਤਰਾਂ ਕਰ ਸਕਦਾ।ਵੈਸੇ ਮੈਨੂੰ ਆਪਣੇ ਕੰਮ ਤੇ ਪੂਰਾ ਮਾਣ ਹੈ, ਮੈਂ ਆਪਣੇ ਪਿਤਾ ਜੀ ਤੋਂ ਚੰਗੀ ਤਰਾਂ ਸਿੱਖ ਰਿਹਾ ਹਾਂ। ਮੈਂ ਲਗਾਤਾਰ ਓਹਨਾ ਨਾਲ ਸਹਾਇਤਾ ਕਰ ਰਿਹਾ ਹਾਂ, ਪਰ ਸਾਡਾ ਕੰਮ ਹੱਥ ਦਾ ਅਤੇ ਸਖਤ ਮਿਹਨਤ ਵਾਲਾ ਹੈ, ਮੈਂ ਐਨੀ ਸਖਤ ਮਿਹਨਤ ਨਹੀਂ ਕਰਨਾ ਚਾਹੁੰਦਾ। ਸਾਡੇ ਪੁਰਖਿਆਂ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਸੀ, ਜੋ ਮਿਲਿਆ ਪਹਿਨ ਲੈਂਦੇ ਸਨ, ਜਿਵੇਂ ਠੀਕ ਲੱਗਾ ਸਫਰ ਕਰ ਲਿਆ ਕਰਦੇ ਸੀ। ਪਰ ਸਾਡੇ ਹਾਣੀ ਮਹਿਸੂਸ ਕਰਦੇ ਹਨ। ਸਾਨੂੰ ਸਭ ਚੰਗਾ ਚਾਹੀਦਾ ਹੈ, ਪਰ ਮਿਹਨਤ ਕੀਤੇ ਬਿਨਾ।
ਮੇਰੇ ਦਾਦਾ ਜੀ ਇਸ ਕਹਾਵਤ ਵਿੱਚ ਵਿਸ਼ਵਾਸ ਰੱਖਦੇ ਸੀ 'ਜੀਹਨੇ ਕੀਤੀ ਸ਼ਰਮ ਓਹਦੇ ਫੁੱਟੇ ਕਰਮ'। ਕਈ ਸਾਲ ਲੱਗ ਜਾਂਦੇ ਹਨ ਇੱਕ ਚੀਜ ਨੂੰ ਬਨਾਉਣ ਲਈ, ਪਰ ਸਾਨੂੰ ਇੱਕ ਦਮ ਬਿਨਾ ਮਿਹਨਤ ਵਾਲੀ ਸਫਲਤਾ ਚਾਹੀਦੀ ਹੈ। ਕੁਝ ਵੀ ਬਨਾਉਣ ਲਈ ਸਾਲਾਂਬੱਧੀ ਮਿਹਨਤ ਕਰਨੀ ਪੈਂਦੀ ਹੈ, ਇਹ ਮੈਂ ਆਪਣੇ ਪਰਿਵਾਰ ਤੋਂ ਸਿਖਿਆਂ ਹੈ, ਪਰ ਅੱਜ ਦੀ ਤੇਜ ਤਰਾਰ ਜਿੰਦਗੀ ਐਨਾ ਸੋਚ ਵਿਚਾਰਨ ਦਾ ਸਮਾਂ ਨਹੀਂ ਦਿੰਦੀ। ਕੋਈ ਵੀ ਆਪਣੀ ਅਸਫਲਤਾ ਤੋਂ ਜਿਆਦਾ ਦੂਜੇ ਦੀ ਤਰੱਕੀ ਵੇਖ ਕੇ ਨਿਰਾਸ਼ ਹੋ ਜਾਂਦਾ ਹੈ।
Story by: Gurdeep Dhaliwal