ਜਗਤਾਰ ਸਿੰਘ, ਕੀਰਤਨ ਵਾਲੇ ਸਾਜ ਬਣਾਉਣ ਵਾਲੇ, ਅੰਮ੍ਰਿਤਸਰ

ਇਹ ਸਾਡੀ ਤੀਜੀ ਪੁਸ਼ਤ ਹੈ ਜੋ ਕੀਰਤਨ ਕਰਨ ਵਾਲੇ ਸਾਜ ਬਣਾਉਂਦੀ ਹੈ। ਮੇਰੇ ਪਿਤਾ ਜੀ ਸੁਰਜਣ ਸਿੰਘ, ਜ੍ਹਿਨਾ ਦੇ ਨਾਮ ਤੇ ਇਹ ਕੰਪਨੀ ਹੈ, ਉਹਨਾ ਨੇ ਇਹ ਕੰਮ ਸੰਨ ੧੯੪੦ ਵਿੱਚ ਸ਼ੁਰੂ ਕੀਤਾ ਸੀ। ੧੯੬੨ ਵਿੱਚ ਮੈਂ ਵੀ ਦਸਵੀਂ ਪਾਸ ਕਰਕੇ ਇਸੇ ਕੰਮ ਵਿੱਚ ਪੈ ਗਿਆ 'ਤੇ ਹੁਣ ਮੇਰਾ ਪੁੱਤਰ ਇਹ ਕੰਮ ਸੰਭਾਲ ਰਿਹਾ ਹੈ

ਇਹ ਸਾਡੀ ਤੀਜੀ ਪੁਸ਼ਤ ਹੈ ਜੋ ਕੀਰਤਨ ਕਰਨ ਵਾਲੇ ਸਾਜ ਬਣਾਉਂਦੀ ਹੈ। ਮੇਰੇ ਪਿਤਾ ਜੀ ਸੁਰਜਣ ਸਿੰਘ, ਜ੍ਹਿਨਾ ਦੇ ਨਾਮ ਤੇ ਇਹ ਕੰਪਨੀ ਹੈ, ਉਹਨਾ ਨੇ ਇਹ ਕੰਮ ਸੰਨ ੧੯੪੦ ਵਿੱਚ ਸ਼ੁਰੂ ਕੀਤਾ ਸੀ। ੧੯੬੨ ਵਿੱਚ ਮੈਂ ਵੀ ਦਸਵੀਂ ਪਾਸ ਕਰਕੇ ਇਸੇ ਕੰਮ ਵਿੱਚ ਪੈ ਗਿਆ 'ਤੇ ਹੁਣ ਮੇਰਾ ਪੁੱਤਰ ਇਹ ਕੰਮ ਸੰਭਾਲ ਰਿਹਾ ਹੈ। ਅਸੀਂ ੪੦੦੦ ਤੋਂ ੧੫੦੦੦ ਰੁਪਏ ਤੱਕ ਦੇ ਹਰਮੋਨੀਅਮ ਬਣਾਉਂਦੇ ਹਾਂ, ਸਾਡੇ ਸਾਜਾਂ ਦੀ ਜਿਆਦਾ ਵਿਕਰੀ ਪੰਜਾਬ ਤੋਂ ਬਾਹਰ ਹੈ। ਇਥੇ ਚੰਗੇ ਕੰਮ ਦੇ ਕਦਰਦਾਨ ਘੱਟ ਹਨ, ਸਭ ਨੂੰ ਸਸਤਾ ਸਾਜ ਚਾਹੀਦਾ ਹੈ, ਸਿਰਫ ਕੰਮ ਚਲਾਊ।

ਸਾਡੇ ਹਰਮੋਨੀਅਮ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਮੰਗਵਾਏ ਜਾਂਦੇ ਹਨ। ਉਹ ਆਪਣੀਆਂ ਧੀਆਂ ਨੂੰ ਦਾਜ ਵਿੱਚ ਹਰਮੋਨੀਅਮ ਦਿੰਦੇ ਹਨ। ਉਹਨਾ ਨੂੰ ਬਚਪਨ ਤੋਂ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਸ ਲਈ ਉਹ ਵਜਾਉਣਾ ਵੀ ਜਾਣਦੇ ਹਨ। ਪੰਜਾਬ ਵਿੱਚ ਜਿਆਦਾ ਮੰਗ ਗੁਰੂਦੁਆਰਿਆਂ, ਸੰਗੀਤ ਸਿਖਾਉਣ ਵਾਲੇ ਅਦਾਰਿਆਂ ਅਤੇ ਸਕੂਲਾਂ ਵਿੱਚ ਹੀ ਹੈ। ਇਥੇ ਬਾਹਰਲੇ ਦੇਸ਼ਾਂ ਤੋਂ ਉਲਟਾ ਸੁਭਾਅ ਹੈ। ਹੱਥ ਦੇ ਬਣੇ ਨਾਲੋਂ ਮਸ਼ੀਨੀ ਬਣੀਆਂ ਚੀਜਾਂ ਦੀ ਜਿਆਦਾ ਕਦਰ ਹੈ। ਸਾਡੇ ਗਰਾਹਕ ਕਹਿੰਦੇ ਹਨ 'ਤੁਸੀਂ ਕਿਹੜਾ ਇਹਨੂੰ ਬਣਾਉਣ ਵਿੱਚ ਬਿਜਲੀ ਜਾਂ ਮਹਿੰਗੇ ਪੁਰਜੇ ਵਰਤੇ ਨੇ, ਫਿਰ ਪੈਸੇ ਕਿਸ ਚੀਜ ਦੇ ਮੰਗਦੇ ਹੋ?' ਇੱਕ ਵਸਤੂ ਨੂੰ ਤਿਆਰ ਕਰਨ ਪਿੱਛੇ ਲੱਗੀ ਮਿਹਨਤ, ਕਾਬਲੀਅਤ, ਸੋਹਜ, ਸੋਚਣ ਸ਼ਕਤੀ ਅਤੇ ਸਮੇਂ ਦਾ ਇਥੇ ਮੁੱਲ ਨਹੀਂ ਹੈ।

ਟੈਲੀਵਿਜਨ ਉੱਤੇ ਕੀਰਤਨ ਦੇ ਸਿੱਧੇ ਪ੍ਰਸਾਰਣ ਕਾਰਨ ਸਾਜਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ ਪਰ ਨਵੀਂ ਪੀੜ੍ਹੀ ਇਸ ਕੰਮ ਵਿੱਚ ਨਾਂ ਆਉਣ ਕਰਕੇ ਉਤਪਾਦਨ ਘਟਿਆ ਹੈ। ਉਪਰੋਂ ਸਰਕਾਰ ਵੀ ਕੋਈ ਮੱਦਦ ਨਹੀਂ ਕਰ ਰਹੀ, ਸਭ ਵਪਾਰਾਂ ਦੀ ਤਰਾਂ ਸਾਡੇ ਵਪਾਰ ਉੱਤੇ ਵੀ ਟੈਕਸ ਲਗਾ ਦਿੱਤਾ ਹੈ। ਉਹ ਸਾਨੂੰ ਜਗ੍ਹਾ ਅਤੇ ਪੈਸੇ ਦੇ ਕੇ ਇੱਕ ਛੋਟਾ ਉਦਯੋਗ ਸ਼ੁਰੂ ਕਰਨ ਵਿੱਚ ਮਦਦ ਕਰ ਸਕਦੇ ਹਨ, ਜਿੱਥੇ ਅਸੀਂ ਨੌਜਵਾਨ ਲੋਕਾਂ ਨੂੰ ਕੰਮ ਸਿਖਾ ਸਕਦੇ ਹਾਂ ਅਤੇ ਬਦਲਦੇ ਸਮੇਂ ਮੁਤਾਬਕ ਸਾਜਾਂ ਵਿੱਚ ਨਵੀਨੀਕਰਨ ਵੀ ਕਰ ਸਕਦੇ ਹਾਂ।

ਬਿਜਲਈ ਸਾਜਾਂ ਨੇ ਸਾਡੇ ਕੰਮ ਉੱਤੇ ਬਹੁਤ ਅਸਰ ਪਾਇਆ ਹੈ। ਤੁਸੀਂ ਇੱਕ ਕੀਬੋਰਡ ਖਰੀਦ ਲਓ, ਉਸ ਵਿੱਚ ਸਭ ਸਾਜਾਂ ਦੀਆਂ ਧੁਨਾਂ ਹਨ, ਇਸ ਲਈ ਕੋਈ ਪੈਸੇ ਲਗਾਉਣੋ ਵੀ ਨਹੀਂ ਝਿਜਕਦਾ। ਅਸੀਂ ਨਾਂ ਤਾਂ ਕੰਪਨੀਆਂ ਦੀ ਤਰਾਂ ਵਿਕਰੀ ਕਰਦੇ ਹਾਂ ਅਤੇ ਨਾਂ ਹੀ ਸਾਨੂੰ ਉਸ ਤਰਾਂ ਦਾ ਮੁਨਾਫਾ ਹੁੰਦਾ ਹੈ। ਅਗਰ ਮਦਦ ਮਿਲੇ ਤਾਂ ਅਸੀਂ ਵੀ ਤਰੱਕੀ ਕਰ ਸਕਦੇ ਹਾਂ ਅਤੇ ਕੰਮ ਨੂੰ ਉੱਚਾ ਚੱਕ ਸਕਦੇ ਹਾਂ। ਫਿਲਹਾਲ ਸਾਰੀ ਮਿਹਨਤ ਮੂਲ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾਉਣ ਵਿੱਚ ਹੀ ਲੱਗ ਜਾਂਦੀ ਹੈ।

Story by: Gurdeep Dhaliwal

pa_INPanjabi

Discover more from Trolley Times

Subscribe now to keep reading and get access to the full archive.

Continue reading