ਮੇਰਾ ਪਿਓ 'ਤੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਲਈ ਮਕੈਨਿਕ ਦਾ ਕੰਮ ਕਰਦੇ ਸਨ, ਨਾਲ਼ ਅੰਮ੍ਰਿਤਸਰ ਤੋਂ ਕੜੇ ਅਤੇ ਲੱਕੜ ਦੇ ਕੰਘੇ ਲਿਆ ਕੇ ਪਟਿਆਲੇ ਵੇਚਦੇ।ਏਥੇ ਕਿਲ਼ਾ ਮੁਬਾਰਕ ਦੇ ਨੇੜੇ ਦੀਆਂ ਦੁਕਾਨਾ ਦੀ ਥਾਂ ਸ਼ਾਹੀ ਘੋੜਿਆਂ ਲਈ ਅਸਤਬਲ ਹੁੰਦੇ ਸਨ।ਰਾਜਾਸ਼ਾਹੀ ਖਤਮ ਹੋਣ ਤੋਂ ਬਾਅਦ ਹੀ ਇਹ ਦੁਕਾਨਾਂ ਹੋਂਦ 'ਚ ਆਈਆਂ।
ਤੁਸੀਂ ਜਿੰਦੇ ਠੀਕ ਕਰਨ ਅਤੇ ਚਾਕੂ ਬਨਾਉਣ ਦਾ ਕੰਮ ਕਦੋਂ ਸ਼ੁਰੂ ਕੀਤਾ?
੧੯੬੫ ਵਿੱਚ ਮੈਂ ਦਸਵੀਂ ਪਾਸ ਕੀਤੀ ਪਰ ਪਰਿਵਾਰ ਵਿੱਚ ਕਿਸੇ ਨੇ ਨੌਕਰੀ ਕਰਨ ਦੀ ਸਲਾਹ ਨਹੀਂ ਦਿੱਤੀ, ਕਿਉਂ ਕਿ ਅਸੀਂ ਸਰਕਾਰੀ ਕਰਮਚਾਰੀਆਂ ਤੋਂ ਜਿਆਦਾ ਆਪਣੇ ਕੰਮ ਵਿੱਚ ਹੀ ਕਮਾ ਲੈਂਦੇ ਸੀ।ਸਗੋਂ ਲੋਕ ਸਾਡੇ ਕੋਲ ਆਉਂਦੇ ਹੁੰਦੇ ਸਨ ਨੌਕਰੀ ਲਵਾਉਣ ਦੀ ਸਿਫਾਰਿਸ ਕਰਵਾਉਣ, ਕਿਉਂਕਿ ਸਾਡੀ ਕਿਲੇ ਦੇ ਅੰਦਰ ਜਾਣ ਪਛਾਣ ਸੀ। ਪਰ ਇਹ ਸਾਰਾ ਕੁਝ ਥੋੜੇ ਸਮੇਂ ਵਿੱਚ ਹੀ ਬਦਲ ਗਿਆ। ੧੯੭੧ ਵਿੱਚ ਮੈਂ ਚੰਡੀਗ੍ਹੜ ਔਟੋ-ਰਿਕਸ਼ਾ ਚਲਾਉਣ ਲੱਗ ਗਿਆ ਪਰ ਮੇਰੇ ਵੱਡੇ ਭਰਾ ਨੇ ਖਾਨਦਾਨੀ ਕੰਮ ਚਲਦਾ ਰੱਖਿਆ ਸੀ।
੧੯੭੨ ਵਿੱਚ ਵਾਪਸ ਆ ਕੇ ਮੈਂ ਜਿੰਦੇ ਠੀਕ ਕਰਨ ਅਤੇ ਚਾਕੂ ਬਨਾਉਣ ਦਾ ਕੰਮ ਸ਼ੁਰੂ ਕੀਤਾ ਸੀ।ਥੋੜਾ ਬਹੁਤ ਦੇਖ ਕੇ ਮੈਂ ਆਪ ਹੀ ਇਹ ਕੰਮ ਸਿੱਖਿਆ, ਦੋ-ਚਾਰ ਵਾਰ ਜਿੰਦੇ ਖੋਲ ਕੇ ਜੋੜੇ ਤਾਂ ਕੰਮ ਦਾ ਹਿਸਾਬ ਆ ਗਿਆ। ੪੦ ਸਾਲ ਹੋ ਗਏ, ਹੁਣ ਤਾਂ ਡਾਕਟਰਾਂ ਵਾਂਗੂ ਨਬਜ ਦੇਖ ਕੇ ਜਿੰਦੇ ਦਾ ਨੁਕਸ ਲੱਭ ਲੈਦਾ ਹਾਂ। ਮੇਰੇ ਵਾਸਤੇ ਸਮਾਂ ਬਹੁਤਾ ਨਹੀਂ ਬਦਲਿਆ ਹੈ।ਮੇਰਾ ਮੁੰਡਾ ੪੦ ਸਾਲ ਦਾ ਹੈ ਅਤੇ ਸ਼ਾਮ ਨੂੰ ਓਹ ਇਹੀ ਕੰਮ ਕਰਦਾ ਹੈ, ਅਸੀਂ ਅੱਜ ਵੀ ਤਿਨ ਵਕਤ ਦੀ ਰੋਟੀ ਚੰਗੀ ਖਾਂਦੇ ਹਾਂ। ਜੇ ਅਮੀਰੀ ਦੀ ਗੱਲ ਕਰੋ ਤਾ ਰੱਜੇ ਤਾਂ ਬਾਦਲ 'ਤੇ ਅਮਰਿੰਦਰ ਵੀ ਨਹੀਂ।
ਮੈਂ ਜਿੰਨਾ ਹੈ ਓਨੇ ਵਿੱਚ ਖੁਸ਼ ਹਾਂ।ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਪਰਿਵਾਰ ਵਿੱਚ ਧੀਆਂ ਜਵਾਈ, ਬੱਚੇ ਸਭ ਆਪਣੇ ਕੰਮ ਕਾਰਾਂ ਵਿੱਚ ਖੁਸ਼ ਹਨ। ਹੋਰ ਕਿਸੇ ਨੂੰ ਖੁਸ਼ ਹੋਣ ਲਈ ਕੀ ਚਾਹੀਦਾ?
Story by: Navjeet Kaur