ਵਿਜੈ ਕੁਮਾਰ, ਬਰਾਸ ਬੈਂਡ, ਅਲਾਵਲਪੁਰ (ਜਲੰਧਰ)

ਮੈਂ ਬਰਾਸ ਬੈਂਡ ਦਾ ਮਾਸਟਰ ਹਾਂ। ਅਸੀਂ ਸਿਰਫ ਬੈਂਡ ਵਾਲੇ ਸਾਜਾਂ (ਬਰਾਸ, ਤੁਰਮ, ਦੇਸ, ਡੋਲ, ਤਬੂਰ ਅਤੇ ਕਲਾਨਡ) ਉੱਤੇ ਵਿਆਹ ਸ਼ਾਦੀ ਨਾਲ਼ ਜੁੜੇ ਗਾਣੇ ਵਜਾਉਂਦੇ ਹਾਂ । ਜਿਹੜੇ ਸਟੈੱਪ ਕਰਦੇ ਹੁੰਦੇ ਆ, ਉਹ ਫੌਜੀ ਬੈਂਡ ਵਾਲੇ ਹੁੰਦੇ ਆ। ਅਸੀਂ ਤਿੰਨ ਤਰਾਂ ਦੇ ਪ੍ਰੋਗਰਾਮ ਕਰਦੇ ਹਾਂ – ਪੱਗ ਵਾਲ਼ਾ ਪੰਜਾਬੀ ਬੈਂਡ, ਭੰਗੜੇ ਵਾਲੀ ਦਿੱਖ 'ਚ ਫੋਕ ਪੰਜਾਬੀ ਬੈਂਡ ਅਤੇ ਪਹਾੜੀ ਬੈਂਡ

ਮੈਂ ਬਰਾਸ ਬੈਂਡ ਦਾ ਮਾਸਟਰ ਹਾਂ। ਅਸੀਂ ਸਿਰਫ ਬੈਂਡ ਵਾਲੇ ਸਾਜਾਂ (ਬਰਾਸ, ਤੁਰਮ, ਦੇਸ, ਡੋਲ, ਤਬੂਰ ਅਤੇ ਕਲਾਨਡ) ਉੱਤੇ ਵਿਆਹ ਸ਼ਾਦੀ ਨਾਲ਼ ਜੁੜੇ ਗਾਣੇ ਵਜਾਉਂਦੇ ਹਾਂ । ਜਿਹੜੇ ਸਟੈੱਪ ਕਰਦੇ ਹੁੰਦੇ ਆ, ਉਹ ਫੌਜੀ ਬੈਂਡ ਵਾਲੇ ਹੁੰਦੇ ਆ। ਅਸੀਂ ਤਿੰਨ ਤਰਾਂ ਦੇ ਪ੍ਰੋਗਰਾਮ ਕਰਦੇ ਹਾਂ – ਪੱਗ ਵਾਲ਼ਾ ਪੰਜਾਬੀ ਬੈਂਡ, ਭੰਗੜੇ ਵਾਲੀ ਦਿੱਖ 'ਚ ਫੋਕ ਪੰਜਾਬੀ ਬੈਂਡ ਅਤੇ ਪਹਾੜੀ ਬੈਂਡ। ਪ੍ਰੋਗਰਾਮ ਕਰਨ ਵੇਲੇ ਪੁਰਾਣੇ ਮਹੌਲ ਨਾਲ਼ ਚੱਲੀਦਾ। ਮੈਂ ਮੂਹਰੇ ਮਾਸਟਰ ਹੁੰਨਾਂ, ਪਹਿਲਾਂ ਦੇਖੀ ਦਾ ਕਿ ਗਾਣਾ ਕਿਹੜਾ ਚੱਲ ਰਿਹਾ ਮਾਰਕਿਟ 'ਚ, ਫੇਰ ਓਸ 'ਤੇ ਤਰਜ਼ ਬਣਾਈਦੀ ਆ। ਘਰੇ ਬੈਠ ਕੇ ਮੈਂ ਸਾਰਿਆਂ ਨੂੰ ਰਿਹਰਸਲ ਕਰਵਾਉਣਾ । ਪਹਿਲਾਂ ਸਾਜਾਂ ਉੱਤੇ ਵਜਾ ਕੇ ਅਤੇ ਗਾ ਕੇ ਦੇਖ਼ੀ ਦਾ ਫੇਰ ਪ੍ਰੋਗਰਾਮ 'ਚ ਚਲਾਈਦਾ।ਇੱਕ ਪ੍ਰੋਗਰਾਮ ਦਾ ਸਾਰੇ ਖਰਚੇ ਕੱਢ ਕੇ 2000-2500 ਬਣ ਜਾਂਦਾ। ਜੇ ਜਿਆਦਾ ਵਧੀਆ ਲੱਗਜੇ ਤਾਂ 4000 ਤੱਕ ਵੀ ਬਣ ਜਾਂਦੇ ਆ।

13 ਸਾਲ ਦੀ ਉਮਰ ਤੋਂ ਏਸ ਕੰਮ 'ਚ ਪਏ ਹੋਏ ਆਂ, ਦਾੜੀ ਚਿੱਟੀ ਹੋ ਗਈ, ਬੱਚੇ ਵੀ ਵਿਆਹੁਣੇ ਸ਼ੁਰੂ ਕਰਤੇ। ਹੁਣ ਮੇਰੀ ਉਮਰ 50 ਸਾਲ ਦੀ ਐ। ਪਰਿਵਾਰ ਦਾ ਸ਼ੁਰੂ ਤੋਂ ਈ ਇਹੀ ਕੰਮ ਐ। ਅਸੀਂ 8 ਭੈਣ ਭਰਾ ਸੀ, ਪੰਜ ਭੈਣਾਂ ਸੀ ਤੇ ਤਿੰਨ ਭਰਾ। ਬਾਪੂ ਨਾਲ਼ ਕੰਮ ਕਰਵਾਉਣ ਵਾਲ਼ਾ ਹੈ ਨੀ ਸੀ ਕੋਈ। ਮੈਂ ਥੋੜਾ ਜਿਹਾ ਸਿਰ ਕੱਢਿਆ ਤਾਂ ਬਾਪੂ ਨਾਲ ਫਿੱਟ ਹੋ ਗਿਆ। ਅੱਠਾਂ ਦੇ ਵਿਆਹ ਕਰਵਾ ਕੇ ਫੇਰ ਅੱਡ ਹੋਏ

। 23 ਸਾਲ ਦੀ ਉਮਰ ਮੇਰੀ ਲੁਧਿਆਣੇ ਹੋਈ। 10 ਸਾਲ ਮੈਂ ਉਥੇ ਕੰਮ ਕੀਤਾ। ਬਾਪੂ 'ਤੇ ਚਾਚਾ ਉਥੇ ਈ ਕੰਮ ਕਰਦੇ ਸੀ, ਏਹੋ ਬੈਂਡ ਦਾ ਕੰਮ ਸੀ। ਪੜ੍ਹਾਈ ਵਿੱਚ ਕੋਈ ਖਾਸ ਗੱਲ ਨੀ ਬਣੀਂ। ਪੜਨ ਨੂੰ ਮਨ ਤਾਂ ਬਥੇਰਾ ਕਰਦਾ ਸੀ ਪਰ ਮੁਸੀਬਤ ਈ ਏਦਾਂ ਦੀ ਸੀ। ਮੇਰੇ ਬੱਚੇ ਨੀ ਪਛਾਣਦੇ ਏਸ ਕੰਮ ਨੂੰ। ਜੇ ਮੈ ਕਿਤੇ ਨਾਲ਼ ਲੈਜਾਂ ਤਾਂ ਕਹਿਣਗੇ, 'ਆ ਕੀ ਵਰਦੀਆਂ ਜਿਹੀਆਂ ਪਵਾ ਕੇ ਸਾਨੂੰ ਤੋਰੀ ਫਿਰਦਾਂ ਤੂੰ।' ਮੈਨੂੰ ਆਂਏ ਹੁੰਦਾ ਬਈ ਜਿਹੜੇ ਕੰਮ 'ਚ ਇਹਨਾਂ ਦੇ ਪਿਓ ਦਾਦਿਆਂ ਨੇ ਸਾਰੀ ਉਮਰ ਲਾਤੀ, ਇਹਨਾਂ ਨੂੰ ਪਤਾ ਤਾਂ ਹੋਵੇ ਕਿ ਹੁੰਦਾ ਕੀ ਆ ਓਸ ਕੰਮ 'ਚ। ਹੁਣ ਫੈਕਟਰੀਆਂ 'ਚ ਲੱਗੇ ਹੋਏ ਆ। ਉਸ ਨਾਲੋਂ ਵੱਧ ਤਾਂ ਬੈਂਡ ਵਾਲੇ ਕੰਮ 'ਚ ਬਣ ਜਾਂਦੇ ਆ। ਏਸੇ ਕਰਕੇ ਐਥੇ ਬੈਠੇ ਆਂ, ਬੱਚੇ ਪੜ੍ਹਾਤੇ, ਗੁੱਡੀ ਵਿਆਹਤੀ, ਘਰ ਬਾਰ ਵਧੀਆ ਚੱਲੀ ਜਾਂਦਾ।

ਬੈਂਡ 'ਚ ਅਸੀਂ ਪੰਜ ਜਾਣੇ ਆਂ, ਬਾਕੀ ਨਾਲ਼ ਕੰਮ ਕਰਨ ਵਾਲੇ ਬਾਹਰੋਂ ਈ ਆਉਂਦੇ ਆ। ਕੋਈ ਜਲੰਧਰੋਂ ਆ ਗਿਆ; ਕਪੂਰਥਲਿਓਂ, ਹੁਸ਼ਿਆਰਪੁਰੋਂ ਵੀ ਆ ਜਾਂਦੇ ਆ। ਬਾਕੀ ਮੁਹੱਲਾ ਸਾਰਾ ਆਪਣਾ ਇਹੀ ਕੰਮ ਕਰਦਾ।ਜੇ ਲੋੜ ਪਵੇ ਇਹਨਾਂ ਨੂੰ ਨਾਲ਼ ਲੈ ਜਾਈਦੈ। ਸੀਜ਼ਨ ਆਪਣਾ ਸਾਲ ਦੇ 11ਵੇਂ – 12ਵੇਂ ਮਹੀਨੇ 'ਚ ਸ਼ੁਰੂ ਹੋ ਕੇ ਅਪ੍ਰੈਲ ਤੱਕ ਚੱਲਦਾ ਰਹਿੰਦਾ। ਜੁਲਾਈ-ਅਗਸਤ ਵਾਲੇ ਤਿੰਨ ਚਾਰ ਮਹੀਨੇ ਪੂਰੇ ਵਿਹਲੇ ਰਹੀਦਾ। ਓਦੋਂ ਆ ਬਾਂਸ ਤੇ ਟੋਕਰੀਆਂ ਵਾਲਾ ਕੰਮ ਕਰ ਲਈਦਾ, ਇੱਕ ਕੰਮ ਨਾਲ ਕਿੱਥੇ ਸਰਦਾ ਅੱਜ ਕੱਲ

ਬਾਪੂ ਮੇਰਾ ਬਿਜਲੀ ਬੋਰਡ 'ਚ ਅਫਸਰ ਲੱਗਦਾ ਸੀ ਆਵਦੇ ਸਮਿਆਂ 'ਚ, ਪਰ ਸਾਡੇ ਬੁੜਿਆਂ ਨੇ ਲੱਗਣ ਨਹੀਂ ਦਿੱਤਾ। ਕਹਿੰਦੇ ਇੱਕ ਦੀ ਥਾਂ ਅੱਧੀ ਖਾਲਾਂਗੇ ਪਰ ਤੂੰ ਬਾਹਰ ਨਹੀਂ ਜਾਣਾ, ਤੂੰ ਵੀ ਉਵੇਂ ਈ ਕੱਟ ਜਿਵੇਂ ਅਸੀਂ ਕੱਟੀ ਆ। ਪਰ ਬਾਪੂ ਮੇਰਾ ਅੱਜ ਵੀ ਆਪਣੀ ਆਪ ਕਮਾ ਕੇ ਖਾਂਦਾ, ਸਾਨੂੰ ਕੋਈ ਟੈਨਸ਼ਨ ਨੀ। ਪਰ ਇਹ ਕੰਮ ਹੁਣ ਥੋੜੇ ਟਾਈਮ ਦਾ ਈ ਆ, ਡੀ ਜੇ ਵਗੈਰਾ ਚੱਲ ਪਏ। ਬਹੁਤੇ ਮੁੰਡੇ- ਕੁੜੀਆਂ ਤਾਂ ਕੋਰਟ ਮੈਰਿਜ਼ ਕਰਵਾ ਲੈਂਦੇ ਆ, ਹੁਣ ਓਥੇ ਕਿੱਥੇ ਬੈਂਡ ਲੈਜੀਏ। ਸਮਾਂ ਬਦਲ ਗਿਆ ਹੁਣ। ਸਾਡੀ ਪੀੜੀ ਮਾਂ-ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਸੀ। ਅੱਜ ਕੱਲ ਤਾਂ ਹਰ ਕਿਸੇ ਨੂੰ ਆਪਣੋ ਆਪਣੀ ਪਈ ਆ।

Interview and Photos: Gurdeep Dhaliwal

Text: Jasdeep Singh

Edits: Sangeet Toor

pa_INPunjabi