ਰਾਮ ਸਿੰਘ, ਚਮੜਾ ਰੰਗਣ ਵਾਲ਼ਾ, ਮਲੇਰਕੋਟਲ਼ਾ

ਸਾਡਾ ਅਸਲ ਪਿੰਡ ਤਾਂ ਮਹਿਤਪੁਰ ਹੈ, ਨਕੋਦਰ ਕੋਲ਼। ੫੦ ਤੋਂ ਉੱਪਰ ਉਮਰ ਹੋ ਗਈ ਮੇਰੀ। ਚੌਥੀ ਤਕ ਪੜ੍ਹਾਈ ਕੀਤੀ ਮੈਂ। ਪੜ੍ਹ ਤਾਂ ਮੈਂ ਹੋਰ ਵੀ ਲੈਂਦਾ, ਪਰ ਭਰਾ ਸਕੂਲੋਂ ਹਟਾ ਕੇ ਕਲਕੱਤੇ ਲੈ ਗਏ; ਡੈਡੀ ਮੇਰੇ ੨੦ ਸਾਲਾਂ ਤੋਂ ਓਥੇ ਕੰਮ ਕਰਦੇ ਸੀ। ਮੈਂ ਓਥੇ ਦਸ ਸਾਲ਼ ਕੰਮ ਕੀਤਾ। ਜਦੋਂ ਪਿਤਾ ਜੀ ਗੁਜ਼ਰ ਗਏ, ਤਾਂ ਏਧਰ ਮਲੇਰਕੋਟਲ਼ੇ ਆ ਗਏ

ਧੰਨ ਚਮਿਆਰ ਜਿਸਨੇ ਚਮੜਾ ਉਸ ਕੇ ਰੰਗ ਮੇਂ ਰਾਤਾ| - ਅਮਰਜੀਤ ਚੰਦਨ

ਸਾਡਾ ਅਸਲ ਪਿੰਡ ਤਾਂ ਮਹਿਤਪੁਰ ਹੈ, ਨਕੋਦਰ ਕੋਲ਼। ੫੦ ਤੋਂ ਉੱਪਰ ਉਮਰ ਹੋ ਗਈ ਮੇਰੀ। ਚੌਥੀ ਤਕ ਪੜ੍ਹਾਈ ਕੀਤੀ ਮੈਂ। ਪੜ੍ਹ ਤਾਂ ਮੈਂ ਹੋਰ ਵੀ ਲੈਂਦਾ, ਪਰ ਭਰਾ ਸਕੂਲੋਂ ਹਟਾ ਕੇ ਕਲਕੱਤੇ ਲੈ ਗਏ; ਡੈਡੀ ਮੇਰੇ ੨੦ ਸਾਲਾਂ ਤੋਂ ਓਥੇ ਕੰਮ ਕਰਦੇ ਸੀ। ਮੈਂ ਓਥੇ ਦਸ ਸਾਲ਼ ਕੰਮ ਕੀਤਾ। ਜਦੋਂ ਪਿਤਾ ਜੀ ਗੁਜ਼ਰ ਗਏ, ਤਾਂ ਏਧਰ ਮਲੇਰਕੋਟਲ਼ੇ ਆ ਗਏ। ਪਹਿਲਾਂ ਅਸੀਂ ਆਪਣਾ ਕੰਮ ਕਰਦੇ ਸੀ, ਘਾਟਾ ਖਾ ਕੇ ਉਹ ਬੰਦ ਕਰਨਾ ਪਿਆ। ਇਹ ਕੰਮ ਫ਼ਾਇਦੇ ਵਾਲ਼ਾ, ਪਰ ਨੁਕਸਾਨ ਵੀ ਬਹੁਤ ਹੈ। ਮਾਰਕਿਟ ਡਾਊਨ ਪੈ ਜਾਏ ਤੇ ਮਾਲ ਆਪਾਂ ਤੇਜ ਲਿਆ ਹੋਵੇ ਤੇ ਉਤੋਂ ਉਹ ਵਿਕੇ ਨਾ, ਫੇਰ ਔਖਾ ਹੋ ਜਾਂਦਾ। ਬਚਣ ਨੂੰ ਤਾਂ ਮਹੀਨੇ ਦਾ ੨੦-੨੫ ਹਜ਼ਾਰ ਬਚ ਜਾਂਦਾ, ਪਰ ਜੇ ਘਟਣ ਲੱਗ ਜਾਏ ੫੦ ਹਜ਼ਾਰ ਤਕ ਵੀ ਘੱਟ ਜਾਂਦਾ।

ਮਲੇਰਕੋਟਲ਼ੇ 'ਚ ੫੦ ਕਾਰਖਾਨੇ ਸੀ ਏਸ ਕੰਮ ਦੇ, ਹੁਣ ਸਿਰਫ਼ ਸੱਤ ਰਹਿ ਗਏ ਨੇ। ਇਹ ਕੰਮ ੪-੫ ਲੱਖ ਤੋਂ ਘੱਟ ਨਹੀਂ ਚਲਦਾ। ਹੁਣ ਕਿਸੇ ਦੇ ਨਾਲ਼ ਕੰਮ ਕਰਦੇ ਹਾਂ। ੩੦੦ ਰੁਪਈਏ ਦਿਹਾੜੀ ਹੈ, ਘੱਟ ਆ, ਪਰ ਕੋਈ ਸਿਰ ਤੇ ਨਹੀਂ ਬੈਠਾ। ਆਪਣੇ ਕੰਮ ਵਰਗਾ ਹੀ ਹੈ, ਘੱਟ ਕਰ ਲਈਏ ਚਾਹੇ ਵੱਧ ਕਰ ਲਈਏ।

ਚਮੜਾ ਖਰੀਦ ਕੇ ਅਸੀਂ ਉਹਦੇ ਤੇ ਲੂਣ ਮਲ਼ ਕੇ ਰੱਖ ਦਿੰਦੇ ਹਾਂ। ਰੰਬੀ ਨਾਲ਼ ਵਾਲ ਵਗੈਰਾ ਲਾਹ ਕੇ ਉਹਨੂੰ ਸਾਫ ਕਰੀਦਾ। ਫਿਰ ਚਮੜੇ ਨੂੰ ਚੂਨੇ ਵਾਲ਼ੇ ਡੱਗ 'ਚ ਪਾ ਦਿੰਨੇ ਆਂ, ਇਹ ਚਮੜੇ ਨੂੰ ਚਿੱਟਾ ਕਰ ਦਿੰਦਾ ਹੈ, ਚੂਨੇ ਵਿਚ ਸੋਡੀਅਮ ਵੀ ਪਾਉਣਾ ਹੁੰਦਾ ਹੈ। ਧੋਣ ਨੂੰ ਛੇ ਦਿਨ ਲੱਗ ਜਾਂਦੇ ਨੇ। ਹਰ ਰੋਜ਼ ਚਮੜੇ ਨੂੰ ਚੂਨੇ 'ਚੋਂ ਕੱਢ ਕੇ, ਧੋ ਕੇ ਵਾਪਿਸ ਪਾਉਣਾ ਪੈਂਦਾ ਹੈ। ਜਦੋਂ ਚਮੜਾ ਚਿੱਟਾ ਹੋ ਜਾਂਦਾ, ਤਾਂ ਕੱਟੇ ਹੋਏ ਪੀਸ ਨੂੰ ਸਿਓਂ ਕੇ ਰੰਗ ਵਾਲ਼ੇ ਡੱਗ ਚ ਸਿੱਟ ਦੇਈਦਾ। ਰੰਗ ਅੱਡ ਤਿਆਰ ਕਰਦੇ ਹਾਂ। ਰੰਗ ਦੇਸੀ ਕਿੱਕਰ ਦੇ ਸੱਕ ਦੇ ਚੂਰੇ ਨੂੰ ਪਾਣੀ 'ਚ ਰਲ਼ਾਕੇ ਬਣਦੈ। ਰੰਗ ਵਾਲ਼ੇ ਡੱਗ 'ਚੋਂ ਕੱਢ ਕੇ ਚਮੜੇ ਨੂੰ ਟੰਗ ਦੇਈਦਾ, ਫੇਰ ਅਸੀਂ ਉਸ ਉੱਪਰ ਰੰਗ ਵਾਲ਼ਾ ਪਾਣੀ ਪਾਉਂਦੇ ਰਹੀਦਾ। ੧੨-੧੫ ਦਿਨ ਰੰਗ ਚਾੜ੍ਹਨ ਤੇ ਲੱਗ ਜਾਂਦੇ ਆ। ੨੧ ਦਿਨਾਂ 'ਚ ਮਾਲ ਤਿਆਰ ਹੁੰਦਾ।

ਉਹ ਪਾਣੀ ਮੱਝ ਦੇ ਚਮੜੇ ਦੇ ਰੋਮਾਂ 'ਚ ਰਚਕੇ ਥੱਲੇ ਇਕੱਠਾ ਹੁੰਦਾ ਰਹਿੰਦਾ। ਜੇ ਕਾਲ਼ੀ ਖਾਂਸੀ ਹੋਵੇ, ਤਾਂ ਇਹ ਪਾਣੀ ਪੀ ਕੇ ਅਰਾਮ ਆ ਜਾਂਦਾ। ਸਾਡੇ ਕੋਲ਼ੋਂ ਬਹੁਤ ਲੋਕੀਂ ਲੈ ਕੇ ਜਾਂਦੇ ਆ ਬੋਤਲਾਂ 'ਚ ਪਵਾਕੇ। ਪੰਜ-ਦਸ ਰੋਜ ਦੇ ਆਉਂਦੇ ਆ। ਹੁਣ ਪ੍ਰਦੂਸ਼ਣ ਵਾਲ਼ੇ ਬਿਨਾਂ ਕਿਸੇ ਕਾਰਨ ਦੇ ਸਾਡੇ ਪਿੱਛੇ ਪਏ ਹੋਏ ਆ, ਅਸੀਂ ਕਿਹਾ ਇਸ ਪਾਣੀ ਚ ਕਮੀ ਹੈ ਕੋਈ ਤਾਂ ਦੱਸੋ, ਉਹ ਉਨ੍ਹਾਂ ਤੋਂ ਦੱਸ ਨ੍ਹੀਂ ਹੁੰਦੀ|

ਨਾਲ਼ੇ ਟੈਕਸ ਵੀ ਪਾਉਣਾ ਸ਼ੁਰੂ ਕਰ ਦਿੱਤਾ। ਜਿੰਨਾ ਫ਼ੈਕਟਰੀਆਂ 'ਤੇ ਆ, ਓਨਾਂ ਈ ਸਾਡੇ ਤੇ ਆ, ਅਸੀਂ ਕਿਹੜਾ ਮਸ਼ੀਨਾਂ ਨਾਲ਼ ਕੰਮ ਕਰਨਾ, ਸਾਰਾ ਹੱਥੀਂ ਕਰੀਦਾ। ਸਵੇਰੇ ਪੰਜ ਵਜੇ ਦੇ ਲੱਗੇ ਹੋਏ ਆਂ, ਬਹਿ ਕੇ ਨ੍ਹੀਂ ਦੇਖਿਆ। ਦਿਨ ਦੇ ੮ ਪੀਸ ਪਾਉਣੇ ਹੁੰਦੇ ਨੇ, ਫੇਰ ਛੁੱਟੀ। ਸਿਆਲ਼ 'ਚ ਮਾਲ ਤਿਆਰ ਹੋਣ ਨੂੰ ਵੱਧ ਸਮਾਂ ਲੱਗਦਾ। ਸਿਆਲ਼ ਨੂੰ ਪਾਣੀ ਠੰਢਾ ਹੋਣ ਨਾਲ਼ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਤੇ ਪਾਣੀ ਸੁੱਕਣ ਨੂੰ ਵੀ ਟਾਈਮ ਜ਼ਿਆਦਾ ਲੈਂਦਾ। ਸਾਰਾ ਸਰੀਰ ਸੁੰਨ ਹੋ ਜਾਂਦਾ। ਅਸੀਂ ਕਿਹੜਾ ਕੱਪੜੇ ਪਾ ਸਕਦੇ ਹਾਂ। ਹੱਥ ਪੈਰ ਗੰਧਕ ਦੇ ਤੇਜਾਬ ਨਾਲ਼ ਧੋਣੇ ਪੈਂਦੇ ਨੇ ਤਾਂ ਜਾ ਕੇ ਮੁਸ਼ਕ ਜਾਂਦਾ । ਥੋੜਾ ਜਿਹਾ ਇਕ ਲੀਟਰ ਪਾਣੀ ਵਿਚ ਪਾ ਕੇ ਸਾਫ਼ ਕਰੀ ਦੇ ਨੇ। ਪੂਰੇ ਸਾਫ਼ ਤਾਂ ਨਹੀਂ ਹੁੰਦੇ, ਪਰ ਗੰਦ-ਮੰਦ ਲਹਿ ਜਾਂਦਾ, ਮੁਸ਼ਕ ਚਲੀ ਜਾਂਦੀ ਆ। ਨਹੁੰ ਕਾਲ਼ੇ ਹੋ ਜਾਂਦੇ ਆ। ਇਹ ਤਾਂ ਜੇ ੧੫ ਦਿਨ ਕੰਮ ਨਾ ਕਰੀਏ, ਤਾਂ ਚਿੱਟੇ ਹੁੰਦੇ ਆ। ਅਸੀਂ ਪਰ ਐਨੀ ਲੰਮੀ ਛੁੱਟੀ ਕਦੇ ਲਈ ਨ੍ਹੀਂ।

ਮੰਨਦੇ ਅਸੀਂ ਸਾਰਿਆਂ ਨੂੰ ਹਾਂ ਪਰ ਰਵੀਦਾਸ ਮਹਾਰਾਜ ਮੇਨ ਆ। ਇਹ ਰੰਬੀ ਰਵੀਦਾਸ ਮਹਾਰਾਜ ਨੇ ਵੀ ਚਲਾਈ ਸੀ। ਇਹ ਕੰਮ ਵੀ ਓਹਨਾਂ ਦੇ ਹੀ ਚਲਾਏ ਹੋਏ ਆ। ਸਾਡੀਆਂ ਤਿੰਨ-ਚਾਰ ਪੀੜ੍ਹੀਆਂ ਇਹੀ ਕੰਮ ਕਰਦੀਆਂ ਆ ਰਹੀਆਂ ਪਰ ਅਸੀਂ ਆਖਰੀ ਆਂ, ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ।

Interview: Satdeep Gill

Photographs: Gurdeep Dhaliwal

Writing: Jasdeep Singh

Edits: Sangeet Toor

pa_INPunjabi