ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਕ ਅਰੁ ਤੀਰ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥
-ਸ਼ਸਤ੍ਰ ਨਾਮ ਮਾਲਾ,ਪਾ:੧੦
ਸ਼ਸਤਰ ਪੀਰ ਹੈ, ਇਹ ਤਾਂ ਪੰਜਾਬੀਆਂ ਨੂੰ ਸ਼ਾਇਦ ਯਾਦ ਹੋਵੇ, ਪਰ ਇਨ੍ਹਾਂ ਨੂੰ ਬਣਾਉਣ ਵਾਲੇ ਕਿਰਤੀਆਂ ਨੂੰ ਲੋਕ ਘੱਟ ਹੀ ਜਾਣਦੇ ਹਨ
। ਸਿੱਖ ਪੰਥ ਦੀ ਦਮਦਮੀ ਟਕਸਾਲ ਦੇ ਕਈ ਜਥੇਦਾਰਾਂ ਦਾ ਮੁੱਢ ਸਾਡਾ ਪਿੰਡ ਹੋਣ ਕਰਕੇ ਅਸੀਂ ਕਈ ਪੀੜ੍ਹੀਆਂ ਤੋਂ ਸ਼ਸਤਰਾਂ ਦੀ ਦਸਤਕਾਰੀ ਦਾ ਕੰਮ ਕਰ ਰਹੇ ਹਾਂ, ਹੁਣ ਸਾਡੀ ਚੌਥੀ ਪੀੜ੍ਹੀ ਵੀ ਇਸ ਕਾਰਜ ਵਿਚ ਲੱਗੀ ਹੋਈ ਹੈ। ਮਿਸਤਰੀ ਸਿੰਘ ਹੋਣ ਕਰਕੇ ਬਜ਼ੁਰਗ ਤਾਂ ਗੱਡੇ ਤੋਂ ਲੈ ਕੇ ਰਫਲਾਂ ਤਕ ਬਣਾ ਲੈਂਦੇ ਸਨ ਤੇ ਹੋਰ ਵੀ ਮਿਸਤਰੀਪੁਣਾ ਦੇ ਕੰਮ ਨਾਲ ਨਾਲ ਕਰਦੇ ਰਹੇ। ਅਸੀਂ ਵੀ ਇਹ ਸਿੱਖਿਆ ਤੇ ਕਰਦੇ ਰਹੇ ਹਾਂ। ਸਾਡਾ ਬਜ਼ੁਰਗ ਸੁਭਾਸ਼ ਚੰਦਰ ਬੋਸ ਦੀ ਅਜ਼ਾਦ ਹਿੰਦ ਫ਼ੌਜ ਦਾ ਹਿੱਸਾ ਹੋਣ ਦੇ ਬਾਵਜੂਦ ਇਹ ਕਿਰਤ ਕਰਦਾ ਰਿਹਾ
ਫਿਲਹਾਲ ਅਸੀਂ ਇਕ ਇੰਚ ਤੋਂ ਤਿੰਨ ਫੁੱਟ ਤਕ ਦੇ ਟਕਸਾਲੀ ਸ਼੍ਰੀ ਸਾਹਿਬ, ਬਰਸ਼ੇ, ਕਟਾਰਾ, ਖੰਡੇ, ਚੱਕਰ ਜਾਂ ਕਹਿ ਲਵੋ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹਰ ਸ਼ਸਤਰ ਮੰਗ ਅਨੁਸਾਰ ਬਣਾਉਂਦੇ ਆਏ ਹਾਂ। ਸਾਡੇ ਬਜ਼ੁਰਗਾਂ ਨੇ ਪੰਥਕ ਸ਼ਸਤਰ ਬਣਾਉਣ ਦੇ ਨਾਲ ਨਾਲ ਜੀਵਨ ਵੀ ਪੰਥਕ ਰਹਿਤ ਮਰਿਆਦਾ ਅਨੁਸਾਰ ਜੀਵਿਆ।
ਆਸ ਪਾਸ ਦੇ ਲੋਕਾਂ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਲੈ ਕੇ ਬਾਹਰਲੇ ਮੁਲਕਾਂ ਤਕ ਸਾਡੇ ਸ਼ਸਤਰਾਂ ਦੀ ਮੰਗ ਹੈ, ਪਰ ਹੁਣ ਕੰਮ ਪਹਿਲਾਂ ਜਿੰਨਾ ਨਹੀਂ ਰਿਹਾ। ਹੁਣ ਤਾਂ ਪਿੰਡ ਵਿਚ ਕਈ ਹੋਰ ਜਾਤਾਂ ਦੇ ਲੋਕ ਵੀ ਇਹ ਕਿੱਤਾ ਕਰਨ ਲੱਗੇ ਹਨ, ਪਰ ਉਹ ਹੱਥੀ ਚੀਜ਼ਾਂ ਤਿਆਰ ਕਰਨ ਦੀ ਬਜਾਏ ਬਹੁਤਾ ਸਾਮਾਨ ਬਣਿਆ ਬਣਾਇਆ ਵਰਤਣ ਲੱਗੇ ਨੇ। ਅੱਜਕੱਲ੍ਹ ਤਾਂ ਚੀਨ ਤੋਂ ਵੀ ਮਸ਼ੀਨੀ ਸ਼ਸਤਰ ਆਉਣ ਲੱਗੇ ਨੇ ਜੋ ਬਾਜ਼ਾਰਾਂ ’ਚ ਆਮ ਮਿਲ ਜਾਂਦੇ ਨੇ। ਉਹ ਸਾਡੇ ਵਾਂਗ ਸਰਬ-ਲੋਹ, ਚੰਗੀ ਟਾਹਲੀ ਦੀ ਲੱਕੜ ਤੇ ਹੋਰ ਪੁਰਾਤਨ ਸਾਮਾਨ ਨਹੀਂ ਵਰਤਦੇ, ਪਰ ਅਸੀਂ ਲੋਹੇ ਨੂੰ ਢਾਲਣ ਤੋਂ ਲੈ ਕੇ ਮੀਨਾਕਾਰੀ ਦਾ ਸਾਰਾ ਕੰਮ ਹੱਥੀਂ ਕਰਦੇ ਆਏ ਹਾਂ। ਇਸੇ ਕਰਕੇ ਪਾਰਖੂ ਲੋਕ ਭਿੰਡਰਾਂ ਦੇ ਸ਼ਸਤਰ ਦੀ ਪਛਾਣ ਸਹਿਜੇ ਹੀ ਕਰ ਲੈਂਦੇ ਹਨ।
ਇਹ ਸਾਰਾ ਕੰਮ ਕਈ ਹਿੱਸਿਆਂ ਵਿਚ ਹੁੰਦਾ ਹੈ ਜਿਵੇਂ ਪਹਿਲਾਂ ਲੋਹੇ ਨੂੰ ਸ਼ਸਤਰ ਦੇ ਆਕਾਰ ਅਨੁਸਾਰ ਢਾਲਣਾ, ਫਿਰ ਲੱਕੜ ਦਾ ਕੰਮ ਜੋ ਮਿਆਨ ਤਿਆਰ ਕਰਨ ਲਈ ਹੁੰਦੈ ਤੇ ਬਾਅਦ ਵਿਚ ਮੀਨਾਕਾਰੀ ਦਾ ਕੰਮ ਜੋ ਸਭ ਤੋਂ ਬਾਰੀਕੀ ਦਾ ਹੁੰਦੈ। ਇਸ ’ਤੇ ਕਈ ਦਿਨ ਤਕ ਦਾ ਸਮਾਂ ਲੱਗ ਜਾਂਦੈ, ਬਾਰੀਕੀ ਵਿਚ ਹੋਣ ਕਰਕੇ ਛੋਟੇ ਸ਼ਸਤਰਾਂ ’ਤੇ ਵੱਡਿਆਂ ਨਾਲੋਂ ਮਿਹਨਤ ਵੀ ਵੱਧ ਲੱਗਦੀ ਹੈ।
ਭਵਿੱਖ ਤਾਂ ਸਾਡਾ ਗਰਦਿਸ਼ ’ਚ ਹੈ, ਜ਼ਿਆਦਾ ਉਜਵਲ ਨਹੀਂ ਜਾਪਦਾ ਕਿਉਂਕਿ ਪਹਿਲਾਂ ਹਰ ਰੋਜ਼ ਇਕ ਦੋ ਗਾਹਕ ਕੋਈ ਆਰਡਰ ਦੇਣ ਜਾਂ ਲੈਣ ਆ ਜਾਂਦਾ ਸੀ, ਪਰ ਹੁਣ ਹਫ਼ਤੇ ਵਿਚ ਇਕ-ਅੱਧ। ਹੱਥਾਂ ਦੀ ਕਿਰਤ ਦੀ ਕਦਰ ਘਟੀ ਹੈ, ਵਿਕਰੀ ਘਟਣ ਕਰਕੇ ਕਮਾਈ ਵੀ ਹੁਣ ਜ਼ਿਆਦਾ ਨਹੀਂ ਹੁੰਦੀ। ਇਸ ਲਈ ਬੱਚੇ ਵੀ ਹੁਣ ਇਹ ਕੰਮ ਕਰਨ ਲਈ ਤਿਆਰ ਨਹੀਂ। ਮੇਰਾ ਮੁੰਡਾ ਬਾਰ੍ਹਵੀਂ ਤੋਂ ਬਾਅਦ ਆਈ.ਟੀ.ਆਈ. ਕਰਕੇ ਕਾਰਾਂ ਦੀ ਵਰਕਸ਼ਾਪ ’ਤੇ ਕੰਮ ਕਰਦੈ, ਬਾਕੀ ਇਹ ਵੀ ਬਾਹਰ ਜਾਣਾ ਚਾਹੁੰਦੈ। ਪੁਰਾਤਨ ਕਿੱਤਾ ਇਨ੍ਹਾਂ ਸਿੱਖਿਆ ਤਾਂ ਹੈ, ਪਰ ਇਹ ਇਸ ਕੰਮ ’ਚ ਪੈਣਾ ਨਹੀਂ ਚਾਹੁੰਦੇ।
Damdami Taksal: A Sikh Seminary, teaching the reading (santhyia), analysis (vichar) and recitation of the Sikh scriptures, with a separate code of conduct than mainstream Sikhism.
Akal Takht: primary seat of Sikh religious authority and central altar for the Sikh political assembly
Story by: Harinder Firaaq
Translation: Jasdeep Singh
Edits: Sangeet Toor