ਬਲਬੀਰ ਕੌਰ, ਦਰੀ ਬੂਨਣ ਵਾਲੀ, ਅਰਨੌਲੀ

ਮੇਰਾ ਨਾਂ ਬਲਬੀਰ ਕੌਰ ਆ। ਮੇਰੀ ਭੂਆ ਨੇ ਮੈਨੂੰ ਦਰੀਆਂ ਬੁਣਨ ਦਾ ਕੰਮ ਸਿਖਾਇਆ ਤੀ। ਉਦੋਂ ਤੋਂ ਇਸ ਨਾਲ ਈ ਜੁੜੀ ਹੋਈ ਆਂ। ਕਢਾਈ ਵੀ ਕਰ ਲੈਨੀ ਆਂ ਅਤੇ ਸਵੈਟਰ ਤੇ ਦਰੀਆਂ ਵੀ ਬੁਣ ਲੈਨੀ ਆਂ। ਮੈਂ ਹੋਰ ਵੀ ਬਥੇਰੇ ਕੰਮ ਕੀਤੇ ਜਿਵੇਂ ਨਰਮਾ ਤੇ ਮਿਰਚਾਂ ਚੁਗੀਆਂ, ਰਾਤਾਂ ਨੂੰ ਕੱਤਿਆ ਵੀ ਖੇਸੀਆਂ ਵਾਲਾ ਕੰਮ ਵੀ ਸਿੱਖਿਆ

ਮੇਰਾ ਨਾਂ ਬਲਬੀਰ ਕੌਰ ਆ। ਮੇਰੀ ਭੂਆ ਨੇ ਮੈਨੂੰ ਦਰੀਆਂ ਬੁਣਨ ਦਾ ਕੰਮ ਸਿਖਾਇਆ ਤੀ। ਉਦੋਂ ਤੋਂ ਇਸ ਨਾਲ ਈ ਜੁੜੀ ਹੋਈ ਆਂ। ਕਢਾਈ ਵੀ ਕਰ ਲੈਨੀ ਆਂ ਅਤੇ ਸਵੈਟਰ ਤੇ ਦਰੀਆਂ ਵੀ ਬੁਣ ਲੈਨੀ ਆਂ। ਮੈਂ ਹੋਰ ਵੀ ਬਥੇਰੇ ਕੰਮ ਕੀਤੇ ਜਿਵੇਂ ਨਰਮਾ ਤੇ ਮਿਰਚਾਂ ਚੁਗੀਆਂ, ਰਾਤਾਂ ਨੂੰ ਕੱਤਿਆ ਵੀ। ਖੇਸੀਆਂ ਵਾਲਾ ਕੰਮ ਵੀ ਸਿੱਖਿਆ, ਪਰ ਇਹ ਸਾਰੇ ਕੰਮ ਕਰਨੇ ਬਹੁਤ ਔਖੇ ਆ।

ਇਸ ਲਈ ਹੁਣ ਕਢਾਈ ਦਾ ਤੇ ਦਰੀਆਂ ਦੇ ਨਮੂਨੇ ਪਾਉਣ ਦਾ ਕੰਮ ਕਰ ਲਈਦਾ। ਇਸ ਲਈ ਦਿਮਾਗ਼ 'ਤੇ ਜ਼ਿਆਦਾ ਜ਼ੋਰ ਪਾਉਣਾ ਪਵੇ। ਇਹ ਦੱਸੇ 'ਤੇ ਨ੍ਹੀਂ ਆਉਂਦਾ। ਇਸਦੀ ਬੁਣਾਈ ਦੇ ਛੇ ਸੌ ਰੁਪਏ ਮਿਲਦੇ। ਇਹ ਡਿਜ਼ਾਇਨ ਮੁਤਾਬਿਕ ਮਹੀਨੇ ਵਿਚ ਜਾਂ ਫਿਰ ਦਸ ਦਿਨਾਂ ਵਿਚ ਵੀ ਪੂਰੀ ਹੋ ਜਾਂਦੀ ਐ। ਦੋ ਜਣੀਆਂ ਇਕੱਠੀਆਂ ਲੱਗ ਜਾਈਏ ਤਾਂ ਕੰਮ ਹੋਰ ਵੀ ਛੇਤੀ ਹੋ ਜਹਾ। ਇੰਨੇ ਘੱਟ ਪੈਸਿਆਂ ਨਾਲ ਖ਼ਰਚਾ ਪੂਰਾ ਨ੍ਹੀਂ ਪੈਂਦਾ। ਇਸ ਲਈ ਮੈਨੂੰ ਹੋਰ ਕੰਮ ਵੀ ਕਰਨਾ ਪੈਂਦਾ। ਮਤਲਬ ਰੋਟੀ ਖਾਣ ਲਈ ਕਈ ਪਾਪੜ ਵੇਲਣੇ ਪੈਂਦੇ ਨੇ

ਮੈਂ ਆਂਗਣਵਾੜੀ ਵਿਚ ਬੱਚਿਆਂ ਦਾ ਖਾਣਾ ਬਣਾਉਣ ਦਾ ਕੰਮ ਵੀ ਕਰਦੀ ਆਂ। ਮਹੀਨੇ ਦਾ 500 ਰੁਪਏ ਮਿਲਦੈ, ਪਰ ਉਹ ਪੈਸੇ ਕਦੇ ਸਾਲ ਬਾਅਦ ਤੇ ਕਦੇ ਡੇਢ ਸਾਲ ਬਾਅਦ ਮਿਲਦੇ ਨੇ। ਮੈਂ ਇਹ ਕੰਮ ਹਫ਼ਤੇ 'ਚ ਤਿੰਨ ਦਿਨ ਕਰਨਾ ਹੁੰਦੈ, ਬਾਕੀ ਤਿੰਨ ਦਿਨ ਹੈਲਪਰ ਕਰਦੀ ਆ। ਪਹਿਲਾਂ ਸਾਰਾ ਕਰਦੀ ਤੀ, ਹੁਣ ਸਰਕਾਰ ਨੇ ਦਿਨ ਘਟਾ ਤੇ।

ਦਰੀਆਂ ਬੁਣਨ ਦਾ ਕੰਮ ਲੋਕ ਮੈਨੂੰ ਆਪ ਈ ਦੇ ਜਾਂਦੇ ਨੇ। ਘਰ ਬੈਠੀ ਈ ਕਰੀ ਜਾਂਦੀ ਆਂ, ਕਿਧਰੇ ਨ੍ਹੀਂ ਜਾਣਾ ਪੈਂਦਾ।

ਵਿਆਹ ਤਾਂ ਮੇਰਾ ਅਠ੍ਹਾਰਵੇਂ ਸਾਲ ਵਿਚ ਈ ਹੋ ਗਿਆ ਤੀ। ਪਹਿਲਾਂ ਤਾਂ ਰਾਸ਼ਨ ਪਾਣੀ ਮੇਰੇ ਪੇਕਿਆਂ ਤੋਂ ਈ ਆਉਂਦਾ ਤੀ ਕਿਉਂਕਿ ਸਾਡੇ ਕੋਲ ਜ਼ਮੀਨ ਨ੍ਹੀਂ ਤੀ। ਸਹੁਰੇ ਨੇ ਹੁਣੇ ਦਿੱਤੇ ਨੇ ਪਿੱਛੇ ਜਿਹੇ 1.5 ਕਿੱਲੇ। ਆਪਾਂ ਤਾਂ ਇਹੋ ਕੰਮ ਕਰਕੇ ਨਿਆਣੇ ਪੜ੍ਹਾਏ ਨੇ। ਇਕ ਗੁੱਡੀ ਅੱਠ ਪੜ੍ਹੀ ਆ, ਛੋਟੀ ਦਸ ਪੜ੍ਹੀ ਆ। ਮੁੰਡਾ ਵੀ ਦਸ ਪੜ੍ਹਿਆ। ਉਹ ਬੱਸ ਦਾ ਡਰਾਈਵਰ ਆ

ਮਾਂ ਬਿਮਾਰ ਹੋਣ ਕਾਰਨ ਮੈਂ ਛੋਟੀ ਉਮਰ ਵਿਚ ਈ ਰਸੋਈ ਦੇ ਕੰਮ ਕਰਨ ਲੱਗ ਪਈ। ਇਸ ਲਈ ਮੈਨੂੰ ਪੜ੍ਹਨ ਦਾ ਤਾਂ ਮੌਕਾ ਈ ਨ੍ਹੀਂ ਮਿਲਿਆ। ਨਾ ਹੀ ਸਾਡੇ ਪਿੰਡ ਸਕੂਲ ਹੀ ਸੀਗਾ। ਬਾਕੀ ਮੈਨੂੰ ਉੱਚਾ ਸੁਣਦੈ। ਨਿਆਣੀ ਹੁੰਦੀ ਦੇ ਕੰਨ ਡੁੱਲ੍ਹਦੇ ਹੁੰਦੇ ਤੀ। ਫਿਰ ਇਕ ਡਾਕਟਰ ਤੋਂ ਧਵਾਤੇ, ਉਸਤੋਂ ਬਾਅਦ ਖ਼ਰਾਬ ਹੋ ਗਏ।

ਅਸੀਂ ਨੂਰ ਮਹਿਲ ਆਲੇ ਆਸ਼ੂਤੋਸ਼ ਮਹਾਰਾਜ ਦੇ ਸਤਸੰਗ ਜਾਨੇ ਹੁਨੇ ਆਂ। ਮੈਂ ਬਿਮਾਰ ਰਹਿੰਦੀ ਹੁੰਦੀ ਤੀ, ਮੈਨੂੰ ਫਿਰ ਉੱਥੋਂ ਈ ਫ਼ਰਕ ਪਿਐ। ਹੁਣ ਮੇਰਾ ਗਿਆਨ ਲਿਆ ਵਿਆ, ਜਿਵੇਂ ਅੰਮ੍ਰਿਤ ਛਕਦੇ ਆਂ ਉਵੇਂ ਈ ਹੁੰਦੈ। ਪਰ ਦੱਸਣਾ ਨੀ ਹੁੰਦੈ।

Story by: Satdeep Gill & Gurdeep Dhaliwal

Assist: Sukhan Saar

Text: Jasdeep Singh

Edits: Sangeet Toor

pa_INPanjabi

Discover more from Trolley Times

Subscribe now to keep reading and get access to the full archive.

Continue reading