ਨੀਲਮ, ਕੁਲਚੇ ਬਨਾਉਣ ਵਾਲ਼ੀ, ਮਣੀਮਾਜਰਾ

ਅਸੀਂ ਅਮ੍ਰਿਤਸਰ ਦੇ ਹਾਂ, ਸੰਨ ਛਿਆਨਵੇਂ ਚ ਏਧਰ ਮੁਹਾਲ਼ੀ ਆ ਗਏ ਸੀ। ਅੰਨ-ਜਲ ਖਿੱਚ ਲਿਆਉਂਦਾ ਐ ਬੰਦੇ ਨੂੰ। ਪੁਰਾਣੇ ਬੰਦੇ ਕਹਿੰਦੇ, 'ਕਿਸੇ ਦਾ ਕਰਜਾ ਦੇਣਾ ਹੁੰਦਾ ਤਾਂ ਬੰਦਾ ਜਾਂਦਾ ਕਿਤੇ' । ਮੈਂ ਕਿਸੇ ਦਾ ਕਰਜਾ ਦੇਣਾ ਹੋਣਾ

ਅਸੀਂ ਅਮ੍ਰਿਤਸਰ ਦੇ ਹਾਂ, ਸੰਨ ਛਿਆਨਵੇਂ ਚ ਏਧਰ ਮੁਹਾਲ਼ੀ ਆ ਗਏ ਸੀ। ਅੰਨ-ਜਲ ਖਿੱਚ ਲਿਆਉਂਦਾ ਐ ਬੰਦੇ ਨੂੰ। ਪੁਰਾਣੇ ਬੰਦੇ ਕਹਿੰਦੇ, 'ਕਿਸੇ ਦਾ ਕਰਜਾ ਦੇਣਾ ਹੁੰਦਾ ਤਾਂ ਬੰਦਾ ਜਾਂਦਾ ਕਿਤੇ' । ਮੈਂ ਕਿਸੇ ਦਾ ਕਰਜਾ ਦੇਣਾ ਹੋਣਾ

ਮਣੀਮਾਜਰੇ ਆਇਆਂ ਨੂੰ ਤਾਂ ਦੋ ਸਾਲ ਈ ਹੋਏ ਨੇ।ਪਹਿਲਾਂ ਮੁਹਾਲ਼ੀ ਰੇੜ੍ਹੀ ਲਾਉਂਦੇ ਸੀ। ਰੇੜ੍ਹੀ ਮੈਂ ਘਰੋਂ ਤਿਆਰ ਕਰਕੇ ਭੇਜਦੀ ਸੀ ਇਹਨਾਂ ਨੂੰ। ਪਰ ਓਥੇ ਤੀਜੇ ਚੌਥੇ ਦਿਨ ਅਸਟੇਟ ਵਾਲ਼ੇ ਰੇੜ੍ਹੀ ਚੁੱਕ ਕੇ ਲੈ ਜਾਂਦੇ ਸੀ। ਫੇਰ ਤੰਦੂਰ ਵੀ ਟੁੱਟ ਜਾਣਾ, ਰੇਹੜੀ ਵੀ ਟੁੱਟ ਜਾਣੀ। ਹਫਤਾ ਮਿਲਣੀ ਨਾ। ਫੇਰ ਦੁਬਾਰਾ ਤੰਦੂਰ ਬਣਾਉਣ, ਰੇੜ੍ਹੀ ਠੀਕ ਕਰਾਉਣ ਤੇ ਤਿੰਨ ਹਜ਼ਾਰ ਲੱਗ ਜਾਣਾ। ਹਫਤਾ ਛੁੱਟੀਆਂ ਹੋ ਜਾਣੀਆਂ ਗੱਲ ਫੇਰ ਓਥੇ ਦੀ ਓਥੇ ਆ ਜਾਣੀ।ਇਸ ਕਰਕੇ ਇਧਰ ਮਣੀਮਾਜਰੇ ਦੁਕਾਨ ਲੈ ਲਈ, ਬੈਠੇ ਤਾਂ ਹਾਂ ਨਾ, ਕਿਤੇ ਭੱਜਣ ਨੱਸਣ ਦੀ ਲੋੜ ਨਹੀਂ।

ਇਹ (ਨੀਲਮ ਦੇ ਪਤੀ ਬਲਵੰਤ) ਪਹਿਲਾਂ ਆਪਣੇ ਵੱਡੇ ਭਰਾ ਨਾਲ਼ ਅਮ੍ਰਿਤਸਰ ਚ ਹੋਟਲ ਦਾ ਕੰਮ ਕਰਕੇ ਸੀ। ਇਹਨਾਂ ਦੀ ਇਕ ਭੈਣ ਚੰਡੀਗੜ੍ਹ ਰਹਿੰਦੀ ਸੀ, ਇਥੇ ਪੜ੍ਹਦੇ ਵੀ ਰਹੇ ਨੇ। ਇਸ ਕਰਕੇ ਐਧਰ ਆ ਕੇ ਕੰਮ ਚਲਾ ਲਿਆ। ਬਾਕੀ ਮੈਂ ਸ਼ੁਰੂ ਤੋਂ ਹੀ ਨਾਲ਼ ਕੰਮ ਕਰਾਉਂਦੀ ਰਹੀ ਆਂ। ਦੂਜਾ ਆਸਰਾ ਤਾਂ ਹੈ ਨਹੀਂ ਮੇਰਾ, ਬੱਚੇ ਹੈ ਨਹੀਂ। ਆਪੇ ਕਮਾਈਦਾ ਅਤੇ ਖਾਈਦਾ

ਮੈਂ ੬ ਵਜੇ ਆਕੇ ਬਹਿ ਜਾਂਦੀ ਹਾਂ, ੧੧:੩੦ ਵਜੇ ਜਾਂਦੀ ਹਾਂ। ਮੇਰੇ ਪਾਸ ਕੁਲਚੇ ਵੀ ਹੈਗੇ ਨੇ ਤੇ ਰੋਟੀ ਵੀ। ਇਹ ਕਹਿੰਦੇ ਸੀ ਇਕੱਲਾ ਕੁਲਚਿਆਂ ਦਾ ਕੰਮ ਕਰਨਾ। ਗਾਹਕ ਰੋਟੀ ਮੰਗਦੇ ਸੀ। ਫੇਰ ਰੋਟੀ ਦਾ ਵੀ ਕਰਨਾ ਪੈ ਗਿਆ। ਸਾਰੀਆਂ ਚੀਜਾਂ ਦੇ ਈ ਗਾਹਕ ਆਉਂਦੇ ਆ, ਰੋਟੀ ਦੇ, ਕੁਲਚਿਆਂ ਦੇ ਤੇ ਪਰੌਂਠਿਆਂ ਦੇ ਵੀ। ਇਹ ਚਿੱਟੇ ਛੋਲੇ ਅਸੀਂ ਕੁਲਚਿਆਂ ਨਾਲ਼ ਦਿੰਦੇ ਹਾਂ। ਇਕ ਸੁੱਕੀ ਸਬਜ਼ੀ ਬਣਾਈ ਦੀ ਆ ਰੋਟੀ ਨਾਲ਼। ਕਾਲੇ ਛੋਲੇ ਬਣਾਏ ਸੀ ਇਕ ਵਾਰ ਉਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ। ਨਾ ਮੇਰੇ ਕੋਲੋ ਕੋਈ ਤੰਦੂਰ ਦੀ ਰੋਟੀ ਖਾਂਦਾ। ਸਭ ਤਵੇ ਦੀ ਰੋਟੀ ਮੰਗਦੇ ਨੇ। ਆਸ ਪਾਸ ਸਭ ਮੈਦੇ ਦੀ ਤੰਦੂਰੀ ਰੋਟੀ ਦਿੰਦੇ ਆ, ਮੇਰੇ ਕੋਲੋ ਆਟੇ ਦੀ ਤਵੇ ਵਾਲ਼ੀ ਰੋਟੀ ਮਿਲਦੀ ਹੈ। ਦਸਾਂ ਮਿੰਟਾਂ ਵਿਚ ਦਸ ਫੁਲਕੇ ਬਣਾ ਦਿੰਦੀ ਆਂ ਮੈ, ਇਕ ਮਿੰਟ ਦਾ ਇਕ ਫੁਲਕਾ। ਪਰੌਂਠੇ ਰਾਤ ਦੇ ੧੧ ਵਜੇ ਤੱਕ ਚਲਦੇ ਰਹਿੰਦੇ ਨੇ। 'ਜ਼ੋਮੈਟੋ' ਕੰਪਨੀ ਨਾਲ਼ ਜੋੜਿਆ ਹੋਇਆ ਹੁਣ ਮੈਂ ਕੰਮ ਨੂੰ, ਉਹ ਰਾਤ ਨੂੰ ਪਰੌਂਠੇ ਮੰਗ ਲੈਂਦੇ ਆ ੧੧ ਵਜੇ ਵੀ। ਕਈ ਵਾਰ ਜ਼ੀਰਕਪੁਰ ਤੋਂ ਵੀ ਆਡਰ ਆ ਜਾਂਦਾ, ਖੁੱਡੇ ਲਹੌਰੇ ਤੋਂ ਵੀ, ਅਸੀਂ ਤਾਂ ਬਣਾ ਕੇ ਦੇਣੇ ਹੁੰਦੇ ਆ, ਪਹੁੰਚਾਉਣੇ ਉਹਨਾਂ ਨੇ ਹੁੰਦੇ ਆ।ਅਸੀਂ ਸਾਰਾ ਦਿਨ ਦੁਕਾਨ ਖੁੱਲੀ ਰਖਦੇ ਹਾਂ, ਕੋਈ ਪੰਜ ਵਜੇ ਵੀ ਆ ਜਾਂਦਾ। ਅਸੀਂ ਬੰਦ ਕਰਕੇ ਵੀ ਕੀ ਕਰਨਾ, ਪਹਿਲਾਂ ਖਲਾਰਾ ਅੰਦਰ ਲਿਜਾਓ ਫਿਰ ਘੰਟ ਬਾਅਦ ਬਾਹਰ ਲਿਆਓ। ਅਸੀਂ ਐਦਾਂ ਈ ਬੈਠੇ ਰਹੀਦਾ।

ਪਹਿਲਾਂ ਕੰਮ ਘਟ ਗਿਆ ਸੀ। ਇਸੇ ਕਰਕੇ ਔਨਲਾਈਨ ਜੁੜੇ ਹਾਂ। ਆਰਡਰ ਆਉਂਦਾ ਉਹ ਚੱਕ ਲਈਦਾ, ਉਹਨਾਂ ਦੇ ਵਰਕਰ ਰੱਖੇ ਆ ਉਹ ਲੈ ਜਾਂਦੇ ਆ। ਸਾਡੇ ਤੋਂ ਤਾਂ ਦਿਵਾਲੀ ਵੀ ਨ੍ਹੀਂ ਮਨਾਈ ਗਈ, ਸਾਰਾ ਦਿਨ ਇਥੇ ਕੰਮ ਵਿਚ ਹੀ ਲੰਘ ਗਿਆ। ਦੀਵੇ ਵੀ ਨਹੀਂ ਜਗਾ ਹੋਏ, ਜਿਵੇਂ ਮਾਤਾ ਰਾਣੀ ਦੀ ਮਰਜ਼ੀ।

ਐਸ ਫੋਨ ਵਿਚੋਂ ਮੈਨੂੰ ਮੈਸੇਜ ਨਹੀਂ ਕੱਢਣੇ ਆਉਂਦੇ। ਪਰ ਨੈੱਟ ਚਲਾ ਲੈਂਦੀ ਆਂ।ਮੈਨੂੰ ਤਾਂ ਅੰਗਰੇਜੀ ਪੜ੍ਹਨੀ ਆਉਂਦੀ ਨ੍ਹੀਂ। ਇਥੇ ਇਕ ਨੇੜੇ ਮੁੰਡਾ ਰਹਿੰਦਾ ਉਹਨੇ ਪੜ੍ਹ ਕੇ ਦੱਸਿਆ ਨੈੱਟ ਤੋਂ, ਕਹਿੰਦਾ ਆਂਟੀ ਤੇਰੀ ਤਾਂ ਵੈਰੀ ਗੁੱਡ ਲਿਖੀ ਹੋਈ ਆ।ਕਿਸੇ ਕੁੜੀ ਨੇ ਲਿਖਿਆ ਸੀ "ਜੈਸੇ ਮੇਰੇ ਮਾਂ ਬਨਾਤੀ ਥੀ, ਵੈਸੇ ਪਰਾਂਠੇ ਮਿਲੇ "।

ਹੋਰ ਵੀ ਕੰਮ ਜਾਣਦੀ ਆਂ ਮੈਂ, ਸਵੈਟਰ ਬੁਣ ਲੈਨੀ ਆਂ, ਕੱਪੜੇ ਸਿਲ ਲੈਨੀ ਆਂ। ਪਰ ਟਾਈਮ ਈ ਨ੍ਹੀਂ ਹੈਗਾ। ਬਜਾਰੀ ਕੱਪੜੇ ਸਾਨੂੰ ਆਉਂਦੇ ਨਹੀਂ। ਪਹਿਲਾਂ ਮੁਹਾਲ਼ੀਓਂ ਬਣਵਾ ਲਈਦੇ ਸੀ ਹੁਣ ਇਥੇ ਬਣਵਾ ਲਈ ਦੇ ਆ। ਆਸ ਪਾਸ ਅਸੀਂ ਬਹੁਤਾ ਕਿਸੇ ਨਾਲ਼ ਬੋਲਦੇ ਨਹੀਂ ਹਾਂ। ਇਕ ਦੋ ਬੰਦੇ ਹੀ ਜਾਣ ਪਛਾਣ ਵਾਲ਼ੇ ਆ। ਕੋਈ ਸਹੇਲੀ ਹੈ ਨਹੀਂ। ਓਧਰ ਮੁਹਾਲ਼ੀ ਵੀ ਨਾ ਘਰੋਂ ਨਿਕਲਣਾ, ਨਾ ਕਿਸੇ ਕੋਲ ਬਹਿਣਾ। ਸ਼ੁਰੂ ਤੋਂ ਹੀ ਆਦਤ ਨਹੀਂ ਜੇ, ਸਵੇਰੇ ੬ ਵਜੇ ਤੋਂ ੧੧ ਵਜੇ ਆਪਣੇ ਘਰ ਆਰਾਮ ਨਾਲ਼ ਰਹੀਦਾ। ਪੇਕੇ ਘਰ ਅਸੀਂ ੭ ਵਜੇ ਸੌਂ ਜਾਂਦੇ ਸਾਂ, ਇਥੇ ੧੧ ਵੱਜ ਜਾਂਦੇ ਆ।

ਸਰਕਾਰ ਵੱਲੋਂ ਤਾਂ ਕੋਈ ਮਦਦ ਨਹੀਂ। ਸਰਕਾਰ ਤਾਂ ਸਾਡੀਆਂ ਬੋਦੀਆਂ ਲਾਹੁੰਦੀ ਆ। ਆਹ ਸਲੰਡਰ ਮਹਿੰਗੇ ਹੋ ਗਏ। ਕਿਸੇ ਕੋਲ ਹਜ਼ਾਰ ਰੁਪਈਆ ਨਾਂ ਹੋਵੇ ਕਿੱਥੋ ਕੋਈ ਸਲੰਡਰ ਲੈ ਲਵੇ ਗਾ, ਮੇਰੀ ਗੱਲ ਛੱਡੋ, ਕਿਸੇ ਗਰੀਬ ਬੰਦੇ ਕੋਲ ਕਿੱਥੇ ਹੁੰਦਾ ਹਜ਼ਾਰ ਰੁਪਈਆ। ਕਈ ਮੈਨੂੰ ਕਹਿੰਦੇ ਤੁਸੀਂ ਡੂੰਘਾ ਸੋਚਦੇ ਜੇ, ਮੈਂ ਕਿਹਾ ਡੂੰਘਾ ਤਾਂ ਆਪੇ ਸੋਚਣਾ ਅੱਜ ਗਿਆਰਾਂ ਸੌ ਦਾ ਸਲੰਡਰ ਭਰਿਆ ਮੇਰਾ। ਅਗਲੀ ਕੋਲੇ ਨਾ ਹੋਵੇ ਰੁਪਈਆ ਕੀ ਕਰੂ ਅਗਲੀ ਫੇਰ, ਸਬਸਿਡੀ ਨੂੰ ਤਾਂ ਬਾਅਦ ਵਿਚ ਰੋਣਾ ਆਪਾਂ, ਦੇਖਿਆ ਜਾਏ ਤਾਂ ਸਬਸਿਡੀ ਤਾਂ ਬਾਅਦ ਵਿਚ ਹੀ ਆਵੇਗੀ। ਹੁਣ ਇਹੋ ਜਿਹੇ ਸ਼ਹਿਰ ਵਿਚ ਲੱਕੜ ਵੀ ਨਹੀਂ ਬਾਲ਼ ਸਕਦੇ, ਗੋਹਿਆ ਨਹੀਂ ਬਾਲ਼ ਸਕਦੇ। ਗਰੀਬ ਵਾਸਤੇ ਤਾਂ ਸਭ ਤੋਂ ਜਿਆਦੀ ਮੌਤ ਏ। ਗਰੀਬ ਬੰਦਾ ਰੋਟੀ ਖਾਣ ਜੋਗਾ ਨਹੀਂ ਹੈਗਾ। ਆ ਸਾਰੇ ਪਾਸੇ ਜੀ ਐੱਸ ਟੀ ਲਾ ਤੀ, ਨਿੱਕੀਆਂ ਨਿੱਕੀਆਂ ਚੀਜਾਂ ਨੂੰ ਜੀ ਐੱਸ ਟੀ, ਆਟੇ-ਦਾਲ 'ਤੇ ਵੀ।

Story and photographs: Navjeet Kaur

English text: Jasdeep Singh

Edits: Sangeet Toor

pa_INPanjabi

Discover more from Trolley Times

Subscribe now to keep reading and get access to the full archive.

Continue reading