ਮੇਰਾ ਵਿਆਹ ਸੰਨ ੭੫ 'ਚ ਹੋ ਗਿਆ ਸੀ। ਉਸੇ ਸਾਲ ਹੀ ਮੈਂ ਆਸਟਰੀਆ(ਯੂਰਪੀ ਮੁਲਕ) ਚਲਾ ਗਿਆ। ਅਸੀਂ ਕਈ ਜਾਣੇ ਸੀ, ਓਥੇ ਸੜਕ ਰਾਹੀਂ ਹੀ ਗਏ। ਜਦੋਂ ਸਾਲ ਬਾਅਦ ਵੀਜ਼ਾ ਮੁੱਕ ਗਿਆ ਅਤੇ ਅਸੀਂ ਇਲਲੀਗਲ ਹੋ ਗਏ, ਤਾਂ ਉਹਨਾਂ ਨੇ ਸਾਨੂੰ ਕੱਢ ਦਿੱਤਾ ਅਤੇ ਬਾਰਡਰ ਪਾਰ ਕਰਵਾ ਕੇ ਯੁਗੋਸਲਾਵੀਆ ਵਾੜ ਦਿੱਤਾ। ਪੈਸੇ ਹੋਣ ਕਰਕੇ ਅਸੀਂ ਸੌਖੇ ਵਾਪਿਸ ਆ ਗਏ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ।ਓਦੋਂ ਬਾਹਰ ਜਾਣ ਦੀ ਐਨੀ ਦੌੜ ਨਹੀਂ ਸੀ।
ਲੋਕ ਜਾਂਦੇ ਸੀ ਅਤੇ ਪੈਸੇ ਬਣਾ ਕੇ ਵਾਪਿਸ ਆ ਜਾਂਦੇ ਸੀ। ਮੈਨੂੰ ਬਹੁਤ ਰੋਕਿਆ ਕਈ ਜਣਿਆਂ ਨੇ, ਪਰ ਮੈਨੂੰ ਸੀ ਕਿ ਇੱਕ ਵਾਰ ਜਾ ਕੇ ਤਾਂ ਜ਼ਰੂਰ ਆਉਣਾ। ਉਥੇ ਮੈਂ ਅਖਬਾਰ ਵੰਡਦਾ ਸੀ। ਸਨ ੭੬ 'ਚ ਇਥੇ ਆ ਕੇ ਦੁਕਾਨ ਪਾ ਲਈ।
ਮੈਂ ਐਰੀਜਫਲੈਕਸ ਦਾ ਕੈਮਰਾ ਵਰਤਦਾਂ। ਮੈਥੋਂ ਡਿੱਗ ਗਿਆ ਸੀ ਕੈਮਰਾ, ਤੇ ਸ਼ੀਸ਼ਾ ਟੁੱਟ ਗਿਆ। ਉਮਰ ਨਾਲ ਹੱਥਾਂ ਦਾ ਬੈਂਲੇਂਸ ਵੀ ਖ਼ਰਾਬ ਹੋ ਗਿਆ। ਹੁਣ ਜਦ ਜਲੰਧਰ ਗਿਆ ਤਾਂ ਸਹੀ ਕਰਵਾਊਂਗਾ। ਪਹਿਲਾਂ ਗਾਹਕ ਨੂੰ ਪਰਦੇ ਮੂਹਰੇ ਖੜਾ ਕੇ, ਤੇ ਆਪ ਖੜ ਕੇ ਫੋਟੋ ਖਿਚ ਦੇਈ ਦੀ ਸੀ, ਹੁਣ ਹੱਥ ਹਿਲਦੇ ਹੋਣ ਕਰਕੇ ਟਰਾਈਪੌਡ ਲਾਕੇ ਤੇ ਟਾਈਮਰ ਲਾ ਕੇ ਖਿਚਣੀ ਪੈਂਦੀ ਹੈ।
ਪਹਿਲਾਂ ਫੋਟੋਆਂ ਪਰਿੰਟ ਵੀ ਜਲੰਧਰੋਂ ਕਰਵਾਉਣੀਆਂ ਪੈਂਦੀਆਂ ਸੀ ਪਰ ਹੁਣ ਮੈਂ ਪ੍ਰਿੰਟਰ ਲੈ ਲਿਆ ਤੇ ਮੌਕੇ ਤੇ ਹੀ ਪਰਿੰਟ ਕਰ ਦਿੰਦਾਂ ਹਾਂ। ਸਮੇਂ ਨਾਲ਼ ਕੈਮਰੇ ਵੀ ਬਦਲ ਗਏ ਨੇ ਤੇ ਫੋਟੋ ਲੈਣ ਦੀ ਤਕਨੀਕ ਵੀ। ਹੁਣ ਫੋਟੋਗ੍ਰਾਫੀ ਦਾ ਕੰਮ ਤਾਂ ਬਹੁਤ ਵਧ ਗਿਆ ਪਰ ਇਹ ਸਾਡੀ ਪੀੜ੍ਹੀ ਦੇ ਵੱਸ ਦਾ ਨਹੀਂ ਰਿਹਾ। ਇਹ ਕੰਮ ਨਵੀਂ ਪੀੜ੍ਹੀ ਦਾ ਹੈ। ਸਾਡੀ ਕੋਈ ਪੁੱਛ-ਗਿੱਛ ਨਹੀਂ ਰਹੀ, ਮੇਰੇ ਕੋਲ ਤਾਂ ਪੁਰਾਣੇ ਵਾਕਫ ਜਾਂ ਫੋਟੋ ਦੀ ਐਮਰਜੈਂਸੀ ਲੋੜ ਵਾਲਾ ਬੰਦਾ ਹੀ ਆਉਂਦਾ
ਹੁਣ ਤਾਂ ਭਾਵੇਂ ਕਿਸੇ ਨਵੇਂ ਮੁੰਡੇ ਨੂੰ ਆਉਂਦਾ ਕੱਖ ਨਾ ਹੋਵੇ ਪਰ ਗਲ 'ਚ ਕੈਮਰਾ ਪਾ ਕੇ ਉਹ ਫੋਟੋਗ੍ਰਾਫ਼ਰ ਬਣ ਜਾਂਦੇ ਆ। ਪਹਿਲਾਂ ਰੀਲ ਤੇ ਫੋਟੋਆਂ ਖਿੱਚਦੇ ਸੀ ਅਤੇ ਰੀਲ ਮਹਿੰਗੀ ਹੁੰਦੀ ਆ ਏਸ ਲਈ ਧਿਆਨ ਨਾਲ ਖਿੱਚਣੀ ਪੈਂਦੀ ਸੀ। ਹੁਣ ਤਾਂ ਭਾਵੇਂ ਹਜ਼ਾਰ ਫੋਟੋਆਂ ਖਿੱਚ ਲਓ, ਕੁਝ ਨੀ ਘੱਟਦਾ ਅਤੇ ਉਹਨਾਂ 'ਚੋਂ ਇੱਕ ਸਿਲੈਕਟ ਕਰਵਾਦੋ ਗਾਹਕ ਨੂੰ। ਤਕਨੀਕ ਬਹੁਤ ਵੱਧ ਗਈ, ਕੰਪਿਊਟਰ 'ਚ ਪਾ ਕੇ ਫੋਟੋ ਨਾਲ ਜੋ ਮਰਜ਼ੀ ਕਰ ਲਓ। ਪਹਿਲਾਂ ਫੋਟੋ ਐਡਿਟ ਕਰਨ ਤੇ ਬਹੁਤ ਮਿਹਨਤ ਲੱਗਦੀ ਹੁੰਦੀ ਸੀ। ਕਾਲੀ ਪੈਨਸਿਲ ਨਾਲ ਸਾਰਾ ਕੁਝ ਸਹੀ ਕਰਨਾ ਪੈਂਦਾ ਸੀ। ਐਥੇ ਬੈਠ ਕੇ ਫੇਰ ਪੈਨਸਿਲ ਨਾਲ਼ ਨੈਗਿਟਿਵ ਨੂੰ ਟੱਚ ਕਰੀਦਾ ਸੀ। ਰਿੰਕਲ ਵਗੈਰਾ, ਭਰਵੱਟੇ, ਕੋਈ ਸਪੌਟ, ਕੋਈ ਦਾੜੀ ਟਰਿੰਮ ਕਰਨੀ ਹੁੰਦੀ ਸੀ, ਸਾਰਾ ਪੈਨਸਿਲ ਨਾਲ ਹੀ ਕਰਦੇ ਸੀ। ਪਹਿਲਾਂ ਨੈਗਿਟਿਵ ਉੱਤੇ ਲਿਕਿਊਡ ਲਾਈਦਾ ਸੀ ਫੇਰ ਪੈਨਸਿਲ ਨਾਲ ਟੱਚ ਕਰਦੇ ਸੀ। ਉਹਨੂੰ ਬਿਲਕੁਲ ਇੱਕੋ ਜਿਹਾ ਕਰਦੇ ਫੇਰ ਅੱਗੇ ਦਿੰਦੇ ਸੀ। ਪਹਿਲਾਂ ਹਫਤੇ-ਮਹੀਨੇ ਬਾਅਦ ਵੀ ਲੈ ਜਾਂਦੇ ਸੀ, ਹੁਣ ਤਾਂ ਮੌਕੇ ਦੀ ਖੇਡ ਆ ਤੇ ਕੋਈ ਵੀ ਖਿੱਚ ਸਕਦਾ।
ਪਿਤਾ ਜੀ ਮੇਰੇ ਪੰਜਾਬ ਆਰਮਰ ਪੁਲੀਸ ਵਿੱਚ ਸੀਗੇ। ਉਥੇ ਉਹ ਫੋਟੋਗ੍ਰਾਫੀ ਤੇ ਸਿਨੇਮਾ ਓਪਰੇਟਰ ਦਾ ਕੰਮ ਕਰਦੇ ਸੀ। ਫੇਰ ਉਹਨਾਂ ਨੂੰ ਹੈੱਡ ਕੌਂਸਟੇਬਲ ਬਣਾ ਦਿੱਤਾ। ੬੦ 'ਚ ਉਹਨਾਂ ਨੇ ਸਰਵਿਸ ਛੱਡ ਦਿੱਤੀ। ੬੩ 'ਚ ਮੈਂ ਮੈਟ੍ਰਿਕ ਕੀਤੀ। ਮੇਰੇ ਮੈਟ੍ਰਿਕ ਕਰਨ ਵੇਲੇ ਪਿਤਾ ਜੀ ਨੇ ਆਪਣੀ ਦੁਕਾਨ ਖੋਲ ਲਈ ਸੀ, ਉਸਦਾ ਨਾਮ ਬਲਵਿੰਦਰਾ ਸਟੂਡੀਓ ਰੱਖਿਆ।ਉਦੋਂ ਕੁ ਹੀ ਮੈਂ ਵੀ ਉਹਨਾਂ ਨਾਲ਼ ਕੰਮ ਕਰਨ ਲੱਗ ਗਿਆ ਸੀ।
ਅਸੀਂ ੫ ਭਰਾ ਸੀ ਅਤੇ ਉਸ ਦੁਕਾਨ 'ਚ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਿਲ ਹੋ ਗਿਆ, ਫੇਰ ਅਸੀ ਸਾਰਿਆਂ ਨੇ ਆਪਣਾ - ਆਪਣਾ ਸਟੂਡਿਓ ਪਾ ਲਿਆ। ਮੇਰੇ ਸਿਰਫ ਇੱਕ ਬੇਟੀ ਹੋਈ, ਉਸਦੀ ਪੜਾਈ ਤੇ ਮੈਂ ਬਹੁਤ ਜ਼ੋਰ ਲਾਇਆ। ਹੁਣ ਉਸਦਾ ਵਿਆਹ ਹੋ ਗਿਆ ਤੇ ਉਹ ਆਸਟ੍ਰੇਲੀਆ ਚਲੀ ਗਈ। ਪਿੱਛੇ ਜਿਹੇ ਮੈਂ ਉਸਨੂੰ ਮਿਲਕੇ ਵੀ ਆਇਆਂ ਓਥੇ। ਓਥੇ ਦੀਆਂ ਫੋਟੋਆਂ ਵੀ ਖਿੱਚੀਆਂ ਮੈਂ।
Story and photographs: Gurdeep Dhaliwal
Translation: Jasdeep Singh
Edits: Sangeet Toor