ਬਚਪਨ ਤਾਂ ਮੇਰਾ ਆਮ ਬੱਚਿਆਂ ਵਾਂਙੂ ਗੁਜ਼ਰਿਆ। ਚਾਰ ਭਰਾ ਸੀ ਅਸੀਂ। ਮੇਰੇ ਨਾਲੋਂ ਵੱਡਾ ਭਰਾ ਥਾਣੇਦਾਰ ਬਣ ਗਿਆ। ਇੱਕ ਖੇਤ ਮਜ਼ਦੂਰੀ ਕਰਦਾ ਐ। ਇੱਕ ਗੁਜ਼ਰ ਗਿਆ। ਤਿੰਨ ਭੈਣਾਂ ਨੇ ਤਿੰਨੇ ਵੱਡੀਆਂ ਨੇ ਮੇਰੇ ਤੋਂ। ਤਿੰਨੋਂ ਮਾਵਾਂ ਆਲਾ ਪਿਆਰ ਦਿੰਦੀਆਂ ਨੇ ਮੈਨੂੰ। ਮੇਰੇ ਪਿਤਾ ਜੀ ਕੰਮ ਦੇ ਬਹੁਤ ਵਧੀਆ ਕਰਿੰਦੇ ਸੀ। ਇਦਾਂ ਹਲ਼ ਵਾਹੁੰਦੇ ਸੀ ਜਿਵੇਂ ਲਾਈਨ ਮਾਰਕੇ ਖੇਤ ਵਾਹਿਆ ਹੋਵੇ। ਆਵਦੀ ਪੈਲੀ ਹੀ ਨਹੀਂ ਸੀ, ਸੀਰੀ-ਸੂਰੀ ਰਲ਼ਦੇ ਸੀ, ਕੋਈ ਸੱਤਵਾਂ-ਅੱਠਵਾਂ ਹਿੱਸਾ ਆਉਂਦਾ ਸੀ।
ਮੈਂ ਪੜ੍ਹਾਈ ਥੋੜ੍ਹੀ ਘੱਟ ਕੀਤੀ ਹੋਈ ਐ। ਅੱਠਵੀਂ ਤੱਕ! ਮੈਨੂੰ ਓਨਾ ਹੈਂਡੀਕੈਪ ਹੋਣ ਦਾ ਅਫ਼ਸੋਸ ਨਹੀਂ ਜਿੰਨਾ ਘੱਟ ਪੜ੍ਹੇ ਹੋਣ ਦਾ ਐ। ਮਾਪੇ ਅਨਪੜ੍ਹ ਸੀ ਉਹਨਾਂ ਨੇ ਕਿਸੇ ਦੀ ਰਾਏ ਲੀਤੀ। ਇੱਕ ਟੇਲਰ ਮਾਸਟਰ ਸੀਗਾ ਜਿਹਨੂੰ ਮਦਦ ਦੀ ਲੋੜ ਸੀ। ਉਹ ਮੇਰੇ ਮਾਪਿਆਂ ਨੂੰ ਕਹਿਣ ਲੱਗ ਪਿਆ ਕਿ ਕੰਮ ਸਿਖਾਓ ਮੁੰਡੇ ਨੂੰ। ਸੋਚ ਬਹੁਤ ਵਧੀਆ ਸੀ ਮਾਪਿਆਂ ਦੀ। ਉਹਨਾਂ ਨੇ ਡਾਕਟਰ ਤੇ ਮਾਸਟਰ ਨੂੰ ਪੁੱਛਕੇ ਹਟਾਇਆ ਸੀ ਮੈਨੂੰ। ਜੇ ਉਹ ਕਹਿ ਦਿੰਦੇ ਕਿ ਇਹਨੂੰ ਪੜ੍ਹਾਓ, ਨੌਕਰੀ ਮਿਲੂਗੀ ਤਾਂ ਅੱਜ ਕੁਝ ਹੋਰ ਹੋਣਾ ਸੀ। ਵੱਡੇ ਭਾਈ ਨੇ ਵੀ ਤਾਂ ਪੜ੍ਹਕੇ ਨੌਕਰੀ ਲਈ ਆ ਹੁਣ ਸਟਾਰ ਵੀ ਲੱਗ ਗਿਆ ਮੋਢੇ ਉੱਤੇ।
ਫਿਰ ਮੈਂ ਢਾਈ ਕੁ ਸਾਲ ਲਾਏ ਉਸ ਟੇਲਰ ਮਾਸਟਰ ਉਹਦੇ ਲਵੇ। ਪਿੰਡ ਵਾਲਾ ਦਰਜੀ ਸੀ ਪੈਂਟਾਂ ਸਿਉਣੀਆਂ ਘੱਟ ਜਾਣਦਾ ਸੀ, ਇਸ ਲਈ ਪੈਂਟਾਂ ਸਿੱਖਣ ਵਾਸਤੇ ਮੈਂ ਲਹਿਰੇ ਸ਼ਹਿਰ ਚਲਾ ਗਿਆ, ਛੇ ਕੁ ਮਹੀਨੇ ਓਥੇ ਲਾਏ। ਫਿਰ ਆਪਣਾ ਕੰਮ ਕਰਨ ਲੱਗ ਗਿਆ। ਪਹਿਲਾਂ ਮੈਂ ਡਸਕੇ ਪਿੰਡ ਕੰਮ ਕੀਤਾ ਛੇ ਸਾਲ। ਮੇਰੀ ਭੈਣ ਵਿਆਹੀ ਹੋਈ ਆ ਉੱਥੇ। ਉੱਥੇ ਕੰਮ ਬਹੁਤ ਚੱਲਦਾ ਸੀ, ਉੱਥੇ ਤਾਂ ਮੇਰੇ ਨਾਲ 3-4 ਮੁੰਡੇ ਵੀ ਸੀਗੇ। ਫਿਰ ਆਉਣਾ ਤਾਂ ਹੈਗਾ ਹੀ ਸੀਗਾ ਭੈਣ ਦੇ ਘਰੋਂ। ਉਹ ਤਾਂ ਕਹਿੰਦੀ ਸੀ ਕਿ ਜਾਨਾਂ ਕਿਉਂ ਐਂ! ਫਿਰ ਮੈਂ ਉਰੇ ਆਕੇ ਕੰਮ ਕਰਨ ਲੱਗ ਪਿਆ। 10 ਕੁ ਸਾਲ ਦੁਕਾਨ ਕਰਾਏ ਤੇ ਲੈਕੇ ਕੰਮ ਕੀਤਾ। ਫਿਰ ਵਿਆਹ ਹੋ ਗਿਆ ਤੇ ਆਪਣੀ ਜਗ੍ਹਾ ਲੈ ਲਈ ਤੇ ਘਰੇ ਹੀ ਸ਼ੁਰੂ ਕਰ ਲਿਆ ਕੰਮ। ਅੱਠਵੀਂ ਤੋਂ ਲੈ ਕੇ ਹੁਣ ਤੱਕ ਦਰਜੀ ਵਾਲਾ ਕੰਮ ਕਰ ਰਿਹਾਂ, ਪੱਚੀਆਂ ਸਾਲਾਂ ਤੋਂ। ਪੈਸੇ ਦਾ ਹੋਰ ਕੋਈ ਸਾਧਨ ਨਹੀਂ ਬੱਸ ਇਹੋ ਆ ਤੇ ਇਕ ਸਾਡੀ ਦੋਵਾਂ ਦੀ ਪੈਨਸ਼ਨ ਆ ਵਿਕਲਾਂਗ ਹੋਣ ਕਾਰਨ। 750 ਰੁਪਏ ਮਿਲਦਾ ਐ ਕੁੱਲ ਮਿਲਾਕੇ ਸਾਨੂੰ
ਬੱਚਿਆਂ ਦੀ ਵੀ ਲੱਗਦੀ ਐ ਪੈਨਸ਼ਨ ਪਰ ਅਸੀਂ ਲਵਾਈ ਨੀ ਸੀ। ਹੁਣ ਕੰਮ ਘਟ ਗਿਆ ਤਾਂ ਫਾਰਮ ਅਪਲਾਈ ਕੀਤੇ, ਪਰ ਦਫ਼ਤਰ ਵਾਲੇ ਕਹਿੰਦੇ ਨੇ ਕਿ ਪਹਿਲਾਂ ਕਿਉਂ ਨਹੀਂ ਕੀਤਾ ਤੁਸੀਂ। ਇਕ ਜਿਹੜੀਆਂ ਹੁਣ ਫ਼ੀਸਾਂ ਲਾਗੂ ਕਰਤੀਆਂ ਐਸ਼ ਸੀæ-ਆਂ ਵਾਸਤੇ। ਹੁਣ ਬੇਟੀ ਨੇ ਕਾਲਜ ਜਾਣਾ ਐ, ਉੱਥੇ ਫਿਰ ਫ਼ੀਸਾਂ ਲੱਗਣੀਆਂ ਬਹੁਤ ਜ਼ਿਆਦਾ। ਬੱਚਿਆਂ ਦੀ ਪੜ੍ਹਾਈ ਫਰੀ ਹੋਜੇ, ਮੈਂ ਹੋਰ ਕੁਝ ਨੀ ਮੰਗਦਾ। ਬੱਚੇ ਮੇਰੇ ਦੋਵੇਂ, ਇਕ ਮੁੰਡਾ ਇਕ ਕੁੜੀ, ਪੜ੍ਹਾਈ ਵਿਚ ਵਧੀਆ ਨੇ। ਦਸਵੀਂ ਤੱਕ ਮੈਂ ਪ੍ਰਾਈਵੇਟ ਸਕੂਲ ਚ ਪੜ੍ਹਾਏ ਨੇ। ਕੁੜੀ ਹੁਣ ਬਾਰ੍ਹਵੀਂ ਚ ਪੜ੍ਹ ਰਹੀ ਆ, ਕਮਰਸ ਕਰ ਰਹੀ ਹੈ। ਦਸਵੀਂ 'ਚ 80% ਨੰਬਰ ਸੀ। ਬੇਟਾ ਵੀ ਬਹੁਤ ਵਧੀਆ ਐ ਪੜ੍ਹਾਈ ਚ। ਆਹ ਪਿੱਛੇ ਜਿਹੇ ਉਹਨੂੰ ਸੁੰਦਰ ਲਿਖਾਈ ਲਈ ਟਰਾਫੀ ਮਿਲੀ ਐ।
ਮੈਂ ਟੂਰਨਾਮੈਂਟਾਂ ਵਿੱਚ ਕਮੈਂਟਰੀ ਵੀ ਕਰਦਾਂ। ਐਂ ਤਾਂ ਦੂਰਦਰਸ਼ਨ ਉੱਤੇ ਵੀ ਦੋ ਵਾਰ ਪ੍ਰੋਗਰਾਮ ਕਰਕੇ ਆਇਆਂ ਜੀ, ਜ਼ਿੰਦਗੀ ਅਨਮੋਲ ਪ੍ਰੋਗਰਾਮ ਹੁੰਦੈ। ਅਲੱਗ ਅਲੱਗ ਵਿਸ਼ਾ ਹੁੰਦੈ। ਉਹਨਾਂ ਵਿਕਲਾਂਗਾਂ ਨੂੰ ਬੁਲਾਉਂਦੇ ਨੇ ਜੋ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ। ਆਹ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਉਹਦੀਆਂ। ਮੈਂ ਲਿੱਖਦਾ ਵੀ ਆਂ। ਟ੍ਰਿਬਿਊਨ ਵਿੱਚ ਛਪਦਾ ਰਿਹਾਂ। ਜਿੱਦੇਂ ਦੇ ਆਹ ਨਵੇਂ ਸੰਪਾਦਕ ਆਏ ਨੇ, ਉਹਨਾਂ ਨੇ ਛਾਪਣਾ ਬੰਦ ਕਰਤਾ। ਇੱਕ ਹੋਰ ਬੇਨਤੀ ਆ ਜੀ, ਮੇਰੀਆਂ ਰਚਨਾਵਾਂ ਲਗਵਾਇਆ ਕਰੋ ਜੀ। 97 ਵੇਲੇ ਦਾ ਛਪ ਰਿਹਾਂ ਅਖ਼ਬਾਰਾਂ 'ਚ। ਚੜ੍ਹਦੀਕਲਾ, ਦੇਸ਼ ਸੇਵਕ ਵਗੈਰਾ ਵਿੱਚ ਵੀ ਛਪਦਾ ਰਿਹਾਂ। ਪੰਜਾਬੀ ਜਾਗਰਣ ਵਿੱਚ ਕਰ ਰਿਹਾਂ ਹੁਣ। ਮੈਂ ਕਾਵਿ-ਵਿਅੰਗ ਲਿਖਦਾਂ ਜੀ। ਜਿਵੇਂ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਨੇ, ਮੈਂ ਤਾਂ ਉਹਨਾਂ ਦਾ ਦਰਦ ਵੀ ਲਿੱਖਦਾਂ। ਜਦ ਨਹੀਂ ਛਾਪਦੇ ਤਾਂ ਫਿਰ ਮੈਨੂੰ ਫ਼ੇਸਬੁੱਕ ਉੱਤੇ ਪਾਉਣੀ ਪੈਂਦੀ ਐ।
ਜੇ ਦੁਬਾਰਾ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਤਾਂ ਮੈਂ ਪੜ੍ਹਾਈ ਕਰਾਂ ਹੋਰ ਤੇ ਪੀਐਚਡੀ ਕਰਾਂ। ਕਿਤਾਬਾਂ ਬਹੁਤ ਪੜ੍ਹਦਾਂ ਮੈਂ। ਨਰਿੰਦਰ ਕਪੂਰ ਦੀ ਅੰਤਰ ਝਾਤ ਬਹੁਤ ਵਧੀਆ ਕਿਤਾਬ ਲੱਗੀ ਮੈਨੂੰ। ਪੜ੍ਹਨ ਤੇ ਲਿਖਣ ਦਾ ਸ਼ੌਂਕ ਮੈਨੂੰ ਅਖ਼ਬਾਰ ਵਿੱਚ ਜਗਦੀਸ਼ ਪ੍ਰਕਾਸ਼ ਕੌਸ਼ਿਕ ਦੇ ਵਿਅੰਗ ਪੜ੍ਹਕੇ ਹੋਇਆ। ਫਿਰ ਮੈਨੂੰ ਹੋਇਆ ਕਿ ਮੈਂ ਵੀ ਲਿਖਾਂ। 97 ਵਿੱਚ ਜਦ ਪਹਿਲੀ ਵਾਰ ਛਪਿਆ ਤਾਂ ਮੇਰੇ ਕਈ ਦੋਸਤਾਂ ਦੇ ਹੌਂਸਲਾ ਦਿੱਤਾ।
ਕਿਰਤ ਹੀ ਕੀਤੀ ਆ ਜੀ ਸਾਰੀ ਉਮਰ ਪਰ ਏਡੀਆਂ ਕਮਾਈਆਂ ਨਹੀਂ ਹੈਗੀਆਂ ਹੁਣ। ਟਾਈਮ ਪਾਸ ਹੀ ਆ। ਪਿੰਡ ਚ ਮੁੰਡੇ ਕੰਮ ਸਿੱਖ ਕੇ ਰਾਜ਼ੀ ਨਹੀਂ ਹੈਗੇ। ਇਹ ਕੰਮ ਨਹੀਂ ਕਰਦੇ ਲੋਕ ਛੱਡ ਜਾਂਦੇ ਨੇ ਕਈ ਸਿੱਖੇ ਸਿਖਾਏ। ਮੈਂ ਤਾਂ ਹੁਣ ਛੱਡ ਕੇ ਹੋਰ ਕੁਝ ਕਰ ਨਹੀਂ ਸਕਦਾ। ਬਾਕੀ ਬੱਚਿਆਂ ਦਾ ਹੈਗਾ, ਮੇਰਾ ਤਾਂ ਸੁਪਨਾ ਕਿ ਇਹ ਵੱਧ ਤੋਂ ਵੱਧ ਪੜ੍ਹਾਈ ਕਰਨ ਤੇ ਆਪਣੀ ਮਰਜ਼ੀ ਦਾ ਕੰਮ ਕਰਨ।
Story: Satdeep Gill, Gurdeep Dhaliwal
Text: Jasdeep Singh, Gurdeep Dhaliwal