ਸਾਡੇ ਬਜ਼ੁਰਗ ਪਾਕਿਸਤਾਨ 'ਚ ਵੀ ਇਹੋ ਕੰਮ ਕਰਦੇ ਸੀ; ਲੁਹਾਰਾ, ਕਿਰਸਾਨਾਂ ਵਾਸਤੇ ਹਲ਼ ਬਣਾ ਦੇਣਾ, ਪੰਜਾਲੀ ਬਣਾ ਦੇਣੀ, ਸੇਪੀ ਕਹਿੰਦੇ ਹੁੰਦੇ ਸੀ ਇਹਨੂੰ
। ਬੂਰੇਆਲਾ ਕੋਲ ਬਾਰ ਨਾਂ ਦਾ ਪਿੰਡ ਸੀ ਸਾਡਾ। ਪਿੰਡ ਦੇ ਨਾਂ ਤੋਂ ਈ ਮੇਰਾ ਨਾਂ ਬਾਰਾ ਰੱਖਤਾ ਬੁੜਿਆਂ ਨੇ। ਉਥੇ ਜਦੋਂ ਲੜਾਈ ਲੱਗਣੀ ਸੀ, ਅਜੇ ੫-੪ ਮਹੀਨੇ ਸੀਗੇ, ਇੱਕ ਵੱਡਾ ਸਰਦਾਰ ਬਜ਼ੁਰਗਾਂ ਨੂੰ ਪੁੱਛਣ ਲੱਗਾ, 'ਬਜ਼ੁਰਗਾ ਕੋਈ ਪੈਲੀ ਪੂਲੀ, ਘਰ ਘੁਰ ਹੈਗਾ?' ਬਜ਼ੁਰਗ ਕਹਿੰਦੇ ਸਭ ਕੁਝ ਹੈਗਾ। ਉਹ ਆਂਦਾ ਬਈ ਤੀਜੇ ਮਹੀਨੇ ਲੜਾਈ ਲੱਗ ਜਾਣੀ ਆ, ਤੂੰ ਬੱਚਿਆਂ ਨੂੰ ਐਥੋਂ ਲੈਜਾ। ਬਜ਼ੁਰਗਾਂ ਨੇ ਸਣੇ ਸਾਡਾ ਆਟਾ ਪੀਹਣ ਆਲਾ ਖ਼ਰਾਸ, ਸਣੇ ਕੁੱਤਾ, ਮਹਿੰ, ਸਭ ਕੁਝ ਐਧਰ ਲੈ ਆਂਦਾ। ਉਦੋਂ ਮੈਂ ੫-੬ ਸਾਲਾਂ ਦਾ ਸੀ। ਅਸੀਂ ਸਿੱਧਾ ਸਿੰਘਾਂਵਾਲੇ ਆਏ।ਸਾਡੇ ਬਜ਼ੁਰਗ ਨੇ ਬਹੁਤ ਕੰਮ ਕੀਤਾ, ਪੈਲੀ ਵੀ ਬਣਾਈ, ਉਹ ੧੧੦ ਦੇ ਹੋ ਕੇ ਗੁਜ਼ਰੇ।
ਮੇਰੀ ਆਪਣੀ ਉਮਰ ਵੀ ਹੁਣ ੮੦ ਸਾਲ ਦੀ ਉਮਰ ਹੋਗੀ। ਜਦੋਂ ਮੈਂ ਪੂਰਾ ਜਵਾਨ ਸੀ ਮੇਰਾ ਐਕਸੀਡੈਂਟ (ਹਾਦਸਾ) ਹੋ ਗਿਆ। ਬੱਸ ਮੈਨੂੰ ਦੂਰੋਂ ਆਉਦੀ ਦਿੱਖ ਗਈ ਸੀ। ਅਸੀਂ ਪੁਰਾਣੀ ਚੁੰਗੀ ਵੱਲੋਂ ਤਾਂਗੇ ਚ ਬੈਠੇ ਆਉਂਦੇ ਸੀ। ਮੈਨੂੰ ਓਥੋਂ ਲੱਗੀ ਜਾਂਦਾ ਸੀ ਕਿ ਬੱਸ ਵੱਜੂਗੀ ਵੱਜੂਗੀ। ਮੈਥੋਂ ਅਗਲੇ ਪਾਸੇ ਤਾਂਗੇ ਆਲਾ ਬੈਠਾ। ਵਿਆਹ ਦਾ ਸਮਾਨ ਲੈਣ ਗਏ ਸੀ। ਤਾਂਗੇ 'ਚ ਸਾਰਾ ਮੇਲ ਬੈਠਾ ਸੀ।ਮੈਂ ਸੋਚਿਆ ਸਮਾਨ ਇਕੱਠਾ ਚੱਕ ਲਿਆਉਣੇ ਆਂ। ਤਾਂਗੇ 'ਚ ਬੱਸ ਵੱਜੀ 'ਤੇ ਤਾਂਗਾ ਉਲਟ ਗਿਆ। ਮੇਰੀ ਲੱਤ ਟੁੱਟ ਗਈ।
ਮੈਂ ੨੫-੩੦ ਸਾਲ ਦਾ ਕੰਮ ਕਰਨ ਲੱਗ ਗਿਆ ਸੀ । ਉਸਤੋਂ ਪਹਿਲਾਂ ਮਹੀਆਂ ਰੱਖ ਲੈਣੀਆਂ, ਦੁੱਧ ਦਾ ਕਰੀ ਜਾਣਾ। ਪਸ਼ੂਆਂ ਦਾ ਬਹੁਤ ਸ਼ੌਕ ਸੀ।ਜਦੋਂ ਕੰਮ ਤੇ ਲੱਗੇ, ੧੫੦ ਹਲ ਵੀ ਬਣਾਏ ਕਿਸੇ ਟਾਈਮ ਸੇਪੀ ਦੇ, ੧੦-੧੨ ਵਜੇ ਤੱਕ ਕੰਮ ਨਹੀਂ ਸੀ ਨਿਬੜਦਾ। ਮੇਰੀ ਘਰਵਾਲੀ ਨੇ ਵੀ ਬਹੁਤ ਕੰਮ ਕੀਤਾ। ਹੱਦੋਂ ਵੱਧ ਕਮਾਈ ਕਰੀ ਆ। ਨਾਲ ਹੱਥ ਵੀ ਵਟਾਇਆ। ਮੈਂ ਬਾਹਰੋਂ ਪੱਠੇ ਲਿਆਉਂਦਾ ਹੁੰਦਾ ਸੀ, ਇਹਨੇ ਆਥਣੇ ਡੁੰਗ ਦੇਣੇ। ਛੱਲੀਆਂ ਲਿਆਉਣੀਆਂ ਉਹ ਕੱਢ ਦੇਣੀਆਂ। ਭਾਵੇਂ ਚਾਰ ਪੰਡਾਂ ਹੋਣ ਇਹਨੇ ਡੁੰਗ ਦੇਣੀਆਂ। ਦਾਣੇ ਮੈਂ ਮੰਡੀ 'ਚ ਵੇਚ ਆਉਂਦਾ ਸੀ। ਹੁਣ ਵੀ ਕੰਮ ਕਰ ਲੈਨਾ ਪਰ ਥੋੜ੍ਹਾ ਕਰੀਦਾ
। ਪਹਿਲਾਂ ਲੂੰਬੀ ਗੱਡੀ ਸੀ ਉਤਾਂਹ। ਥੱਲੇ ਟੋਹਾ ਪੱਟਿਆ ਹੋਇਆ ਸੀ। ਮੈਂ ਖੜ੍ਹ ਕੇ ਕੰਮ ਕਰਦਾ ਸੀ, ਬਹੁਤ ਕੰਮ ਕੀਤਾ ਤੇ ਪਰ ਹੈ ਵੀ ਸੌਖੇ। ਇਹ ਨੀ ਹੈ ਵੀ ਔਖੇ ਆਂ, ਬਹੁਤ ਸੁਖਾਲੀ ਜਿੰਦਗੀ ਲੰਘੀ ਆ। ਮੈਂ ਡੱਕਾ ਨਹੀਂ ਪੜ੍ਹਿਆ, ਪਰ ਜਵਾਕ ਸਾਰੇ ਪੜ੍ਹਾਏ। ਮੁੰਡੇ ਤੋਂ ਵੱਡੀਆਂ ੪ ਗੁੱਡੀਆਂ ਤੇ ੨ ਛੋਟੀਆਂ।
ਸਾਰੇ ਕਹਿੰਦੇ ਸੀ ਕੀ ਪੜ੍ਹਾਈ ਤੇ ਪੈਸੇ ਲਾਈ ਜਾਨੈਂ ਪਰ ਮੈਨੂੰ ਲੱਗਦਾ ਸੀ ਕਿ ਪੜ੍ਹਾਈ ਜ਼ਰੂਰੀ ਆ। ਬੱਚਿਆਂ ਨੇ ਜਿਦਾਂ ਦੀ ਪੜ੍ਹਾਈ ਕਰਨੀ ਚਾਹੀ, ਮੈਂ ਕਰਵਾਈ। ੮.੫ ਲੱਖ ਦੀ ਮੈਡੀਕਲ ਦੁਕਾਨ ਵੀ ਲੈਕੇ ਦਿੱਤੀ ਮੁੰਡੇ ਨੂੰ, ਹੁਣ ਇਹ ਘਰ ਵੀ ਵਿਕਾਊ ਕੀਤਾ ਹੋਇਆ। ਐਂ ਆ ਬਈ ਦੁਕਾਨ ਦੇ ਨੇੜੇ ਲੈ ਲਈਏ ਇਹਨੂੰ ਵੇਚਕੇ। ਮੁੰਡੇ ਦਾ ਆਉਣ ਜਾਣ ਦਾ ਤੇ ਰੋਟੀ ਦਾ ਸੌਖਾ ਹੋਜੂ।
ਹੁਣ ਤਾਂ ਸਾਡੇ ਵਰਗੇ ਬਜ਼ੁਰਗਾਂ ਨੂੰ ਕੋਈ ਨੀ ਪੁੱਛਦਾ, ਕਹਿੰਦੇ ਆ ਇਹਨਾਂ ਨੂੰ ਕੀ ਪਤਾ ਹੋਊ। ਪਰ ਮੇਰਾ ਕੰਮ ਦੇਖ ਕੇ ਟੇਸ਼ਨ ਆਲੀ ਤਲਵੰਡੀ ਤੋਂ ਇੱਕ ਮਿਸਤਰੀ ਮੈਨੂੰ ਸਿਫਾਰਸ਼ ਨਾਲ ੩-੪ ਮਹੀਨੇ ਵਾਸਤੇ ਲੈ ਗਿਆ। ਪੈਸੇ ਵੀ ਰੱਜ ਕੇ ਦਿੰਦਾ ਸੀ। ਇਹਨਾਂ ਜੁਆਕਾਂ ਨੇ ਕਹਿਤਾ, ਬਾਪੂ ਰਹਿਣਦੇ ਜਾਣ ਨੂੰ, ਦੂਰ ਆ। ਮੈਨੂੰ ੨੦,੦੦੦ ਰੁਪਏ ਮਹੀਨੇ ਦਾ ਬਣਦਾ ਸੀ। ੧੦,੦੦੦ ਕਹੀ ਬਣਾਈ ਸੀ ਅਸੀਂ ਯੂ.ਪੀ., ਬਿਹਾਰ 'ਚ ਘੱਲਣ ਵਾਸਤੇ। ਸਾਰੀ ਤਲਵੰਡੀ 'ਚ ਗੇੜਾ ਦੇ ਕੇ ਆਗੇ ਭਈਏ ਕਹਿੰਦੇ ਕਹੀ ਨੀ ਮਿਲੀ ਇਹੋ ਜੀ। ਮਿਸਤਰੀ ਜਵਾਬ ਦਈ ਜਾਵੇ ਕਹਿੰਦਾ ਸਾਥੋਂ ਨੀ ਬਣਨੀ। ਮੈਂ ਕਿਹਾ ਯਰ ਮਿਸਤਰੀ ਰੁਪਏ ਲੱਖ ਫੜ੍ਹ ਤੂੰ ਇਹਨਾਂ ਤੋਂ ਆਪਾਂ ਬਣਾਵਾਂਗੇ। 'ਬਾਪੂ ਬਣਨੀਆਂ ਨੀ।' ਮੈਂ ਕਿਹਾ ਬਣਨਗੀਆਂ ਕਿਵੇਂ ਨਾਂ। 'ਆਂਹਦਾ ਬਿਜਲੀ ਘੱਟ-ਵੱਧ ਆਊਗੀ।' ਮਖਿਆ ਮੈਂ ਵੇਣੇ ਨਾਲ ਜੜੂੰਗਾ। ਆਹ ਵੇਣਿਆਂ ਨਾਲ ਜੜ ਜੜ ਬਣਾਈਆਂ ਸਾਡੀਆਂ। ੧੦,੦੦੦ ਕਹੀ ਉਹਨਾਂ ਨੂੰ ਬਣਾ ਕੇ ਦਿੱਤੀ। ਪੈਸੇ ਰੱਜ ਕੇ ਲਏ ਉਹ ਮਿਸਤਰੀ ਨੇ। ਮਾਲ ਤੋਲ ਕੇ ਦਿੰਦੇ ਸੀ ਅਸੀਂ ਤੱਕੜੀ-ਕੰਡਾ ਸਾਡੇ ਕੋਲੇ ਸੀ
। ਮੈਂ ਉਹਨਾਂ ਨੂੰ ਕਿਹਾ ਇਹਦਾ ਕੀ ਪੱਟੋਂਗੇ ਓਧਰ ਜਾ ਕੇ। ਕਹਿੰਦੇ ਜਿੰਨਾਂ ਥੋਨੂੰ ਦਿੰਨੇ ਆ ਇਹਦੇ ਦੁੱਗਣੇ ਕਮਾਉਣੇ ਆ ਓਧਰ। ੨੦੦੦ ਮੈਨੂੰ ਇਨਾਮ ਲਾ ਦਿੱਤਾ ਓਹ ਮਿਸਤਰੀ ਨੇ ਕਹਿੰਦਾ ਬਾਪੂ ਸਾਥੋਂ ਨੀ ਬਣਨੀਆਂ ਸੀ ਇਹ। ਮੈਂ ਕਿਹਾ ਅੱਗੇ ਅਸੀਂ ਸੱਲ ਵਰਮਿਆਂ ਨਾਲ ਈ ਪਾਉਂਦੇ ਸੀ ਅੱਗੇ ਮਸ਼ੀਨਾਂ, ਰਗੜਾਈ ਕਿੱਥੇ ਸੀ। ਬਾਬਾ ਵਿਸ਼ਕਰਮਾਂ ੫ ਸੰਦਾਂ ਨੂੰ ਲੈਂਦਾ। ਥੌੜਾ, ਘਣ, ਕੁਹਾੜਾ, ਗੁਣੀਆ ਤੇ ਪ੍ਰਕਾਰ। ਮੈਂ ਸਾਰੇ ਸੰਦਾਂ ਤੇ ਸੈਂਟਰ (ਨਿਸ਼ਾਨੀ) ਲਾ ਕੇ ਰੱਖਦਾ ਮੈਂ। ਕਈ ਸੰਦ ਤਾਂ ੨੦-੨੦ ਸਾਲਾਂ ਬਾਅਦ ਸਿਆਣ ਕੇ ਵਾਪਿਸ ਲਿਆਂਦੇ ਆ।
ਸਾਰੀ ਗੱਲਬਾਤ ਸੁਣ ਰਹੀ ਨਾਲ ਖੜੀ ਸੁਖਦੇਵ ਕੌਰ (ਬਾਰਾ ਸਿੰਘ ਦੀ ਘਰਵਾਲੀ) ਨੇ ਕਿਹਾ,
"ਤਾਂਹੀ ਤਾਂ ਮੈਂ ਆਹਣੀ ਹੁੰਦੀ ਆਂ, "ਮੇਰੇ ਮਾਪਿਆਂ ਨੇ ਮੁੰਡਾ ਕਾਮਾ ਭਾਲ ਕੇ ਦਿੱਤਾ। ਮੈਂ ਤਾਂ ਮੌਜ ਕੀਤੀ ਆ ਸਾਰੀ ਉਮਰ। ਕਦੇ ਮੈਨੂੰ ਉੱਚੀ ਨੀ ਬੋਲ ਕੇ ਦੇਖਿਆ, ਹਮੇਸ਼ਾ ਪਿਆਰ ਨਾਲ ਰੱਖਿਆ।"
ਇਹ ਸੁਣ ਕੇ ਬਾਰਾ ਸਿੰਘ ਨੇ ਕਿਹਾ,
"ਇਹ ਤਾਂ ਤੇਰਾ ਮਨ ਜਾਣਦਾ ਤੇ ਮੈਂ ਜਾਣਦਾਂ। ਹੋਰ ਕੋਈ ਇਨਸਾਨ ਨੀ ਜਾਣ ਸਕਦਾ।"
Photographs: Gurdeep Dhaliwal
Text: Jasdeep Singh
Edits: Sangeet Toor