ਮੋਰਚਾਨਾਮਾ

ਮੋਰਚਾਨਾਮਾ

ਕਿਸਾਨ ਮੋਰਚੇ ਨੂੰ ਦਿੱਲੀ ਪਹੁੰਚਿਆ ਸੱਤ ਮਹੀਨੇ ਹੋ ਚੱਲੇ ਹਨ। ਮੀਡੀਆ ਨੇ, ਸਰਕਾਰਾਂ ਨੇ ਭਾਵੇਂ ਇਸ ਨੂੰ ਅੱਖੋਂ ਪਰੋਖੇ ਕਰਨ ਦੀ ਲੱਖ ਕੋਸ਼ਿਸ਼ ਕੀਤੀ,  ਪਰ ਕਿਸਾਨਾਂ ਦਾ ਰੋਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਿੱਖਾ ਅਤੇ ਦ੍ਰਿੜ੍ਹ ਹੋਇਆ ਹੈ। ਹਰਿਆਣੇ ਦੇ ਹਿਸਾਰ , ਟੋਹਾਣਾ ਅਤੇ ਕਈ ਹੋਰ ਥਾਵਾਂ ਤੋਂ ਪ੍ਰਤੱਖ ਹੈ ਕਿ ਸਿਵਲ ਨਾਫੁਰਮਾਨੀ ਅਤੇ ਹੁਕਮਰਾਨਾਂ ਦੀ ਖਿਲਾਫਤ ਆਪਣੇ ਸਿਖਰ ਤੇ ਹੈ। ਸਰਕਾਰਾਂ ਭਾਵੇਂ ਗੱਲਬਾਤ ਤੋਂ ਮੁਨਕਰ ਹਨ। ਪੰਜਾਬ ਦੀਆਂ ਹੁਕਮਰਾਨ ਪਾਰਟੀਆਂ ਕਿਸਾਨੀ ਮੁੱਦਿਆਂ ਦੀ ਥਾਂ ਹੋਰ ਮਸਲਿਆਂ ਨੂੰ ਤਰਜੀਹ ਦੇ ਕੇ ਵੋਟ ਤੰਤਰ ਦੀ ਖੇਡ ਵਿੱਚ ਜੇਤੂ ਹੋਣਾ ਚਾਹੁੰਦੀਆਂ ਹਨ।  ਪਰ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਅਤੇ ਔਰਤਾਂ ਆਪੋ ਆਪਣੇ ਮੋਰਚਿਆਂ ‘ਤੇ ਡਟੇ ਹੋਏ ਹਨ। 

ਪਿਛਲੇ ਪੰਜ ਛੇ ਹਫ਼ਤਿਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਮਧੋਲਿਆ। ਸਰਕਾਰਾਂ ਦਾ ਦਹਾਕਿਆਂ ਤੋਂ ਸਿਹਤ ਸਹੂਲਤਾਂ ਦੇ ਜਨਤਕ ਸਿਸਟਮ ਨੂੰ ਖੋਖਲਾ ਕਰ ਕੇ ਨਿੱਜੀ ਹੱਥਾਂ ਵਿੱਚ ਦੇਣ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਨਿੱਜੀ ਹਸਪਤਾਲਾਂ ਵਾਲੇ ਮੁਨਾਫਾ ਕਮਾਉਣ ਚ ਲੱਗੇ ਰਹੇ ਅਤੇ ਸਰਕਾਰੀ ਹਸਪਤਾਲਾਂ ਚ ਲੋਕ  ਆਕਸੀਜਨ ਤੋਂ ਬਿਨਾਂ ਦਮ ਤੋੜਦੇ ਰਹੇ। ਸਰਕਾਰਾਂ ਦੀ ਬਦ ਇੰਤਜ਼ਾਮੀ ਅਤੇ ਲੋਕਾਂ ਨਾਲ ਕੀਤੇ ਵਿਸਾਹਘਾਤਾਂ ਕਾਰਨ ਲੋਕ ਅਫਵਾਹਾਂ ਦੇ ਸ਼ਿਕਾਰ ਹੋਏ ਅਤੇ ਕੋਰੋਨਾ ਦੇ ਬਚਾਅ ਦੇ ਤਰੀਕਿਆਂ ਤੋਂ ਕੰਨੀ ਕਤਰਾਉਣ ਲੱਗੇ। ਵੈਕਸੀਨ ਲਵਾਉਣ ਤੋਂ ਬਾਅਦ ਹੋਣ ਵਾਲੀਆਂ ਅਲਾਮਤਾਂ ਬਾਰੇ ਪੁਖ਼ਤਾ ਜਾਣਕਾਰੀ ਨਾ ਹੋਣ ਕਾਰਨ ਲੋਕ ਵੈਕਸੀਨ ਲਵਾਉਣ ਤੋਂ ਵੀ ਗੁਰੇਜ਼ ਕਰਨ ਲੱਗੇ।  ਕਿਸੇ ਮਹਾਂਮਾਰੀ ਕਰਕੇ ਐਨਾ ਜਾਨੀ ਨੁਕਸਾਨ ਪਿਛਲੇ ਦਹਾਕਿਆਂ ਵਿੱਚ ਤਾਂ ਨਹੀਂ ਹੋਇਆ ਸੀ।  ਕੋਰੋਨਾ ਮਹਾਮਾਰੀ ਤੇ ਜਿੱਤ ਦਾ ਐਲਾਨ ਕਰਨ ਦੀ ਮੋਦੀ ਸਰਕਾਰ ਦੀ ਕਾਹਲ ਨੇ ਲੱਖਾਂ ਘਰਾਂ ਦੇ ਦੀਵੇ ਬੁਝਾ ਦਿੱਤੇ।  ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਜੇ ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਜੋ ਹਾਲ ਇਸ ਵਾਰ ਆਕਸੀਜਨ ਦੀ ਕਿੱਲਤ ਕਰਕੇ ਹੋਇਆ, ਆਉਣ ਵਾਲੇ ਸਮਿਆਂ  ਵਿੱਚ ਅਜਿਹਾ ਹੀ ਭੋਜਨ ਦੀ ਕਿੱਲਤ ਕਾਰਨ ਵੀ ਹੋ ਸਕਦਾ ਹੈ।  ਪਰ ਹਠਧਰਮੀ ਭਾਜਪਾ ਸਰਕਾਰ ਦੇ ਕੰਨ ਤੇ ਹਾਲੇ ਵੀ ਜੂੰ ਨਹੀਂ ਸਰਕ ਰਹੀ। 

ਸਰਕਾਰਾਂ ਕਿਸਾਨ ਮੋਰਚੇ  ਨੂੰ ਲੀਹੋਂ ਲਾਹੁਣ ਦਾ ਕੋਈ ਨਾ ਕੋਈ ਯਤਨ ਕਰਨ ਵਿੱਚ ਲੱਗੀਆਂ ਹੋਈਆਂ ਨੇ।  ਤਿੰਨ ਕੁ ਹਫ਼ਤੇ ਪਹਿਲਾਂ ਬੀਬੀਸੀ ਨੇ ਇਕਪਾਸੜ ਰਿਪੋਰਟ ਨਸ਼ਰ ਕੀਤੀ ਜਿਸ ਵਿੱਚ ਸ਼ਹਿਰੀ ਕੁੜੀਆਂ ਨੇ ਅੰਦੋਲਨ ਵਿੱਚ ਹੋਏ ਮਾੜੇ ਤਜਰਬਿਆਂ ਦੇ ਚਿੱਠੇ ਪੜ੍ਹੇ। ਦਿਲਚਸਪ ਗੱਲ ਇਹ ਸੀ ਕਿ ਇਸ ਵਿੱਚ ਕਿਸੇ ਪੇਂਡੂ ਔਰਤ ਜਾਂ ਕੁੜੀ ਦਾ   ਤਜਰਬਾ ਸ਼ਾਮਲ ਨਹੀਂ ਸੀ।  ਨਾ ਹੀ ਉਨ੍ਹਾਂ ਕੁੜੀਆਂ ਦਾ ਜੋ ਮੋਰਚੇ ਵਿੱਚ ਮਹੀਨਿਆਂ ਤੱਕ ਬੈਠੀਆਂ ਰਹੀਆਂ।  ਇਸ ਤੋਂ ਬਾਅਦ ਸੀ ਐਨ ਐਨ ਨਿਊਜ਼ 18 ਚੈਨਲ ਇਕ ਕੁੜੀ ਨਾਲ ਹੋਈ ਜਬਾਨੀ ਛੇੜਛਾੜ ਨੂੰ ਵਧਾ ਚੜ੍ਹਾ ਕੇ ਪੇਸ ਕੀਤਾ ਅਤੇ ਕੁੜੀ ਨੂੰ ਚੈਨਲ ਨੂੰ ਕਾਨੂੰਨੀ ਨੋਟਿਸ ਭੇਜਣਾ ਪਿਆ। ਇਸ ਤੋਂ ਪਹਿਲਾਂ ਬੰਗਾਲ ਦੀ ਮੋਮਿਤਾ ਬਾਸੂ ਦੀ ਸ਼ਹੀਦੀ ਨੂੰ ਕਿਸਾਨਾਂ ਦੇ ਹਿਰਦੇ ਵਲੂਧਰੇ, ਉਸ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਮੋਰਚੇ ਚ ਉਸ ਦੇ ਹੀ ਮੇਜ਼ਬਾਨਾਂ ਨੇ ਉਸ ਨਾਲ ਧੱਕੇਸ਼ਾਹੀ ਵੀ ਕੀਤੀ ਸੀ।  ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਅਤਿ-ਨਿੰਦਣਯੋਗ ਹੈ।  ਮੋਰਚਾ ਜੋ ਕਿਸੇ ਵੇਲੇ ਕੁੜੀਆਂ ਅਤੇ ਬੀਬੀਆਂ ਦੀ ਹਿੱਸੇਦਾਰੀ ਕਰਕੇ ਸਲਾਹਿਆ ਜਾ ਰਿਹਾ ਸੀ ਇੰਨੀ ਛੇਤੀ ਬਦਲ ਤਾਂ ਨਹੀਂ ਸਕਦਾ। ਸਮਾਜ ਵਿਚਲੀਆਂ ਕੁਰੀਤੀਆਂ ਵੀ ਮੋਰਚੇ ਦਾ ਹਿੱਸਾ ਹਨ ਅਤੇ ਜਿਸ ਕਰਕੇ ਅਜਿਹੇ ਵਿਕਾਰ  ਵੀ ਹਨ। ਹਾਲੇ ਵੀ ਮੋਰਚੇ ਦੀ ਉਰਜਾ ਹਾਂ ਪੱਖੀ ਅਤੇ ਚੜ੍ਹਦੀ ਕਲਾ ਵਾਲੀ ਹੈ। ਪਿਛਲੇ ਹਫ਼ਤੇ ਵਿੱਚ ਝੋਨੇ ਦੀ ਲਵਾਈ ਦੌਰਾਨ ਬੀਬੀਆਂ ਦੇ ਜਥੇ ਮੋਰਚੇ ਤੇ ਪਹੁੰਚ ਰਹੇ ਹਨ।  ਮੋਰਚੇ ਨੇ ਬੀਬੀਆਂ ਨੂੰ ਲਾਮਬੰਦ ਕਰਕੇ ਆਜ਼ਾਦੀ ਅਤੇ ਬਲ ਬਖਸ਼ਿਆ ਹੈ। ਹੁਣ ਉਹ ਆਪਣੇ ਹੱਕਾਂ ਦੀ ਗੱਲ ਨਾ ਸਿਰਫ ਸਰਕਾਰ  ਦਰਬਾਰੇ ਬਲਕਿ ਪੰਚਾਇਤਾਂ ਵਿੱਚ ਵੀ ਬੇਬਾਕ ਕਰਨ ਜੋਗੀਆਂ ਹਨ। ਪਿਤਾ ਪੁਰਖੀ ਨਰ ਪ੍ਰਧਾਨ ਸਮਾਜ ਦੀਆਂ ਜ਼ੂਲਾਂ ਵੀ ਹਿੱਲਣ ਲੱਗੀਆਂ ਹਨ। ਕਿਸਾਨ ਅੰਦੋਲਨ ਦਾ ਇਹ ਵੱਡਾ ਹਾਸਿਲ ਹੈ।

ਸਰਬੱਤ ਦੇ ਭਲੇ ਵਾਲੇ ਸਾਂਝੀਵਾਲ ਲੋਕਰਾਜ ਦੀ ਬਣਤਰ ਹੋ ਰਹੀ ਹੈ। ਕਿਸਾਨ ਮੋਰਚੇ ਨੇ ਪਹਿਲਾਂ ਤਾਂ ਸਿਆਸੀ ਜਮਾਤਾਂ ਨੂੰ ਇਕੱਠ ਹੋ ਕੇ ਲੜਨ ਦੀ ਤਾਕਤ ਦਾ ਅਹਿਸਾਸ ਕਰਵਾਇਆ। ਪੰਜ ਸਾਲੀਂ ਵੋਟਾਂ ਦੀ ਗਿਣਤੀ ਨਾਲ ਹੀ ਲੋਕਰਾਜ ਨਹੀਂ ਕਹਾਇਆ ਜਾ ਸਕਦਾ।  ਲੋਕਾਂ ਦੀ ਹਰ ਪੱਧਰ ਤੇ ਹਿੱਸੇਦਾਰੀ ਸਦਕਾ ਹੀ ਲੋਕਰਾਜ  ਬਣਦਾ ਹੈ।  ਕੁਲੀਨ ਸਿਆਸੀ ਜਮਾਤ ਆਪਣੀ ਪੁਲੀਸ ਦੇ ਜ਼ੋਰ ਤੇ, ਮੀਡੀਆ ਦੇ ਭੰਡੀ ਪ੍ਰਚਾਰ ਸਦਕਾ ਕੋਈ ਵੀ ਮਨਚਾਹਿਆ ਕਾਨੂੰਨ ਲੋਕਾਂ ਦੇ ਗਲ ਨਹੀਂ ਮੜ੍ਹ ਸਕਦੀ। ਪੱਛਮੀ ਮੁਲਕਾਂ ਵਿਚ ਵੱਡੇ ਕਾਰਪੋਰੇਟਾਂ ਨੇ ਛੋਟੇ ਕਿਸਾਨਾਂ ਨੂੰ ਜ਼ਮੀਨ ਵਿਹੂਣੇ ਬਣਾ ਕੇ ਮਜ਼ਦੂਰਾਂ ਵਿਚ ਪਹਿਲਾਂ ਹੀ ਤਬਦੀਲ ਕਰ ਦਿੱਤਾ ਸੀ।  ਹਿੰਦੁਸਤਾਨ ਖ਼ਾਸ ਕਰਕੇ ਪੰਜਾਬ ਹਰਿਆਣੇ ਵਿੱਚ ਕਿਸਾਨ ਮਜਦੂਰਾਂ ਭਾਵੇਂ ਔਖਾ ਹੀ ਸਹੀ ਪਰ ਫਿਰ ਵੀ ਰੱਜਵੀਂ ਰੋਟੀ ਖਾ ਹੀ ਸਕਦੇ ਹਨ।  ਇਹ ਅੰਦੋਲਨ ਦੁਨੀਆਂ ਦੇ ਇਤਿਹਾਸ ਵਿਚ ਸਰਮਾਏਦਾਰ ਨਿਜਾਮ ਦੀ ਹੈਂਕੜ ਦੇ ਉਲਟ ਖੜ੍ਹਾ ਹੈ ਅਤੇ ਇਸ ਦੀ ਦ੍ਰਿੜ੍ਹਤਾ, ਨਿਡਰਤਾ ਅਤੇ ਚੜ੍ਹਦੀ ਕਲਾ ਤੋਂ ਲਗਦਾ ਹੈ ਕਿ ਮੋਰਚਾ ਫਤਿਹ ਜਰੂਰ ਹੋਵੇਗਾ।

pa_INPanjabi

Discover more from Trolley Times

Subscribe now to keep reading and get access to the full archive.

Continue reading