ਕਿਸਾਨ ਅੰਦੋਲਨ ਕਰਕੇ ਅਸੀਂ ਸਾਰੇ ਅੰਬੇਡਕਰ ਜੈਯੰਤੀ ਵੱਡੇ ਪੱਧਰ ਤੇ ਮਨਾ ਰਹੇ ਹਾਂ। ਸਿਆਸੀ ਪਾਰਟੀਆਂ ਨੇ ਵੀ ਐਲਾਨ ਕਰ ਦਿੱਤੇ ਹਨ ਕਿ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਲਿਤ ਵਰਗ ਵਿਚੋਂ ਹੋਵੇਗਾ। ਦਹਾਕਿਆਂ ਤੋਂ ਹੀ ਹਰੇਕ ਧਿਰ ਵੱਲੋਂ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਪੇਸ਼ ਕੀਤੀ ਜਾਂਦੇ ਹਨ। ਚਾਹੇ ਚੋਣਾਂ ਦੇ ਨੇੜੇ ਜਾਂ ਫਿਰ ਉਹਨਾਂ ਦੀ ਜੈਯੰਤੀ ਵੇਲੇ।
ਪਰ ਗੱਲ ਅੰਬੇਡਕਰ ਜੈਯੰਤੀ ਮਨਾਓੁਣ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਸਾਡੀ ਗ਼ੈਰ–ਦਲਿਤਾਂ ਦੀ ਦਲਿਤਾਂ ਪ੍ਰਤੀ ਵੱਡੀ ਜ਼ੁੰਮੇਵਾਰੀ ਹੈ। ਇਸ ਜ਼ੁੰਮੇਵਾਰੀ ਨੂੰ ਨਿਭਾਓੁਣ ਦੀ ਸ਼ੁਰੂਆਤ ਪੰਚਾਇਤੀ ਜ਼ਮੀਨਾਂ ਤੋ ਹੋਣੀ ਚਾਹੀਦੀ ਹੈ। ਅਗਲੇ ਮਹੀਨੇ ਪੰਚਾਇਤੀ ਜ਼ਮੀਨਾਂ ਦੀ ਬੋਲੀ ਹੈ। ਕੀ ਅਸੀਂ ਗ਼ੈਰ–ਦਲਿਤ, ਦਲਿਤਾਂ ਨੂੰ ਪੰਚਾਇਤੀ ਜ਼ਮੀਨ ਦਾ ਇੱਕ ਤਿਹਾਈ ਹਿੱਸਾ ਲੈਣ ਦੇਵਾਂਗੇ? ਜਾਂ ਫਿਰ ਅਸੀਂ ਪਹਿਲਾਂ ਵਾਂਗ ਪ੍ਰੌਕਸੀ ਉਮੀਦਵਾਰ ਖੜਾ ਕਰਕੇ ਦਲਿਤਾਂ ਦਾ ਹੱਕ ਫੇਰ ਮਾਰਾਂਗੇ? ਮੈ ਇਹ ਲਿਖ ਤਾਂ ਰਿਹਾ ਹਾਂ, ਪਰ ਕੀ ਮੈ ਆਪਣੇ ਪਿੰਡ ਵਿੱਚ ਇਹ ਬਦਲਾਅ ਲੈ ਆ ਸਕਾਂਗਾ? ਮਾਲਵੇ ਦੇ ਕਈ ਪਿੰਡਾਂ ਵਿਚ ਦਲਿਤਾਂ ਨੇ ਲੜ ਕੇ ਇਹ ਹੱਕ ਲੈ ਲਿਆ ਹੈ ਅਤੇ ਉਸ ਜ਼ਮੀਨ ਤੇ ਸਾਂਝੀ ਖੇਤੀ ਕਰਕੇ ਆਪਣਾ ਜੀਵਨ ਪਹਿਲਾਂ ਨਾਲੋ ਸੁਖਾਵਾਂ ਕਰ ਲਿਆ ਹੈ। ਗੱਲ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ।