ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ

ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ

ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਦੇ ਜੱਥੇ ਵੀ ਕਿਸਾਨ ਮੋਰਚੇ ਵਿਚ ਆ ਕੇ ਡਟ ਰਹੇ ਹਨ। 27 ਦਸੰਬਰ, ਟਿਕਰੀ ਬਾਰਡਰ ਦੀ ਸਾਂਝੀ ਸਟੇਜ ’ਤੇ ਰੁਲਦੂ ਸਿੰਘ ਮਾਨਸਾ ਬੋਲ ਰਹੇ ਸਨ। ਉਨ੍ਹਾਂ ਨੇ ਇਸ ਮਹੀਨੇ ਦੀਆਂ ਸ਼ਹੀਦੀਆਂ ਯਾਦ ਕਰਵਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਜੀ ਦਾ ਸੀਸ ਪੰਜਾਬ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।

ਮਾਨਸਾ ਤੋਂ ਕਰੀਬ 1000 ਖ਼ੇਤ ਮਜ਼ਦੂਰਾਂ ਦਾ ਜੱਥਾ, ਜਿਸ ਵਿਚ 450 ਬੀਬੀਆਂ ਸਨ, ਬੱਸਾਂ ਤੇ ਮਿੰਨੀ ਬੱਸਾਂ ਰਾਹੀਂ 26 ਦਸੰਬਰ ਨੂੰ ਟੀਕਰੀ ਪੁੱਜਿਆ।  “ਅਸੀਂ ਤਾਂ ਕਪਾਹ ਚੁਗਦੇ ਸੀ ਦੋ ਦਿਨ ਛੱਡ ਕੇ ਉਰੇ ਆ ਗਏ,” ਪਿੰਡ ਮੌਜੀਆਂ ਦੇ ਲਾਲ ਸਿੰਘ ਨੇ ਦੱਸਿਆ।  ਘਰ ਦੇ ਗੁਜ਼ਾਰੇ ਬਾਰੇ ਪੁੱਛਣ ਤੇ ਬੀਬੀ ਚਰਨਜੀਤ ਕੌਰ ਨੇ ਦੱਸਿਆ “ਅਸੀਂ ਤਾਂ ਪਹਿਲਾਂ ਈ ਮਰੇ ਪਏ ਤੇ। ਜੀਰੀ ਦਾ ਸੀਜ਼ਨ ਲੰਘ ਗਿਆ ਕੋਰੋਨਾ ’ਚ। ਬਿਜਲੀ ਦੇ ਬਿੱਲ ਬੜੇ-ਬੜੇ ਆ ਗੇ।”  “ਬਿਜਲੀ ਤਾਂ ਅਜੇ ਲੱਕ ਤੋੜੂ,” ਲਾਲ ਸਿੰਘ ਜੀ ਕਹਿਣ ਲੱਗੇ, “ਅਸੀਂ ਤਾਂ ਬਾਈ ਕਿਸਾਨਾਂ ਨਾਲ ਆਏ ਆਂ, ਜੇ ਕਿਸਾਨੀ ਨਾ ਰਹੀ ਤਾਂ ਸਾਡਾ ਵੀ ਕੁਸ਼ ਨੀ ਰਹਿਣਾ।” ਉਨ੍ਹਾਂ ਨੂੰ ਤਿੰਨ ਕਿਸਾਨ ਵਿਰੋਧੀ ਬਿੱਲਾਂ ਬਾਰੇ ਪੂਰੀ ਜਾਣਕਾਰੀ ਸੀ। 

“ਭਾਈ, ਸਾਡੇ ਲਈ ਕੋਈ ਸਹਾਇਤਾ ਵੀ ਭੇਜੋ। ਸਰਕਾਰੀ ਸਹਾਇਤਾ ਸਾਡੇ ਤੱਕ ਨਹੀਂ ਪਹੁੰਚਦੀ,” ਚਰਨਜੀਤ ਕੌਰ ਕਹਿਣ ਲੱਗੇ। “ਇਹ ਤਾਂ ਉੱਤੇ ਈ ਕਿਤੇ ਰਹਿ ਜਾਂਦੀ ਆ,” ਲਾਲ ਸਿੰਘ ਜੀ ਨੇ ਕਿਹਾ। 27 ਦਸੰਬਰ ਦੀ ਸ਼ਾਮ ਨੂੰ ਹੀ ਉਹ ਵਾਪਸੀ ਕਰਨਗੇ। ਅਗਲੇ ਦਿਨ ਦਿਹਾੜੀ। ਰੁਲਦੂ ਸਿੰਘ ਮਾਨਸਾ ਜੀ ਦਾ ਭਾਸ਼ਣ ਖ਼ਤਮ ਹੋਣ ’ਤੇ ਹੀ ਉਨ੍ਹਾਂ ਨੇ ਕਿਸਾਨ-ਮਜ਼ਦੂਰ ਏਕਤਾ ਨੂੰ ਸਿਰਫ਼ ਨਾਅਰੇ ਤੋਂ ਵੀ ਪਰ੍ਹੇ, ਪਿੰਡਾਂ ’ਚ ਸੱਚਮੁੱਚ ਏਕੇ ਦਾ ਹੋਕਾ ਦਿੱਤਾ।

ਕਈ ਮਜ਼ਦੂਰ ਇਕੱਲੇ ਵੀ ਆ ਰਹੇ ਹਨ। ਰਾਮੂੰਵਾਲਾ ਕਲਾਂ ਦਾ ਨੌਜਵਾਨ ਜਿੰਦੂ ਦਿਹਾੜੀਆਂ ਛੱਡ ਆਪਣੇ ਕਿਸ਼ਤਾਂ ਤੇ ਲਏ ਟ੍ਰੈਕਟਰ ਸਮੇਤ ਪਹੁੰਚਿਆ ਹੈ। ਜ਼ੀਰੇ ਤੋਂ ਇਕ ਮਜ਼ਦੂਰ ਸਾਈਕਲ ਚਲਾ ਕੇ ਆ ਰਿਹਾ ਸੀ, ਇਕ ਟੀਵੀ ਚੈਨਲ ਨਾਲ਼ ਇੰਟਰਵਿਊ ਵਿਚ ਉਸਨੇ ਕਿਹਾ ਕਿ ਮੈਨੂੰ ਗੁਰੂ ਨਾਨਕ ਨੇ ਸੱਦਿਆ ਹੈ, ਗੁਰੂ ਨਾਨਕ ਸਾਹਿਬ ਸੰਗਤ ਵਿਚ ਨਿਵਾਸ ਕਰਦੇ ਹਨ ਅਤੇ ਉਹ ਦਿਹਾੜੀਆਂ ਛੱਡ ਕੇ ਦਰਸ਼ਨ ਦੀਦਾਰ ਕਰਨ ਜਾ ਰਿਹਾ ਹੈ।  ਪੱਤਰਕਾਰ ਨੇ ਕਿਹਾ ਅਸੀਂ ਤੈਨੂੰ ਕਾਰ ਵਿਚ ਲੈ ਜਾਂਦੇ ਹਾਂ ਤਾਂ ਭਾਵੁਕ ਹੋਏ ਨੇ ਕਿਹਾ ਮੈਂ ਆਪਣੇ ਬਲਬੂਤੇ ਹੀ ਜਾਂਵਾਂਗਾ। ਅਜਿਹੇ ਜਿਗਰਿਆਂ ਵਾਲ਼ੇ ਗੁਰੂ ਕੇ ਬੇਟਿਆਂ ਸਾਹਮਣੇ ਹਕੂਮਤ ਨੈਤਿਕ ਰੂਪ ਵਿਚ ਤਾਂ ਕਦੋਂ ਦੀ ਹਾਰ ਹੀ ਚੁੱਕੀ ਹੈ। 

ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉ ਦਾ ਕਹਿਣਾ ਹੈ ਕਿ  “ਰੋਟੀ ਬਚਾਓ, ਜ਼ਮੀਨ ਬਚਾਓ” ਦਾ ਨਾਅਰਾ ਦੇ ਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਇਸ ਘੋਲ਼ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਆਸ ਤੋਂ ਵੱਧ ਮਜ਼ਦੂਰ ਇਸ ਮੋਰਚੇ ਵਿਚ ਹਾਜਰੀ ਲਾਉਣ ਲਈ ਅੱਪੜੇ। ਕਿਉਂਕਿ ਖ਼ੇਤੀ ਕਾਨੂੰਨ ਸਿਰਫ਼ ਕਿਸਾਨਾਂ ਤੇ ਹੀ ਨਹੀਂ ਪਰ ਮਜ਼ਦੂਰਾਂ ਦੀ ਰੋਟੀ ਤੇ ਵੀ ਹਮਲਾ ਹਨ। ਸਰਕਾਰੀ ਖਰੀਦ ਬੰਦ ਹੋਣ ਨਾਲ਼ ਅਨਾਜ ਮਹਿੰਗਾ ਹੋ ਜਾਵੇਗਾ। ਇਸ ਚੀਜ ਨੂੰ ਮਜ਼ਦੂਰਾਂ ਨੇ ਸਮਝਿਆ ਹੈ ਅਤੇ ਉਹ ਨਾਲ਼ ਜੁੜੇ।

ਉਹਨਾਂ ਮੁਤਾਬਕ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਸਿਰਫ ਸਟੇਜ ਤਕ ਸੀਮਤ ਹੈ, ਜ਼ਮੀਨੀ ਤੌਰ ਤੇ ਏਕਤਾ ਬਣਨ ਵਿਚ ਹਲੇ ਸਮਾਂ ਲੱਗੇਗਾ। ਲੌਕਡਾਊਨ ਦੌਰਾਨ ਝੋਨਾ ਲਵਾਈ ਵੱਧ ਮੰਗਣ ਤੇ ਸਮਾਜਿਕ ਬਾਈਕਾਟ ਹੋਏ ਹਨ। ਜਦੋਂ ਵੀ ਹੱਕਾਂ ਦੀ ਮੰਗ ਕਰਦੇ ਹਨ ਖਾਸ ਤੌਰ ਤੇ ਸ਼ਾਮਲਾਟ ਦੇ ਜ਼ਮੀਨ ਵਿਚ ਬਣਦਾ ਹਿੱਸਾ ਲੈਣ ਵੇਲੇ ਪਰਚੇ ਦਰਜ ਹੁੰਦੇ ਹਨ।  ਕਿਸਾਨ ਮਾਨਸਿਕਤਾ ਵਿਚ ਬਦਲਾਅ ਆਉਣ ਨਾਲ ਹੀ ਇਹ ਨਾਅਰਾ ਅਮਲੀ ਰੂਪ ਵਿਚ ਪ੍ਰਵਾਨ ਚੜ੍ਹੇਗਾ। ਇਹਨਾਂ ਵਖਰੇਵਿਆਂ ਦੇ ਬਾਵਜੂਦ ਮਜ਼ਦੂਰ ਕਿਸਾਨਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜਨ ਲਈ ਤਿਆਰ ਹਨ। 

ਉਹਨਾਂ  ਇਹ  ਵੀ  ਕਿਹਾ  ਇਸ ਮੋਰਚੇ ਨੇ ਮਜ਼ਦੂਰਾਂ ਵਿਚ ਇਹ ਵਿਸ਼ਵਾਸ਼ ਪੈਦਾ ਕੀਤਾ ਹੈ ਕਿ ਜੇ ਕਿਸਾਨ ਧੜੇਬੰਦੀਆਂ ਛੱਡ ਕੇ ਇਕੱਠੇ ਹੋ ਕੇ ਲੜ ਸਕਦੇ ਹਨ ਤਾਂ ਮਜ਼ਦੂਰ ਵੀ ਇਕੱਠੇ ਹੋ ਕੇ ਆਪਣੇ ਹੱਕ ਲੈ ਸਕਦੇ ਹਨ।  ਜੇ ਮਜ਼ਦੂਰ ਇਕੱਠੇ ਹੁੰਦੇ ਹਨ ਤਾਂ ਪੰਜਾਬ ਦੇ 35 ਫ਼ੀਸਦੀ ਦਲਿਤ ਵੀ ਨਾਲ਼ ਜੁੜ ਸਕਦੇ ਹਨ। ਨਵੇਂ ਲੇਬਰ ਕਾਨੂੰਨ ਤਹਿਤ ਕੰਮ ਕਰਨ ਦੇ ਘੰਟੇ 8 ਤੋਂ 12 ਹੋ ਗਏ ਹਨ। ਪਰ  ਮਿਨੀਮਮ ਵੇਜ਼ (ਘੱਟੋ ਘੱਟ ਦਿਹਾੜੀ) ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ। ਬਹੁਤ ਸਾਰੇ ਅਦਾਰਿਆਂ ਵਿਚ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖ਼ੋ ਲਿਆ ਗਿਆ ਹੈ। ਲੇਬਰ ਕਾਨੂੰਨ ਦੇ ਰੱਦ ਕਰਨ ਦੀ ਮੰਗ ਨੂੰ ਵੀ ਜੋੜ ਲਿਆ ਜਾਂਦਾ ਤਾਂ ਮਜ਼ਦੂਰ ਜਥੇਬੰਦੀਆਂ 2-3 ਦਿਨਾਂ ਦੀ ਸ਼ਮੂਲੀਅਤ ਦੇ ਥਾਂ ਲੰਬੀ ਅਤੇ ਵੱਡੇ ਪੱਧਰ ਤੇ ਜੁੜ ਸਕਦੇ ਹਨ। ਸਨਅਤੀ ਮਜ਼ਦੂਰ ਨਾਂ ਸਿਰਫ ਦਲਿਤ ਭਾਈਚਾਰੇ ਵਿਚੋਂ ਨੇ ਬਲਕਿ ਗਰੀਬ ਕਿਸਾਨੀ ਵਿਚੋਂ ਵੀ ਹਨ। ਇਹ ਅਧਿਕਾਰ ਜ਼ਮਹੂਰੀਅਤ ਬਰਕਰਾਰ ਰੱਖਣ ਲਈ ਬਹੁਤ ਜਰੂਰੀ ਹਨ। 

ਉਹਨਾਂ ਵਿਸ਼ਵਾਸ਼ ਜ਼ਾਹਿਰ  ਕੀਤਾ  ਇਹ ਘੋਲ ਬਹੁਤ ਵਧੀਆ ਪਾਸੇ ਜਾ ਰਿਹਾ। ਲੋਕਾਂ ਵਿਚ ਦ੍ਰਿੜਤਾ ਅਤੇ ਸਾਂਝ ਵਧ ਰਹੀ ਹੈ। ਸਿਆਸੀ ਚੇਤਨਾ ਪ੍ਰਬਲ ਹੋ ਰਹੀ ਹੈ।  ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਾਰੀਆਂ ਹੁਕਰਮਾਨ ਪਾਰਟੀਆਂ ਦੀਆਂ ਨੀਤੀਆਂ ਇੱਕੋ ਹਨ। ਇਹ ਘੋਲ਼ ਆਉਣ ਵਾਲੇ ਸਮੇ ਵਿਚ ਸਿਆਸੀ ਅਤੇ ਸਮਾਜੀ ਤਬਦੀਲੀ ਦੇ ਬੀਜ ਬੋ ਰਿਹਾ ਹੈ।

pa_INPanjabi